ਹੁੰਦੀ ਦੋ ਰੋਟੀਆਂ ਦੀ ਲੋੜ ... - ਡਾ. ਪ੍ਰਿਤਪਾਲ ਕੌਰ ਚਾਹਲ
ਮਿਲੇ ਕੋਈ ਵੀ ਜੋ ਕਿਸੇ ਗਲੀ ਮੋੜ ਤੇ,
ਸਮਝਾਓ ਓਸ ਨੂੰ ਇਹ ਦੋਵੇਂ ਹੱਥ ਜੋੜ ਕੇ
ਜੇ ਨਾ ਹੋਊ ਕਿਰਸਾਨ
ਖਾਊ ਕਿੱਥੋਂ ਫਿਰ ਜਹਾਨ
ਕੋਈ ਨਾ ਖਾਵੇ ਸੋਨਾ ਚਾਂਦੀ
ਦੋ ਰੋਟੀਆਂ ਹਰੇਕ ਹੀ ਦੀ ਲੋੜ ਵੇ
ਸਮਝਾਓ ਓਸ ਨੂੰ ਇਹ ....
ਕੁੱਝ ਘਰਾਣਿਆਂ ਦੀ ਵੇਖ ਅੱਜ ਸ਼ਾਨ ਨੂੰ
ਲਾਉਣ ਵੱਟੇ ਮੁਲਕ ਦੀ ਸ਼ਾਨ-ਬਾਨ ਨੂੰ
ਲੈਂਦੇ ਕਰਜ਼ੇ ਉਹ ਚੁੱਕ
ਭੱਜਣ ਅੱਡੀਆਂ ਨੂੰ ਚੁੱਕ
ਫਿਰਨ ਕਿੰਗਰੇ ਉਹ ਦੇਸ਼ ਵਾਲੇ ਢਾਣ ਨੂੰ
ਕੁੱਝ ਘਰਾਣਿਆਂ ਦੀ ....
ਉਹਨਾਂ ਆਖਿਆ ਸੀ ਬੜੇ ਹੱਥ ਜੋੜ ਕੇ
ਭਾੱਜੀ ਕਨੂੰਨਾਂ ਵਾਲੀ ਦੇਣੀ ਉਹਨਾਂ ਮੋੜ ਵੇ
ਹੋਣ ਵਾਪਸ ਕਾਨੂੰਨ
ਸਵਾਰ ਸਿਰ ਤੇ ਜਨੂੰਨ
ਦੇਣੇ ਲੱਕ ਕਿਸਾਨਾਂ ਦੇ ਇਹਨਾਂ ਤੋੜ ਵੇ
ਉਹਨਾਂ ਆਖਿਆ ਸੀ ਬੜੇ .....
ਸਮਝੋ ਘਰਾਣਿਆਂ ਦੀ ਪੁੱਠੜੀ ਇਹ ਚਾਲ ਨੂੰ
ਕਰਨ ਮੁੱਠ ਵਿੱਚ ਜਿਹੜੇ ਹੋਰਨਾਂ ਦੇ ਮਾਲ ਨੂੰ
ਹੁਣ ਭੋਲਪੁਣਾ ਛੱਡ
ਪਛਾਣ ਆਪਣੇ ਤੂੰ ਹੱਕ
ਹੋਂਦ ਆਪਣੀ ਲਈ ਘਾਲਣਾਂ ਹੁਣ ਘਾਲ ਤੂੰ
ਸਮਝੋ ਏ ਘਰਾਣਿਆਂ ਦੀ ....
ਲੱਗੀ ਮੁਲਕ ਨੂੰ ਹੱਥ ਵਿੱਚ ਲੈਣ ਵਾਲੀ ਹੋੜ ਹੈ
ਇਹ ਘਰਾਣੇ ਜਿਵੇਂ ਖਾਜ ਵਿੱਚ ਕੋਹੜ ਹੈ
'ਕੱਲਾ ਕਿਰਸਾਨ ਹੀ ਨਹੀਂ
ਮਰੂ ਆਮ ਆਦਮੀ ਵਹੀਂ
ਹੁਣ ਸਹੇ ਨਹੀਂ ਪਹੇ ਨੂੰ ਬਚਾਉਣ ਦੀ ਲੋੜ ਹੈ
ਲੱਗੀ ਮੁਲਕ ਨੂੰ ਹੱਥ ਵਿੱਚ .....
ਕਰੋ ਨਾਂਹ ਇਹ ਘਰਾਣਿਆਂ ਦੇ ਮਾਲ ਨੂੰ
ਅਪਣਾਅ ਕੇ ਦੇਸ਼ 'ਚ ਪੈਦਾ ਹੋਏ ਮਾਲ ਨੂੰ
ਕਰੋ ਸੱਚਾ ਵਾਅਦਾ, ਨਹੀਂ ਝੂਠਾ
ਫੜੇ ਨਾ ਕੋਈ ਹੱਥ ਵਿੱਚ ਠੂਠਾ
'ਕੱਠੇ ਹੋ ਕੇ ਅਪਣਾਈਏ ਏਸ ਹੀ ਖਿਆਲ ਨੂੰ
ਕਰੋ ਨਾਂਹ ਇਹ ਘਰਾਣਿਆਂ .....
ਵਿੰਨੀਪੈਗ, ਕੈਨੇਡਾ
ਸੰਪਰਕ-001 2049999240