ਨਵੇਂ ਸਾਲ ਦੀ ਹਲਚਲ : ਕਰੋਨਾ ਵੈਕਸੀਨ - ਡਾ. ਸ਼ਿਆਮ ਸੁੰਦਰ ਦੀਪਤੀ
ਸਾਲ 2020 ਦਾ ਪੂਰਾ ਸਾਲ, ਸਾਲ ਦੇ ਪਹਿਲੇ ਮਹੀਨੇ ਜਨਵਰੀ ਤੋਂ ਕੋਵਿਡ-19 ਦੀ ਬਿਮਾਰੀ ’ਤੇ ਕੇਂਦਰਿਤ ਰਿਹਾ। ਪਹਿਲਾ ਕੇਸ ਭਾਵੇਂ ਦਸੰਬਰ 2019 ਵਿਚ ਚੀਨ ਵਿਚ ਰਿਪੋਰਟ ਹੋਇਆ ਤੇ ਸਾਡੇ ਮੁਲਕ ਦੇ ਕੇਰਲ ਵਿਚ ਪਹਿਲਾ ਕੇਸ 30 ਜਨਵਰੀ ਨੂੰ ਮਿਲਿਆ। ਸਾਰਾ ਸਾਲ ਹੀ ਕਰੋਨਾ ਦੇ ਮਰੀਜ਼ਾਂ ਨੂੰ ਲੈ ਕੇ ਇਨ੍ਹਾਂ ਦੇ ਇਲਾਜ ਬਾਰੇ ਸੂਚਨਾਵਾਂ/ਤਜਰਬੇ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ। ਕਦੇ ਦੋ-ਤਿੰਨ ਪ੍ਰਚਲਿਤ ਦਵਾਈਆਂ ਦਾ ਤਜਰਬਾ ਹੋਇਆ ਤੇ ਕਦੇ ਪਲਾਜ਼ਾ ਥੈਰੇਪੀ ਨੇ ਲੋਕਾਂ ਵਿਚ ਕਰੋਨਾ ਬਿਮਾਰ ਦੇ ਇਲਾਜ ਪ੍ਰਤੀ ਵਿਸ਼ਵਾਸ ਜਗਾਇਆ ਪਰ ਕਿਸੇ ’ਤੇ ਵੀ ਠੋਸ ਮੋਹਰ ਨਾ ਲੱਗੀ।
ਕਰੋਨਾ ਨੂੰ ਸ਼ੁਰੂ ਤੋਂ, ਜਿਸ ਗੱਲ ਦੀ ਪ੍ਰਵਾਨਗੀ ਮਿਲੀ, ਉਹ ਸੀ ਇਹ ਲਾਇਲਾਜ ਬਿਮਾਰੀ ਹੈ। ਬਚਾਅ ਹੀ ਇਲਾਜ ਹੈ ਤੇ ਨਾਲ ਹੀ ਇਸ ਦੇ ਪੱਕੇ ਤੌਰ ’ਤੇ ਇਲਾਜ ਨੂੰ ਲੈ ਕੇ ਵੈਕਸੀਨ ਨੂੰ ਪ੍ਰਚਾਰਿਆ ਗਿਆ। ਸਾਡੇ ਮੁਲਕ ਵਿਚ ਬਿਮਾਰੀ ਦੇ ਆਉਣ ਤੋਂ ਪਹਿਲਾਂ ਹੀ ਵੈਕਸੀਨ ’ਤੇ ਕੰਮ ਸ਼ੁਰੂ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੌਲੀ-ਹੌਲੀ ਵੈਕਸੀਨ ਨੂੰ ਕਰੋਨਾ ਜਿੰਨੀ ਹੀ ਅਹਿਮੀਅਤ ਮਿਲੀ ਤੇ ਕਿਹਾ ਗਿਆ, ਜਦੋਂ ਤਕ ਵੈਕਸੀਨ ਨਹੀਂ, ਉਦੋਂ ਤਕ ਸਕੂਲ ਨਹੀਂ ਜਾਂ ਹੋਰ ਰੋਜ਼ਮਰਾ ਦੇ ਕਾਰਜਾਂ ਨੂੰ ਪੂਰੀ ਖੁੱਲ੍ਹ ਨਹੀਂ ਮਿਲ ਸਕਦੀ। ਉਸ ਸਮੇਂ ਦੌਰਾਨ ਤੇ ਹੁਣ ਵੀ ਮਾਸਕ, ਛੇ ਫੁੱਟ ਦੀ ਸਮਾਜਿਕ ਦੂਰੀ ਅਤੇ ਸੈਨੇਟਾਈਜ਼ਰ ਹੀ ਜੀਵਨ-ਜਾਚ ਦਾ ਹਿੱਸਾ ਬਣ ਗੲੇ ਜਾਪਦੇ ਹਨ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਵੈਕਸੀਨ ਦੀ ਕਾਢ ਮੈਡੀਕਲ ਵਿਗਿਆਨ ਦੀ ਬੇਮਿਸਾਲ ਪ੍ਰਾਪਤੀ ਹੈ। ਉਹ ਤਰੀਕਾ, ਜਿਸ ਨਾਲ ਵਿਅਕਤੀ ਨੂੰ ਕਿਸੇ ਵੀ ਬਿਮਾਰੀ ਦੇ ਹੋਣ ਤੋਂ ਪਹਿਲਾਂ ਉਸ ਨੂੰ ਬਚਾਇਆ ਜਾ ਸਕਦਾ ਹੈ। ਇਹੀ ਆਸ ਹੁਣ ਕਰੋਨਾ ਵੈਕਸੀਨ ਤੋਂ ਲਗਾਈ ਜਾ ਰਹੀ ਹੈ।
ਡਰਾਈ-ਰਨ, ਟੀਕਾਕਰਨ ਦੀ ਸ਼ੁਰੂਆਤ ਨੂੰ ਹਰੀ ਝੰਡੀ ਮਿਲਣ ਜਾ ਰਹੀ ਹੈ ਤੇ ਕਈ ਮੈਡੀਕਲ ਮਾਹਿਰਾਂ ਦਾ ਅਜੇ ਵੀ ਮੱਤ ਹੈ ਜਾਂ ਕੁਝ ਸ਼ੰਕੇ ਹਨ ਕਿ ਵੈਕਸੀਨ ਲਗਾਉਣਾ ਕਿੰਨਾ ਕੁ ਠੀਕ ਹੈ। ਖ਼ਾਸ ਤੌਰ ’ਤੇ ਕਿ ਕੀ ਇਹ ਸਹੀ ਸਮਾਂ ਹੈ ਜਾਂ ਇਹ ਜੋ ਵੈਕਸੀਨ ਬਣੀ ਹੈ, ਉਹ ਸੁਰੱਖਿਅਤ ਅਤੇ ਅਸਰਦਾਰ ਹੈ ਵੀ। ਜੇਕਰ ਹਾਂ ਤਾਂ ਕਿੰਨੀ? ਇਸ ਪੱਖ ਤੋਂ ਵੀ ਕਈ ਸਵਾਲ-ਸ਼ੰਕੇ ਅਜੇ ਵੀ ਜਵਾਬ ਮੰਗਦੇ ਹਨ ਤੇ ਆਮ ਲੋਕਾਂ ਦੇ ਮਨਾਂ ਵਿਚ ਆਉਣੇ ਸ਼ੁਰੂ ਹੋਏ ਹਨ।
ਦੇਸ਼ ਅੰਦਰ ਪਹਿਲੇ ਪੜਾਅ ’ਤੇ ਤਿੰਨ ਕਰੋੜ ਲੋਕਾਂ ਨੂੰ ਇਹ ਵੈਕਸੀਨ ਲਗਣੀ ਹੈ, ਜਿਸ ਵਿਚੋਂ ਇਕ ਕਰੋੜ ਮੈਡੀਕਲ ਦਾ ਅਮਲਾ ਹੈ ਤੇ ਦੋ ਕਰੋੜ ਮੂਹਰਲੀ ਕਤਾਰ ਵਿਚ ਕੰਮ ਕਰਨ ਵਾਲੇ (ਫਰੰਟਲਾਈਨ ਵਰਕਰ) ਹਨ। ਸਭ ਤੋਂ ਪਹਿਲਾਂ ਮੈਡੀਕਲ ਵਾਲਿਆਂ ਨੂੰ ਸਹੂਲਤ ਮਿਲਦੀ ਹੈ ਤੇ ਉਨ੍ਹਾਂ ਵਿਚ ਹੀ ਖੁਸਰ-ਮੁਸਰ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਨੇ ਇਹ ਵੈਕਸੀਨ ਨਹੀਂ ਲਗਵਾਉਣੀ। ਕਈ ਡਾਕਟਰਾਂ ਨੇ ਵੀ ਇਸ ਤਰ੍ਹਾਂ ਦਾ ਇਜ਼ਹਾਰ ਕੀਤਾ ਹੈ।
ਇਸ ਦੇ ਕਈ ਪੱਖਾਂ ਤੋਂ ਵਿਚਾਰਨ ਦੀ ਗੱਲ ਹੈ:
• ਵੈਕਸੀਨ ਬਣਾਉਣ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇਹ ਦਸ-ਬਾਰ੍ਹਾਂ ਸਾਲਾਂ ਵਿਚ ਬਣਦੇ ਰਹੇ ਹਨ ਤੇ ਹੁਣ ਇਹ ਇਕ ਸਾਲ ਵਿਚ ਹੀ ਸਾਹਮਣੇ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੀ ਮੁੱਢਲੀ ਤਕਨੀਕ ਸਾਨੂੰ ਪਤਾ ਹੈ, ਇਸ ਲਈ ਹੁਣ ਉਹ ਸਮਾਂ ਬਚ ਜਾਂਦਾ ਹੈ ਤੇ ਦੂਸਰਾ ਸਰਕਾਰਾਂ ਤੋਂ ਮਨਜ਼ੂਰੀ ਲੈਣ ਵਿਚ ਜੋ ਸਮਾਂ ਬਰਬਾਦ ਹੋ ਜਾਂਦਾ ਸੀ, ਹੁਣ ਸਰਕਾਰ ਸਾਥ ਦੇ ਰਹੀਆਂ ਹਨ, ਸਗੋਂ ਉਹ ਉਤਾਵਲੀਆਂ ਨਜ਼ਰ ਆ ਰਹੀਆਂ ਹਨ।
• ਦੂਸਰਾ ਪੱਖ ਹੈ ਕਿ ਵੈਕਸੀਨ ਦੇ ਦੋ ਪ੍ਰਮੁੱਖ ਪਹਿਲੂ ਕਿ ਕੀ ਇਸ ਦੇ ਲਗਵਾ ਲੈਣ ਨਾਲ ਵਿਅਕਤੀ ਸੁਰੱਖਿਅਤ ਹੋ ਜਾਵੇਗਾ ਤੇ ਨਾਲ ਹੀ ਕੀ ਇਹ ਟੀਕਾ ਆਪਣੇ ਆਪ ਵਿਚ ਸੁਰੱਖਿਅਤ ਹੈ। ਇਨ੍ਹਾਂ ਦੋਹਾਂ ਪਹਿਲੂਆਂ ਦੀ ਪਰਖ ਹੋ ਗਈ ਹੈ? ਕੀ ਸਾਡੀ ਤਸੱਲੀ ਹੋ ਗਈ ਹੈ ਕਿ ਵੈਕਸੀਨ ਪ੍ਰਭਾਵੀ ਵੀ ਹੈ ਤੇ ਸੁਰੱਖਿਅਤ ਵੀ। ਡਰਾਈ-ਰਨ ਤੋਂ ਹੀ ਇਕ ਪ੍ਰਭਾਵ ਜਾਂਦਾ ਹੈ ਕਿ ਵੈਕਸੀਨ ਨੂੰ ਸਟੋਰ ਕਰਨਾ, ਫਿਰ ਇਸ ਨੂੰ ਸੁਰੱਖਿਅਤ ਢੰਗ ਨਾਲ ਕਿਸੇ ਵਾਹਨ ਵਿਚ ਲੈ ਕੇ ਜਾਣਾ ਤੇ ਅੱਗੋਂ ਟੀਕਾ ਲਗਾ ਕੇ ਅੱਧਾ ਘੰਟਾ ਇੰਤਜ਼ਾਰ ਕਰਨ ਲਈ ਕਹਿਣਾ, ਆਦਿ ਕੀ ਦਰਸਾਉਂਦੇ ਹਨ ਕਿ ਲੈਣ-ਲਿਜਾਣ ਵੇਲੇ ਵਾਧੂ ਅਹਿਤਿਆਤ ਅਤੇ ਟੀਕਾ ਲਗਾ ਕੇ ਉਸ ਦੇ ਮਾੜੇ ਅਸਰ ਦੇਖੇ ਜਾ ਸਕਣ। ਇਥੇ ਹੀ ਸਵਾਲ ਪੈਦਾ ਹੁੰਦਾ ਹੈ ਕਿ ਟੀਕੇ ਦੀ ਪੂਰੀ ਪਰਖ ਨਹੀਂ ਹੋਈ ਹੈ? ਜਾਂ ਇਹ ਵੈਕਸੀਨ ਦਾ ਦੌਰ ਇਕ ਪਰਖ ਦਾ ਹਿੱਸਾ ਹੀ ਹੈ?
• ਇਕ ਹੋਰ ਅਹਿਮ ਸਵਾਲ ਹੈ ਕਿ ਵੈਕਸੀਨ ਦਾ ਕੰਮ ਹੈ ਸਰੀਰ ਵਿਚ ਜਾ ਕੇ ਐਂਟੀਬਾਡੀਜ਼ ਪੈਦਾ ਕਰਨਾ ਤਾਂ ਜੋ ਵਾਇਰਸ ਦੇ ਹਮਲੇ ਦੌਰਾਨ ਉਹ ਐਂਟੀਬਾਡੀਜ਼ ਲੜ ਸਕਣ। ਹੁਣ ਜਦੋਂ ਤਕਰੀਬਨ 80 ਫੀਸਦੀ ਤੋਂ ਵੱਧ ਲੋਕਾਂ ਦੇ ਸਰੀਰ ਵਿਚ ਐਂਟੀਬਾਡੀਜ਼ ਪੈਦਾ ਹੋਏ ਦੱਸੇ ਜਾ ਰਹੇ ਹਨ (ਐਂਟੀਬਾਡੀ ਟੈਸਟ ਰਾਹੀਂ) ਤਾਂ ਫਿਰ ਵੈਕਸੀਨ ਦੀ ਲੋੜ ਬਣਦੀ ਹੈ? ਇਹ ਵੈਕਸੀਨ ਹੁਣ ਕੀ ਕਰੇਗੀ। ਭਾਵੇਂ ਕਿ ਕਿਹਾ ਜਾ ਰਿਹਾ ਹੈ ਕੁਦਰਤੀ ਤੌਰ ’ਤੇ ਵਾਇਰਸ ਦਾ ਹਮਲਾ ਸਭ ’ਤੇ ਇਕਸਾਰ ਨਹੀਂ ਹੁੰਦਾ।
• ਇਸੇ ਨਾਲ ਹੀ ਜੁੜਦਾ ਸਵਾਲ ਹੈ ਕਿ ਅਜੇ ਤਕ ਸਾਨੂੰ ਇਹ ਨਹੀਂ ਪਤਾ ਕਿ ਵੈਕਸੀਨ ਦਾ ਅਸਰ ਕਿੰਨਾ ਸਮਾਂ ਰਹੇਗਾ। ਤਿੰਨ ਮਹੀਨੇ, ਛੇ ਮਹੀਨੇ ਜਾਂ ਸਾਲ।
• ਵੈਕਸੀਨ ਦੀ ਆਮਦ ਦੇ ਨਾਲ ਕਰੋਨਾ ਵਾਇਰਸ ਦਾ ਇਕ ਨਵਾਂ ਰੂਪ (ਸਟ੍ਰੇਨ) ਵੀ ਆ ਗਿਆ। ਉਹ ਬ੍ਰਿਟੇਨ ਵਿਚ ਪਹਿਲਾਂ ਆਇਆ ਤੇ ਹੁਣ ਸਾਡੇ ਮੁਲਕ ਵਿਚ ਆ ਗਿਆ ਹੈ। ਕਿਹਾ ਜਾ ਰਿਹਾ ਹੈ, ਕੋਈ ਠੋਸ ਦਾਅਵਾ ਨਹੀਂ ਹੈ ਕਿ ਇਹ ਵੈਕਸੀਨ ਉਸ ਤੋਂ ਵੀ ਬਚਾਵੇਗਾ।
ਵੈਕਸੀਨ ਨਾਲ ਜੁੜਿਆ ਇਕ ਸਵਾਲ ਹਮੇਸ਼ਾ ਧਿਆਨ ਮੰਗਦਾ ਰਿਹਾ ਹੈ ਕਿ ਮੰਨ ਲਈਏ ਸਾਰੇ ਦੇਸ਼ ਨੂੰ ਟੀਕਾਕਰਨ ਕਰ ਦਿੱਤਾ ਜਾਵੇ ਤੇ ਅ ਗਲੇ ਸਾਲ ਫਿਰ ਇਹ ਕਰੋਨਾਵਾਇਰਸ ਹਮਲਾ ਕਰੇ ਤਾਂ ਕਿ ਉਦੋਂ ਇਹ ਜੋ ਹੁਣ ਡੇਢ ਲੱਖ ਮੌਤਾਂ ਹੋਈਆਂ ਹਨ ਜਾਂ ਇਕ ਕਰੋੜ ਕੇਸ, ਕੀ ਉਹ ਘੱਟ ਹੋਣਗੇ, ਜਿਸ ਦੀ ਕੀ ਆਸ ਕਰਨੀ ਬਣਦੀ ਹੈ। ਇਸ ਬਾਰੇ ਵੀ ਸਾਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਹੈ, ਜੋ ਕਿ ਪਰਖ ਦਾ ਹਿੱਸਾ ਹੁੰਦੇ ਹਨ ਤੇ ਹੋਣੇ ਚਾਹੀਦੇ ਹਨ।
ਕੀ ਇਸ ਸਾਰੀ ਪ੍ਰਕਿਰਿਆ ਨੂੰ ਰਾਜਨੀਤੀ ਨਾਲ ਜੋੜਣਾ ਬਣਦਾ ਹੈ?
ਜਦੋਂ ਸਾਰੇ ਫੈਸਲੇ ਹੀ ਰਾਜਨੀਤੀ ਰਾਹੀਂ ਹੁੰਦੇ ਹਨ ਤਾਂ ਇਸ ਦਾ ਰਾਜਨੀਤੀ ਨਾਲ ਸਬੰਧ ਜੋੜ ਕੇ ਦੇਖਣਾ ਚਾਹੀਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਬਿਹਾਰ ਦੀਆਂ ਚੋਣਾਂ ਵੇਲੇ ਸਭ ਨੂੰ ਵੈਕਸੀਨ ਦੇਣ ਦਾ ਐਲਾਨ ਕੀਤਾ ਗਿਆ। ਦੂਸਰਾ ਪ੍ਰੈਸ ਕਾਨਫਰੰਸਾਂ ਜਾਂ ਰਾਜਾਂ ਨਾਲ ਮੀਟਿੰਗਾਂ ਵਿਚ ਇਸ ਨੂੰ ਵਿਚਾਰਿਆ ਗਿਆ ਤੇ ਇਕ ਸਲੋਗਨ ਵੀ ਆਇਆ। ‘ਜਬ ਤਕ ਦਵਾਈ ਨਹੀਂ, ਤਬ ਤਕ ਢਿਲਾਈ ਨਹੀਂ’ ਇਥੇ ਵੀ ਦਵਾਈ ਤੋਂ ਮਤਲਬ ਵੈਕਸੀਨ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਉਚੇਚੇ ਤੌਰ ’ਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦਾ ਜਾਇਜ਼ਾ ਲੈਣ ਗਏ।
ਇਸ ਦਾ ਇਕ ਪਹਿਲੂ ਇਹ ਵੀ ਹੈ ਕਿ ਕੁੱਲ ਕੇਸ ਹੋਏ ਇਕ ਕਰੋੜ, ਜਿਸ ਵਿਚੋਂ 80% (80 ਲੱਖ) ਮਾਮੂਲੀ ਸੀ, ਜਿਸ ਨੂੰ ਦਵਾਈ ਦੀ ਲੋੜ ਹੀ ਨਹੀਂ ਪਈ। ਇਨ੍ਹਾਂ ਵਿਚ 14-15 ਲੱਖ ਮਾਮੂਲੀ ਖਾਂਸੀ-ਬੁਖ਼ਾਰ ਸੀ ਤੇ ਉਹ ਖਾਂਸੀ-ਜ਼ੁਕਾਮ-ਬੁਖ਼ਾਰ ਦੀ ਗੋਲੀ ਨਾਲ ਠੀਕ ਹੋ ਗਏ, ਭਾਵੇਂ ਹਸਪਤਾਲ ਰੱਖੇ ਗਏ। ਤਕਰੀਬਨ 5-6 ਲੱਖ ਲੋਕ ਕੁਝ ਗੰਭੀਰ ਹੋਏ, ਸਾਹ ਚੜ੍ਹਿਆ ਤੇ ਆਕਸੀਜਨ, ਆਈ.ਸੀ.ਯੂ. ਦੀ ਲੋੜ ਪਈ ਤੇ ਉਨ੍ਹਾਂ ਵਿਚੋਂ ਵੀ 3.5 ਲੱਖ ਠੀਕ-ਠਾਕ ਹੋ ਗਏ। ਕਹਿਣ ਤੋਂ ਭਾਵ ਇਨ੍ਹਾਂ ਨੂੰ ਮੈਡੀਕਲ ਸਹੂਲਤਾਂ ਦੀ ਲੋੜ ਪਈ। ਅਸੀਂ ਕਾਫ਼ੀ ਸਾਮਾਨ ਜੁਟਾਇਆ, ਜਿਸ ਦੀ ਕਿ ਵੈਸੇ ਵੀ ਲੋੜ ਹੁੰਦੀ ਹੈ, ਜਿਵੇਂ ਵੈਂਟੀਲੇਟਰ ਅਤੇ ਹੋਰ ਸਾਮਾਨ। ਇਸ ’ਤੇ ਜੋ ਖਰਚ ਆਇਆ, ਉਹ ਹਸਪਤਾਲਾਂ ਦਾ ਹਿੱਸਾ ਬਣਿਆ ਤੇ ਹੁਣ ਸੋਚੋ, ਇਕ ਵਿਅਕਤੀ ਨੂੰ 1000 ਰੁਪਏ ਦੀਆਂ ਦੋ ਖੁ਼ਰਾਕਾਂ ਲੱਗਣਗੀਆਂ ਤੇ ਜੇਕਰ ਸਾਰੇ ਦੇਸ਼ ਦੀ 135 ਕਰੋੜ ਦੀ ਆਬਾਦੀ ਟੀਚਾ ਹੋਵੇ ਤਾਂ ਇਸ ਨੂੰ ਹਜ਼ਾਰ ਨਾਲ ਗੁਣਾਂ ਕਰਕੇ ਦੇਖ ਲਵੋ।
ਵੈਸੇ ਇਹ ਗੱਲ ਜਚਦੀ ਹੈ ਕਿ ਸਿਹਤ-ਸਹੂਲਤਾਂ ਹੋਣ, ਪਰ ਉਹ ਫ਼ਾਇਦਾ ਵੀ ਤਾਂ ਪਹੁੰਚਾਉਣ। ਫਾਇਦੇ ਬਾਰੇ ਸਾਨੂੰ ਪੂਰਾ ਯਕੀਨ ਨਹੀਂ ਹੈ ਪਰ ਇਹ ਪੂਰਾ ਯਕੀਨ ਹੈ, ਇਸ ਨਾਲ ਦਵਾਈ ਸਨਅਤ ਨਾਲ ਜੁੜੇ ਪੂੰਜੀਪਤੀਆਂ ਨਾਲ ਜ਼ਰੂਰ ਫ਼ਾਇਦਾ ਹੋਵੇਗਾ ਤੇ ਰਾਜਨੀਤੀਵਾਨ ਵੀ ਇਸ ਦਾ ਫ਼ਾਇਦਾ ਲੈਣਗੇ ਕਿ ਕਿਵੇਂ ਮੁਸ਼ਤੈਦੀ ਨਾਲ ਉਨ੍ਹਾਂ ਨੇ ਇਸ ਮਹਾਂਮਾਰੀ ਨਾਲ ਨਜਿੱਠਿਆ।
ਸੰਪਰਕ : 98158-08506