ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

18 ਜਨਵਰੀ 2021

ਸੁਪਰੀਮ ਕੋਰਟ ਨੇ ਕਿਸਾਨਾਂ ਦੀ ਆਸ ਜਗਾਈ ਤੇ ਫਿਰ ਕਮੇਟੀ ਬਣਾ ਕੇ ਨਿਰਾਸ਼ ਕੀਤਾ- ਇਕ ਖ਼ਬਰ
ਹੋਕਾ ਵੰਙਾਂ ਦਾ, ਕੱਢ ਦਿਖਾਇਆ ਚੱਕੀ ਰਾਹਾ।

ਭਾਜਪਾ ਦੇ ਕਈ ਆਗੂ ਤੇ ਵਰਕਰ ਸੁਖਬੀਰ ਨੇ ਅਕਾਲੀ ਦਲ ’ਚ ਸ਼ਾਮਲ ਕੀਤੇ-ਇਕ ਖ਼ਬਰ
ਏਦਾਂ ਦੇ ਕਾਂਗਰਸੀ ‘ਹੀਰੇ’ ਵੀ ਇਕ ਵਾਰੀ ਸੁਖਬੀਰ ਨੇ ‘ਕੱਠੇ ਕੀਤੇ ਸੀ।

ਸੁਖਬੀਰ ਕੋਰਟ ਵੀ ਨਹੀਂ ਸਮਝ ਸਕੀ ਕਿਸਾਨਾਂ ਦਾ ਦਰਦ- ਭਗਵੰਤ ਮਾਨ
ਜਿਸ ਕੇ ਪੈਰ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ।

ਕਿਸਾਨਾਂ ਨੂੰ ਪਤਾ ਹੀ ਨਹੀਂ ਕਿ ਉਹ ਕੀ ਚਾਹੁੰਦੇ ਹਨ- ਹੇਮਾ ਮਾਲਿਨੀ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ।

ਡਬਲ ਐਮ.ਏ. ਪੀ.ਐੱਚ.ਡੀ. ਬੇਰੁਜ਼ਗਾਰ ਮਨਪ੍ਰੀਤ ਕੌਰ ਬੱਚਿਆਂ ਸਮੇਤ ਧਰਨੇ ‘ਚ ਹਿੱਸਾ ਪਾ ਰਹੀ ਹੈ-ਇਕ ਖ਼ਬਰ
ਕਿੱਥੇ ਗਿਆ ਤੇਰਾ ਦੋ ਕਰੋੜ ਨੌਕਰੀਆਂ ਦੇਣ ਦਾ ਤੇਰਾ ਵਾਅਦਾ, ਪ੍ਰਧਾਨ ਸੇਵਕ ਜੀ।

ਬਿਹਾਰ ‘ਚ ਗੂੰਗੀ ਤੇ ਬੋਲ਼ੀ ਲੜਕੀ ਨਾਲ਼ ਸਮੂਹਿਕ ਬਲਾਤਕਾਰ- ਇਕ ਖ਼ਬਰ
ਇਕ ਹੋਰ ਜੁਮਲਾ ‘ਲੜਕੀ ਬਚਾਉ ਲੜਕੀ ਪੜ੍ਹਾਉ’

ਸਰਕਾਰ ਪੰਜ ਸਾਲ ਚੱਲ ਸਕਦੀ ਹੈ ਤਾਂ ਅੰਦੋਲਨ ਵੀ ਪੰਜ ਸਾਲ ਚੱਲ ਸਕਦਾ ਹੈ- ਟਿਕੈਤ
ਕਾਦਰਯਾਰ ਉਹ ਨਰਕ ‘ਚ ਗਰਕ ਜਾਵੇ, ਜਿਹੜਾ ਏਸ ਮੈਦਾਨ ਤੋਂ ਮੂੰਹ ਮੋੜੇ।

ਰਿਟਾਇਰਡ ਜੱਜ ਕਾਟਜੂ ਨੇ ਖੇਤੀ ਕਾਨੂੰਨ ਰੱਦ ਕਰਨ ਲਈ ਮੋਦੀ ਨੂੰ ਪੱਤਰ ਲਿਖਿਆ- ਇਕ ਖ਼ਬਰ
ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ, ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ।

ਹਰਿਆਣਾ ਵਿਚ ਲੱਗਿਆ ਭਾਜਪਾ ਨੂੰ ਕਿਸਾਨੀ ਅੰਦੋਲਨ ਦਾ ਸੇਕ- ਇਕ ਖ਼ਬਰ
ਵੇਖ ਫਰੀਦਾ ਕਿਆ ਹੂਆ, ਸ਼ੱਕਰ ਹੋਈ ਵਿਸ।

ਭੂਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਨੂੰ ਕਹੀ ਅਲਵਿਦਾ- ਇਕ ਖ਼ਬਰ
ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।

ਚੋਣਾਂ ‘ਚ ਬਸਪਾ ਕਿਸੇ ਨਾਲ਼ ਗੱਠਜੋੜ ਨਹੀਂ ਕਰੇਗੀ- ਮਾਇਆਵਤੀ
ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਗ਼ੈਰਕਾਨੂੰਨੀ ਮਾਈਨਿੰਗ ‘ਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਬੇਨਕਾਬ ਕਰੋ- ਹਰਪਾਲ ਚੀਮਾ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿੱਕਲੀ, ਮੱਖੀਆਂ ਨੇ ਪੈੜ ਦੱਬ ਲਈ।

ਜਲੰਧਰ ਦੇ ਪ੍ਰੋਫੈਸਰ ਨੂੰ ਕਿਸਾਨ ਅੰਦੋਲਨ ਦੇ ਹੱਕ ‘ਚ ਲਿਖਣ ਕਰ ਕੇ ਐਨ.ਆਈ.ਏ.ਦਾ ਨੋਟਿਸ- ਇਕ ਖ਼ਬਰ
ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।

ਕਿਸਾਨ ਅੰਦੋਲਨ ਨੂੰ ਦੇਸ਼ ਅਤੇ ਵਿਦੇਸ਼ ਤੋਂ ਸਮਰਥਨ ਮਿਲ ਰਿਹੈ- ਕਿਸਾਨ ਆਗੂ
ਮੇਰੀ ਕੱਤਣੀ ਨਸੀਬਾਂ ਵਾਲ਼ੀ, ਭਰੀ ਰਹੇ ਲੱਡੂਆਂ ਦੀ।

ਕੁਝ ਪਾਰਟੀਆਂ ਦੇ ਲੀਡਰ ਹਨ ਜੋ ਕਿਸਾਨ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ- ਹਰਜੀਤ ਗਰੇਵਾਲ
ਉਹੀਓ ਤੇਰੀ ਤੁਣਤੁਣੀ, ਉਹੀਓ ਤੇਰਾ ਰਾਗ।

ਕੀ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਰਾਸ਼ਟਰੀ ਇਕਮੁੱਠਤਾ ਨਹੀਂ?- ਸਪੋਕਸਮੈਨ
ਇਹੋ ਰਾਸ਼ਟਰੀ ਏਕਤਾ ਤਾਂ ਸਰਕਾਰ ਨੂੰ ਕਾਂਬਾ ਛੇੜ ਰਹੀ ਹੈ।