ਮੁੱਠੀ ਭਰ ਮਿੱਟੀ ਮੇਰੇ ਖੇਤ ਦੀ - ਡਾ. ਪ੍ਰਿਤ ਪਾਲ ਕੌਰ ਚਾਹਲ, ਕੈਨੇਡਾ
(ਮੇਰੀ ਇਹ ਕਵਿਤਾ ਸਮਰਪਿਤ ਹੈ, ਮੇਰੇ ਮੰਮੀ ਪਾਪਾ ਅਤੇ ਉਹਨਾਂ ਸਾਰੇ ਲੋਕਾਂ ਨੂੰ ਜੋ ਮੁਲਕ ਦੀ ਵੰਡ ਵੇਲੇ ਪਾਕਿਸਤਾਨ ਤੋਂ ਹਿੰਦੁਸਤਾਨ ਤੇ ਹਿੰਦੁਸਤਾਨ ਤੋਂ ਪਾਕਿਸਤਾਨ ਗਏ ....)
ਮੇਰੇ ਪਾਪਾ ਜੀ ਦੇ ਜਮਾਤੀ ਦੋਸਤ ਦੇ ਫੋਨ ਤੇ ਪੁੱਛੇ ਗਏ ਸਵਾਲ ਕਿ, " ਆ ਰਹਾ ਹੂੰ ਮਿਲਣੇ ਕੋ, ਕਿਆ ਚਾਹੀਏ ਕਿਆ ਲਾਊਂ ਤੂ ਬਤਾ..." ਦੇ ਜਵਾਬ ਵਿੱਚ ਇਹ ਕਵਿਤਾ ਹੋਂਦ ਵਿੱਚ ਆਈ....
"ਮੁੱਠੀ ਭਰ ਮਿੱਟੀ ਮੇਰੇ ਖੇਤ ਦੀ"
ਡਾ. ਪ੍ਰਿਤ ਪਾਲ ਕੌਰ ਚਾਹਲ, ਕੈਨੇਡਾ
ਖੇਤਾਂ ਦੀ ਮਹਿਕ, ਫਿਰਨੀ ਦੀ ਖੁਸ਼ਬੂ ਤੇ ਕਿੰਨੀ ਸਾਰੀ ਪਿੰਡ ਦੀ ਹਵਾ
ਮੁੱਠੀ ਭਰ ਮਿੱਟੀ ਮੇਰੇ ਖੇਤ ਦੀ
ਹੋ ਸਕਿਆ ਤਾਂ ਲੈ ਆਵੀਂ ਦੋਸਤਾ ।
ਤੂੜ੍ਹੀ ਵਾਲੇ ਢਾਰੇ ਵਿੱਚ
ਦੱਬੇ ਹੋਏ ਬੰਟੇ ਨੇ
ਹਾਕੀ ਗੁੱਲੀ ਡੰਡੇ ਉੱਤੇ
ਮਿਲੀ ਸੀ ਸਜ਼ਾ
ਸੋ ਕੁੱਝ ਗੱਲਾਂ ਦਿਲਾਂ ਦੀਆਂ
ਤੇ ਥੋੜ੍ਹੀ ਜਿਹੀ ਜਵਾਨੀ ਦੀ ਅਦਾ
ਮੁੱਠੀ ਭਰ ਮਿੱਟੀ ......
ਕਰਦਾ ਹਾਂ ਬੰਦ ਅੱਖਾਂ
ਆਂਵਦੀ ਏ ਯਾਦ ਖੂਹ ਦੀ
ਪਾਣੀ ਮਿੱਠਾ ਸ਼ਰਬਤ ਜਿਹਾ
ਕੁੱਝ ਬੇਰ ਮਲ੍ਹਿਆਂ ਦੇ
ਜੰਗਲ ਜਲੇਬੀਆਂ ਤੇ
ਪਹਿਲੀ ਤੋੜ ਦਾ ਹਲਕਾ ਨਸ਼ਾ
ਮੁੱਠੀ ਭਰ ਮਿੱਟੀ.....
ਆਂਵਦੀ ਏ ਯਾਦ ਜਦੋਂ
ਪਿੰਡ ਦੀਆਂ ਗਲੀਆਂ ਦੀ
ਜਾਂਵਦੀ ਏ ਰੂਹ ਤੜਪਾ
ਚਾਚੀ ਫੱਤੋ ਦੀਆਂ ਗੱਲਾਂ
ਗਾਲ੍ਹੀਆਂ ਤੇ ਪਿਆਰ ਉੱਤੇ
ਅਜੇ ਤੱਕ ਦਿਲ ਹੈ ਫ਼ਿਦਾ
ਉੱਠਦੀ ਹੈ ਹੂਕ ਦਿਲ 'ਚੋਂ
ਆਵੇ ਜਦੋਂ ਯਾਦ ਪਿੰਡ ਦੀ ਫਿਜ਼ਾ
ਮੁੱਠੀ ਭਰ ਮਿੱਟੀ.....
ਰਸੋਈ ਵਾਲੀ ਪੜਛੱਤੀ ਉੱਤੇ
ਪਿਆ ਹੋਊ ਪਿੰਨਾ ਇੱਕ
ਮਾਝਾ ਲੱਗੀ ਡੋਰਾ ਵਾਲਾ
ਥੱਬਾ ਇੱਕ ਗੁੱਡੀਆਂ ਦਾ
ਲੈ ਕੇ ਨਾਮ ਦੋਸਤੀ ਦਾ
ਵੱਲ ਮੇਰੇ ਦੇਸ਼ ਨੂੰ ਉਡਾਈਂ ਦੋਸਤਾ
ਮੁੱਠੀ ਭਰ ਮਿੱਟੀ.....
ਆਂਵੇਂਗਾ ਤਾਂ ਦੇਖ ਲਵੀਂ
ਰੱਖੀਆਂ ਨੇ ਸਾਂਭ ਚੀਜ਼ਾਂ ਕਈ
ਝੱਲੇ ਨਹੀੰ ਜਾਣੇ ਸਾਥੋਂ ਚਾਅ
ਇੱਕ ਹੈ ਰੁਮਾਲ ਤੋਹਫ਼ਾ
ਸਾਂਭ ਰੱਖੇ ਹੰਝੂ ਵਿੱਚ
ਸੀ ਲਈ ਜਦੋਂ ਪਿੰਡ ਤੋਂ ਵਿਦਾ
ਮੁੱਠੀ ਭਰ ਮਿੱਟੀ.....
ਟੈਲੀਫੋਨ ਚੁੰਮ ਲਵਾਂ
ਜਿਸ ਵਿੱਚੋਂ ਬੋਲਿਐਂ ਤੂੰ
ਬੱਸ ਇੱਕ ਵਾਰੀ ਸ਼ਕਲ ਦਿਖਾ
ਘੁੱਗ ਵੱਸੋ ਖੁਸ਼ ਰਹੋ
ਦਿੰਦਾ ਮੇਰਾ ਦਿਲ ਇਹ ਦੁਆ
ਸਭ ਨੂੰ ਸਲਾਮ ਮੇਰੀ
ਸੱਭ ਨੂੰ ਪਿਆਰ ਮੇਰਾ
ਇਹੀ ਮੇਰੀ ਰੱਬ ਨੂੰ ਦੁਆ
ਨਹੀਂ ਚਾਹੀਦਾ ਕੁੱਝ ਤੇਰੇ ਸਿਵਾ
ਬੱਸ ਇਕ ਵਾਰੀ ਸ਼ਕਲ ਦਿਖਾ
ਨਹੀਂ ਚਾਹੀਦਾ ਕੁੱਝ ਤੇਰੇ ਸਿਵਾ
ਮੁੱਠੀ ਭਰ ਮਿੱਟੀ ਮੇਰੇ ਖੇਤ ਦੀ
ਹੋ ਸਕਿਆ ਤਾਂ ਲੈ ਆਵੀਂ ਦੋਸਤਾ ।
ਪੀ.ਏ.ਯੂ. ਲੁਧਿਆਣਾ/ ਵਿੰਨੀਪੈਗ (ਕੈਨੇਡਾ)