ਨਵੇਂ ਸਾਲ ਦੀ ਨਵੀਂ ਨੁਹਾਰ - ਰਵਿੰਦਰ ਸਿੰਘ ਕੁੰਦਰਾ
ਨਵੇਂ ਸਾਲ ਦੀ ਨਵੀਂ ਨੁਹਾਰ, ਪਿਛਲੇ ਸਾਲ ਨੂੰ ਗੋਲ਼ੀ ਮਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।
ਪਿਆਰ ਬੜਾ ਸੀ ਉਸਨੂੰ ਕੀਤਾ, ਘੁੱਟ ਘੁੱਟ ਸੀਨੇ ਕੋਲ ਸੀ ਕੀਤਾ।
ਚੜ੍ਹਨ ਤੇ ਕਿਹੜਾ ਚਾਅ ਨੀਂ ਕੀਤਾ, ਬੇ ਵਫਾ ਲਾ ਗਿਆ ਪਲੀਤਾ।
ਚਾਰ ਸੌ ਵੀਹ ਕੁੱਝ ਐਸੀ ਕੀਤੀ, ਤੋੜਿਆ ਹਰ ਇੱਕ ਦਾ ਇਤਬਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।
ਮਨਾਂ ਚ ਫੁਲਝੜੀਆਂ ਸੀ ਛੁੱਟੀਆਂ, ਮਾਣ ਨਾਲ ਸੀ ਮੌਜਾਂ ਲੁੱਟੀਆਂ।
ਸੱਧਰਾਂ ਚਾੜ੍ਹ ਅਸਮਾਨੀ ਗੁੱਡੀਆਂ, ਖੁਸ਼ੀ ਨਾਲ ਪਾਈਆਂ ਸੀ ਲੁੱਡੀਆਂ।
ਅਸਲੀ ਰੰਗ ਜਦ ਲੱਗਾ ਦਿਖਾਵਣ, ਸੋਗ ਦਾ ਚੜ੍ਹਿਆ ਨਵਾਂ ਬੁਖ਼ਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।
ਨਹੀਂ ਸੀ ਆਪਣਾ ਬਣ ਕੇ ਆਇਆ, ਨਫ਼ਰਤ ਦਾ ਉਸ ਮੀਂਹ ਵਰਸਾਇਆ।
ਬੰਦੇ ਤੋਂ ਬੰਦਾ ਛੁਡਵਾਇਆ, ਡੰਕਾ ਥਾਂ ਥਾਂ ਆਪਣਾ ਵਜਵਾਇਆ।
ਚਾਲ ਕੁੱਝ ਕੋਝੀ ਐਸੀ ਚੱਲਿਆ, ਹਰ ਇੱਕ ਨੂੰ ਕੀਤਾ ਦੁਸ਼ਬਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।
ਆ ਕੋਸ਼ਿਸ਼ ਕੁੱਝ ਐਸੀ ਕਰੀਏ, ਨਵੇਂ ਸਾਲ ਦੀ ਬਾਂਹ ਫਿਰ ਫੜੀਏ।
ਐਸੇ ਮਨਸੂਬੇ ਕੁੱਝ ਘੜੀਏ, ਗ਼ਮੀਆਂ ਛੱਡ ਖ਼ੁਸ਼ੀਆਂ ਨਾਲ ਖੜ੍ਹੀਏ।
ਇੱਕੀ ਵਿਸਵੇ ਹੱਥ ਜੇ ਆਵਣ, ਵੀਹ ਵੀਹ ਦੇਈਏ ਦਿਲੋਂ ਵਿਸਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।
ਨਵੇਂ ਸਾਲ ਦੀ ਨਵੀਂ ਨੁਹਾਰ, ਪਿਛਲੇ ਸਾਲ ਨੂੰ ਗੋਲ਼ੀ ਮਾਰ।
ਖਿੜੇ ਮੱਥੇ ਇਹਨੂੰ ਸਵੀਕਾਰ, ਬੀਤ ਗਏ ਨੂੰ ਧੱਕੇ ਚਾਰ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ