ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
05 ਜਨਵਰੀ 2021
ਨਿੰਦਣਯੋਗ ਅਤੇ ਅਣਉਚਿਤ ਵਤੀਰਾ ਅਪਣਾ ਕੇ ਭਾਜਪਾ ਮਰਯਾਦਾ ਦੀ ਹੱਦ ਪਾਰ ਨਾ ਕਰੇ- ਕਾਂਗਰਸ
ਤਾਲੋਂ ਘੁੱਥੀ ਡੂੰਮਣੀ, ਬੋਲੇ ਆਲ ਪਤਾਲ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ- ਇਕ ਖ਼ਬਰ
ਚਰਖੇ ਦੀ ਘੂਕ ਸੁਣ ਕੇ, ਜੋਗੀ ਉੱਤਰ ਪਹਾੜੋਂ ਆਏ।
ਸੁਖਬੀਰ ਵਲੋਂ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖੇ ਸ਼ਬਦੀ ਹਮਲੇ- ਇਕ ਖ਼ਬਰ
ਰੱਬ ਤੈਨੂੰ ਰੱਖੇ ਬੱਚਿਆ, ਨਿੱਤ ਝੂਠੀਆਂ ਗਵਾਹੀਆਂ ਦੇਵੇਂ।
ਪੰਜਾਬੀਆਂ ਨਾਲ਼ ਕੇਂਦਰ ਨੇ ਗ਼ਲਤ ਸਿੰਙ ਫ਼ਸਾਏ- ਹਾਰਦਿਕ ਪਟੇਲ
ਪੁੱਠਾ ਪੰਗਾ ਲੈ ਲਿਆ ਜੱਟੀਏ, ਬੋਕ ਦੇ ਸਿੰਙਾਂ ਨੂੰ ਹੱਥ ਲਾ ਕੇ।
ਈ.ਵੀ.ਐਮ.ਮਸ਼ੀਨ ‘ਚ ਘਪਲਾ ਕਰ ਕੇ ਮੋਦੀ ਬਣੇ ਪ੍ਰਾਈਮ ਮਨਿਸਟਰ- ਐਡਵੋਕੇਟ ਭਾਨੂੰ ਪ੍ਰਤਾਪ
ਘਰ ਬਾਰ ਲੈ ਗਈ ਲੁੱਟ ਕੇ, ਯਾਰੀ ਲਾਈ ਸੀ ਗਵਾਂਢਣ ਕਰ ਕੇ।
ਅਸੀਂ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ- ਰਾਜ ਨਾਥ ਸਿੰਘ
ਦਿਉ ਠੇਕਾ ਨਿੰਬੂ ਮਿਰਚੀ ਕਿਸੇ ਬਾਹਰਲੇ ਦੇਸ਼ ਤੋਂ ਮੰਗਵਾਉਣ ਦਾ।
ਸਰਕਾਰ ਕਿਸਾਨਾਂ ਦੀ ਮਜ਼ਬੂਤੀ ਲਈ ਕੰਮ ਕਰਦੀ ਰਹੇਗੀ- ਮੋਦੀ
ਯਾਨੀ ਕਿ ਕਿਸਾਨ ਦੀ ਧੌਣ ਦੁਆਲੇ ਪਾਏ ਰੱਸੇ ਨੂਂ ਵਟਾ ਚੜ੍ਹਦਾ ਰਹੇਗਾ।
ਨੋਬਲ ਇਨਾਮ ਜੇਤੂ ਅੰਮ੍ਰਤਿਆ ਸੇਨ ਵਲੋਂ ਕਿਸਾਨ ਮੋਰਚੇ ਦੀ ਹਮਾਇਤ- ਇਕ ਖ਼ਬਰ
ਲਉ ਜੀ ਅੰਮ੍ਰਤਿਆ ਸੇਨ ਵਿਚਾਰਾ ਵੀ ਗਿਆ ਸਮਝੋ ਗ਼ਦਾਰਾਂ ਦੀ ਲਿਸਟ ‘ਚ।
ਮਹਾਰਾਸ਼ਟਰ ਸਰਕਾਰ ਨੂੰ ਅਸਥਿਰ ਕਰਨ ਲਈ ਭਾਜਪਾ ਕੇਂਦਰੀ ਏਜੰਸੀਆਂ ਨੂੰ ਵਰਤ ਰਹੀ ਹੈ- ਸੰਜੇ ਰਾਊਤ
ਕੈਦ ਕਰਾ ਦਊਂਗੀ, ਮੈਂ ਡਿਪਟੀ ਦੀ ਸਾਲ਼ੀ।
ਅਕਾਲੀ ਦਲ ਨੇ ਫਤਿਹਗੜ੍ਹ ਸਾਹਿਬ ਹਿੰਸਾ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ- ਇਕ ਖ਼ਬਰ
ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ‘ਤੇ।
ਰਾਸ਼ਟਰਪਤੀ ਕੋਵਿੰਦ ਵਲੋਂ ਇਕਜੁੱਟ ਸਮਾਜ ਦੀ ਸਿਰਜਣਾ ਦਾ ਸੱਦਾ- ਇਕ ਖ਼ਬਰ
ਦਿੱਲੀ ਬਾਰਡਰ ‘ਤੇ ਇਕਜੁੱਟ ਹੋਏ ਸਮਾਜ ਬਾਰੇ ਗੋਦੀ ਮੀਡੀਆ ਦੀ ਬਕਵਾਸ ਨੂੰ ਕੁਝ ਕਹੋਗੇ ਜਨਾਬ?
ਕੜਾਕੇ ਦੀ ਠੰਢ ਵਿਚ ਵੀ ਅੰਦੋਲਨਕਾਰੀ ਕਿਸਾਨਾਂ ਦੇ ਹੌਸਲੇ ਬੁਲੰਦ- ਇਕ ਖ਼ਬਰ
ਕਾਦਰਯਾਰ ਕੀ ਸਿੱਧਾਂ ਦੀ ਸਿਫ਼ਤ ਕਰੀਏ, ਬਣ ਬੈਠੇ ਨੇ ਕਈ ਜਮਾਇਤਾਂ ਦੇ।
‘ਖਾਲਸਾ ਏਡ’ ਮਨੂੰਵਾਦੀ ਮੀਡੀਆਂ ਦੇ ਨਿਸ਼ਾਨੇ ‘ਤੇ ਕਿਉਂ?-ਇਕ ਸਵਾਲ
ਕਿਉਂਕਿ ਚੋਰਾਂ ਨੂੰ ਸਭ ਚੋਰ ਹੀ ਨਜ਼ਰ ਆਉਂਦੇ ਹਨ।
ਅਕਾਲੀ ਦਲ ਬਾਦਲ ਵਲੋਂ ਐਸ.ਸੀ. ਵਿੰਗ ਦੇ ਇਕ ਡੇਰਾ ਪ੍ਰੇਮੀ ਨੂੰ ਜ਼ਿਲ੍ਹਾ ਪ੍ਰਧਾਨ ਲਾਉਣ ‘ਤੇ ਵਿਵਾਦ- ਇਕ ਖ਼ਬਰ
ਮਿੱਤਰਾਂ ਦੇ ਤਿੱਤਰਾਂ ਨੂੰ, ਨੀਂ ਮੈਂ ਤਲੀਆਂ ‘ਤੇ ਚੋਗ ਚੁਗਾਵਾਂ।
ਬੇਅਦਬੀ ਅਤੇ ਗੋਲੀ ਕਾਂਡ ਦੇ ਪੀੜਤਾਂ ਨੂੰ ਸਾਲ 2020 ਵਿਚ ਵੀ ਇਨਸਾਫ਼ ਨਹੀਂ ਮਿਲਿਆ- ਇਕ ਖ਼ਬਰ
ਅੰਬ ਲਗਦੇ ਨਹੀਂ ਕਿੱਕਰਾਂ ਬੇਰੀਆਂ ਨੂੰ, ਮਾਸ ਮਿਲਦਾ ਨਹੀਂ ਇੱਲ ਦੇ ਆਲ੍ਹਣੇ ‘ਚੋਂ।
ਭਾਜਪਾ ਦੇ ਸੱਤਾ ਦੇ ਸੁਪਨਿਆਂ ‘ਚ ਅੜਿੱਕਾ ਬਣੇ ਖੇਤੀ ਕਾਨੂੰਨ-ਇਕ ਖ਼ਬਰ
ਨ੍ਹਾਤੀ ਧੋਤੀ ਰਹਿ ਗਈ, ਉੱਤੇ ਮੱਖੀ ਬਹਿ ਗਈ।