ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
27 Dec. 2020
ਸੂਬੇ ਦੀ ਸਿਆਸੀ ਫਿਜ਼ਾ ਇਸ ਵਾਰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ- ਰਵਨੀਤ ਬਿੱਟੂ
ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।
ਮੋਦੀ ਸਰਕਾਰ ਨੇ ਗੱਲਬਾਤ ਦੇ ਸਾਰੇ ਬੂਹੇ ਕੀਤੇ ਬੰਦ-ਇਕ ਖ਼ਬਰ
ਉਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।
ਦੇਸ਼ ਨੂੰ ਗੁਮਰਾਹ ਕਰਨ ਵਾਲਾ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਗੁਮਰਾਹ ਦੱਸ ਰਿਹਾ ਹੈ- ਸਰਵਣ ਸਿੰਘ ਪੰਧੇਰ
ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।
ਕਾਂਗਰਸ ਦਾ ਦੋਗਲਾ ਚਿਹਰਾ ਇਕ ਵਾਰ ਫੇਰ ਬੇਨਕਾਬ- ਡਾ. ਦਲਜੀਤ ਸਿੰਘ ਚੀਮਾ
ਡਾ. ਸਾਹਿਬ ਕਦੇ ਆਪਣਾ ਚਿਹਰਾ ਵੀ ਸ਼ੀਸ਼ੇ ‘ਚ ਦੇਖੋ, ਬ੍ਰਹਮ (ਭਰਮ) ‘ਚ ਨਾ ਰਿਹਾ ਕਰੋ।
ਆਰ.ਜੇ.ਡੀ. ਨੇ ਨਿਤੀਸ਼ ਨੂੰ ਭਾਜਪਾ ਨਾਲੋਂ ਸਬੰਧ ਤੋੜਨ ਦੀ ਦਿੱਤੀ ਚੁਣੌਤੀ- ਇਕ ਖ਼ਬਰ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਕੇਜਰੀਵਾਲ ਸ਼ਿਸ਼ਟਾਚਾਰ ਦੀਆਂ ਹੱਦਾਂ ਨਾ ਪਾਰ ਕਰੇ- ਕੈਪਟਨ
ਪਰ੍ਹੇ ਵਿਚ ਕੈਦੋ ਨੇ ਮਗ ਮਾਰੀ, ਲੋਕੋ ਵੇਖ ਲਉ ਗੱਲਾਂ ਅੱਲ ਵਲੱਲੀਆਂ ਜੀ।
ਭਾਰਤ ਨਾਲੋਂ ਬੰਗਲਾ ਦੇਸ਼ ਅਤੇ ਨੇਪਾਲ ਦੇ ਆਰਥਕ ਹਾਲਾਤ ਚੰਗੇ- ਇਕ ਖ਼ਬਰ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।
ਕੌਮੀ ਏਕਤਾ ਦੇ ਰੰਗ ‘ਚ ਰੰਗੇ ਜਾਣ ਲੱਗੇ ਕਿਸਾਨ ਮੋਰਚੇ- ਇਕ ਖ਼ਬਰ
ਮਿੱਠੇ ਯਾਰਾਂ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।
ਕੇਜਰੀਵਾਲ, ਭਗਵੰਤ ਮਾਨ, ਹਰਪਾਲ ਚੀਮਾ ਤੇ ਸੁਖਬੀਰ ਬਾਦਲ ਦੋਗਲੇ ਤੇ ਝੂਠੇ ਸਿਆਸਤਦਾਨ- ਕੈਪਟਨ
ਪੰਜਾਬ ‘ਚ ਇਕੋ ਹੀ ਧਰਮ ਪੁੱਤਰ ਐ, ਬੁੱਝੋ ਭਲਾ ਉਹ ਕੌਣ ਐ?
ਕੜਾਕੇ ਦੀ ਠੰਡ ‘ਚ ਬੈਠੇ ਕਿਸਾਨਾਂ ਨਾਲ਼ ਸਰਕਾਰ ਖੇਡਾਂ ਖੇਡਣ ਲੱਗੀ- ਇਕ ਖ਼ਬਰ
ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਦਿਹਾਤੀ ਵਿਕਾਸ ਫੰਡ ਜਾਰੀ ਕਰਨ ‘ਚ ਕੇਂਦਰ ਦੀ ਟਾਲ ਮਟੋਲ- ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।
ਕਿਸਾਨੀ ਅੰਦੋਲਨ ਸਬੰਧੀ ਵਿਦੇਸ਼ੀ ਆਗੂਆਂ ਦੀਆਂ ਟਿੱਪਣੀਆਂ ਗੁਮਰਾਹਕੁਨ ਜਾਣਕਾਰੀ ‘ਤੇ ਆਧਾਰਿਤ-ਭਾਰਤ
ਜੱਗ ਜ਼ਾਹਰ ਤੇਰੀਆਂ ਕਰਤੂਤਾਂ, ਸਫ਼ਾਈਆਂ ਕਿੱਥੇ ਕਿੱਥੇ ਦੇਵੇਂਗੀ ਦਿੱਲੀਏ।
ਪੰਜਾਬ ਵਿਚ ਭਾਜਪਾ ਆਗੂਆਂ ਦਾ ਤਿੱਖਾ ਵਿਰੋਧ- ਇਕ ਖਬਰ
ਬਹਿਣ ਨਹੀਂ ਦਿੰਦੇ ਦਿੱਲੀ ਵਾਲ਼ੇ ਸਾਨੂੰ, ਪਿੰਡਾਂ ‘ਚੋਂ ਪਦੀੜਾਂ ਪੈਂਦੀਆਂ।