ਸਿੰਘੂ ਬਾਰਡਰ ਤੇ ਲੋਹੜੀ ਦੀ ਰਾਤ - ਸੁਰਜੀਤ ਪਾਤਰ
ਸਿੰਘੂ ਬਾਰਡਰ ’ਤੇ ਲੋਹੜੀ ਦੀ ਰਾਤ ਹਜ਼ਾਰਾਂ ਧੂਣੀਆਂ ਬਲ਼ ਰਹੀਆਂ ਨੇ। ਪੁਰਾਣੇ ਗੀਤਾਂ ਵਿਚ ਨਵੇਂ ਰੰਗ ਘੁਲ ਰਹੇ ਹਨ :
ਆਈਆਂ ਕੁੜੇ ਅਸੀਂ ਆਈਆਂ ਕੁੜੇ
ਅਸੀਂ ਦਿੱਲੀ ਦੇ ਧਰਨੇ ’ਤੇ ਆਈਆਂ ਕੁੜੇ
ਸਭ ਭੈਣਾਂ ਤੇ ਭਰਜਾਈਆਂ ਕੁੜੇ
ਸਾਡੇ ਨਾਲ ਚਾਚੀਆਂ ਤਾਈਆਂ ਕੁੜੇ
ਸਭ ਧੀਆਂ ਬੇਬੇ ਮਾਈਆਂ ਕੁੜੇ
ਦਿੱਲੀ ਤਖ਼ਤ ’ਤੇ ਸੁੱਤਾ ਕੌਣ ਕੁੜੇ
ਉਹਨੂੰ ਸੁੱਤੇ ਨੂੰ ਜਗਾਵੇ ਕੌਣ ਕੁੜੇ
ਉਹਨੂੰ ਸੁੱਤੇ ਨੂੰ ਜਗਾਵੇ ਸਾਡਾ ਰੋਸ ਕੁੜੇ
ਸਾਡਾ ਰੋਸ ਲਿਆਵੇ ਉਹਨੂੰ ਹੋਸ਼ ਕੁੜੇ
ਮਜ਼ੇ ਦੀ ਗੱਲ ਇਹ ਹੈ ਕਿ ਇਹ ਨਵੇਂ ਰੰਗ ਮੌਂਟ੍ਰੀਅਲ (ਕੈਨੇਡਾ) ਤੋਂ ਹਰਜਿੰਦਰ ਸਿੰਘ ਪੱਤੜ ਹੋਰਾਂ ਰਲ਼ਾ ਕੇ ਭੇਜੇ। ਦੇਖੋ ਤਾਂ ਕੌਣ ਕੌਣ ਸ਼ਾਮਲ ਹੈ ਇਸ ਮਹਾ ਲਹਿਰ ਵਿਚ।
ਇਕ ਧੂਣੀ ਦੇ ਦੁਆਲੇ ਇਕ ਪਰਿਵਾਰ ਆਪਣੇ ਬੱਚੇ ਦੀ ਪਹਿਲੀ ਲੋਹੜੀ ਮਨਾਉਣ ਏਥੇ ਆਇਆ ਹੈ। ਬੱਚੇ ਦਾ ਰੱਬੀ ਮੁਖੜਾ ਧੂਣੀ ਦੀ ਲੋਅ ਵਿਚ ਮੁਸਕਰਾ ਰਿਹਾ ਹੈ। ਇਹ ਸਭ ਕੁਝ ਇਸ ਅੰਦੋਲਨ ਨੂੰ ਪਾਵਨ ਬਣਾ ਰਿਹਾ ਹੈ। ਇਸ ਨੂੰ ਪਾਵਨ ਬਣਾਈ ਰੱਖਣ ਵਿਚ ਕਿਸਾਨ ਆਗੂਆਂ ਦੀ ਅਗਵਾਈ ਦੀ ਸੁਘੜਤਾ, ਨਿਮਰਤਾ ਤੇ ਦੂਰ-ਦ੍ਰਿਸ਼ਟੀ ਵੀ ਸ਼ਾਮਿਲ ਹੈ ਤੇ ਸਾਡੇ ਇਤਿਹਾਸ ਦੀਆਂ ਉਹ ਯਾਦਗਾਰੀ ਸ਼ਾਂਤਮਈ ਲਹਿਰਾਂ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਸੀ.ਐੱਫ਼. ਐਂਡਰਿਊਜ਼ ਜਿਹੇ ਈਸਾਈ ਮਿਸ਼ਨਰੀ ਵੀ ਵਾਰੇ ਵਾਰੇ ਜਾਂਦੇ ਸਨ ਤੇ ਮਹਾਤਮਾ ਗਾਂਧੀ ਨੇ ਵੀ ਤਾਰ ਭੇਜੀ ਸੀ ਕਿ ਤੁਹਾਡਾ ਸਦਕਾ ਆਪਾਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ।
ਇਸ ਲੋਹੜੀ ’ਤੇ ਦੁੱਲਾ ਭੱਟੀ ਵੀ ਯਾਦ ਆਇਆ ਜਿਹੜਾ ਮੁਸਲਮਾਨ ਸੀ ਪਰ ਉਸ ਨੇ ਇਕ ਗ਼ਰੀਬ ਹਿੰਦੂ ਦੀ ਮੱਦਦ ’ਤੇ ਬਹੁੜ ਕੇ ਆਪਣੇ ਹੱਥੀਂ ਉਸ ਦੀ ਧੀ ਦਾ ਡੋਲ਼ਾ ਤੋਰਿਆ ਸੀ, ਜਿਸ ਧੀ ਨੂੰ ਅਮੀਰ ਜਗੀਰਦਾਰ ਖੋਹ ਕੇ ਲਿਜਾਣਾ ਚਾਹੁੰਦਾ ਸੀ :
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸੱਕਰ ਪਾਈ ਹੋ...
ਧਰਤੀ ਦੀਆਂ ਧੀਆਂ ਦੀ ਸ਼ਮੂਲੀਅਤ
ਧੀਆਂ, ਮਾਂਵਾਂ, ਭੈਣਾਂ, ਨਾਰਾਂ ਦੀ ਸ਼ਮੂਲੀਅਤ ਨੇ ਇਸ ਲਹਿਰ ਦੀ ਪਾਵਨਤਾ, ਗੌਰਵ ਤੇ ਸ਼ਾਲੀਨਤਾ ਵਿਚ ਬੇਹੱਦ ਵਾਧਾ ਕੀਤਾ ਹੈ। ਇਸ ਪਾਵਨਤਾ, ਗੌਰਵ ਤੇ ਸ਼ਾਲੀਨਤਾ ਤੋਂ ਵੀ ਡਾਢਿਆਂ ਨੂੰ ਡਰ ਲੱਗਦਾ ਹੈ। ਜਿਵੇਂ ਇਹ ਕੋਈ ਉੱਜਲਾ ਸ਼ੀਸ਼ਾ ਹੋਵੇ ਜਿਸ ਵਿਚ ਉਨ੍ਹਾਂ ਨੂੰ ਆਪਣਾ ਤੁਹਮਤਾਂ ਲਾਉਣਾ ਵਾਲਾ ਮਨਹੂਸ ਚਿਹਰਾ ਦਿਸਦਾ ਹੋਵੇ। ਉਹ ਕਹਿੰਦੇ ਜਾਪਦੇ ਹਨ :
ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤੱਕ ਨਾ ਖਲ੍ਹਿਆਰ
ਮੈਲ਼ੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ
ਲੰਗਰ ਦੀ ਲੋਹ ’ਤੇ ਰੋਟੀਆਂ ਪਕਾਉਂਦੀਆਂ ਉਹ ਕੋਈ ਪਾਵਨ ਯੱਗ ਕਰਦੀਆਂ ਲੱਗਦੀਆਂ ਹਨ। ਇਨ੍ਹਾਂ ਦੇਵੀਆਂ ਦੀ ਹਜੂਰੀ ਵਿਚ ਸ਼ਾਲੀਨਤਾ ਦਾ ਪ੍ਰਕਾਸ਼ ਹੁੰਦਾ ਹੈ। ਇਕ ਨਿੱਕੀ ਜਿਹੀ ਨਜ਼ਮ ਯਾਦ ਆਉਂਦੀ ਹੈ :
ਇਕ ਚੰਦ
ਅਤੇ ਇਕ ਸੂਰਜ
ਇਕ ਤੇਰਿਆਂ ਹੱਥਾਂ ਦੀ ਰੋਟੀ
ਉਹ ਸਿਰਫ਼ ਰੋਟੀਆਂ ਹੀ ਨਹੀਂ ਪਕਾਉਂਦੀਆਂ। ਰੋਟੀਆਂ ਤਾਂ ਹੁਣ ਉਨ੍ਹਾਂ ਨਾਲ ਰਲ਼ ਕੇ ਗੱਭਰੂ ਵੀ ਪਕਾਉਂਦੇ ਹਨ। ਜਦੋਂ ਕੋਈ ਪੱਤਰਕਾਰ ਉਨ੍ਹਾਂ ਨਾਲ ਗੱਲ ਕਰਦਾ ਹੈ ਤੇ ਬਹੁਤ ਸੁਘੜ ਸੱਚੇ ਤੇ ਕਰਾਰੇ ਜਵਾਬ ਦਿੰਦੀਆਂ ਹਨ। ਟਿੱਕਰੀ ਬਾਰਡਰ ’ਤੇ ਇਕ ਮੁਟਿਆਰ ਨੇ ਇਕ ਸ਼ਿਅਰ ਸੁਣਾ ਕੇ ਪੱਤਰਕਾਰ ਨੂੰ ਲਾਜਵਾਬ ਕਰ ਦਿੱਤਾ :
ਮੈਂ ਜਬ ਦਿਨ ਕੋ ਦਿਨ ਬੋਲੂੰ ਤੋ,
ਮੈਂ ਜਬ ਰਾਤ ਕੋ ਰਾਤ ਕਹੂੰ
ਮੁਝ ਸੇ ਖ਼ਫ਼ਾ ਕਿਉਂ ਹੋ ਜਾਤੇ ਹੋ,
ਮੈਂ ਜਬ ਮਨ ਕੀ ਬਾਤ ਕਹੂੰ
ਕਮਾਲ ਦੀ ਗੱਲ ਹੈ ਕਿ ਸਾਨੂੰ ਰਾਣੀ ਝਾਂਸੀ ਤੇ ਲਕਸ਼ਮੀ ਬਾਈ ਘੋੜਿਆਂ ਤੇ ਚੜ੍ਹ ਕੇ ਜੰਗ ਲੜਦੀਆਂ ਗੌਰਵਸ਼ਾਲੀ ਲੱਗਦੀਆਂ ਹਨ, ਪਰ ਅੱਜ ਦੀਆਂ ਧੀਆਂ ਜੇ ਇਕ ਸ਼ਾਂਤਮਈ ਅੰਦੋਲਨ ਵਿਚ ਟਰੈਕਟਰ ਚਲਾਉਣ ਦੀ ਗੱਲ ਕਰਦੀਆਂ ਹਨ ਤਾਂ ਸਾਨੂੰ ਅਜੀਬ ਲੱਗਦਾ ਹੈ।
ਅਸੀਂ ਖ਼ੁਸ਼ੀ ਨਾਲ ਐਲਾਨ ਕਰਦੇ ਹਾਂ ਕਿ ਭਾਰਤੀ ਔਰਤਾਂ ਹੁਣ ਥਲ ਸੈਨਾ ਵਿਚ ਵੀ ਭਰਤੀ ਹੋਣਗੀਆਂ, ਪਰ ਇਨ੍ਹਾਂ ਔਰਤਾਂ ਨੂੰ ਅਸੀਂ ਸ਼ਾਂਤਮਈ ਬਾਰਡਰਾਂ ਤੋਂ ਘਰ ਮੁੜ ਜਾਣ ਦੀ ਸਲਾਹ ਦੇਂਦੇ ਹਾਂ।
ਜਿਸ ਦਿਨ ਟੀ ਵੀ ’ਤੇ ਇਹ ਚਰਚਾ ਹੋ ਰਹੀ ਸੀ ਸਬੱਬੀਂ ਉਹ ਦਿਨ ਮਾਘੀ ਦਾ ਦਿਨ ਸੀ। ਜਦੋਂ ਚਾਲੀ ਸਿੰਘ ਖਿਦਰਾਣੇ ਦੀ ਢਾਬ ’ਤੇ ਲੜ ਕੇ ਸ਼ਹੀਦ ਹੋਏ। ਇਹ ਓਹੀ ਸਿੰਘ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਤੋਂ ਦਸਮ ਪਾਤਸ਼ਾਹ ਨੂੰ ਬੇਦਾਵਾ ਦੇ ਕੇ ਘਰੀਂ ਆ ਗਏ ਸਨ। ਇਨ੍ਹਾਂ ਸਿੰਘਾਂ ਨੂੰ ਮੁੜ ਗੁਰੂ ਨੂੰ ਅਰਪਿਤ ਹੋਣ ਲਈ ਇਕ ਬਹਾਦਰ ਧੀ ਮਾਈ ਭਾਗੋ ਦੇ ਬੋਲਾਂ ਨੇ ਹੀ ਪ੍ਰੇਰਿਆ ਸੀ :
ਖ਼ੌਫ਼ ਸੰਗ ਮਰਿਆਂ ਲਈ ਇਹ ਬੋਲ ਅੰਮ੍ਰਿਤ ਹੋ ਗਏ
ਸ਼ਬਦ-ਬਾਣਾਂ ਨਾਲ ਉਹ ਸਭ ਫੇਰ ਜੀਵਿਤ ਹੋ ਗਏ
ਟੁੱਟ ਗਏ ਸਨ ਜੋ ਕਦੀ ਇਕਰਾਰ ਸਾਬਿਤ ਹੋ ਗਏ
ਸਤਿਗੁਰੂ ਦੇ ਪਿਆਰ ਨੂੰ ਉਹ ਫੇਰ ਅਰਪਿਤ ਹੋ ਗਏ
ਗਾਜ਼ੀਪੁਰ ਬਾਰਡਰ ’ਤੇ ਅੰਤਰਰਾਸ਼ਟਰੀ ਸ਼ੂਟਰ ਪੂਨਮ ਪੰਡਤ ਦੀ ਮੌਜੂਦਗੀ, ਉਹਦੇ ਬੋਲਾਂ ਦੀ ਬਹੁਪੱਖ ਬੁਲੰਦੀ, ਉਹਦੀ ਹਾਜ਼ਰ ਜਵਾਬੀ, ਦਲੇਰੀ, ਦ੍ਰਿੜਤਾ ਤੇ ਆਵਾਜ਼ ਦੀ ਉੱਚੀ ਸੁੱਚੀ ਸੁਰ ਦੇਖਣ ਸੁਣਨ ਵਾਲੀ ਹੈ। ਉਹ ਜਦੋਂ ਬਹੁਤ ਸਚੇਤ ਹੋ ਕੇ ਬੋਲਦੀ ਹੈ ਤਾਂ ਕਿਤਾਬੀ ਹਿੰਦੀ ਬੋਲਦੀ ਹੈ, ਪਰ ਜਦੋਂ ਉਹ ਜਦੋਂ ਭਾਵਨਾ ਤੇ ਵਿਵੇਕ ਦੀ ਸਿਖਰ ਵੱਲ ਤੁਰਦੀ ਹੈ ਤਾਂ ਉਹਦੇ ਮੁਖ ਤੋਂ ਖ਼ੂਬਸੂਰਤ ਬ੍ਰਜ ਭਾਸ਼ਾ ਮੁਖਰਿਤ ਹੁੰਦੀ ਹੈ। ਉਹ ਕਿਸਾਨਾਂ ਨੂੰ ਕਿਸਾਨਨ ਕਹਿੰਦੀ ਹੈ, ਉਸ ਦੀ ਬੋਲੀ ਵਿਚ ਕਾਨੂੰਨ ਦਾ ਬਹੁਵਚਨ ਕਾਨੂੰਨਨ ਹੈ। ਹੋਵੇਗਾ ਨੂੰ ਹੋਗ ਕਹਿੰਦੀ ਹੈ। ਉਸ ਨੂੰ ਸੁਣ ਕੇ ਗੁਰਬਾਣੀ ਯਾਦ ਆਉਂਦੀ ਹੈ :
ਤਵ ਚਰਨਨ ਮਨ ਰਹੈ ਹਮਾਰਾ॥
ਅਪਨਾ ਜਾਨ ਕਰੋ ਪ੍ਰਤਿਪਾਰਾ॥
ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ॥...
ਜੋ ਕਿਛੁ ਕਰੇ ਸੋਈ ਪਰੁ ਹੋਗ॥
ਪੂਨਮ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ: ਆਪ ਯਹਾਂ ਕਿਊਂ ਆਏ? ਉਹ ਕਹਿਣ ਲੱਗੀ : ਧਰਮ ਬਨਤਾ ਹਮਾਰੋ। ਇਤਨੇ ਕਿਸਾਨਨ ਕੀ ਸ਼ਹਾਦਤ ਹੋਇ ਗਈ ਅਬ ਭੀ ਮੁੱਦੇ ਪੈ ਸੰਸ਼ੋਧਨ ਪੈ ਲਟਕ ਜਾਵੈਂ? ਇਕ ਪੱਤਰਕਾਰ ਨੇ ਪੁੱਛਿਆ: ਸ਼ਾਦੀ ਕਬ ਕਰਵਾਓਗੇ? ਪੂਨਮ ਕਹਿਣ ਲੱਗੀ :
ਕਰੇਂਗੇ ਸ਼ਾਦੀ ਵਾ ਦਿਨ ਜਬ
ਕਿਸਾਨਨ, ਜੀਤ ਕੇ ਘਰ ਜਾਵੈ...
ਗ਼ਾਲਿਬ ਮੀਆਂ ਵੀ ਹੱਕ ਵਿਚ ਆ ਖੜ੍ਹੇ
ਕਈ ਨਵੀਆਂ ਗੱਲਾਂ ਦਾ ਜਵਾਬ ਪੁਰਾਣੇ ਸ਼ਿਅਰਾਂ ਵਿਚ ਲਿਖਿਆ ਲਿਖਾਇਆ ਮਿਲ ਜਾਂਦਾ ਹੈ। ਕਿਉਂਕਿ ਝੂਠ ਨਿੱਤ ਬਦਲਦਾ ਰਹਿੰਦਾ ਹੈ, ਪਰ ਸੱਚ ਪੁਰਾਣਾ ਨਹੀਂ ਹੁੰਦਾ। ਗੁਰਵਾਕ ਹੈ :
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ।।
ਕਿਸਾਨ ਆਗੂ ਸ਼ੁਰੂ ਤੋਂ ਹੀ ਕਿਸੇ ਕਮੇਟੀ ਦੇ ਬਣਾਏ ਜਾਣ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਨੂੰ ਤੌਖ਼ਲਾ ਸੀ ਕਿ ਸਰਕਾਰ ਉਨ੍ਹਾਂ ਹਸਤੀਆਂ ਦੀ ਹੀ ਕਮੇਟੀ ਬਣਾਏਗੀ ਜਿਹੜੇ ਸਰਕਾਰ ਨੂੰ ਹੀ ਸਹੀ ਸਾਬਿਤ ਕਰਨਗੇ। ਹੁਣ ਸਰਕਾਰ ਨੇ ਕਮੇਟੀ ਬਣਾਉਣ ਦਾ ਕੰਮ ਸੁਪਰੀਮ ਕੋਰਟ ਕੋਲੋਂ ਕਰਵਾਉਣ ਦਾ ਹੀਲਾ ਬਣਾ ਲਿਆ। ਕਿਸਾਨਾਂ ਨੇ ਕਮੇਟੀ ਬਣਾਉਣ ਤੋਂ ਪਹਿਲਾਂ ਹੀ ਕਮੇਟੀ ਅੱਗੇ ਪੇਸ਼ ਨਾ ਹੋਣ ਦਾ ਐਲਾਨ ਕਰ ਦਿੱਤਾ। ਸੁਪਰੀਮ ਕੋਰਟ ਦੁਆਰਾ ਬਣਾਈ ਗਈ ਕਮੇਟੀ ਦੇ ਨਾਮ ਸਾਹਮਣੇ ਆਏ ਤਾਂ ਕਿਸਾਨਾਂ ਦਾ ਤੌਖ਼ਲਾ ਸੱਚਾ ਨਿਕਲਿਆ। ਇਸ ਕਮੇਟੀ ਦੇ ਕੁਝ ਮੈਂਬਰ ਤਾਂ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਖੇਤੀ ਦੀਆਂ ਸਭ ਮਰਜ਼ਾਂ ਦਾ ਇਲਾਜ ਸਮਝਦੇ ਹਨ। ਇਹ ਕਮੇਟੀ ਕੀ ਫ਼ੈਸਲਾ ਕਰੇਗੀ ਇਹ ਤਾਂ ਸਭ ਨੂੰ ਪਹਿਲਾਂ ਹੀ ਪਤਾ ਲੱਗ ਗਿਆ। ਇਸ ਸਥਿਤੀ ਬਾਰੇ ਮਸ਼ਹੂਰ ਖੇਤੀ ਮਾਹਿਰ ਦੇਵਿੰਦਰ ਸ਼ਰਮਾ ਨੇ ਮਿਰਜ਼ਾ ਗ਼ਾਲਿਬ ਨੂੰ ਕੋਟ ਕੀਤਾ ਤਾਂ ਇਉਂ ਲੱਗਾ ਜਿਵੇਂ ਮਿਰਜ਼ਾ ਗ਼ਾਲਿਬ ਵੀ ਕਿਸਾਨਾਂ ਦੀ ਲਹਿਰ ਦੇ ਹੱਕ ਵਿਚ ਆ ਖੜ੍ਹੇ। ਮਿਰਜ਼ਾ ਗ਼ਾਲਿਬ ਕਹਿੰਦੇ ਹਨ: ਮੈਨੂੰ ਪਹਿਲਾਂ ਹੀ ਪਤਾ ਹੈ ਉਸ ਨੇ ਮੇਰੇ ਖ਼ਤ ਦਾ ਕੀ ਜਵਾਬ ਦੇਣਾ ਹੈ। ਸੋ ਮੈਂ ਕਾਸਿਦ ਦੇ ਆਉਣ ਤੱਕ ਅਗਲਾ ਖ਼ਤ ਵੀ ਲਿਖ ਹੀ ਲਵਾਂ :
ਕਾਸਿਦ ਕੇ ਆਤੇ ਆਤੇ ਇਕ ਖ਼ਤ ਔਰ ਲਿਖ ਰਖੇਂ
ਹਮ ਕੋ ਪਤਾ ਹੈ ਕਿ ਕਯਾ ਵੋ ਲਿਖੇਂਗੇ ਜਵਾਬ ਮੇਂ
ਸਾਨੂੰ ਸਭ ਨੂੰ ਵੀ ਪਹਿਲਾਂ ਹੀ ਪਤਾ ਹੈ ਕਿ ਕਮੇਟੀ ਨੇ ਕੀ ਕਹਿਣਾ ਹੈ। ਸੋ ਅਸੀਂ ਵੀ ਆਪਣੀ ਅਗਲੀ ਤਿਆਰੀ ਜਾਰੀ ਰੱਖੀਏ।
ਇਸ ਸਥਿਤੀ ਨੂੰ ਬਿਆਨ ਕਰਨ ਲਈ ਅਮੀਰ ਕਜਲਬਾਸ਼ ਦੇ ਸ਼ਿਅਰ ਵੀ ਐਨ ਮੌਕੇ ’ਤੇ ਬਹੁੜ ਪਏ :
ਉਸੀ ਕਾ ਸ਼ਹਿਰ, ਵਹੀ ਮੁੱਦਈ, ਵਹੀ ਮੁਨਸਿਫ਼,
ਹਮੇਂ ਯਕੀਂ ਥਾ ਹਮਾਰਾ ਕਸੂਰ ਨਿਕਲੇਗਾ
ਉਸ ਆਸਤੀਨ ਸੇ ਆਂਖੋਂ ਕੋ ਪੋਂਛਨੇ ਵਾਲੋ
ਉਸ ਆਸਤੀਨ ਸੇ ਖ਼ੰਜਰ ਜ਼ਰੂਰ ਨਿਕਲੇਗਾ
ਪਰ ਅਮੀਰ ਕਜਲਬਾਸ਼ ਦੀ ਇਸੇ ਗ਼ਜ਼ਲ ਵਿਚ ਇਕ ਆਦਿ ਜੁਗਾਦੀ ਧਰਵਾਸ ਵੀ ਹੈ ਕਿ ਓੜਕ ਸੱਚ ਦੀ ਜਿੱਤ ਹੋਵੇਗੀ। ਇਸ ਹਨ੍ਹੇਰੀ ਰਾਤ ਵਿਚੋਂ ਸੂਰਜ ਜ਼ਰੂਰ ਉਦੈ ਹੋਵੇਗਾ। ਉਹ ਲਿਖਦਾ ਹੈ :
ਮੇਰੇ ਜਨੂੰ ਕਾ ਨਤੀਜਾ ਜ਼ਰੂਰ ਨਿਕਲੇਗਾ
ਇਸੀ ਸਿਆਹ ਸਮੰਦਰ ਸੇ ਨੂਰ ਨਿਕਲੇਗਾ
ਭਾਰਤ ਲਈ ਵਿਸ਼ਵ-ਗੁਰੂ ਬਣਨ ਦਾ ਸੁਨਹਿਰੀ ਮੌਕਾ
ਸਾਡੇ ਪ੍ਰਧਾਨ ਮੰਤਰੀ ਅਕਸਰ ਕਹਿੰਦੇ ਹਨ : ਭਾਰਤ ਵਿਸ਼ਵ-ਗੁਰੂ ਬਣੇਗਾ। ਵੈਸੇ ਤਾਂ ਇਹ ਹਉਮੈਂ ਭਰੀ ਧਾਰਨਾ ਹੈ, ਪਰ ਮੈਂ ਸੋਚਦਾ ਹਾਂ ਕਿ ਇਹ ਭਾਰਤ ਲਈ ਸੁਨਹਿਰੀ ਮੌਕਾ ਹੈ ਵਿਸ਼ਵ-ਗੁਰੂ ਬਣਨ ਦਾ। ਤਿੰਨ ਚੌਥਾਈ ਕੰਮ ਤਾਂ ਕਿਸਾਨਾਂ ਨੇ ਇਕ ਅਜਿਹੇ ਅੰਦੋਲਨ ਦੇ ਰੂਪ ਵਿਚ ਕਰ ਦਿੱਤਾ ਜੋ ਆਪਣੀ ਸ਼ਾਂਤਮਈ ਸੂਰਬੀਰਤਾ ਸਦਕਾ, ਏਨੇ ਜ਼ਿਆਦਾ ਲੋਕਾਂ ਦੀ ਸ਼ਮੂਲੀਅਤ ਸਦਕਾ, ਏਨੀਆਂ ਕੁਰਬਾਨੀਆਂ ਦੇ ਬਾਵਜੂਦ ਚੜ੍ਹਦੀ ਕਲਾ ਤੇ ਖੁਸ਼ਮਿਜ਼ਾਜੀ ਦੇ ਮਾਹੌਲ ਸਦਕਾ ਤੇ ਏਨੇ ਅਰਸੇ ਵਿਚ ਫੈਲਣ ਸਦਕਾ ਸਾਰੀ ਦੁਨੀਆ ਲਈ ਇਕ ਜ਼ਿਕਰਜੋਗ ਮਿਸਾਲ ਬਣ ਗਿਆ ਹੈ।
ਕਿਸਾਨ ਅੰਦੋਲਨ ਵਿਚ ਸ਼ਾਮਿਲ ਇਕ ਸਾਬਕਾ ਫ਼ੌਜੀ ਬਜ਼ੁਰਗ ਨੇ ਕਿਹਾ : ਅਸੀਂ ਇਹਨਾਂ ਬਾਰਡਰਾਂ ’ਤੇ ਆਪਣੀ ਸਰਕਾਰ ਨਾਲ ਜੰਗ ਕਰਨ ਨਹੀਂ ਆਏ, ਜੰਗ ਕਰਨ ਵਾਲੇ ਬਾਰਡਰ ਹੋਰ ਹੁੰਦੇ ਹਨ, ਉਹ ਵੀ ਅਸੀਂ ਜਾਣਦੇ ਹਾਂ, ਅਸੀਂ ਤਾਂ ਆਪਣੀਆਂ ਮੰਗਾਂ ਮਨਾਉਣ ਆਏ ਹਾਂ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ : ਅਸੀਂ ਚਾਹੁੰਨੇ ਆਂ ਆਪਾਂ ਜਿੱਤ ਕੇ ਵੀ ਜਾਈਏ ਤੇ ਕਿਸੇ ਮਾਂ ਦੇ ਪੁੱਤਰ ਨੂੰ ਝਰੀਟ ਵੀ ਨਾ ਆਵੇ। ਲੋਕਾਂ ਦੇ ਪੁੱਤ ਮਰਵਾਉਣੇ ਕੋਈ ਲੀਡਰੀ ਨਹੀਂ। ਸਾਨੂੰ ਦੁਨੀਆ ਦੇਖ ਰਹੀ ਹੈ। ਸਾਡੀ ਸਫ਼ਲਤਾ ਲਈ ਗੁਰਦੁਆਰਿਆਂ ਵਿਚ ਅਰਦਾਸਾਂ ਹੁੰਦੀਆਂ ਹਨ। ਹਿੰਦੂ ਵੀਰ ਹਵਨ ਕਰਦੇ ਹਨ।’’
ਲੋਕਾਂ ਨੇ ਆਪਣੀ ਸ਼ਾਇਸਤਗੀ, ਸਿਦਕ, ਸਬਰ ਅਤੇ ਦਲੀਲ ਨਾਲ ਅੰਦੋਲਨਾਂ ਦਾ ਇਕ ਵਿਸ਼ਵ ਪ੍ਰਤਿਮਾਨ ਸਥਾਪਿਤ ਕਰ ਦਿੱਤਾ ਹੈ। ਹੁਣ ਸਿਰਫ਼ ਸਾਡੀ ਸਰਕਾਰ ਨੇ ਸਾਬਿਤ ਕਰਨਾ ਹੈ ਕਿ ਉਹ ਲੋਕ ਰਾਜੀ ਅੰਦੋਲਨਾਂ ਪ੍ਰਤੀ ਕਿੰਨੀ ਕੁ ਸੰਵੇਦਨਸ਼ੀਲ ਹੈ। ਲੋਕਾਂ ਨੂੰ ਕਾਰਪੋਰੇਟਾਂ ਦੇ ਰਹਿਮ ’ਤੇ ਛੱਡਣ ਦੀ ਸਾਜ਼ਿਸ਼ ਦਾ ਰੂਪ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕਰ ਕੇ ਆਪਣੀ ਧਰਤੀ ਨਾਲ ਵਫ਼ਾ ਕਰਨੀ ਹੀ ਸਹੀ ਗੱਲ ਹੋਵੇਗੀ।
ਧਰਤੀ ਪੁੱਤਰਾਂ ਅੱਗੇ ਝੁਕਣਾ ਵੀ ਭੂਮੀ ਪੂਜਣ ਸਮਾਨ ਹੀ ਹੋਵੇਗਾ। ਸਾਰੇ ਸੰਸਾਰ ਦੇ ਲੋਕ ਕਹਿਣਗੇ : ਇਹੋ ਜਿਹੀ ਸ਼ਾਂਤਮਈ ਸੂਰਬੀਰਤਾ ਵਾਲ਼ੇ ਹੋਣੇ ਚਾਹੀਦੇ ਨੇ ਅੰਦੋਲਨ ਤੇ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਹੋਣੇ ਚਾਹੀਦੇ ਨੇ ਸ਼ਾਸਕ ਜੋ ਸੱਚ ਦੇ ਅੱਗੇ ਝੁਕ ਕੇ ਧਰਤੀ ਹੋ ਜਾਣ। ਇਹ ਵਾਕ ਪ੍ਰਧਾਨ ਮੰਤਰੀ ਨੂੰ ਬਹੁਤ ਉੱਚਾ ਕਰ ਸਕਦਾ ਹੈ। ਇਹ ਗੇਂਦ ਹੁਣ ਪ੍ਰਧਾਨ ਮੰਤਰੀ ਜੀ ਦੇ ਪਾਲੇ ਵਿਚ ਹੈ।
ਇਕ ਕੋਹਾਂ ਲੰਮੀ ਪ੍ਰਭਾਤ-ਫੇਰੀ ਜਿਹਾ ਹੋਵੇ 26 ਜਨਵਰੀ ਦਾ ਕਿਸਾਨ ਮਾਰਚ
ਹਰ ਟਰਾਲੀ ਕਿਸੇ ਉੱਚੀ ਸੁੱਚੀ ਕਦਰ ਕੀਮਤ ਨੂੰ ਸਮਰਪਿਤ ਹੋਵੇ। ਬਹਾਦਰੀ, ਪ੍ਰੇਮ, ਸੱਚ, ਬਰਾਬਰੀ, ਭਾਈਵਾਲੀ, ਕਿਰਤ ਦੀ ਕਦਰ, ਸ਼ਹਾਦਤਾਂ ਦੀ ਸ਼ਾਨ, ਪੰਜਾਬ ਦੀ, ਭਾਰਤ ਦੀ ਨਵ-ਸਿਰਜਣਾ ਦੇ ਸੁਹਣੇ ਗੀਤ ਹਵਾ ਵਿਚ ਘੁਲਦੇ ਹੋਣ। ਸੁਹਣੇ ਦ੍ਰਿਸ਼ਾਂ ਨਾਲ ਦੋਮੇਲ ਸਜਿਆ ਹੋਵੇ। ਸੁਹਣੀਆਂ ਸਤਰਾਂ ਵਾਲੇ ਬੈਨਰ ਹਵਾ ਵਿਚ ਲਹਿਰਾਉਂਦੇ ਹੋਣ।
ਲੋਕ ਕਹਿਣ ਕਈ ਸਾਲਾਂ ਬਾਅਦ
ਸਾਨੂੰ ਹਾਲੇ ਤੱਕ ਹੈ ਯਾਦ
ਆਏ ਸੀ ਏਥੇ ਕਿਰਸਾਨ
ਬੀਜ ਗਏ ਨੇ ਏਥੇ ਪਿਆਰ
ਗ਼ੈਰਤ, ਦ੍ਰਿੜਤਾ ਅਤੇ ਦਲੇਰੀ
ਬੀਜ ਗਏ ਨੇ ਸਾਂਝੀਵਾਲਤਾ
ਬੀਜ ਗਏ ਨੇ ਇਕ ਸੁਹਣੀ ਦੁਨੀਆ ਦੇ ਸੁਪਨੇ।