ਕਿਸਾਨ ਹਾਂ ਮੈਂ ਨਾਨਕ ਦੀ ਸੰਤਾਨ ਹਾਂ ਮੈਂ - ਸੁਖਪਾਲ ਸਿੰਘ ਗਿੱਲ

ਸਾਡੇ ਵਿਰਸੇ , ਵਿਰਾਸਤ ਅਤੇ  ਸੱਭਿਆਚਾਰ ਨਾਲ ਖੇਤ ਅਤੇ ਕਿਸਾਨ ਦਾ ਅਟੁੱਟ ਰਿਸ਼ਤਾ ਹੈ  । ਇਸੇ ਲਈ  ਜ਼ਮੀਨ  ਨੂੰ ਮਾਂ ਦਾ ਦਰਜਾ ਵੀ ਦਿੱਤਾ ਗਿਆ ਹੈ । ਕਿਸਾਨੀ ਕਿੱਤਾ ਪੁਸ਼ਤ ਦਰ ਪੁਸ਼ਤ  ਸਾਡੀ  ਅਗਵਾਈ ਕਰਦਾ ਆ ਰਿਹਾ ਹੈ । ਇਸ ਕਰਕੇ ਭਵਿੱਖ ਨੂੰ ਬਚਾਉਣਾ ਸਾਡਾ ਮੁੰਢਲਾ ਫਰਜ਼ ਹੈ । ਪਿਛਲੇ ਮਹੀਨਿਆਂ ਤੋਂ ਖੇਤੀ ਨੂੰ ਨਪੀੜਨ ਦੀਆਂ ਜੋ ਚਾਲਾਂ ਚੱਲ ਰਹੀਆਂ ਹਨ  ਉਸ ਨੂੰ ਹਰ ਪੰਜਾਬੀ  ਅਤੇ ਵਿਦੇਸ਼ਾ ਵਿੱਚ ਵੱਸਦੇ ਪੰਜਾਬੀ ਧੀਆਂ  ਪੁੱਤ ਬਿਲਕੁਲ ਵੀ ਸਹਿਣ ਨਹੀਂ ਕਰਨਗੇ । ਸਾਡੀ ਪਵਿੱਤਰ ਬਾਣੀ ਵਿੱਚ ਦਰਜ਼ ਹੈ :-
                           " ਕਿਰਸਾਨੀ ਜਿਉਂ ਰਾਖੈ ਰਾਖਵਾਲਾ "
                                                                     ਬਾਬੇ ਨਾਨਕ ਵੱਲੋਂ ਦਿੱਤਾ ਸਿਧਾਂਤ  " ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ " ਕਰਕੇ ਹੀ ਖੇਤੀ ਨਾਲ ਸਾਡਾ ਰਿਸ਼ਤਾ ਰਿਆਸਤੀ ਹੈ ।  ਪੰਜਾਬ ਅਤੇ ਖੇਤੀ ਦਾ ਰਿਸ਼ਤਾ  ਜਿਸਮ ਅਤੇ ਰੂਹ ਦੇ ਬਰਾਬਰ ਹੈ । ਜਿਵੇਂ ਰੂਹ ਤੋਂ ਬਿਨਾਂ ਜਿਸਮ ਮਿੱਟੀ  ਅਤੇ ਠੀਕ ਉਸੇ ਤਰ੍ਹਾਂ ਕਿਸਾਨ ਤੋਂ ਬਿਨਾਂ ਖੇਤ ਵੀ ਮਿੱਟੀ ਹਨ । ਪੰਜਾਬੀਆਂ ਦੇ ਸਿਰ ਦਾ ਤਾਜ਼ ਸਾਡੇ ਖੇਤ ਹੀ ਹਨ । ਇਸ ਨੂੰ ਮਹਾਨ ਬਾਣੀ ਵਿੱਚ ਇਓਂ ਸਮਝਾਇਆ ਗਿਆ ਹੈ :-
                                          " ਜੈਸੇ ਹਲਹਰ ਬਿਨਾਂ ਜਿਮੀ ਨਹੀ ਬੋਇਐ "
                       
                    2016  ਵਿੱਚ ਐਨ . ਡੀ . ਏ ਸਰਕਾਰ ਨੇ ਸਿੱਕਮ ਦੀ ਰਾਜਧਾਨੀ  ਗੰਗਟੋਕ ਵਿੱਚ ਕੋਮੀ ਖੇਤੀ ਮਾਰਕੀਟਿੰਗ ਸਕੀਮ   ਅਧੀਨ ਪੰਜਾਬੀ ਸੂਬੇ ਨੂੰ ਲਿਆਉਣ ਦੀ ਤਜ਼ਵੀਜ ਨੇ ਪੰਜਾਬੀ ਸੂਬੇ ਦੀ ਰਾਜਨੀਤੀ ਅਤੇ ਪੰਜਾਬੀ ਕਿਸਾਨੀ ਨੂੰ ਖਦਸ਼ੇ ਅਤੇ ਖਤਰੇ ਵਿੱਚ ਪਾ ਦਿੱਤਾ ਸੀ । ਇਸਦੇ ਹੱਕ ਅਤੇ ਵਿਰੋਧ ਵਿੱਚ  ਦਲੀਲਾਂ ਉਭਰਨੀਆਂ ਸ਼ੁਰੂ ਹੋ ਗਈਆਂ ਸਨ । ਸਾਡੇ ਪੰਜਾਬੀ ਕਿਸਾਨ ਨੇਤਾਵਾਂ  ਨੇ ਉਸੇ ਸਮੇਂ ਤੋਂ ਰੋਲਾਂ ਪਾਉਣਾ ਸ਼ੁਰੂ ਕਰ ਦਿੱਤਾ ਸੀ ਹਨ । ਸਿਆਸੀ ਪਾਰਟੀਆਂ ਹੁਣ ਮਗਰਮੱਛੀ ਹੰਝੂ ਕੇਰ ਰਹੀਆਂ ਹਨ । ਸਿਆਸੀ ਗਲਿਆਰਿਆਂ ਵੱਲੋਂ ਵੇਲਾ ਖੁੰਝਾ ਦਿੱਤਾ ਗਿਆ ਹੈ ।  ਇੱਕ ਤਰ੍ਹਾਂ ਨਾਲ ਸਿਆਸੀ ਪਾਰਟੀਆਂ ਵੀ ਸਿਆਸਤ ਦੇ ਹਾਸ਼ੀਏ ਵੱਲ ਚੱਲੀਆਂ ਗਈਆਂ ਹਨ । ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਜ਼ਲੀਲਮੁੱਖੀ  ਰਵਈਆ ਧਾਰਿਆ ਹੋਇਆ ਹੈ । ਕਿਸਾਨ  ਵਰਗ ਇਸ ਨੂੰ ਵਪਾਰੀ ਵਰਗ ਦੀਆਂ ਤਜੌਰੀਆਂ ਭਰਨ ਦਾ ਨਾਦਰਸ਼ਾਹੀ ਫੁਰਮਾਣ ਦੱਸ ਰਿਹਾ ਹੈ ।

                  ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਾਰਿਸਾਂ ਨੇ ਕਾਲੇ ਕਾਨੂੰਨਾਂ ਵਿਰੁੱਧ ਖੁਦ ਮੋਰਚਾ ਸੰਭਾਲ ਲਿਆ ਹੈ । ਇਹਨਾਂ ਕਾਨੂੰਨਾਂ ਲਈ ਚੱਲੇ ਅੰਦੋਲਨ ਦਾ ਇੱਕ ਪਹਿਲੂ ਇਹ ਹੈ ਕਿ ਜਿਸ ਵਰਗ ਨੂੰ ਫਾਇਦਾ ਦੇਣਾ ਹੈ  ਉਹ ਵਰਗ ਫਾਇਦਾ ਲੈਣਾ ਨਹੀਂ ਚਾਹੁੰਦਾ । ਦੂਜਾ ਪਹਿਲੂ ਇਹ ਹੈ ਕਿ ਰਾਜਨੀਤਕਾਂ ਦਾ ਹੁੱਕਾ ਪਾਣੀ ਛੇਕ ਦਿੱਤਾ ਗਿਆ ਹੈ । ਤੀਜਾ ਪਹਿਲੂ ਇਹ ਹੈ ਕਿ ਕਿਸਾਨੀ ਜਾਤ ਇੱਕ ਝੰਡੇ ਥੱਲੇ ਇੱਕਠੀ ਹੋ ਗਈ ਹੈ । ਚੋਥਾ ਪਹਿਲੂ ਇਹ ਹੈ ਕਿ ਕਿਸਾਨ ਅਤੇ ਮਜ਼ਦੂਰ ਸਿੱਕੇ ਦੇ ਦੋ ਪਾਸੇ  ਸਦਾ ਲਈ ਸਾਂਝ ਨੂੰ ਪਕੇਰੀ ਕਰ ਗਏ ਹਨ  । ਪੰਜਵਾਂ ਪਹਿਲੂ ਇਹ ਹੈ ਕਿ 80 — 80 ਵਰਿਆਂ  ਦੇ ਬਜ਼ੁਰਗ ਸ਼ੇਰ ਸ਼ੇਰਨੀਆਂ ਬਣ ਕੇ  ਹੋਕਾ ਦੇ ਰਹੇ ਹਨ  ।
                      " ਹੁਣ ਪੁੱਤ ਹਟਿਓ ਨਾ ਹੁਣ ਬਹੁਤੀ ਦੇਰ ਨੀ  "  

                        ਕਹਿੰਦੇ ਹਨ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹਾਕਮ ਦੀ ਖੋਟੀ ਨੀਅਤ ਅਤੇ ਨੀਤੀ ਨਾਲ ਲੋਕਤੰਤਰ ਦਾ ਜਨਾਜ਼ਾ ਕੱਢਣ ਨਾਲੋਂ ਲੋਕ ਰਾਏ ਅੱਗੇ ਝੁਕ ਕੇ ਹੈਂਕੜ , ਹੰਕਾਰ  ਅਤੇ ਕਾਲੇ ਕਾਨੂੰਨ ਵਾਪਿਸ ਲੈਣ ਵਿੱਚ ਹੀ ਭਲਾਈ ਹੋਵੇਗੀ । ਇਸਦੇ ਨਾਲ ਹੀ ਖੇਤੀ ਜਿੰਣਸਾਂ ਦੇ ਵਧੀਆ ਭਾਅ ਯਕੀਨੀ ਬਣਾਉਣ ਲਈ  ਖੇਤੀ ਅਧਾਰਤ ਉਦਯੋਗ ਸਥਾਪਤ ਕਰਨ ਲਈ  ਕੇਂਦਰ ਅਤੇ ਰਾਜ ਸਰਕਾਰਾਂ ਕਾਨੂੰਨੀ ਘੇਰੇ ਅੰਦਰ ਆਉਣ , ਨਹੀਂ ਤਾਂ ਕਿਸਾਨੀ ਰੱਖਵਾਲੇ ਹੱਕ ਲਏ ਬਿਨਾਂ ਨਹੀਂ ਮੁੜਨਗੇ  । ਸਾਡੇ ਮਾਣ ਮੱਤੇ ਗਾਇਕਾਂ ਜੱਸ ਬਾਜਵਾ  , ਹਰਫ ਚੀਮਾ , ਕੰਨਵਰ ਗਰੇਵਾਲ , ਹਰਭਜਨ ਮਾਨ  , ਸਤਿੰਦਰ ਸੱਤੀ , ਸਤਵਿੰਦਰ ਬਿੱਟੀ ਅਤੇ ਰਣਜੀਤ ਬਾਵਾ ਵਗੈਰਾ ਦੀ ਦੀ ਹੱਲਾ ਸ਼ੇਰੀ ਨੇ ਇਸ  ਅੰਦੋਲਨ ਨੂੰ ਹੱਕਾਂ ਲਈ ਕਿਸਾਨਾਂ ਨੂੰ ਸ਼ੇਰ ਅਤੇ ਸ਼ੇਰਨੀਆਂ ਬਣਾਕੇ ਪੰਮੀ ਬਾਈ ਨੇ ਸੌ ਹੱਥ ਰੱਸਾ ਸਿਰੇ ਤੇ ਗੰਢ ਮਾਰ ਦਿੱਤੀ ਹੈ :-
"  ਕਿਸਾਨ ਹਾਂ ਮੈਂ , ਕਿਸਾਨ ਹਾਂ ਮੈਂ ,
 ਨਾਨਕ ਦੀ ਸੰਤਾਨ ਹਾਂ ਮੈਂ ,
 ਜ਼ਾਲਮ ਦੇ ਅੱਗੇ ਯੁੱਧ ਦਾ ਐਲਾਨ ਹਾਂ ਮੈਂ  "   

ਸੁਖਪਾਲ ਸਿੰਘ ਗਿੱਲ
9878111445
 ਅਬਿਆਣਾ ਕਲਾਂ