ਅਪੀਲ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਪੂਰਾ ਦੇਸ਼ ਕਿਸਾਨਾ/ ਜਿੰਮੀਦਾਰਾ ਸੰਕਟ ਨਾਲ ਜੂਝ ਰਿਹਾ ਹੈ।ਜੋ ਜਨ ਜਿਸਮਾਨੀ ਤੌਰ ਤੇ ਬਾਰਡਰ ਤੇ ਨਹੀਂ ਹਨ ਉਹ ਮਾਨਸਿਕ ਤੌਰ ਤੇ ਦਿੱਲੀ ਵੱਲ ਦਿਲ ਤੇ ਅੱਖਾਂ ਲਗਾਏ ਦੁਆਵਾਂ ਮੰਗ ਰਹੇ ਹਨ,ਨੀਲੀ ਛੱਤਰੀ ਵਾਲੇ ਨੂੰ ਅਰਦਾਸਾਂ ਕਰ ਰਹੇ ਹਨ,ਸੁੱਖਣਾ,ਮੰਨਤਾਂ ਸੁੱਖ ਰਹੇ ਹਨ।
ਕੁਲ ਆਲਮ ਦੀ ਨੀਤ ਤੇ ਨੀਝ ਇਸਦੀ ਜਲਦ ਸਫ਼ਲਤਾ ਵੱਲ ਲਗੀ ਹੋਈ ਹੈ।
ਸਾਡੀ ਬੇਨਤੀ ਭਰੀ ਅਪੀਲ਼ ਹੈ 'ਜੁਝਾਰਓ' ਮਰਨ ਦੀਆਂ ਸਿਫ਼ਤਾਂ ਨਾ ਕਰੋ,ਲੜਨ ਲਈ ਤਿਆਰ ਬਰ ਤਿਆਰ ਰਹੋ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਕਮਰ ਕੱਸ ਲਓ।ਸਿਆਣਿਆਂ ਨੇ ਦਸਿਆ ਸੀ-
''' ਲੜਨ ਰਾਤ ਹੋਵੇ-
ਵਿਛੜਨ ਰਾਤ ਨਾਂ ਹੋਵੇ ''॥
ਧਿਆਨ ਕਰੋ ਉਹਨਾਂ ਦਾ ਜੋ ਤੁਹਾਡੇ ਪਿਆਰੇ ਤੁਹਾਡੇ ਇੰਤਜ਼ਾਰ ਵਿੱਚ ਪਲਕਾਂ ਵਿਛਾਈ ਬੈਠੇ ਹਨ।
ਧਿਆਨ ਕਰੋ ਜੁਆਕਾਂ, ਜੁਆਨਾਂ ਦਾ ਭਵਿੱਖ ਆਪ ਜੀ ਦੀ ਸਫ਼ਲਤਾ ਤੇ ਨਿਰਭਰ ਹੈ।
ਮਰਨ ਵਾਲਾ ਤਾਂ ਅੱਧਵਾਟੇ ਛੱਡ ਆਪ ਛੁੱਟ ਜਾਂਦਾ ਹੈ ,ਪਿਛੇ ਰਹਿ ਗਏ ਪਿਆਰਿਆਂ ਨੂੰ ਇਸ ਸਵਾਰਥੀ ਨਿਜ਼ਾਮ ਤੇ ਸੌੜੀ ਸਿਆਸਤ ਦਾ ਸੰਤਾਪ ਭੋਗਣਾ ਪੈਂਦਾ ਹੈ।ਦੂਸਰੇ ਦੇਸ਼ਾਂ ਵਿੱਚ ਲਾਵਾਰਿਸ ਵੋਟਰ ਦਾ ਇਲਾਕੇ ਦਾ ਮੋਹਤਬਰ ਵਾਰਿਸ ਬਣਦਾ ਹੈ ਸਾਡੇ ਦੇਸ਼ ਵਿੱਚ ਇਲਾਕੇ ਦਾ ਨੁਮਾਇੰਦਾ ਉਸਦੇ ਰੁਪਏ ਪੇਸੇ ਸੰਪਤੀ ਤੇ ਕਬਜਾ ਕਰ ਵਾਰਸਾਂ ਨੂੰ ਵੀ ਲਾਵਾਰਿਸ ਕਰ ਛਡਦਾ ਹੈ।
ਬੇਸ਼ੱਕ ਇਹ ਪੱਲ ਅਤਿ ਸੰਕਟਮਈ ਤੇ ਅਤਿਅੰਤ ਨਿਰਾਸ਼ਾਜਨਕ ਹਨ,ਫੇਰ ਵੀ ਇਤਿਹਾਸ ਗਵਾਹ ਹੈ ਕਿ ਮਨੁੱਖਤਾ ਦੀ ਇਕਜੁੱਟਤਾ ਨੇ ਅਸਮਾਨ ਛੇਦ ਲਿਆ ਸੀ।
ਬਿਖੜੈ ਪੈਂਡੇ ਤਹਿ ਕਰਨ ਵਿੱਚ ਵਕਤ ਤਾਂ ਲਗਦਾ ਹੈ।
ਇਹ ਵੀ ਪਤਾ ਹੈ ਕਿ ਮਸ਼ਵਰੇ ਤੇ ਨਸੀਹਤਾਂ ਦੇਣੀਆਂ ਸੌਖੀਆਂ ਹਨ ਤੇ ਸ਼ੇੈਤਾਨ ਨਾਲ ਟਾਕਰਾ ਔਖਾ
ਜੰਗ ਜਿੱਤ ਕੇ ਜਦ ਸਿਪਾਹੀ ਘਰ ਆਉਣਗੇ
ਸੋਹਣੇ ਸੋਹਣੇ ਚਿਹਰਿਆਂ ਤੇ ਚੰਦ ਲਿਸ਼ਕਾਉਣਗੇ
ਵਿਹੜੇ ਵਿੱਚ ਠਾਂਠਾਂ ਮਾਰੂ ਖੁਸ਼ੀ ਸੰਸਾਰ ਦੀ
ਇਹੋ ਚਾਅ੍ਹ ਹੈ ਹਾੜੀ ਸਾਉਣੀ ਬਸੰਤ ਬਹਾਰ ਦੀ॥
ਸ਼ਹੀਦ ਭਗਤ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਸੀ,'ਇਕ ਭਗਤ ਮਰੇਗਾ ਹਜਾਰਾਂ ਪੈਦਾ ਹੋਣਗੇ। ਫਿਰ ਕੋਈ ਭਗਤ ਸਿੰਘ ਪੈਦਾ ਹੀ ਨਹੀਂ ਹੋਣ ਦਿੱਤਾ ਗਿਆ।1984 ਤੋਂ 92 ਤੱਕ ਸਵਾ ਲੱਖ ਜੁਆਨਾਂ ਦਾ ਘਾਣ ਕੀਤਾ ਗਿਆ ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋਣਾ।ਤੇ ਹੁਣ ਤੁਸੀਂ
1984 ਦੀ ਸਿੱਖ ਨਸਲਕੁਸ਼ੀ ਦੇ ਜਖ਼ਮ ਅਜੇ ਕਿਥੇ ਭਰੇ ਨੇ?
ਸ੍ਰਿੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ-;ਚਾਰ ਮੋਇ ਤੋ ਕਿਆ ਹੂਆ ਜਬ ਜੀਵਿਤ ਕਈ ਹਜਾਰ'
ਸੁਭਾਸ਼ ਚੰਦਰ ਬੋਸ ਨੇ ਕਿਹਾ,'' ਤੁਸੀ ਮੈਨੂੰ ਖੁਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ'ਉਸਨੂੰ ਮਰਵਾ ਦਿੱਤਾ ਗਿਆ।ਨਾਮ ਦੇ ਸੁਭਾਸ਼ ਤਾਂ ਬਹੁਤ ਹੋਏ ਪਰ ਆਜ਼ਾਦ ਹਿੰਦ ਫੋਜ ਦਾ ਸਰਬਰਾਹ ਕੋਈ ਨਾ ਹੋਇਆ।ਸੁਖਦੇਵ,ਰਾਜਗੁਰੂ,ਬਿਸਮਿਲ ਖਾਨ ਮਦਨ ਲਾਲ ਢੀਂਗਰਾ,ਉਧਮ ਸਿੰਘ,ਕਰਤਾਰ ਸਿੰਘ ਸਰਾਭਾ ਦੁੱਲਾ ਭੱਟੀ ਬਾਬਾ ਸੋਹਣ ਸਿੰਘ ਭਕਨਾ,ਸ਼ਾਮ ਸਿੰਘ ਅਟਾਰੀ ਅੇਸੇ ਅਨੇਕਾਂ ਹੀ ਨਾਮ ਹਨ ਜੋ ਕਿਤਾਬਾਂ ਵਿੱਚ ਹੀ ਦਫ਼ਨ ਹਨ।
ਰਾਜ ਕਰੇ ਮਹਿਲੋਂ ਮੇਂ ਮਕਾਰੀ,ਦਰ ਦਰ ਫਿਰੇ ਸਚਾਈ ਬਨ ਕੇ ਭਿਖਾਰੀ-
ਅੰਤਿਕਾ---
1 ਨ੍ਹੇਰੀਆਂ ਨੂੰ ਜੇ ਭੁਲੇਖਾ ਹੈ ਨ੍ਹੇਰੇ ਪਾਉਣ ਦਾ
ਨ੍ਹੇਰੀਆਂ ਨੂੰ ਰੋਕ ਪਾਉਂਦੇ ਰਹੇ ਨੇ ਲੋਕ
ਜਿੰਦਗੀ ਦਾ ਜਦੋਂ ਕਦੇ ਅਪਮਾਨ ਕੀਤਾ ਹੈ ਕਿਸੇ
ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ
ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਿ ਤੋਂ
ਜੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ'ਪਾਸ਼'
2 ਨੇਰ੍ਹੇ ਨੂੰ ਹੁਣ ਦੋਸਤਾ,ਉਸ ਦਿਨ ਵਿੱਚ ਕਿਦਾਂ ਥਾਂ ਮਿਲੂ
ਹੋ ਗਿਆ ਹੈ ਜੋ ਉਮਰ ਭਰ ਲਈ ਰੌਸ਼ਨੀ ਦੇ ਰੂਬਰੂ
ਫਸਲ ਰੀਝਾਂ ਵਾਲੜੀ ਫਿਰ ਵੇਖਣਾ ਲਹਿਰਾਏਗੀ
ਦਿਲ ਦੇ ਸੁੰਨੇ ਖੇਤ ਨੂੰ ਤੂੰ ਕਰ ਨਦੀ ਦੇ ਰੂਬਰੂ---ਸੁਰਜੀਤ ਯੁ,ਅੇਸ, ਏ.
ਇਕ ਬੇਨਤੀ ਸੁਸਰੀ ਨੂੰ ਘੁਣ ਨੂੰ ਚਿੜੀਆਂ ਨੂੰ ਕਾਵਾਂ ਨੂੰ ਮੱਝੀਆਂ ਗਾਵਾਂ ਨੂੰ ਤੇ ਪੂਰੀ ਚੁਰਾਸੀ ਨੂੰ ਕਿਰਪਾ, ਤੋਨੋਂ ਮਨੋਂ ਜਿੰਮੀੰਦਾਰਾਂ ਕਿਸਾਨਾਂ ਦਾ ਸਾਥ ਦਿਓ ਜੇ ਜਮੀਨ ਨਹੀਂ ਤਾਂ ਜੀਵਨ ਨਹੀਂ॥ਂ
ਤੇ ਆਓ ਮਿਲ ਕੇ ਦੁਆ ਕਰੀਏ ਰੱਬ ਸੋਹਣੇ ਨੂੰ ਇਹ ਔਖੀ ਘੜੀ ਜਲਦੀ ਗੁਜਰ ਜਾਏ।
ਰਣਜੀਤ ਕੌਰ ਗੁੱਡੀ ਤਰਨ ਤਾਰਨ