ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
11 ਜਨਵਰੀ 2021
ਰਿਲਾਇੰਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ- ਇਕ ਖ਼ਬਰ
ਢਿੱਡ ਛਿਲ ਲਿਆ ਬੋਸਕੀ ਵਰਗਾ, ਰੋੜਾਂ ਵਾਲੀ ਕੰਧ ਟੱਪ ਕੇ।
ਚੋਰ ਸ਼ਮਸ਼ਾਨ ਘਾਟ ਦੀਆਂ ਭੱਠੀਆਂ ਹੀ ਪੁੱਟ ਕੇ ਲੈ ਗਏ- ਇਕ ਖ਼ਬਰ
ਭੁੱਖ ਨੰਗ ਦੀ ਕੋਈ ਪ੍ਰਵਾਹ ਨਾਹੀਂ, ਹੁਕਮ ਹੋਵੇ ਤਾਂ ਦੇਗਾਂ ਨੂੰ ਚੱਟੀਏ ਜੀ।
ਕਿਸਾਨਾਂ ਨਾਲ਼ ਗੱਲ ਬਾਤ ਦਾ ਨਾਟਕ ਕਰ ਰਹੀ ਹੈ ਮੋਦੀ ਸਰਕਾਰ- ਸ਼ਿਵ ਸੈਨਾ
ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ਼ ਗੱਲ ਕਰ ਗਈ।
ਹੁਣ ਕਿਸਾਨ ਅੰਦੋਲਨ ਅੰਤਰਰਾਸ਼ਟਰੀ ਮੁੱਦਾ ਬਣ ਚੁੱਕਿਐ- ਗੁਰਨਾਮ ਸਿੰਘ ਚਡੂਨੀ
ਮੈਂ ਜਾਣਾ ਜੋਗੀ ਦੇ ਨਾਲ, ਕੰਨੀਂ ਮੁੰਦਰਾਂ ਪਾ ਕੇ।
ਅਕਾਲੀ ਦਲ ਤਾਕਤ ‘ਚ ਆ ਕੇ ਮਨਰੇਗਾ ਦੇ ਹਜ਼ਾਰ ਕ੍ਰੋੜ ਦੇ ਘਪਲੇ ਦੀ ਜਾਂਚ ਕਰਵਾਏਗਾ- ਸੁਖਬੀਰ
ਸੁਪਨੇ ਮੁੰਗੇਰੀ ਲਾਲ ਦੇ, ਕੋਈ ਮੁੱਲ ਨਹੀਂ ਇਹਨਾਂ ਦਾ ਲਗਦਾ।
ਜ਼ਿੰਦਗੀ ‘ਚ ਚੁਨੌਤੀਆਂ ਦਾ ਮੁਕਾਬਲਾ ਡਟ ਕੇ ਕਰਨਾ ਹੀ ਸੱਚੀ ਜਿੱਤ- ਮੋਦੀ
ਕਿਸਾਨਾਂ ਵਲੋਂ ਦਿਤੀ ਹੋਈ ਚੁਨੌਤੀ ਬਾਰੇ ਕੀ ਖਿਆਲ ਐ ਮੋਦੀ ਸਾਬ ਜੀ।
ਕੇਂਦਰ ਵਲੋਂ ਫੰਡਾਂ ਅਤੇ ਪ੍ਰਾਜੈਕਟਾਂ ‘ਚ ਪੰਜਾਬ ਨਾਲ ਵਿਤਕਰਾ ਕੀਤਾ ਜਾਂਦੈ- ਮਨਪ੍ਰੀਤ ਬਾਦਲ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।
ਏਨੀ ਜ਼ਲਾਲਤ ਮਗਰੋਂ ਭਾਜਪਾ ‘ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਹਰਸਿਮਰਤ ਬਾਦਲ
ਬੂਰੀ ਝੋਟੀ ਲੈ ਦੇ ਬਾਬਲਾ, ਮੈਂ ਜੇਠ ਦੀ ਲੱਸੀ ਨਹੀਂ ਪੀਣੀ।
ਕਿਸਾਨ ਅੰਦੋਲਨ ‘ਚ ਕੋਰੋਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਚਿੰਤਾ ਪ੍ਰਗਟਾਈ- ਇਕ ਖ਼ਬਰ
ਸੁਪਰੀਮ ਕੋਰਟ ਜੀ, ਭਾਜਪਾ ਦੀਆਂ ਚੋਣ ਰੈਲੀਆਂ ਵੇਲੇ ਕੋਰੋਨਾ ਹਾਲੀਡੇਅ ਗਿਆ ਹੁੰਦਾ।
ਟ੍ਰੈਕਟਰ ਪਰੇਡ ਦੌਰਾਨ ਨੌਜਵਾਨਾਂ ਦਾ ਉਤਸ਼ਾਹ ਦੇਖ ਕੇ ਸਰਕਾਰ ਕੰਬ ਜਾਵੇਗੀ-ਕਿਸਾਨ ਆਗੂ
ਵੀਰੇ ਆਉਣਗੇ ਸੰਧੂਰੀ ਚੀਰੇ ਬੰਨ੍ਹ ਕੇ, ਕਿਥੇ ਲੁਕੇਂਗੀ ਪਤਲੀਏ ਨਾਰੇ।
ਰਵਨੀਤ ਬਿੱਟੂ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਦੀ ਕਾਂਗਰਸੀਆਂ ਨਾਲ਼ ਝੜਪ-ਇਕ ਖ਼ਬਰ
ਕੂੰਡੇ ਭੱਜ ਗਏ, ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।
ਜਿਆਣੀ ਵਰਗੇ ਭਾਜਪਾ ਆਗੂਆਂ ਨੂੰ ਕੇਂਦਰ ਸਰਕਾਰ ਵਰਤ ਰਹੀ ਐ- ਹਰਸਿਮਰਤ ਕੌਰ ਬਾਦਲ
ਬੀਬੀ ਜੀ, ਜ਼ਰਾ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰੋ, ਆਪਣੀ ‘ਬ੍ਰਹਮ’ ਵਾਲੀ ਵੀਡੀਉ ਹੀ ਵੇਖ ਲਉ।
ਮੁੱਖ ਮੰਤਰੀ ਕੈਪਟਨ ਨੇ ਭਲਾਈ ਸਕੀਮਾਂ ਦਾ ਪਿਟਾਰਾ ਖੋਲ੍ਹਿਆ- ਇਕ ਖ਼ਬਰ
ਲਗਦੈ ਬਈ ਚੋਣਾਂ ਆਉਣੇ ਵਾਲੀਆਂ।
ਰਾਜੋਆਣਾ ਮਾਮਲੇ ‘ਤੇ ਸਿਆਸਤ ਕਰ ਰਿਹਾ ਹੈ ਬਾਦਲ ਅਕਾਲੀ ਦਲ- ਸੁਖਜਿੰਦਰ ਰੰਧਾਵਾ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।
ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਦੋਵੇਂ ਖੋਟੀਆਂ- ਕਿਸਾਨ ਆਗੂ
ਕੀ ਕਰਨਾ ਕੱਪੜੇ ਰੰਗਿਆਂ ਨੂੰ, ਜੇ ਮਨ ਰੰਗਿਆ ਨਾ ਜਾਵੇ।
ਅਸੀਂ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਅੱਗੇ ਪੇਸ਼ ਨਹੀਂ ਹੋਵਾਂਗੇ- ਰਾਜੇਵਾਲ
ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।
ਪਾਕਿ ਮੰਤਰੀ ਗੁੱਲ ਰਸ਼ੀਦ ਨੇ ਦੋਸ਼ ਲਗਾਇਆ ਕਿ ਉਹਨਾਂ ਦੀ ਬਿਜਲੀ ਭਾਰਤ ਨੇ ਗੁੱਲ ਕੀਤੀ-ਇਕ ਖ਼ਬਰ
ਤਾਂ ਕੀ ਹੋ ਗਿਆ ਭਾਰਤੀ ਮੀਡੀਆ ਰੋਜ਼ ਉਹਨਾਂ ਤੇ ਕੋਈ ਨਾ ਕੋਈ ਦੋਸ਼ ਲਗਾਉਂਦਾ ਰਹਿੰਦੈ।
ਰਾਜਸੀ ਵਿਰੋਧੀਆਂ ਨੂੰ ਭਾਜਪਾ ਦੀ ਚੜ੍ਹਤ ਹਜ਼ਮ ਨਹੀਂ ਹੋ ਰਹੀ- ਵਿਨੋਦ ਗੁਪਤਾ
ਪਿਛਲੇ ਦਿਨਾਂ ‘ਚ ਚੜ੍ਹਤ ਹੋਈ ਵੀ ਬਹੁਤ ਐ, ਕਿਤੇ ਨਜ਼ਰ ਨਾ ਲੱਗ ਜਾਵੇ।
ਜਿਆਣੀ ਤੇ ਗਰੇਵਾਲ ਦੇ ਸਮਾਜਕ ਬਾਈਕਾਟ ਦਾ ਸੱਦਾ ਗ਼ੈਰ ਸੰਵਿਧਾਨਕ- ਮਿੱਤਲ
ਤੁਸੀਂ ਆਪ ਭਾਵੇਂ ਗੈਰ ਸੰਵਿਧਾਨਕ ਬਿੱਲ ਵੀ ਪਾਸ ਕਰੀ ਜਾਵੋਂ।