ਪੰਜਾਬ ਨੇ ਆਪਣੇ ਜ਼ਮੀਰ ਨੂੰ ਜਗਾਇਆ ਹੈ - ਸਵਰਾਜਬੀਰ
ਪੰਜਾਬ ਅਤੇ ਪੰਜਾਬੀ ਕੀ ਹਨ? ਬਹੁਤ ਚਿੰਤਕਾਂ, ਲੇਖਕਾਂ ਅਤੇ ਵਿਦਵਾਨਾਂ ਨੇ ਇਸ ਬਾਰੇ ਅਣਮੁੱਲੇ ਸ਼ਬਦ ਲਿਖੇ ਹਨ। ਪ੍ਰੋ. ਪੂਰਨ ਸਿੰਘ, ਰਾਜਿੰਦਰ ਸਿੰਘ ਬੇਦੀ, ਫੀਰੋਜ਼ਦੀਨ ਸ਼ਰਫ, ਵਾਰਿਸ ਸ਼ਾਹ, ਉਸਤਾਦ ਦਾਮਨ ਅਤੇ ਹੋਰ ਕਈ ਸਾਹਿਤਕਾਰਾਂ ਤੇ ਚਿੰਤਕਾਂ ਦੇ ਸ਼ਬਦ ਅੱਖਾਂ ਅੱਗੇ ਚਮਕਦੇ ਹਨ। ਰਾਜਿੰਦਰ ਸਿੰਘ ਬੇਦੀ ਨੇ ਆਪਣੇ ਨਾਵਲ ‘ਇਕ ਚਾਦਰ ਅਧੋਰਾਣੀ’ ਦੀ ਭੂਮਿਕਾ ਵਿਚ ਪੰਜਾਬ ਅਤੇ ਪੰਜਾਬੀਆਂ ਦੇ ਖ਼ਾਸੇ ਬਾਰੇ ਵੱਡੀ ਡੂੰਘਿਆਈ ਵਾਲੀ ਬਾਤ ਇਕ ਮਿਥਿਹਾਸਕ ਕਬੂਤਰ-ਕਬੂਤਰੀ ਦੇ ਜੋੜੇ ਦੀ ਕਲਪਨਾ ਕਰਦਿਆਂ ਉਨ੍ਹਾਂ ਦੇ ਮੂੰਹੋਂ ਕਹਾਈ ਹੈ। ਕਬੂਤਰ ਦਾ ਨਾਂ ਪ੍ਰਬੋਧ ਹੈ ਅਤੇ ਕਬੂਤਰੀ ਦਾ ਮੇਤ੍ਰੀ। ਉਹ ਸ਼ਿਵ ਭਗਵਾਨ ਦੀ ਕਥਾ ਸੁਣ ਕੇ ਅਮਰ ਹੋ ਚੁੱਕੇ ਹਨ। ਰਾਜਿੰਦਰ ਸਿੰਘ ਬੇਦੀ ਦੀ ਪਾਈ ਬਾਤ ਵਿਚ ਉਹ ਸਦੀਆਂ ਦੀਆਂ ਸਦੀਆਂ ਲੰਮੀਆਂ ਉਡਾਰੀਆਂ ਲਾਉਂਦੇ ਤੇ ਧਰਤੀਆਂ ਗਾਹੁੰਦੇ ਹਿਮਾਲਿਆ ਪਹਾੜ ਵਿਚ ਆਪਣੇ ਆਲ੍ਹਣੇ ਵਿਚ ਪਰਤ ਆਉਂਦੇ ਹਨ। ਬੇਦੀ ਲਿਖਦਾ ਹੈ :
‘‘ਆਲ੍ਹਣੇ ਵਿਚ ਪਹੁੰਚ ਕੇ ਪ੍ਰਬੋਧ ਅਤੇ ਮੇਤ੍ਰੀ ਨੂੰ ਇਕ ਅਮੀਰ ਜਿਹੇ ਨਿੱਘ ਤੇ ਸੁਖ-ਆਰਾਮ ਦਾ ਅਨੁਭਵ ਹੋਇਆ। ਪ੍ਰਬੋਧ ਨੇ ਆਪਣੇ ਮਧ-ਭਰੇ ਨੈਣਾਂ ਨਾਲ ਮੇਤ੍ਰੀ ਵੱਲ ਵੇਖਦਿਆਂ ਸਾਰ ਹੀ ਆਪਣੇ ਖੰਭ ਉਸ ਦੇ ਉੱਤੇ ਪਸਾਰ ਲਏ ਤੇ ਬੋਲਿਆ- ‘‘ਅਸੀਂ ਕਿੰਨੀ ਦੁਨੀਆਂ ਦੇਖੀ ਹੈ, ਰਾਣੋਂ! ਕਿੰਨੇ ਜੁੱਗ ਕਿੰਨੇ ਦੇਸ ... ਪਰ ਇਸ ਧਰਤੀ ’ਤੇ ਇਕ ਦੇਸ ਐਸਾ ਹੈ ਜੋ ਸਰਵ-ਸ੍ਰੇਸ਼ਟ ਹੈ।’’
‘‘ਪੰਜਾਬ’’ ਮੇਤ੍ਰੀ ਥੱਲੇ ਮੈਦਾਨਾਂ ਵੱਲ ਵੇਖਦੀ ਹੋਈ ਕਹਿ ਉੱਠੀ।
‘‘ਤੂੰ ਕਿਵੇਂ ਬੁੱਝਿਆ?’’ ਪ੍ਰਬੋਧ ਨੇ ਚੱਕ੍ਰਿਤ ਹੋ ਕੇ ਪੁੱਛਿਆ ਤੇ ਨਾਲ ਹੀ ਉਹਦੀ ਚੁੰਝ ਨੇ ਲਾਲੀ ਫੜ ਲਈ ...
ਮੇਤ੍ਰੀ ਕਹਿਣ ਲੱਗੀ- ‘‘ਉਹੋ ਹੀ ਇਕ ਦੇਸ ਹੈ ਜਿਸ ਦੀ ਧਰਤੀ ਤੋਂ ਅੱਠੇ ਪਹਿਰ ਲੋਬਾਨ (ਖੁਸ਼ਬੂਦਾਰ ਬਿਰਖ) ਦੀ ਸੁਗੰਧ ਉੱਠਦੀ ਰਹਿੰਦੀ ਹੈ, ਜਿਸ ਦੀ ਛੋਹ ਸਰੀਰ ’ਚ ਸਿਹਤਾਂ ਦੇ ਮਛਰੇਵੇਂ ਪੈਦਾ ਕਰਦੀ ਹੈ ...’’
‘‘ਹਾਂ।’’ ਪ੍ਰਬੋਧ ਨੇ ਹਾਮੀ ਭਰੀ, ‘‘... ਧਰਤੀ ਦੇ ਹਰੇ ਦੁਪੱਟੇ ਉੱਤੇ ਵੀਰਾਨੀ ਦੇ ਰੰਗ ਦੀ ਇਕ ਵੀ ਤਾਂ ਛਿੱਟ ਨਹੀਂ... ਉਹਦੇ ਦਰਿਆ ਤੇ ਇਕ ਬੰਨੇ, ਔਲੂ ਵੀ ਅਨੁਰਾਗ (ਪ੍ਰੇਮ) ਦੇ ਜਾਣੂੰ ਹਨ ...’’
‘‘... ਬੰਦੇ ਅੱਖੜ ਤੇ ਤੀਵੀਆਂ ਝੱਖੜ ...ਉਹ ਆਪੇ ਹੀ ਆਪਣੇ ਕਾਨੂੰਨ ਬਣਾਉਂਦੇ ਤੇ ਅਗਲੇ ਪਲ ਬੇਵਸੇ ਆਪੇ ਹੀ ਤੋੜ ਦਿੰਦੇ ਹਨ ਤੇ ਫੇਰ ਨਵੇਂ ਕਾਨੂੰਨ ਨਿਸ਼ਚਿਤ ਕਰਨ ਲਈ ਟੁਰ ਪੈਂਦੇ ਹਨ। ਉਨ੍ਹਾਂ ਪੀੜਾ ਵੇਖੀ ਹੈ ਉੱਤਰ-ਪੱਛਮ ਤੋਂ ਹਜ਼ਾਰਾਂ ਹਮਲੇ ਉਨ੍ਹਾਂ ’ਤੇ ਹੋਏ; ਪਰ ਉਨ੍ਹਾਂ ਨੇ ਆਪਣੀਆਂ ਫ਼ੌਲਾਦ ਨਾਲੋਂ ਕਰੜੀਆਂ ਛਾਤੀਆਂ ਨੂੰ ਢਾਲਾਂ ਬਣਾਇਆ ਤੇ ਮੁਸੀਬਤਾਂ ਦੇ ਘੱਲੂਘਾਰੇ ਉਨ੍ਹਾਂ ਉੱਤੇ ਝੱਲ ਲਏ। ਕਿਸੇ ਵੇਲੇ ਉਹ ਸੋਨੇ ਨੂੰ ਮਿੱਟੀ ਵਿਚ ਰੋਲ਼ ਦਿੰਦੇ ਹਨ ਤੇ ਫੇਰ ਉਸੇ ਮਿੱਟੀ ਤੋਂ ਸੋਨਾ ਉਪਜਾ ਲੈਂਦੇ ਹਨ... ਅਜੀਬ ਕੀਮੀਆਗਰ ਨੇ ਉਹ...
‘‘ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ? ਜੰਮੀਆਂ ਬਰਫ਼ਾਂ ਤੇ ਤਪੀਆਂ ਰੇਤਾਂ ਵਿਚ ਉਹ ਵੱਸ ਤੇ ਰਸ ਸਕਦੇ ਹਨ। ਜਿੱਥੇ ਦੁਨੀਆਂ ਦੇ ਲੋਕ ਦੂਜਿਆਂ ਵਿਚ ਹੀ ਕੀੜੇ ਕੱਢਦੇ ਰਹਿੰਦੇ ਹਨ, ਉੱਥੇ ਪੰਜਾਬੀ ਹੀ ਹੈ ਜਿਹੜਾ ਆਪਣੇ ਆਪ ’ਤੇ ਵੀ ਹੱਸ ਸਕਦਾ ਹੈ ... ਜਿੱਥੇ ਤੁਹਾਨੂੰ ਲੋਕੀਂ ਉੱਚੀ ਉੱਚੀ ਹੱਸਦੇ ਦਿਸਣ ਉੱਥੇ ਪੰਜਾਬੀ ਹੋਵੇਗਾ। ਉਹ ਜੋ ਅੰਦਰੋਂ ਹੈ, ਉਹੀ ਬਾਹਰੋਂ ... ਉਹਦੇ ਜੀਵਨ ਦਾ ਰਹੱਸ ਇਹ ਹੀ ਹੈ ਕਿ ਕੋਈ ਰਹੱਸ ਨਹੀਂ...।’’
‘‘ਰੱਬ ਜਾਣੇ ਉਹ ਕਾਹਦਾ ਬਣਿਆ ਹੈ ਕਿ ਉਹਦਾ ਬੂਟਾ ਦੁਨੀਆਂ ਵਿਚ ਕਿੱਧਰੇ ਵੀ ਪੁੰਗਰ ਸਕਦਾ ਹੈ। ਉਹ ਧਰਤੀ ਦੀ ਵਿਸ਼ਾਲਤਾ ਉਹਦੀਆਂ ਨਜ਼ਰਾਂ ਤੇ ਦਿਲ ਵਿਚ ਸਮਾ ਗਈ ਹੈ ਤੇ ਹਵਾਵਾਂ ਦੀ ਮਸਤੀ ਦਿਮਾਗ਼ ਵਿਚ ...’’
‘‘ਰਾਣੋ! ਪੰਜਾਬ ਤੇ ਪੰਜਾਬੀ ਕਦੀ ਨਾਸ ਨਹੀਂ ਹੋ ਸਕਦੇ। ਪਤਾ ਨਹੀਂ ਉਨ੍ਹਾਂ ਕਿਹੜੀ ਅਮਰ ਕਥਾ ਸੁਣੀ ਹੈ ਜਿਸ ਵਿਚ ਉਹ ਉਂਘਲਾ ਵੀ ਗਏ ਤੇ ਪਾ ਵੀ ਗਏ ... ਪੀ ਵੀ ਗਏ ਤੇ ਛਲਕਾ ਵੀ ਗਏ ... ਜੀਵਨ ਦੇ ਰੋਣਿਆਂ, ਪਿਟਣਿਆਂ ਦੇ ਨਾਲ ਉਨ੍ਹਾਂ ਦੀ ਤਪੱਸਿਆ ਪੂਰੀ ਨਹੀਂ ਹੁੰਦੀ। ਹਸੰਦਿਆਂ, ਖਡੰਦਿਆਂ, ਪਹਿਨੰਦਿਆਂ ਵਿਚੇ ਹੀ ਉਨ੍ਹਾਂ ਦੀ ਮੁਕਤ ਹੈ ...’’
ਇਹ ਉਹ ਪੰਜਾਬ ਤੇ ਪੰਜਾਬੀ ਹਨ ਜਿਸ ਨੇ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਚਲਾਇਆ ਅਤੇ ਹੁਣ ਅੰਦੋਲਨ ਨੂੰ ਨਵੇਂ ਸਿਖ਼ਰ ’ਤੇ ਪਹੁੰਚਾਉਂਦਿਆਂ ਹਰਿਆਣਾ ਤੇ ਦਿੱਲੀ ਦੀਆਂ ਹੱਦਾਂ ’ਤੇ ਡੇਰੇ ਲਾਏ ਹੋਏ ਹਨ। ਅੰਤ ਦੀ ਠੰਢ ਹੈ, ਸ਼ੀਤ ਲਹਿਰ ਚੱਲ ਰਹੀ ਹੈ, ਉੱਤਰੀ ਭਾਰਤ ਦੇ ਲੋਕ ਘਰਾਂ ਵਿਚ ਦੜੇ, ਰਜਾਈਆਂ ਵਿਚ ਵੜੇ ਠੰਢ ਨਾਲ ਕੰਬ ਰਹੇ ਹਨ ਪਰ ਪੰਜਾਬੀਆਂ ਨੇ ਖੁੱਲ੍ਹੇ ਅਕਾਸ਼ ਹੇਠਾਂ ਆਪਣੇ ਹੱਕ-ਸੱਚ ਦੀ ਲੜਾਈ ਵਿੱਢੀ ਹੋਈ ਹੈ। ਇਹ ਨਜ਼ਾਰਾ ਅਜੀਬ ਹੈ, ਰਾਜਿੰਦਰ ਸਿੰਘ ਬੇਦੀ ਦੇ ਉੱਪਰ ਲਿਖੇ ਸ਼ਬਦਾਂ ਨੂੰ ਹਕੀਕਤ ਵਿਚ ਦਰਸਾਉਂਦਾ ਹੋਇਆ। ਕਿਤੇ ਕਿਸਾਨ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਆਪਣੇ ਸੰਘਰਸ਼ ਦੇ ਕਾਰਨਾਂ ਨੂੰ ਦਲੀਲਾਂ ਨਾਲ ਦੱਸਦਿਆਂ ਵਿਵੇਕ ਦਾ ਆਭਾ ਮੰਡਲ ਬਣਾ ਰਿਹਾ ਹੈ, ਕਿਤੇ ਇਕ ਕਿਸਾਨ ਟਰਾਲੀ ਵਿਚ ਆਪਣੀ ਜਟਕੀ ਭਾਸ਼ਾ ਵਿਚ ਇਨ੍ਹਾਂ ਕਾਨੂੰਨਾਂ ਦੇ ਕਿਸਾਨ ਵਿਰੋਧੀ ਹੋਣ ਦੀ ਸਰਲਤਾ ਨਾਲ ਵਿਆਖਿਆ ਕਰਦਿਆਂ ਸੌ ... ਤੇ ਸਿਰੇ ਦੀ ਗੰਢ ਵਰਗੀ ਬਾਤ ਕਰਦਿਆਂ ਕਹਿੰਦਾ ਹੈ ਕਿ ‘‘ਮੇਰੇ ’ਤੇ ਯਕੀਨ ਕਰੋ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਕਾਨੂੰਨ ਕਿਸਾਨ ਦੇ ਭਲੇ ਲਈ ਨਹੀਂ ਤਾਂ ਮੇਰੇ ’ਤੇ ਯਕੀਨ ਕਰੋ ਤੇ ਸਮਝ ਲਵੋ ਇਹ ਕਿਸਾਨ ਵਿਰੋਧੀ ਹਨ।’’ ਕਿਤੇ ਕੋਈ ਦਿੱਲੀ ਜਾਂ ਪੰਜਾਬ ਤੋਂ ਆਇਆ ਬੁੱਧੀਜੀਵੀ ਹਿੰਦੀ ਜਾਂ ਪੰਜਾਬੀ ਵਿਚ ਇਨ੍ਹਾਂ ਕਾਨੂੰਨਾਂ ਦੇ ਕਾਰਪੋਰੇਟ ਅਦਾਰਿਆਂ ਦੇ ਹੱਕ ਵਿਚ ਹੋਣ ਦੀ ਗਹਿਰਾਈ ਕਿਸਾਨਾਂ ਨੂੰ ਸਮਝਾ ਰਿਹਾ ਹੈ। ਕਿਤੇ ਸਾਬਕਾ ਫ਼ੌਜੀ ‘ਜੈ ਹਿੰਦ’ ਦਾ ਨਾਅਰਾ ਲਾ ਕੇ ਆਪਣੀ ਗੱਲ ਸੁਣਾਉਂਦੇ ਹਨ ਅਤੇ ਜੋਸ਼ ਵਿਚ ਆਉਂਦੇ ਲੋਕ ‘‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’’ ਦੇ ਨਾਅਰੇ ਲਾਉਂਦੇ ਹਨ। ਕਿਤੇ ‘‘ਇਨਕਲਾਬ ਜ਼ਿੰਦਾਬਾਦ’’ ਦੀਆਂ ਧੁਨੀਆਂ ਨਿਕਲਦੀਆਂ ਹਨ। ਕਿਤੇ ਪੰਜਾਬੀ ਦੇ ਗਾਇਕ ਮਾਂ ਬੋਲੀ ਪੰਜਾਬੀ ਦੀਆਂ ਸੁਰਾਂ ਨੂੰ ਪੰਜਾਬੀ ਦੀ ਧਰਤੀ ਦੀ ਸੁਗੰਧੀ ਵਿਚ ਲਪੇਟਦੇ ਹੋਏ ਅੰਦੋਲਨਕਾਰੀਆਂ ਨੂੰ ਪੰਜਾਬ ਦੀ ਨਾਬਰੀ ਦੀ ਰਵਾਇਤ ’ਚੋਂ ਜੜ੍ਹਾਂ ਫੜਦੇ ਅਤੇ ਅੱਜ ਦੇ ਅੰਦੋਲਨ ਵਿਚ ਮੌਲਦੇ ਗੀਤ ਸੁਣਾ ਰਹੇ ਹਨ, ਕਿਤੇ ਉਹ ਕਿਸਾਨ, ਜਿਨ੍ਹਾਂ ਨੇ ਪਿਛਲੇ ਵਰ੍ਹਿਆਂ ਵਿਚ ਖ਼ੁਦਕੁਸ਼ੀ ਕਰ ਲਈ ਸੀ, ਦੀਆਂ ਘਰਵਾਲੀਆਂ, ਧੀਆਂ ਤੇ ਪੁੱਤ ਲੜਨ ਦਾ ਅਹਿਦ ਲੈ ਰਹੇ ਹਨ, ਕਿਤੇ ਕਿਸੇ ਨਿਹੰਗ ਸਿੰਘ ਨੇ ਕਿਸਾਨ ਜਥੇਬੰਦੀ ਦਾ ਹਰਾ-ਪੀਲਾ ਝੰਡਾ ਚੁੱਕਿਆ ਹੈ, ਕਿਤੇ ਟਰਾਲੀ ਭਰੀ ਪਿੰਨੀਆਂ ਦੀ ਆ ਗਈ ਹੈ, ਕਿਤੇ ਕੰਬਲ ਵੰਡੇ ਜਾ ਰਹੇ ਹਨ ਤੇ ਸਭ ਤੋਂ ਉੱਤੇ ਥਾਂ-ਥਾਂ ’ਤੇ ਲੰਗਰ ਲੱਗੇ ਹੋਏ ਹਨ। ਕੋਈ ਟੈਲੀਵਿਜ਼ਨ ਵਾਲਾ ਰੋਟੀਆਂ ਪਕਾ ਰਹੀ ਮਾਤਾ ਨੂੰ ਪੁੱਛਦਾ ਹੈ,‘‘ਮਾਤਾ ਜੀ ਯਹ ਆਪਕਾ ਲੰਗਰ ਹੈ।’’ ਮਾਤਾ ਰੋਟੀ ਲੋਹ ’ਤੇ ਸੁੱਟਦੀ ਹੋਈ ਬੜੇ ਸਹਿਜ ਸੁਭਾਅ ਨਾਲ ਜਵਾਬ ਦਿੰਦੀ ਹੈ, ‘‘ਇਹ ਬਾਬੇ ਨਾਨਕ ਦਾ ਲੰਗਰ ਹੈ।’’
ਇਹ ਸਭ ਵੇਖ ਕੇ ਰਾਜਿੰਦਰ ਸਿੰਘ ਬੇਦੀ ਦੇ ਉੱਪਰ ਲਿਖੇ ਸ਼ਬਦ ਸਾਕਾਰ ਹੋਏ ਦਿਸਦੇ ਹਨ ਕਿ ‘‘ਧਰਤੀ ਦੀ ਵਿਸ਼ਾਲਤਾ ਪੰਜਾਬੀਆਂ ਦੀਆਂ ਨਜ਼ਰਾਂ ਤੇ ਦਿਲਾਂ ਵਿਚ ਸਮਾ ਗਈ ਹੈ ਤੇ ਹਵਾਵਾਂ ਦੀ ਮਸਤੀ ਦਿਮਾਗ਼ ਵਿਚ...’’ ਘਰਾਂ ਤੋਂ ਦੂਰ, ਸ਼ੀਤ ਲਹਿਰ ਵਿਚ ਠਰਦਿਆਂ, ਉਨ੍ਹਾਂ ਦੇ ਹੌਸਲੇ ਬੁਲੰਦ ਹਨ ਤੇ ਜਿਵੇਂ ਬੇਦੀ ਨੇ ਕਿਹਾ ਹੈ, ‘‘ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ। ਜੰਮੀਆਂ ਬਰਫ਼ਾਂ ਤੇ ਤਪੀਆਂ ਰੇਤਾਂ ਵਿਚ ਉਹ ਵੱਸ ਸਕਦੇ ਹਨ।’’ ਇਹ ਉਹੀ ਪੰਜਾਬੀ ਹਨ ਜਿਨ੍ਹਾਂ ਨੇ ਸਿਕੰਦਰ ਤੋਂ ਲੈ ਕੇ ਅੰਗਰੇਜ਼ਾਂ ਨਾਲ ਲੋਹਾ ਲਿਆ ਜਿਨ੍ਹਾਂ ਨੇ ਚਮਕੌਰ ਅਤੇ ਗੁਰਦਾਸ ਨੰਗਲ ਦੀਆਂ ਗੜੀਆਂ ’ਚ ਯੁੱਧ ਲੜੇ, ਜਿਨ੍ਹਾਂ ਨੇ ਮੁਗ਼ਲਾਂ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਤੇ ਅੰਗਰੇਜ਼ਾਂ ਦਾ ਸਾਹਮਣਾ ਕੀਤਾ ਤੇ ਜਿਵੇਂ ਬੇਦੀ ਕਹਿੰਦਾ ਹੈ, ‘‘ਉਨ੍ਹਾਂ ਨੇ ਆਪਣੀਆਂ ਫੌਲਾਦ ਨਾਲੋਂ ਕਰੜੀਆਂ ਛਾਤੀਆਂ ਨੂੰ ਢਾਲਾਂ ਬਣਾ ਲਿਆ ਤੇ ਮੁਸੀਬਤਾਂ ਦੇ ਘੱਲੂਘਾਰੇ ਉਨ੍ਹਾਂ ਉੱਤੇ ਝੱਲ ਲਏ।’’ ਉਹ ਅੱਜ ਵੀ ਆਪਣੇ ਹੱਕਾਂ ਲਈ ਲੜਨ ਲਈ ਘਰਾਂ ਤੋਂ ਨਿਕਲ ਪਏ ਹਨ ਤੇ ਸਭ ਦੁੱਖ-ਮੁਸੀਬਤਾਂ ਆਪਣੀਆਂ ਛਾਤੀਆਂ ’ਤੇ ਝੱਲ ਰਹੇ ਹਨ। ਇਹ ਉਹੀ ਪੰਜਾਬੀ ਹਨ ਜਿਨ੍ਹਾਂ ਨੇ ਪਿਛਲੀ ਸਦੀ ਵਿਚ ਜੱਲ੍ਹਿਆਂ ਵਾਲੇ ਬਾਗ਼ ਤੋਂ ਲੈ ਕੇ ਪੰਜਾਬ ਦੀ ਵੰਡ ਤੇ ਫਿਰ ਸੰਨ ਚੁਰਾਸੀ ਦੇ ਦੁਖਾਂਤ ਜਿਹੀਆਂ ਮੁਸੀਬਤਾਂ ਝੱਲੀਆਂ ਹਨ। ਇਹ ਸਭ ਕੁਝ ਦੇਖ ਸੁਣ ਕੇ ਇਹ ਸ਼ਬਦ ਯਾਦ ਆਉਂਦੇ ਹਨ:
ਮੇਰੇ ਮਿੱਤਰਾ ਗਹੁ ਦੇ ਨਾਲ ਵੇਖੀਂ
ਮੇਰਾ ਫਲਸਫ਼ਾ ਫਿਕਰ ਗਿਆਨ ਮੇਰਾ।
ਮੈਨੂੰ ਵਾਂਗ ਕਿਤਾਬ ਦੇ ਫੋਲ ਕੇ ਵੇਖ
ਹਰ ਸਫ਼ੇ ਵਿਚ ਪੜ੍ਹ ਬਿਆਨ ਮੇਰਾ।
ਉੱਪਰਲਾ ਬਿਆਨ ਪੰਜਾਬੀਆਂ ਦੀ ਹਉਮੈਂ ਦਾ ਵਿਖਿਆਨ ਨਹੀਂ ਹੈ, ਇਹ ਪੰਜਾਬ ਦੀ ਭੋਂਇੰ-ਮੁਖੀ ਸਥਾਨਕਤਾ ਦਾ ਗੌਰਵ ਹੈ ਜਿਸ ਵਿਚ ਸੁਲਤਾਨ ਬਾਹੂ ਦੇ ਆਦਿ-ਬੋਲਾਂ ‘‘ਸਾਬਤ ਸਿੱਕ ਤੇ ਕਦਮ ਅਗਾਹਾਂ’’ ਦੀ ਸੁਗੰਧੀ ਘੁਲੀ ਹੋਈ ਹੈ।
ਕੁਝ ਵਰ੍ਹੇ ਪਹਿਲਾਂ ਪੰਜਾਬੀ ਚਿੰਤਕ ਗੁਰਬਚਨ ਨੇ ਕਿਹਾ ਸੀ ਪੰਜਾਬੀ ਬੰਦਾ ‘‘ਨਿਕਦਰਾ ਹੋਇਆ ਪਿਆ ਹੈ।’’ ਆਪਣੇ ਲੇਖ ‘‘ਪੰਜਾਬ ਨੂੰ ਬਰਬਾਦ ਕਿਉਂ ਕੀਤਾ ਜਾ ਰਿਹਾ ਹੈ?’’ ਵਿਚ ਉਸ ਨੇ ਪੰਜਾਬ ਦੀ ਸਿਆਸੀ ਜਮਾਤ ਦੇ ਪੰਜਾਬੀਆਂ ਨਾਲ ਕੀਤੇ ਜਾ ਰਹੇ ਧੋਖੇ ਬਾਰੇ ਲਿਖਦਿਆਂ ਨਿਰਣਾ ਦਿੱਤਾ ਸੀ ਕਿ ਪੰਜਾਬ ਦੇ ‘‘ਬੁਨਿਆਦੀ ਹੱਕਾਂ ਦੀ ਗੱਲ ਕਰਨ ਦਾ ਸਾਹਸ ਅੱਜ ਦੀ ਪੁਲੀਟੀਕਲ ਕਲਾਸ (ਸਿਆਸੀ ਜਮਾਤ) ਕੋਲ ਨਹੀਂ ਹੈ।’’ ਇਸ ਲੇਖ ਵਿਚ ਗੁਰਬਚਨ ਨੇ ਇਹ ਵੀ ਲਿਖਿਆ ਸੀ ਕਿ ਪੰਜਾਬੀ ਬੰਦੇ ਲਈ ‘‘ਗੁਰੂ ਦਾ ਸ਼ਬਦ ਸਿਰਫ਼ ਧਾਰਮਿਕ ਅਕੀਦੇ ਤਕ ਸੀਮਤ ਨਹੀਂ, ਉਹਦੀ ਰਹਿਤਲ, ਸਭਿਆਚਾਰ, ਸਮਾਜਿਕ ਸਾਂਝ ਤੇ ਨੈਤਿਕ ਮੁੱਲਾਂ ਦਾ ਸਰੋਤ ਵੀ ਹੈ। ਇਹਨੇ ਗੁਰੂ ਦੇ ਨਾਂ ਨੂੰ ਕਿਸੇ ਦੂਜੇ ’ਤੇ ਧੌਂਸ ਜਮਾਉਣ, ਉਹਦੀ ਭਾਸ਼ਾ+ਸਭਿਆਚਾਰ ਦਾ ਹਨਨ ਕਰਨ ਲਈ ਨਹੀਂ ਵਰਤਿਆ। ਧਾਰਮਿਕ ਅਕੀਦੇ ਇਹਦੇ ਲਈ ਕੁਦਰਤ ਦੇ ਅਨੰਤ ਵਸੀਲਿਆਂ ਵਾਂਗ ਹਨ। ਇਹ ਵਸੀਲੇ ਇਹਦੇ ਵਜੂਦ ਨੂੰ ਤਾਕਤ ਦਿੰਦੇ ਹਨ। ਇਹ ਬੰਦਾ ਕੁਦਰਤ ਦੇ ਅਨੰਤ ਤੇ ਵਿਸ਼ਾਲ ਸੋਮਿਆਂ ਰਾਹੀਂ ਫੈਲਦਾ ਰਿਹਾ ਹੈ। ਇਹਦੇ ਸਿਰਜੇ ਲੋਕ ਗੀਤ, ਮਿੱਥਾਂ, ਲੋਕ ਕਹਾਣੀਆਂ ਆਦਿ, ਇਹਦੀ ਸਵੈ-ਖੁੱਲ੍ਹ ਦੇ ਦਸਤਾਵੇਜ਼ ਹਨ, ਇਹਦੀਆਂ ਅੰਤਹੀ ਆਵਾਜ਼ਾਂ ਹਨ। ਇਹ ਸਭ ਉਹਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੇ ਹਨ। ਇਨ੍ਹਾਂ ਇਕਾਈਆਂ ਰਾਹੀਂ ਹੀ ਇਸ ਬੰਦੇ ਦੀ ਪਛਾਣ ਕਾਇਮ ਹੈ। ਪੰਜਾਬ ਦੀ ਸਰਜ਼ਮੀਨ ਇਸ ਪਛਾਣ ਦਾ ਦਾਰੁਲ-ਖਲਾਫ਼ਾ ਹੈ।’’
ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਕਹਿ ਸਕਦੇ ਹਾਂ ਹੱਕ-ਸੱਚ ਲਈ ਲੜਨ ਵਾਲਿਆਂ ਕੋਲ ਸੱਚ ਦੇ ਇਸਪਾਤ ਦੇ ਬਣੇ ਹਥਿਆਰ ਹੁੰਦੇ ਹਨ ‘‘ਸਚ ਕੀ ਕਾਤੀ ਸਚੁ ਸਭੁ ਸਾਰ।।’’ ਗੁਰੂ ਜੀ ਨੇ ਹੱਕ ਦੇ ਦਰ ’ਤੇ ਕੁਰਬਾਨ ਹੋਣ ਦੀ ਗੱਲ ਕੀਤੀ ਸੀ, ‘‘ਹੋਇ ਹਲਾਲੁ ਲਗੇ ਹਕਿ ਜਾਇ।।’’ ਉਨ੍ਹਾਂ ਦੇ ਧੀਆਂ ਪੁੱਤਰ ਅੱਜ ਫਿਰ ਹੱਕ ਦੇ ਦਰ ’ਤੇ ਆਪਣੇ ਸੱਚ ਦੀ ਲੜਾਈ ਲੜਨ ਲਈ ਪਹੁੰਚੇ ਹੋਏ ਹਨ। ਇਹੋ ਜਿਹੇ ਪੰਜਾਬ ਨੂੰ ਦੇਖ ਕੇ ਮਨ ਵਿਚ ਹਉਮੈਂ ਨਹੀਂ ਆਉਂਦੀ ਸਗੋਂ ਇਕ ਅਜੀਬ ਕਿਸਮ ਦੀ ਹਲੀਮੀ ਅਤੇ ਨਿਰਮਲਤਾ ਉਪਜਦੀ ਹੈ। ਇਸ ਪੰਜਾਬ ਨੂੰ ਵੇਖਦਿਆਂ ਮਨ ਪੰਜਾਬੀਆਂ ਦੇ ਆਪਣੇ ਹੱਕਾਂ ’ਤੇ ਪਹਿਰਾ ਦੇਣ ਦੀ ਤਾਕਤ ਦੇ ਗੌਰਵ ਨਾਲ ਭਰ ਜਾਂਦਾ ਹੈ, ਪੰਜਾਬੀ-ਵਿਵੇਕ ਤੇ ਸੁਭਾਅ ਦੀ ਨਵੀਂ ਸਮਝ ਪੈਂਦੀ ਹੈ ਕਿਉਂਕਿ ਇਹ ਉਹ ਪੰਜਾਬ ਹੈ ਜਿਸ ਨੇ ਆਪਣੇ ਜ਼ਮੀਰ ਨੂੰ ਜਗਾਇਆ ਹੈ। ਇਸ ਪੰਜਾਬ ਨੂੰ ਅਤਿਵਾਦੀ ਜਾਂ ਨਕਸਲੀ ਕਹਿ ਕੇ ਭੰਡਿਆ ਨਹੀਂ ਜਾ ਸਕਦਾ। ਹਉਮੈ ਕਰਨੀ ਸਾਨੂੰ ਬਾਬਾ ਨਾਨਕ ਜੀ ਨੇ ਨਹੀਂ ਸਿਖਾਈ, ਉਨ੍ਹਾਂ ਕਿਹਾ ਸੀ, ‘‘ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰ।। ਭਾਵ ‘‘ਤੂੰ ਹੰਕਾਰ ਨਾ ਕਰ ਕਿਤੇ ਇਹ ਨਾ ਹੋਵੇ ਕਿ ਸਿਰ ਭਾਰ ਧਰਤੀ ’ਤੇ ਡਿੱਗ ਪਵੇਂ।’’ ਇਹ ‘‘ਜਾਗਤੁ ਜਾਗਿ ਰਹਾ’’ ਪੰਜਾਬ ਹੈ, ਭਾਵ ਪੂਰਨ ਖ਼ਬਰਦਾਰ ਹੋਇਆ ਹੋਇਆ ਪੰਜਾਬ ਹੈ। ਇਸ ਪੰਜਾਬ ਦੀ ਸ਼ੋਭਾ ਕਰਨੀ ਬਣਦੀ ਹੈ ਤੇ ਜਿਵੇਂ ਰਾਜਿੰਦਰ ਸਿੰਘ ਬੇਦੀ ਨੇ ਕਿਹਾ ਹੈ ਕਿ ਪੰਜਾਬੀ ‘‘ਅਜੀਬ ਕੀਮੀਆਗਰ ਨੇ ਉਹ ...’’ (ਕੀਮੀਆਗੀਰੀ : ਹੋਰ ਧਾਤਾਂ ਤੋਂ ਸੋਨਾ ਚਾਂਦੀ ਬਣਾਉਣ ਦੀ ਕਲਾ, ਏਥੇ ਬੇਦੀ ਦੀ ਮੁਰਾਦ ਜ਼ਿੰਦਗੀ ਦਾ ਸੋਨਾ-ਚਾਂਦੀ ਬਣਾਉਣ ਤੋਂ ਹੈ।)
ਇਹ ਅੰਦੋਲਨ ਹੁਣ ਸਿਰਫ਼ ਪੰਜਾਬੀਆਂ ਦਾ ਅੰਦੋਲਨ ਨਹੀਂ ਰਿਹਾ। ਇਸ ਵਿਚ ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸ਼ਾਮਲ ਹਨ। ਮਹਾਰਾਸ਼ਟਰ, ਕਰਨਾਟਕ, ਤਾਮਿਲ ਨਾਡੂ, ਬਿਹਾਰ ਤੇ ਹੋਰ ਸੂਬਿਆਂ ਵਿਚ ਜਾਗਰੂਕਤਾ ਫੈਲ ਰਹੀ ਹੈ। ਪੰਜਾਬ ਨੇ ਇਸ ਅੰਦੋਲਨ ਵਿਚ ਅਗਵਾਈ ਕਰ ਕੇ ਕਿਸੇ ਸਿਰ ਅਹਿਸਾਨ ਨਹੀਂ ਕੀਤਾ, ਉਸ ਨੇ ਤਾਂ ਆਪਣੇ ਜ਼ਮੀਰ ਨੂੰ ਜਗਾਇਆ ਹੈ। ਉਸ ਨੇ ਆਪਣੇ ਨਿਕਦਰੇ ਕੀਤੇ ਜਾਣ ਦੀ ਧੁੰਦ ਨੂੰ ਛੰਡਦਿਆਂ ਜਮਹੂਰੀਅਤ ਦੇ ਨਵੇਂ ਅੰਬਰ ਪੈਦਾ ਕੀਤੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਿਰ ਇਹ ਇਤਿਹਾਸਕ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਜ਼ਮੀਰ ਦੀ ਆਵਾਜ਼ ਨੂੰ ਉੱਚਿਆਂ ਕਰਦਿਆਂ ਉਹ ਆਪਸੀ ਏਕਾ ਕਾਇਮ ਰੱਖਣ ਅਤੇ ਦੂਸਰੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ। ਪੰਜਾਬ ਦੇ ਕਿਸਾਨ ਇਸ ਇਤਿਹਾਸਕ ਵਿਵੇਕ ਦੇ ਧਾਰਨੀ ਬਣੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਤੋਂ