ਢੀਂਡਸਾ-ਭਾਜਪਾ ਗਠਜੋੜ 'ਤੇ ਲਗਾ ਸੁਆਲੀਆ ਨਿਸ਼ਾਨ - ਜਸਵੰਤ ਸਿੰਘ 'ਅਜੀਤ'
ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਕਿਸਾਨ-ਵਿਰੋਧੀ ਕਰਾਰ ਦਿੰਦਿਆਂ, ਜਦੋਂ ਪੰਜਾਬ ਦੇ ਕਿਸਾਨ ਇਨ੍ਹਾਂ ਵਿਰੁਧ ਮੈਦਾਨ ਵਿੱਚ ਨਿਤਰੇ ਤਾਂ ਕੇਂਦਰੀ ਸਰਕਾਰ ਵਿੱਚ ਹਿੱਸੇਦਾਰ ਬਣੇ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਐਨਡੀਏ ਨਾਲੋਂ ਨਾਤਾ ਤੋੜਨ ਦਾ ਐਲਾਨ ਕਰਨ ਅਤੇ ਖੁਲ੍ਹ ਕੇ ਕਿਸਾਨਾਂ ਦੇ ਸਮਰਥਨ ਵਿੱਚ ਨਿਤਰਨ 'ਤੇ ਮਜਬੂਰ ਹੋਣਾ ਪਿਆ। ਫਲਸਰੂਪ ਹਰਸਿਮਰਤ ਕੌਰ ਨੂੰ ਵੀ ਕੇਂਦਰੀ ਸਰਕਾਰ ਵਿੱਚ ਮਿਲੀ ਹੋਈ ਆਪਣੀ ਵਜ਼ੀਰੀ ਦੀ ਕੁਰਸੀ ਤਿਆਗਣੀ ਪਈ। ਇਨ੍ਹਾਂ ਹਾਲਾਤ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿੱਚ ਦਹਾਕਿਆਂ ਤੋਂ ਚਲੇ ਆ ਰਹੇ ਅਕਾਲੀ-ਭਾਜਪਾ ਗਠਜੋੜ ਨਾਲੋਂ ਵੀ ਅਲਗ ਹੋਣਾ ਪਿਆ। ਇਸਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਭਾਜਪਾ ਨਾਲੋਂ ਆਪਣਾ ਸੰਬੰਧ ਤੋੜ ਲਏ ਜਾਣ ਤੋਂ ਬਾਅਦ, ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੁਖੀਆਂ ਲਈ ਜ਼ਰੂਰੀ ਹੋ ਗਿਆ ਕਿ ਉਹ ਪੰਜਾਬ ਵਿੱਚ ਆਪਣਾ ਆਧਾਰ ਬਣਾਈ ਰਖਣ ਲਈ, ਬਾਦਲ ਅਕਾਲੀ ਦਲ ਦੇ ਬਦਲ ਦੇ ਰੂਪ ਵਿੱਚ ਕਿਸੇ ਅਜਿਹੇ ਸਾਥੀ ਦੀ ਤਲਾਸ਼ ਕਰਨ, ਜੋ ਉਨ੍ਹਾਂ ਨੂੰ ਸਿੱਖਾਂ ਦਾ ਸਹਿਯੋਗ ਦੁਆਈ ਰਖਣ ਦੇ ਸਮਰਥ ਹੋਵੇ ਅਤੇ ਕਿਸਾਨਾਂ ਦੇ ਵਿਰੋਧ ਕਾਰਣ, ਉਨ੍ਹਾਂ ਦੇ ਖੁਰ ਰਹੇ ਆਧਾਰ ਨੂੰ ਠਲ੍ਹ ਪਾ ਸਕੇ। ਇਸ ਹਾਲਤ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪੁਰ ਪਈਆਂ। ਉਨ੍ਹਾਂ ਨੂੰ ਜਾਪਿਆ ਕਿ ਇਹੀ ਪਾਰਟੀ ਪੰਜਾਬ ਵਿੱਚ ਉਨ੍ਹਾਂ ਦਾ ਸਹਾਰਾ ਹੋ ਸਕਦੀ ਹੈ, ਜੋ ਉਨ੍ਹਾਂ ਦਾ ਸਾਥੀ ਬਣ ਬਾਦਲ ਅਕਾਲੀ ਦਲ ਦੀ ਘਾਟ ਪੂਰੀ ਕਰ ਸਕਦੀ ਹੈ। ਫਲਸਰੂਪ ਉਨ੍ਹਾਂ ਨੇ ਉਸ ਨਾਲ ਗਠਜੋੜ ਹੋ ਪਾਣ ਦੀਆਂ ਉਨ੍ਹਾਂ ਸੰਭਾਵਨਾਵਾਂ ਦੀ ਤਲਾਸ਼ ਵਿੱਚ ਤੇਜ਼ੀ ਲੈ ਆਂਦੀ, ਜਿਨ੍ਹਾਂ ਦੇ ਸੰਬੰਧ ਵਿੱਚ ਉਹ ਬੀਤੇ ਕਾਫੀ ਸਮੇਂ ਤੋਂ ਸੋਚਦੇ-ਵਿਚਾਰਦੇ ਚਲੇ ਆ ਰਹੇ ਸਨ।
ਸ. ਢੀਂਡਸਾ ਦਾ ਪੱਖ: ਜਦੋਂ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਡੇਮੌਕ੍ਰੇਟਿਕ ਨਾਲ ਗਠਜੋੜ ਕਰਨ ਦੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ ਤੇਜ਼ੀ ਲਿਆਉਣ ਦੀ ਚਰਚਾ ਮੀਡੀਆ ਵਿੱਚ ਹੋਈ ਤਾਂ ਭਾਵੇਂ ਭਾਜਪਾ ਦੇ ਹਲਕਿਆਂ ਨੇ ਇਸ ਸੰਬੰਧ ਵਿੱਚ ਚੁਪ ਧਾਰੀ ਰਖਣਾ ਹੀ ਠੀਕ ਸਮਝਿਆ, ਪ੍ਰੰਤੂ ਡਮਿੋਕ੍ਰੇਟਿਕ ਅਕਾਲੀ ਦਲ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਿਥੋਂ ਤਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ, ਉਨ੍ਹਾਂ ਦੇ ਭਾਜਪਾ ਨਾਲ ਗਠਜੋੜ ਕਰਨ ਦਾ ਸੁਆਲ ਹੈ, ਉਸਦੇ ਸੰਬੰਧ ਵਿੱਚ ਉਨ੍ਹਾਂ ਨੇ ਲਗਭਗ ਛੇ ਮਹੀਨੇ ਪਹਿਲਾਂ ਜ਼ਰੂਰ ਸੋਚਿਆ ਸੀ, ਪ੍ਰੰਤੂ ਹੁਣ ਜਦਕਿ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਰਾਜਸੀ ਸਮੀਕਰਣਾਂ ਵਿੱਚ ਜੋ ਤਬਦੀਲੀ ਆਈ ਹੈ, ਉਸਦੀ ਰੋਸ਼ਨੀ ਵਿੱਚ ਉਨ੍ਹਾਂ ਨੂੰੰ ਇਸ ਸਬੰਧ ਵਿੱਚ ਮੁੜ ਵਿਚਾਰ ਕਰਨ ਅਤੇ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪ ਇੱਕ ਕਿਸਾਨ ਹਨ, ਇਸ ਕਰਕੇ ਉਹ ਕਿਸਾਨ-ਵਿਰੋਧੀ ਕਾਨੂੰਨਾਂ ਦਾ ਕਿਵੇਂ ਸਮਰਥਨ ਕਰ ਸਕਦੇ ਹਨ ਤੇ ਕਿਸਾਨ-ਵਿਰੋਧੀਆਂ ਨਾਲ ਕੋਈ ਗਠਜੋੜ ਕਰਨ ਬਾਰੇ ਸੋਚ ਸਕਦੇ ਹਨ? ਇਸ ਕਰਕੇ ਭਾਜਪਾ ਨਾਲ ਉਨ੍ਹਾਂ ਦੇ ਗਠਜੋੜ ਕਰਨ ਦੀ ਚਲ ਰਹੀ ਚਰਚਾ ਦਾ ਚੈਪਟਰ ਮੂਲੋਂ ਹੀ 'ਕਲੋਜ਼' (ਬੰਦ) ਹੋ ਜਾਾਣਾ ਚਹੀਦਾ ਹੈ।
ਗਲ ਪਿਛੋਕੜ ਦੀ: ਪੰਜਾਬ ਦੀ ਰਾਜਨੀਤੀ ਨਾਲ ਚਿਰਾਂ ਤੋਂ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੁੱਖੀ ਦਾਅਵਾ ਕਰਦੇ ਚਲੇ ਆ ਰਹੇ ਸਨ ਕਿ ਇਸ ਵਾਰ ਉਹ ਪੰਜਾਬ ਵਿਧਾਨਸਭਾ ਦੀਆਂ ਸਾਰੀਆਂ 117 ਸੀਟਾਂ ਪੁਰ ਆਪਣੇ ਉਮੀਦਵਾਰ ਖੜੇ ਕਰਨਗੇ। ਇਸਦੇ ਨਾਲ ਹੀ ਉਹ ਇਹ ਦਾਅਵਾ ਵੀ ਕਰਦੇ ਸਨ ਕਿ ਇਸ ਵਾਰ ਪੰਜਾਬ ਦਾ ਮੁਖ ਮੰਤਰੀ ਭਾਜਪਾ ਦਾ ਹੀ ਹੋਵੇਗਾ। ਭਾਜਪਾ ਵਲੋਂ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਦੇ ਸੰਬੰਧ ਵਿੱਚ ਇਨ੍ਹਾਂ ਰਾਜਸੀ ਮਾਹਿਰਾਂ ਦੀ ਮਾਨਤਾ ਸੀ ਕਿ ਪੰਜਾਬ ਵਿਧਾਨ ਸਭਾ ਅਤੇ ਲੋਕਸਭਾ ਦੀਆਂ ਹੋਈਆਂ ਪਿਛਲੀਆਂ ਆਮ ਚੋਣਾਂ ਵਿੱਚ ਬਾਦਲ ਅਕਾਲੀ ਦਲ ਦੀ ਜੋ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸਨੂੰ ਆਧਾਰ ਬਣਾ, ਪੰਜਾਬ ਪ੍ਰਦੇਸ਼ ਭਾਜਪਾ ਦੇ ਮੁਖੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਪੁਰ ਦਬਾਉ ਬਨਾਣਾ ਚਾਹੁੰਦੇ ਸਨ ਕਿ ਇਸ ਵਾਰ ਚੋਣਾਂ ਤੋਂ ਪਹਿਲਾਂ ਹੀ ਬਾਦਲ ਅਕਾਲੀ ਦਲ ਦੇ ਮੁਖੀ, ਭਾਜਪਾ ਨੂੰ ਗਠਜੋੜ ਵਿੱਚ ਵੱਡਾ ਭਰਾ ਸਵੀਕਾਰ ਕਰ ਲੈਣ ਤਾਂ ਜੋ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਣ ਤੇ ਗਠਜੋੜ ਦੀ ਬਣਨ ਵਾਲੀ ਸਰਕਾਰ ਵਿੱਚ ਉਨ੍ਹਾਂ (ਭਾਜਪਾ) ਦਾ ਹੀ ਮੁਖ ਮੰਤਰੀ ਬਣਨ ਦਾ ਰਸਤਾ ਸਾਫ ਹੋ ਸਕੇ। ਇਨ੍ਹਾਂ ਰਾਜਸੀ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਭਾਜਪਾ ਦੇ ਮੁਖੀ, ਇਹ ਵਿਕਲਪ ਵੀ ਖੁਲ੍ਹਾ ਰਖਣਾ ਚਾਹੁੰਦੇ ਸਨ ਕਿ ਜੇ ਬਾਦਲ ਅਕਾਲੀ ਦਲ ਦੇ ਮੁਖੀ ਉਨ੍ਹਾਂ ਦਾ ਦਾਅਵਾ ਸਵੀਕਾਰ ਨਾ ਕਰਨ ਤਾਂ ਉਹ ਉਸਦੇ ਬਦਲ ਵਜੋਂ ਕਿਸੇ ਹੋਰ ਨਾਲ ਗਠਜੋੜ ਕਰ ਸਕਣ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਡੇਮੋਕ੍ਰੇਟਿਕ ਪੁਰ ਨਜ਼ਰਾਂ ਲਾਈ, ਉਸ ਨਾਲ ਗਠਜੋੜ ਕਰ ਸਕਣ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਜੁਟ ਗਏ ਹੋਏ ਸਨ। ਇਸ ਸੰਬੰਧੀ ਚਲ ਰਹੀਆਂ ਚਰਚਾਵਾਂ ਦੇ ਦੌਰਾਨ ਜਦੋਂ ਸ. ਢੀਂਡਸਾ ਦਾ ਪ੍ਰਤੀਕਰਮ ਪੁਛਿਆ ਗਿਆ ਤਾਂ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਇਨ੍ਹਾਂ ਹਾਲਾਤ ਵਿੱਚ ਭਾਜਪਾ ਨਾਲ ਗਠਜੋੜ ਕਰਨ ਦੇ ਸੰਬੰਧ ਵਿੱਚ ਸੋਚ ਸਕਦੇ ਹਨ।
ਹੁਣ ਜਦ ਕਿ, ਕਿਸਾਨ ਅੰਦੋਲਣ ਕਾਰਣ ਪੰਜਾਬ ਦੇ ਰਾਜਸੀ ਹਾਲਾਤ ਬਿਲਕੁਲ ਹੀ ਬਦਲ ਗਏ ਹਨ, ਉਨ੍ਹਾਂ ਦੇ ਚਲਦਿਆਂ ਸ. ਢੀਂਡਸਾ ਨੂੰ ਭਾਜਪਾ ਨਾਲ ਕੋਈ ਵੀ ਗਠਜੋੜ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ ਤੇ ਮਜਬੂਰ ਹੋਣਾ ਪੈ ਸਕਦਾ ਹੈ। ਇਹੀ ਕਾਰਣ ਹੈ ਕਿ ਬਦਲੇ ਹਾਲਾਤ ਦੀ ਰੋਸ਼ਨੀ ਵਿੱਚ ਉਨ੍ਹਾਂ (ਸ. ਢੀਂਡਸਾ) ਨੇ ਕਿਸੇ ਵੀ ਪਧੱਰ ਤੇ ਭਾਜਪਾ ਨਾਲ ਗਠਜੋੜ ਹੋ ਪਾਣ ਦੀਆਂ ਸੰਭਾਵਨਾਵਾਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਹੈ।
ਮੰਨੂ ਸਮ੍ਰਿਤੀ ਬਨਾਮ ਸਿੱਖ ਪੰਥ?: ਬੀਤੇ ਦਿਨ ਜਦੋਂ ਮੇਜ਼ ਦੇ ਇੱਕ ਦਰਾਜ਼ ਵਿਚੋਂ ਕੁਝ ਪੁਰਾਣੇ ਕਾਗਜ਼ ਵੇਖ, ਉਨ੍ਹਾਂ ਦੀ ਘੋਖ ਕਰ ਰਿਹਾ ਸਾਂ ਕਿ ਅਚਾਨਕ ਹੀ ਇਕ ਬਹੁਤ ਹੀ ਪੁਰਾਣੇ ਅੰਗ੍ਰੇਜ਼ੀ ਦੈਨਿਕ 'ਮੇਲ ਟੂਡੇ' ਦਾ ਅੰਕ ਹਥਾਂ ਵਿੱਚ ਆ ਗਿਆ, ਉਸਨੂੰ ਖੋਲ੍ਹ ਕੇ ਵੇਖਿਆ, ਉਸ ਵਿਚ ਸਿੱਖਾਂ ਕਥਨੀ ਤੇ ਕਰਨੀ ਪੁਰ ਵਿਅੰਗ ਕਰਦਾ ਇਕ ਕਾਰਟੂਨ ਛਪਿਆ ਹੋਇਆ ਸੀ, ਜਿਸ ਵਿਚ ਇਕ ਸਿੱਖ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ, ਵੇਖਣ ਨੂੰ ਤਾਂ ਇਉਂ ਜਾਪਦਾ ਸੀ ਜਿਵੇਂ ਉਹ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਬਾਣੀ ਦਾ ਪਾਠ ਕਰ ਰਿਹਾ ਹੋਵੇ, ਪਰ ਅਸਲ ਵਿਚ ਉਹ ਬਾਣੀ ਪੜ੍ਹਨ ਦੇ ਪਰਦੇ ਹੇਠ 'ਮੰਨੂ ਸਮ੍ਰਿਤੀ' ਪੜ੍ਹ ਰਿਹਾ ਸੀ। ਇਹ ਵੇਖ ਇਉਂ ਜਾਪਿਆ, ਜਿਵੇਂ ਕਾਰਟੂਨਿਸਟ ਨੇ ਇਸ ਵਿਅੰਗ ਰਾਹੀਂ ਇਕ ਬਹੁਤ ਹੀ ਕੌੜੀ ਸਚਾਈ ਸਿੱਖਾਂ ਦੇ ਸਾਹਮਣੇ ਪੇਸ਼ ਕਰਨ ਦੀ ਹਿੰਮਤ ਵਿਖਾਈ ਹੈ।
ਇਸ ਕਾਰਟੂਨ ਦੇ ਬਾਰੇ ਜਦੋਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ. ਐਸ. ਸੋਢੀ ਨਾਲ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਹ ਕਾਰਟੂਨ, ਸਿੱਖ ਜਗਤ ਦੀ ਉਸ ਸਥਿਤੀ ਪੁਰ ਸਿੱਧਾ ਵਿਅੰਗ ਹੈ, ਜਿਸ ਵਿਚੋਂ ਅੱਜ ਉਹ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਂ ਨੇ ਇੱਕ ਲੰਬੀ ਘਾਲਣਾ ਕਰ ਅਤੇ ਕੁਰਬਾਨੀਆਂ ਦੇ, ਜਿਸ ਬ੍ਰਾਹਮਣੀ, ਮੰਨੂ ਸਮ੍ਰਿਤੀ ਦੇ ਜਾਲ ਵਿਚੋਂ ਸਿੱਖਾਂ ਨੂੰ ਉਭਾਰਿਆ ਸੀ, ਅੱਜ ਉਹ ਮੁੜ ਉਸੇ ਬ੍ਰਾਹਮਣੀ, ਮੰਨੂ ਸਮ੍ਰਿਤੀ ਦੇ ਜਾਲ ਵਿੱਚ ਫਸਦੇ ਚਲੇ ਜਾ ਰਹੇ ਹਨ। ਉਨ੍ਹਾਂ ਕਿਹਾ ਇਸ ਸਥਿਤੀ ਲਈ ਮੁਖ ਰੂਪ ਵਿਚ ਸਿੱਖਾਂ ਦੀਆਂ ਸਰਵੁੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਜਥੇਬੰਦੀਆਂ ਅਤੇ ਉਨ੍ਹਾਂ ਪੁਰ ਕਾਬਜ਼, ਰਾਜਸੀ ਆਗੂ ਜ਼ਿਮੇਂਦਾਰ ਹਨ, ਜਿਨ੍ਹਾਂ ਨੇ ਵਿਸ਼ਵ-ਧਰਮ ਬਣਨ ਦੀ ਸਮਰਥਾ ਰਖਣ ਵਾਲੇ ਸਿੱਖ ਧਰਮ ਨੂੰ ਸਿੱਖ ਸਿਧਾਂਤਾਂ ਵਿਰੁਧ ਜਾਤਾਂ-ਬਿਰਾਦਰੀਆਂ ਵਿਚ ਵੰਡ, ਸੁੰਘੇੜ ਕੇ ਰਖ ਦਿਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਂਝੀਵਾਲਤਾ, ਪਿਆਰ, ਸਦਭਾਵਨਾ ਅਤੇ ਬਰਾਬਰਤਾ ਦੇ ਆਦਰਸ਼ ਨੂੰ ਮਜ਼ਬੂਤ ਕਰਨ ਲਈ ਲੰਗਰ ਦੀ ਪਰੰਪਰਾ ਦੀ ਅਰੰਭਤਾ ਕਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦੇ ਨਾਲ ਹੀ ਖਾਲਸਾ ਪੰਥ ਦੀ ਸਿਰਜਨਾ ਨੂੰ ਸੰਪੂਰਨ ਕਰ, ਇਨ੍ਹਾਂ ਸਿਧਾਂਤਾਂ ਦੀ ਨੀਂਹ ਪੁਰ ਸਿੱਖੀ ਦੇ ਇਕ ਮਜ਼ਬੂਤ ਮਹਿਲ ਦੀ ਉਸਾਰੀ ਕੀਤੀ। ਪ੍ਰੰਤੂ ਸਿੱਖੀ ਦੇ ਵਰਤਮਾਨ ਠੇਕੇਦਾਰਾਂ ਨੇ ਰਾਜਸੀ ਸੱਤਾ ਦੀ ਲਾਲਸਾ ਦੀ ਦਲਦਲ ਵਿਚ ਫਸ, ਗੁਰੂ ਸਾਹਿਬਾਂ ਦੀਆਂ ਘਾਲਣਾਵਾਂ ਤੇ ਕੁਰਬਾਨੀਆਂ ਨੂੰ ਅਣਗੋਲਿਆਂ ਕਰ 'ਤੇ ਮਨੂੰ ਸਮ੍ਰਿਤੀ ਦੀਆਂ ਮਾਨਤਾਵਾਂ ਨੂੰ ਮੁੜ ਅਪਨਾ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਖੋਖਲਿਆਂ ਕਰਨਾ ਸ਼ੁਰੂ ਕਰ ਦਿਤਾ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085