ਜਮਹੂਰੀਅਤ ਨੂੰ ਖਤਰਾ - ਸਵਰਾਜਬੀਰ
ਅਕਸਰ ਲੋਕ-ਰਾਜੀ ਪ੍ਰਕਿਰਿਆ ਦੀ ਆਲੋਚਨਾ ਇਸ ਪੱਖ ਤੋਂ ਕੀਤੀ ਜਾਂਦੀ ਹੈ ਕਿ ਬਹੁਤ ਸਾਰੀਆਂ ਜਮਹੂਰੀਅਤਾਂ ਸਿਰਫ਼ ਵੋਟਾਂ ਪਾ ਕੇ ਸਰਕਾਰਾਂ ਚੁਣਨ ਤਕ ਸੀਮਤ ਹੋ ਗਈਆਂ ਹਨ ਅਤੇ ਅਜਿਹੀਆਂ ਸਰਕਾਰਾਂ ਜਮਹੂਰੀ ਤੌਰ-ਤਰੀਕੇ ਤਜ ਕੇ ਆਪਹੁਦਰੇਪਨ ਨਾਲ ਹਕੂਮਤ ਚਲਾਉਂਦੀਆਂ ਹਨ। ਉਹ ਆਪਣੇ ਪ੍ਰਮੁੱਖ ਆਗੂਆਂ ਜਾਂ ਉਨ੍ਹਾਂ ਕਾਰਪੋਰੇਟ ਅਦਾਰਿਆਂ, ਜਿਨ੍ਹਾਂ ਨੇ ਜੇਤੂ ਪਾਰਟੀ ਦੀ ਹਮਾਇਤ ਕੀਤੀ ਹੁੰਦੀ ਹੈ, ਦੇ ਇਸ਼ਾਰਿਆਂ ’ਤੇ ਚੱਲਦੀਆਂ ਹਨ। ਇਨ੍ਹਾਂ ਦਲੀਲਾਂ ਵਿਚ ਕਾਫ਼ੀ ਕੁਝ ਸੱਚ ਹੈ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਮਹੂਰੀਅਤ ਵਿਚ ਵੋਟਾਂ ਪਾ ਕੇ ਸਰਕਾਰ ਚੁਣਨਾ ਸਭ ਤੋਂ ਬੁਨਿਆਦੀ, ਮੁੱਢਲੀ ਤੇ ਜ਼ਰੂਰੀ ਧੁਰੀ ਹੈ ਅਤੇ ਜਮਹੂਰੀ ਨਿਜ਼ਾਮਾਂ ਵਿਚ ਚੋਣਾਂ ਦੌਰਾਨ ਲੋਕਾਂ ਦੇ ਦਿੱਤੇ ਗਏ ਫ਼ਤਵੇ ਦਾ ਸਤਿਕਾਰ ਕੀਤਾ ਜਾਂਦਾ ਹੈ। ਇਸ ਤੋਂ ਉਲਟ ਵਾਸ਼ਿੰਗਟਨ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਮਾਇਤੀਆਂ ਵੱਲੋਂ ਕੀਤੀ ਗਈ ਹਿੰਸਾ ਇਸ ਗੱਲ ਦਾ ਸਬੂਤ ਹੈ ਕਿ ਤਾਨਾਸ਼ਾਹੀ ਰੁਚੀਆਂ ਵਾਲੇ ਹਾਕਮ ਸੱਤਾ ਵਿਚ ਆਉਣ ਤੋਂ ਬਾਅਦ ਸੱਤਾ ਨੂੰ ਚਿੰਬੜੇ ਰਹਿਣ ਲਈ ਕਿੰਨੇ ਗ਼ੈਰ-ਜਮਹੂਰੀ ਅਤੇ ਗ਼ੈਰ-ਜ਼ਿੰਮੇਵਾਰਾਨਾ ਕਾਰਨਾਮੇ ਅੰਜਾਮ ਦੇ ਸਕਦੇ ਹਨ। ਅਸੀਂ ਆਪਣੇ ਦੇਸ਼ ਵਿਚ ਅਜਿਹੀ ਸਥਿਤੀ 1975 ਵਿਚ ਦੇਖੀ ਸੀ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਵਿਰੁੱਧ ਵਧ ਰਹੇ ਲੋਕ ਵਿਦਰੋਹ ਅਤੇ ਅਦਾਲਤਾਂ ਦੇ ਫ਼ੈਸਲਿਆਂ ਤੋਂ ਬਚਣ ਲਈ ਐਮਰਜੈਂਸੀ ਲਗਾ ਦਿੱਤੀ ਸੀ।
ਪਿਛਲੇ ਸਾਲ ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਟਰੰਪ ਹਾਰ ਗਿਆ ਅਤੇ ਜੋਅ ਬਾਇਡਨ ਜੇਤੂ ਰਿਹਾ। ਰਵਾਇਤ ਅਨੁਸਾਰ ਹਾਰਿਆ ਹੋਇਆ ਉਮੀਦਵਾਰ ਆਪਣੀ ਹਾਰ ਮੰਨ ਲੈਂਦਾ ਹੈ ਅਤੇ ਜੇਤੂ ਉਮੀਦਵਾਰ ਰਾਸ਼ਟਰਪਤੀ ਬਣ ਜਾਂਦਾ ਹੈ ਪਰ ਟਰੰਪ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਅਮਰੀਕਾ ਵਿਚ ਹਰ ਸੂਬੇ ਦੀਆਂ ਵੋਟਾਂ ਅਲੱਗ ਅਲੱਗ ਗਿਣੀਆਂ ਜਾਂਦੀਆਂ ਹਨ ਅਤੇ ਸੂਬਾ ਸਰਕਾਰਾਂ ਨਤੀਜਿਆਂ ਦਾ ਐਲਾਨ ਕਰਦੀਆਂ ਹਨ। ਜੇਕਰ ਅਮਰੀਕੀ ਸੰਸਦ/ਕਾਂਗਰਸ ਦੇ ਕਿਸੇ ਸਦਨ (ਹਾਊਸ ਆਫ਼ ਰਿਪਰੈਜੈਂਟੇਟਿਵਜ਼ ਅਤੇ ਸੈਨੇਟ) ਦੇ ਮੈਂਬਰ ਕਿਸੇ ਸੂਬੇ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਤਾਂ ਇਹ ਫ਼ੈਸਲਾ ਦੋਹਾਂ ਸਦਨਾਂ ਵਿਚ ਹੁੰਦਾ ਹੈ ਕਿ ਸੂਬਾ ਸਰਕਾਰ ਦੁਆਰਾ ਐਲਾਨੇ ਗਏ ਨਤੀਜੇ ਸਹੀ ਸਨ ਜਾਂ ਨਹੀਂ। ਟਰੰਪ ਦੀ ਰਿਪਬਲਿਕਨ ਪਾਰਟੀ ਨੇ ਐਰੀਜ਼ੋਨਾ ਅਤੇ ਪੈਨਸਿਲਵੇਨਿਆ ਸੂਬਿਆਂ ਦੇ ਚੋਣ ਨਤੀਜਿਆਂ (ਜਿਨ੍ਹਾਂ ਵਿਚ ਟਰੰਪ ਹਾਰ ਗਿਆ ਸੀ) ’ਤੇ ਇਤਰਾਜ਼ ਜਤਾਇਆ ਸੀ ਅਤੇ 6 ਜਨਵਰੀ ਨੂੰ ਦੋਵੇਂ ਸਦਨ ਇਸ ਮੁੱਦੇ ’ਤੇ ਵਿਚਾਰ ਕਰ ਰਹੇ ਸਨ। ਇੰਨੇ ਵਿਚ ਟਰੰਪ ਦੇ ਹਥਿਆਰਬੰਦ ਹਮਾਇਤੀਆਂ ਨੇ ਕੈਪੀਟਲ ਹਿੱਲ (Capitol Hill) ਇਲਾਕੇ (ਜਿੱਥੇ ਦੋਵੇਂ ਸਦਨ ਸਥਿਤ ਹਨ) ਨੂੰ ਘੇਰ ਕੇ ਹਿੰਸਾ ਕੀਤੀ। ਇਸ ਹਿੰਸਾ ਵਿਚ 4 ਵਿਅਕਤੀ ਮਾਰੇ ਗਏ।
ਟਰੰਪ ਕਈ ਦਿਨਾਂ ਤੋਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਪਣੇ ਹਮਾਇਤੀਆਂ ਨੂੰ ਇਕੱਠੇ ਹੋਣ ਅਤੇ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਲਲਕਾਰ ਰਿਹਾ ਸੀ। ਉਸ ਦੇ ਹਮਾਇਤੀ ਬਹੁਤਾ ਕਰ ਕੇ ਉਹ ਨਸਲਵਾਦੀ ਗੋਰੇ ਹਨ ਜਿਹੜੇ ਸਿਆਹਫ਼ਾਮ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਨਫ਼ਰਤ ਕਰਦੇ ਅਤੇ ਗੋਰੀ ਨਸਲ ਦੀ ਸਰਬਉੱਚਤਾ ਵਿਚ ਯਕੀਨ ਰੱਖਦੇ ਹਨ। ਇਸ ਤਰ੍ਹਾਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਜਮਹੂਰੀਅਤ ਦੱਸਣ ਵਾਲੇ ਦੇਸ਼ ਦੇ ਰਾਸ਼ਟਰਪਤੀ ਨੇ ਖ਼ੁਦ ਜਮਹੂਰੀਅਤ ਨੂੰ ਪੈਰਾਂ ਹੇਠ ਮਧੋਲਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਹਮਾਇਤੀਆਂ ਨੂੰ ਗ਼ੈਰ ਜਮਹੂਰੀ ਸਰਗਰਮੀਆਂ ਕਰਨ ਲਈ ਉਕਸਾਇਆ ਹੈ।
ਬਾਅਦ ਵਿਚ ਅਮਰੀਕਾ ਦੇ ਦੋਹਾਂ ਸਦਨਾਂ ਨੇ ਟਰੰਪ ਦੇ ਹਮਾਇਤੀਆਂ ਦੇ ਐਰੀਜ਼ੋਨਾ ਅਤੇ ਪੈਨਸਿਲਵੇਨੀਆ ਦੇ ਸੂਬਿਆਂ ਵਿਚ ਵੋਟਾਂ ਦੀ ਗਿਣਤੀ ਸਹੀ ਤਰੀਕੇ ਨਾਲ ਨਾ ਹੋਣ ਦੇ ਦਾਅਵੇ ਨੂੰ ਨਕਾਰ ਦਿੱਤਾ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਅਧਿਕਾਰਤ ਰੂਪ ਵਿਚ ਜੋਅ ਬਾਇਡਨ ਨੂੰ ਜੇਤੂ ਕਰਾਰ ਦਿੱਤਾ। ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸਦਨ ਵਿਚ ਬਹੁਤ ਸਾਰੇ ਨੁਮਾਇੰਦਿਆਂ ਨੇ ਟਰੰਪ ਦੇ ਹਮਾਇਤੀਆਂ ਦੇ ਦਾਅਵਿਆਂ ਵਿਰੁੱਧ ਵੋਟ ਪਾਈ ਅਤੇ ਹਿੰਸਾ ਨੂੰ ਭੰਡਿਆ।
ਟਵਿੱਟਰ ਅਤੇ ਫੇਸਬੁੱਕ ਨੇ ਰਾਸ਼ਟਰਪਤੀ ਟਰੰਪ ਦੇ ਖ਼ਾਤੇ ਬਲਾਕ ਕਰ ਦਿੱਤੇ। ਟਵਿੱਟਰ ਕੰਪਨੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਲੋਕਾਂ ਨੂੰ ਹਿੰਸਾ ਕਰਨ ਲਈ ਉਕਸਾਇਆ ਹੈ। ਇਹ ਮਾਮਲਾ ਕੁਝ ਸਮਾਂ ਪਹਿਲਾਂ ਭਾਰਤ ਵਿਚ ਵੀ ਉੱਭਰਿਆ ਸੀ ਜਦ ਫੇਸਬੁੱਕ ਨੇ ਕੇਂਦਰ ਵਿਚ ਸੱਤਾਧਾਰੀ ਪਾਰਟੀ ਨਾਲ ਜੁੜੇ ਇਕ ਆਗੂ, ਜਿਸ ਬਾਰੇ ਕੰਪਨੀ ਦੀ ਅੰਦਰੂਨੀ ਤੌਰ ’ਤੇ ਨਜ਼ਰਸਾਨੀ ਕਰਨ ਵਾਲੀ ਕਮੇਟੀ ਨੇ ਰਿਪੋਰਟ ਦਿੱਤੀ ਸੀ ਕਿ ਉਸ ਨੇ ਆਪਣੀਆਂ ਪੋਸਟਾਂ ਰਾਹੀਂ ਹਿੰਸਾ ਭੜਕਾਈ ਹੈ, ਦੇ ਖ਼ਾਤੇ ਬਲਾਕ ਨਹੀਂ ਸਨ ਕੀਤੇ। ਸਪੱਸ਼ਟ ਹੈ ਕਿ ਟਵਿੱਟਰ ਅਤੇ ਫੇਸਬੁੱਕ ਨੇ ਟਰੰਪ ਦੇ ਖ਼ਾਤੇ ਲੋਕਾਂ ਦੇ ਦਬਾਓ ਕਾਰਨ ਬਲਾਕ ਕੀਤੇ ਹਨ। ਇਹ ਅਮਰੀਕਨ ਜਮਹੂਰੀਅਤ ਦਾ ਵਿਰੋਧਾਭਾਸ ਵੀ ਹੈ ਅਤੇ ਤਾਕਤ ਵੀ ਕਿ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਖ਼ਾਤੇ ਬਲਾਕ ਕੀਤੇ ਗਏ ਹਨ।
ਸਾਡੇ ਦੇਸ਼ ਵਿਚ ਇਨ੍ਹਾਂ ਘਟਨਾਵਾਂ ਬਾਰੇ ਦਿਲਚਸਪੀ ਦਾ ਇਕ ਹੋਰ ਪਹਿਲੂ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿੱਤਰਤਾ ਅਤੇ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਦਾ ਮਿਲਦੇ-ਜੁਲਦੇ ਹੋਣਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਨੂੰ ਇਕ-ਰੂਪ ਜਾਂ ਇਕ-ਦੂਸਰੇ ਦਾ ਅਕਸ ਮੰਨਦੇ ਹਨ। ਨਰਿੰਦਰ ਮੋਦੀ ਨੇ ਟਰੰਪ ਦੀ ਵੱਡੇ ਪੱਧਰ ’ਤੇ ਹਮਾਇਤ ਕਰਦਿਆਂ 20 ਸਤੰਬਰ 2019 ਨੂੰ ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ‘ਹਾਓਡੀ ਮੋਡੀ (Howdy Modi !)’ ਨਾਂ ਦੀ ਰੈਲੀ ਕਰਕੇ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਦਿੱਤਾ। ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਜਾਂ ਸਿਆਸੀ ਆਗੂ ਨੇ ਪਹਿਲਾਂ ਕਦੇ ਇਸ ਤਰ੍ਹਾਂ ਦੀ ਸਰਗਰਮੀ ਨਹੀਂ ਸੀ ਕੀਤੀ। ਸਿਆਸੀ ਅਤੇ ਮਨੋਵਿਗਿਆਨਕ ਮਾਹਿਰ ਇਨ੍ਹਾਂ ਦੋਹਾਂ ਆਗੂਆਂ ਦੀਆਂ ਸ਼ਖ਼ਸੀਅਤਾਂ ਵਿਚ ਕਈ ਸਮਾਨਤਾਵਾਂ ਦੇਖਦੇ ਹਨ। ਮਨੋਵਿਗਿਆਨਕ ਮਾਹਿਰਾਂ ਅਨੁਸਾਰ ਅਜਿਹੇ ਸ਼ਖ਼ਸ ਕੱਟੜਪੰਥੀ ਵਿਚਾਰਧਾਰਾਵਾਂ ਨੂੰ ਆਤਮਸਾਤ ਕਰ ਕੇ ਆਪਣੇ ਆਪ ਨੂੰ ਸਭ ਤੋਂ ਮਹਾਨ, ਕਦੀ ਵੀ ਗ਼ਲਤ ਨਾ ਹੋਣ ਅਤੇ ਇਤਿਹਾਸ ਨੂੰ ਬਦਲਣ ਵਾਲੀਆਂ ਸ਼ਖ਼ਸੀਅਤਾਂ ਸਮਝਦੇ ਹੋਏ ਇਸ ਭੁਲੇਖੇ ਨੂੰ ਅੰਤਿਮ ਸੱਚ ਮੰਨਦੇ ਹਨ।
ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਜਮਹੂਰੀਅਤਾਂ ਨੂੰ ਖ਼ਤਰੇ ਬਹੁ-ਪਰਤੀ ਹਨ। ਜਮਹੂਰੀਅਤਾਂ ਨੂੰ ਸਭ ਤੋਂ ਵੱਡਾ ਖ਼ਤਰਾ ਸੱਤਾਧਾਰੀ ਪਾਰਟੀ ਨਾਲ ਅਸਹਿਮਤੀ ਰੱਖਣ ਵਾਲੇ ਵਿਰੋਧੀਆਂ ਤੋਂ ਨਹੀਂ ਸਗੋਂ ਸੱਤਾ ਵਿਚ ਬੈਠੇ ਹੰਕਾਰੀ ਅਤੇ ਤਾਨਾਸ਼ਾਹੀ ਰੁਚੀਆਂ ਰੱਖਣ ਵਾਲੇ ਹਾਕਮਾਂ ਤੋਂ ਹੈ। ਇਸ ਦੀਆਂ ਉਦਾਹਰਨਾਂ ਰੂਸ, ਤੁਰਕੀ, ਇਸਰਾਈਲ ਅਤੇ ਕਈ ਹੋਰ ਦੇਸ਼ਾਂ ਵਿਚ ਵੀ ਵੇਖੀਆਂ ਜਾ ਸਕਦੀਆਂ ਹਨ। ਜਮਹੂਰੀਅਤਾਂ ਨੂੰ ਸਭ ਤੋਂ ਵੱਡੇ ਖ਼ਤਰੇ ਲੋਕਾਂ ਨੂੰ ਨਸਲਾਂ, ਰੰਗਾਂ, ਜਾਤਾਂ, ਇਲਾਕਿਆਂ ਅਤੇ ਧਰਮਾਂ ’ਤੇ ਆਧਾਰਿਤ ਪਛਾਣਾਂ ਵਿਚ ਵੰਡਣ ਅਤੇ ਇਨ੍ਹਾਂ ਪਛਾਣਾਂ ਦੇ ਆਧਾਰ ’ਤੇ ਸਿਆਸਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਤੋਂ ਹਨ, ਜਮਹੂਰੀਅਤਾਂ ਨੂੰ ਵੱਡੇ ਖ਼ਤਰੇ ਚੋਣਾਂ ਵਿਚ ਜਿੱਤੇ ਆਗੂਆਂ ਤੋਂ ਹਨ ਜੋ ਇਕ ਵਾਰ ਚੋਣ ਜਿੱਤਣ ਤੋਂ ਬਾਅਦ ਜਮਹੂਰੀ ਅਮਲ ਨੂੰ ਨਕਾਰਨ ਨੂੰ ਆਪਣਾ ਅਧਿਕਾਰ ਸਮਝਦੇ ਹਨ। ਸਾਰੀ ਦੁਨੀਆ ਵਿਚ ਜਮਹੂਰੀ ਤਾਕਤਾਂ ਨੂੰ ਅਜਿਹੇ ਜਮਹੂਰੀਅਤ ਵਿਰੋਧੀ ਰੁਝਾਨਾਂ ਵਿਰੁੱਧ ਲੜਨਾ ਪੈਣਾ ਹੈ, ਸਾਡੇ ਦੇਸ਼ ਵਿਚ ਵੀ।