'ਕਿਥੇ ਹੈ ਉਹ ਲੋਕਤੰਤਰ' ਜਿਸਦੀ ਦੁਹਾਈ ਦਿੱਤੀ ਜਾਂਦੀ ਏ? - ਜਸਵੰਤ ਸਿੰਘ 'ਅਜੀਤ'
ਬੀਤੇ ਦਿਨੀਂ ਅਚਾਨਕ ਹੀ ਇੱਕ ਅਜਿਹੀ ਮਹਿਫਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ਦੇਸ਼ ਦੇ ਵਰਤਮਾਨ ਹਾਲਾਤ ਪੁਰ ਵਿਚਾਰ ਚਰਚਾ ਕੀਤੀ ਜਾ ਰਹੀ ਸੀ। ਜਿਸ ਸਮੇਂ ਉਸ ਮਹਿਫਲ ਵਿੱਚ ਪੁਜੇ ਉਸ ਸਮੇਂ ਇੱਕ ਸਜੱਣ ਕਹਿ ਰਹੇ ਸਨ ਕਿ ਦੇਸ਼ ਦੇ ਰਾਜ-ਭਾਗ ਦੀ ਮਾਲਕ ਬਣੀ, ਭਾਰਤੀ ਜਨਤਾ ਪਾਰਟੀ ਦਾ ਅੱਜ ਉਹ ਸਰੂਪ ਵਿਖਾਈ ਨਹੀਂ ਦੇ ਰਿਹਾ, ਜੋ ਪਾਰਟੀ ਦੇ ਸਾਰੇ ਸੀਨੀਅਰ ਅਤੇ ਜੂਨੀਅਰ ਆਗੂਆਂ ਨੂੰ ਨਾਲ ਸਨਮਾਨ-ਪੂਰਬਕ ਲੈ ਕੇ ਚਲਣ ਪੁਰ ਅਧਾਰਤ ਹੁੰਦਾ ਸੀ। ਹੁਣ ਤਾਂ ਸਾਰੇ ਸੀਨੀਅਰ ਆਗੂਆਂ, ਜੋ ਕਿਸੇ ਸਮੇਂ ਪਾਰਟੀ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਸਨ, ਨੂੰ ਕਿਨਾਰੇ ਕਰ, ਇੱਕ ਤਰ੍ਹਾਂ ਨਾਲ ਬੇਲੋੜੇ 'ਕਬਾੜ' ਵਿੱਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜਕਲ ਤਾਂ ਚਰਚਾ ਇਹ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਪਾਰਟੀ ਵਿੱਚ ਵਿਰੋਧੀ ਸੋਚ, ਭਾਵੇਂ ਉਹ ਉਸਾਰੂ ਹੀ ਕਿਉਂ ਨਾ ਹੋਵੇ, ਨੂੰ ਉਭਰਨ ਨਹੀਂ ਦਿੱਤਾ ਜਾਂਦਾ। ਇੱਕ 'ਵਿਅਕਤੀ' ਨੇ ਪ੍ਰਧਾਨ ਮੰਤਰੀ ਬਣ, ਸਾਰੀ ਸਰਕਾਰੀ ਸੱਤਾ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰ ਲਈ ਹੋਈ ਹੈ। ਪਾਰਟੀ ਵਿਚੋਂ ਰਿਸ ਕੇ ਆ ਰਹੀਆਂ ਖਬਰਾਂ ਵਿੱਚ ਤਾਂ ਇਹ ਵੀ ਦਸਿਆ ਜਾ ਰਿਹਾ ਹੈ ਕਿ ਵਿਖਾਵੇ ਵਜੋਂ ਸਰਕਾਰ ਵਿੱਚ ਵੱਖ-ਵੱਖ ਜ਼ਿਮੇਂਦਾਰੀਆਂ ਨਿਭਾਉਣ ਲਈ ਮੰਤਰੀਆਂ ਦੇ ਇੱਕ ਸਮੂਹ ਦੇ ਰੂਪ ਵਿੱਚ, ਇੱਕ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਹੋਇਆ ਹੈ, ਜਿਸ ਵਿੱਚ ਸ਼ਾਮਲ ਮੰਤਰੀ ਪ੍ਰਤੱਖ ਰੂਪ ਤਾਂ ਵਿੱਚ ਆਪੋ-ਆਪਣੇ ਵਿਭਾਗ ਦੇ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਜ਼ਿਮੇਂਦਾਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਲਈ ਉਹ ਪ੍ਰਧਾਨ ਮੰਤਰੀ ਅਤੇ ਦੇਸ਼-ਵਾਸੀਆਂ ਸਾਹਮਣੇ ਜਵਾਬਦੇਹ ਹਨ। ਪ੍ਰੰਤੂ ਦਸਿਆ ਤਾਂ ਇਹ ਜਾ ਰਿਹਾ ਹੈ ਕਿ ਅਪ੍ਰਤੱਖ ਰੂਪ ਵਿੱਚ ਸਮੁਚੇ ਵਿਭਾਗਾਂ ਦੇ ਮੁੱਖ ਸਕਤੱਰ, ਵਿਭਾਗੀ ਕੰਮਾਂ ਲਈ ਆਪੋ-ਆਪਣੇ ਵਿਭਾਗ ਦੇ ਮੰਤਰੀਆਂ ਸਾਹਮਣੇ ਨਹੀਂ, ਸਗੋਂ ਪ੍ਰਧਾਨ ਮੰਤਰੀ ਦੇ ਦਫਤਰ ਸਾਹਮਣੇ ਜਵਾਬ-ਦੇਹ ਹੋਣ ਦੇ ਨਾਲ ਹੀ ਉਹ ਉਥੋਂ ਆਪਣੇ ਕੰਮ ਲਈ ਹਿਦਾਇਤਾਂ ਪ੍ਰਾਪਤ ਕਰਨ ਦੇ ਪਾਬੰਧ ਹਨ।
ਇਸ ਚਲ ਰਹੀ ਵਿਚਾਰ ਚਰਚਾ ਵਿੱਚ ਇੱਕ ਸਜਣ ਨੇ ਇਸ ਵਿਚਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਾਰੀਆਂ ਗਲਾਂ ਮਨਘੜ੍ਹਤ ਹਨ। ਹਰ ਵਿਭਾਗ ਦਾ ਮੰਤਰੀ ਸੁਤੰਤਰ ਰੂਪ ਵਿੱਚ ਆਪਣਾ ਕੰਮ ਕਰ ਰਿਹਾ ਹੈ ਅਤੇ ਉਹ ਹੀ ਆਪਣੇ ਵਿਭਾਗ ਦੇ ਕੰਮ-ਕਾਜ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਅਤੇ ਲੋਕਾਂ ਸਾਹਮਣੇ ਜਵਾਬ-ਦੇਹ ਹੈ। ਇਹ ਗਲ ਬਿਲਕੁਲ ਹੀ ਗਲਤ ਅਤੇ ਬੇਬੁਨਿਅਦ ਹੈ ਕਿ ਉਹ ਕੇਵਲ ਮੁਖੌਟੇ ਹਨ 'ਤੇ ਉਨ੍ਹਾਂ ਨੂੰ ਉਹ ਹੀ ਕੁਝ ਕਰਨਾ ਅਤੇ ਕਹਿਣਾ ਹੁੰਦਾ ਹੈ, ਜੋ ਉਨ੍ਹਾਂ ਨੂੰ ਆਪਣੇ ਮੁੱਖ ਸਕਤੱਰਾਂ ਰਾਹੀਂ ਪ੍ਰਧਾਨ ਮੰਤਰੀ ਦਫਤਰ ਵਲੋਂ ਹਿਦਾਇਤਾਂ ਦੇ ਰੂਪ ਵਿੱਚ ਮਿਲਦਾ ਹੈ।
ਪਹਿਲੇ ਸੱਜਣ ਨੇ ਬੜੇ ਠਰ੍ਹਮੇਂ ਨਾਲ ਉਸਦੀ ਗਲ ਸੁਣੀ, ਪਰ ਉਸਦਾ ਕੋਈ ਜਵਾਬ ਦੇਣ ਦੀ ਬਜਾਏ, ਉਸਨੇ ਅਪਣੀ ਗਲ ਨੂੰ ਜਾਰੀ ਰਖਿਆ। ਉਸ ਦਸਿਆ ਕਿ ਬੀਤੇ ਦਿਨੀਂ ਸੰਘ ਨਾਲ ਜੁੜੇ ਇੱਕ ਨੇਤਾ ਆਪਣੀ ਅਖਬਾਰ ਲਈ ਇਸ਼ਤਿਹਾਰ ਲੈਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੇ ਇੱਕ ਹਾਈ ਪ੍ਰੋਫਾਈਲ ਵਿਭਾਗ ਵਿੱਚ ਗਏ। ਮੰਤਰੀ ਜੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਉਨ੍ਹਾਂ ਮੰਤਰੀ ਜੀ ਨੂੰ ਆਪਣੀ ਅਖਬਾਰ ਬਾਰੇ ਵਿਸਥਾਰ ਨਾਲ ਦਸਿਆ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਮਿਲਣ ਆਉਣ ਦਾ ਇਰਾਦਾ ਵੀ ਦਸਿਆ। ਪ੍ਰੰਤੂ ਮੰਤਰੀ ਜੀ ਨੇ ਜੋ ਜਵਾਬ ਉਨ੍ਹਾਂ ਨੂੰ ਦਿੱਤਾ, ਉਹ ਸੁਣ, ਉਹ ਹੈਰਾਨ-ਪ੍ਰੇਸ਼ਾਨ ਹੋ ਗਏ। ਮੰਤਰੀ ਜੀ ਨੇ ਉਨ੍ਹਾਂ ਨੂੰ ਦਸਿਆ ਕਿ ਇਸ ਸੰਬੰਧ ਵਿੱਚ ਫੈਸਲਾ ਤਾਂ 'ਬਾਸ' ਹੀ ਕਰਨਗੇ। ਹੈਰਾਨੀ ਵਿੱਚ ਹੀ ਉਨ੍ਹਾਂ ਮੰਤਰੀ ਜੀ ਤੋਂ ਪੁਛ ਲਿਆ ਕਿ ਆਖਿਰ ਮੰਤਰੀ ਤੁਸੀਂ ਹੋ ਤਾਂ ਫਿਰ 'ਬਾਸ' ਕੌਣ ਹੋਇਆ? ਮੰਤਰੀ ਜੀ ਨੇ ਜਦੋਂ ਵਿਭਾਗ ਦੇ ਸਕਤੱਰ ਦਾ ਨਾਂ ਲਿਆ ਤਾਂ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਛ-ਪੜਤਾਲ ਕਰਨ ਤੇ ਉਨ੍ਹਾਂ ਨੂੰ ਪਤਾ ਲਗਿਆ ਕਿ ਵਿਭਾਗ ਦੇ ਸਾਰੇ ਮਹਤੱਵਪੂਰਣ ਫੈਸਲੇ ਸਕਤੱਰ ਸਾਹਿਬ ਹੀ ਕਰਦੇ ਹਨ।
ਇਸਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਸੰਬੰਧ ਵਿੱਚ, ਉਸਦੇ ਇੱਕ ਪਾਰਟੀ ਹੋਣ ਵਜੋਂ ਚਰਚਾ ਕਰਦਿਆਂ ਕਿਹਾ ਕਿ ਭਾਵੇਂ ਇਹ ਗਲ ਸਵੀਕਾਰ ਨਹੀਂ ਕੀਤੀ ਜਾਂਦੀ ਅਤੇ ਸ਼ਾਇਦ ਇਸ ਵਿਚਾਰ-ਚਰਚਾ ਵਿੱਚ ਵੀ ਸਵੀਕਾਰ ਨਾ ਕੀਤੀ ਜਾਏ, ਪ੍ਰੰਤੂ ਜੋ ਵੇਖਣ ਅਤੇ ਸੁਣਨ ਨੂੰ ਮਿਲ ਰਿਹਾ ਹੈ, ਉਸਤੋਂ ਤਾਂ ਇਹੀ ਜਾਪਦਾ ਹੈ ਕਿ ਪ੍ਰਧਾਨ ਮੰਤਰੀ (ਨਰੇਂਦਰ ਮੋਦੀ) ਨੇ ਅਮਿਤ ਸ਼ਾਹ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਪੁਰ ਬਿਠਾ, ਅਪ੍ਰਤੱਖ ਰੂਪ ਵਿੱਚ ਉਸ ਪੁਰ ਵੀ ਆਪਣਾ ਅੰਕੁਸ਼ ਲਾ ਲਿਆ ਹੋਇਆ ਹੈ।
ਆਪਣੀ ਗਲ ਖਤਮ ਕਰਦਿਆਂ ਉਨ੍ਹਾਂ ਕਿਹਾ ਕਿ ਮਿਲ ਰਹੇ ਸੰਕੇਤਾਂ ਤੋਂ ਤਾਂ ਇਹ ਵੀ ਜਾਪਦਾ ਹੈ ਕਿ ਜਿਵੇਂ ਸਰਕਾਰ, ਪਾਰਟੀ ਵਿੱਚ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਪੁਰ ਅਪ੍ਰਤੱਖ ਰੂਪ ਵਿੱਚ ਤਾਨਾਸ਼ਾਹੀ ਦਾ 'ਖੋਲ੍ਹ' ਚੜਾਅ ਦਿੱਤਾ ਗਿਆ ਹੈ, ਜਿਸ ਕਾਰਣ ਸਰਕਾਰ ਅਤੇ ਪਾਰਟੀ ਅੰਦਰ ਜੋ ਕੁਝ ਪਕ ਰਿਹਾ ਹੈ, ਉਸਦਾ 'ਧੂੰਅ' ਵੀ ਬਾਹਰ ਨਹੀਂ ਨਿਕਲ ਰਿਹਾ। ਉਸੇ ਅਨੁਸਾਰ, ਪ੍ਰੰਤੂ ਜਦੋਂ ਕਦੀ ਵੀ ਇਹ 'ਖੋਲ੍ਹ' ਹਟਿਆ, ਤਾਂ ਭਾਜਪਾ ਦਾ ਹਾਲ ਵੀ ਉਹੀ ਹੋ ਜਾਇਗਾ, ਜੋ ਅੱਜ ਕਾਂਗ੍ਰਸ ਦਾ ਹੋ ਰਿਹਾ ਹੈ। ਉਸ ਅਨੁਸਾਰ ਇਸਦਾ ਕਾਰਣ ਇਹ ਹੈ ਕਿ 'ਖੋਲ੍ਹ' ਹਟਣ ਬਾਅਦ ਜੋ ਲੀਡਰਸ਼ਿਪ ਸਾਹਮਣੇ ਆਇਗੀ, ਉਹ ਦਿਸ਼ਾ-ਹੀਨ, ਸ਼ਕਤੀ-ਹੀਨ ਤੇ ਸੁਤੰਤਰ ਨਿਜ ਵਿਚਾਰਾਂ ਤੋਂ ਸਖਣੀ ਹੋਵੇਗੀ। ਫਲਸਰੂਪ ਉਸਲਈ, ਉਸ ਪਾਰਟੀ ਨੂੰ ਸੰਭਾਲ ਪਾਣਾ ਬਹੁਤ ਮੁਸ਼ਕਿਲ ਹੋ ਜਾਇਗਾ, ਜੋ ਤਾਨਾਸ਼ਾਹੀ ਅਰਥਾਤ ਇੱਕ ਪੁਰਖੀ ਸੱਤਾ ਵਿੱਚ ਜੀਉਣ ਦੀ ਆਦੀ ਹੋ ਚੁਕੀ ਹੋਵੇਗੀ।
ਟਿਪੱਣੀਕਾਰ ਦੀ ਸੋਚ: ਸਮੇਂ-ਸਮੇਂ ਰਾਜਨੀਤੀ ਦੇ ਬਦਲਦੇ ਤੇਵਰਾਂ ਪੁਰ ਟਿੱਪਣੀ ਕਰਦਿਆਂ ਰਹਿਣ ਵਾਲੇ ਇੱਕ ਟਿੱਪਣੀਕਾਰ ਨੇ ਲੋਕਤੰਤਰ ਦੀ ਖੂਬੀ ਦੀ ਚਰਚਾ ਕਰਦਿਆਂ ਲਿਖਿਆ ਕਿ ਭਾਰਤੀ ਰਾਜਨੀਤੀ ਵਿੱਚ ਨਹਿਰੂ ਦਾ ਕੱਦ ਅਤੇ ਉਨ੍ਹਾਂ ਦੇ ਪ੍ਰਛਾਵੇਂ ਦਾ ਪ੍ਰਭਾਵ ਦੇਸ਼ ਭਰ ਵਿੱਚ ਅੱਜ ਵੀ ਵਿਖਾਈ ਦਿੰਦਾ ਹੈ। ਮਹਾਤਮਾ ਗਾਂਧੀ ਤੋਂ ਬਾਅਦ ਨਹਿਰੂ ਦੇਸ਼ ਦੇ ਇਕੋ-ਇੱਕ ਅਜਿਹੇ ਨੇਤਾ ਰਹੇ, ਜਿਨ੍ਹਾਂ ਦਾ ਪ੍ਰਭਾਵ ਰਾਸ਼ਟਰੀ ਅਤੇ ਅੰਤ੍ਰਰਾਸ਼ਟਰੀ ਰਾਜਨੀਤੀ ਤੋਂ ਲੈ ਕੇ ਦੇਸ ਦੇ ਸਮਾਜਕ ਤਾਣੇ-ਬਾਣੇ ਅਤੇ ਜਨਮਾਨਸ ਪੁਰ ਅੱਜ ਵੀ ਵਿਖਾਈ ਦਿੰਦਾ ਹੈ। ਨਹਿਰੂ ਤੋਂ ਬਾਅਦ ਆਈਆਂ ਸਾਰੀਆਂ ਕਾਂਗ੍ਰਸੀ ਅਤੇ ਇਥੋਂ ਤਕ ਕਿ ਗੈਰ-ਕਾਂਗ੍ਰਸੀ ਸਰਕਾਰਾਂ ਵੀ ਨਹਿਰੂ ਦੇ ਬਣਾਏ ਮਾਡਲ ਨੂੰ ਹੀ ਧਿਆਨ ਵਿੱਚ ਰਖ ਕੰਮ ਕਰਦੀਆਂ ਰਹੀਆਂ ਅਤੇ ਉਨ੍ਹਾਂ ਦਾ ਪ੍ਰਭਾਵ ਸਰਕਾਰਾਂ ਦੇ ਕੰਮ-ਕਾਜ ਦੇ ਤਰੀਕਿਆਂ ਪੁਰ ਪਿਆ ਨਜ਼ਰ ਆਉਂਦਾ ਹੈ। ਉਸ ਹੋਰ ਲਿਖਿਆ ਕਿ ਜੇ ਇਹ ਕਿਹਾ ਜਾਏ ਕਿ ਨਹਿਰੂ ਅਤੇ ਇੰਦਰਾ ਗਾਂਧੀ ਦੀ ਤਰਜ਼ ਤੇ ਹੀ ਮੋਦੀ ਇਕਲੇ ਅਜਿਹੇ ਨੇਤਾ ਹਨ ਜਿਨ੍ਹਾਂ ਆਪਣੀ ਛੱਬੀ ਅਤੇ ਪ੍ਰਭਾਵ ਦੇ ਬੂਤੇ ਰਾਜਨੀਤੀ ਵਿੱਚ ਪ੍ਰਵੇਸ਼ ਪਾਇਆ ਹੈ। ਪਰ ਸਵਾਲ ਇਹ ਹੈ ਕਿ ਮੋਦੀ ਦਾ ਜਾਦੂ ਕਦੋਂ ਤਕ ਬਣਿਆ ਰਹੇਗਾ? ਕਿਉਂਕਿ 2015 ਵਿੱਚ ਹੋਈਆਂ ਦਿੱਲੀ ਦੀਆਂ ਚੋਣਾਂ ਵਿੱਚ ਜਿਥੇ ਆਮ ਆਦਮੀ ਪਾਰਟੀ, ਉਨ੍ਹਾਂ ਦੀ ਨੱਕ ਹੇਠੋਂ ਸੱਤਾ ਹਥਿਆ ਕੇ ਲੈ ਗਈ, ਉਥੇ ਹੀ ਬਿਹਾਰ ਚੋਣਾਂ ਵਿੱਚ ਲਾਲੂ-ਨਿਤੀਸ਼ ਨੇ ਮੋਦੀ ਦਾ ਰੱਥ ਰੋਕ ਦਿੱਤਾ ਸੀ, ਭਾਵੇਂ ਬਾਅਦ ਦੀ ਰਾਜਨੀਤੀ ਨੇ ਉਥੋਂ ਦੀ ਤਸਵੀਰ ਨੂੰ ਬਦਲ ਦਿੱਤਾ, ਸੱਚ ਤਾਂ ਇਹ ਵੀ ਹੈ ਕਿ ਉਥੋਂ ਦੀ ਬਦਲੀ ਤਸਵੀਰ ਕਿਸੇ ਨੂੰ ਰਾਸ ਨਹੀਂ ਆ ਰਹੀ। ਉਸਤੋਂ ਬਾਅਦ ਆਏ ਤਮਿਲਨਾਡੂ, ਬੰਗਾਲ ਦੇ ਨਤੀਜੇ ਇਸ ਗਲ ਦਾ ਸੰਕੇਤ ਹਨ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ 2019 ਦੀਆਂ ਲੋਕਸਭਾ ਚੋਣਾਂ ਸਹਿਜ ਨਹੀਂ ਹੋਣਗੀਆਂ। ਸੰਭਵ ਹੈ ਕਿ ਨੇੜ ਭਵਿਖ ਵਿੱਚ ਹੋਣ ਜਾ ਰਹੀਆਂ ਤਿੰਨ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਵੀ ਇਸੇ ਸੰਕੇਤ ਦੀ ਪੁਸ਼ਟੀ ਕਰ ਜਾਣ।
..ਅਤੇ ਅੰਤ ਵਿਚ : ਆਏ ਦਿਨ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਪੰਜਾਬ ਦੀਆਂ ਕਈ ਅਲ੍ਹੜ ਮੁਟਿਆਰਾਂ, ਵਿਦੇਸ਼ੀ ਲਾੜਿਆਂ ਨਾਲ ਪ੍ਰਣਾਏ ਜਾਣ ਦੀ ਲਾਲਸਾ ਅਧੀਨ, ਉਨ੍ਹਾਂ ਦੀ ਸਾਜ਼ਸ਼ ਦਾ ਸ਼ਿਕਾਰ ਹੋ ਨਾ ਕੇਵਲ ਆਪਣਾ-ਆਪ ਲੁਟਾ, ਜ਼ਿੰਦਗੀ ਬਰਬਾਦ ਕਰ ਬੈਠਦੀਆਂ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਆਪਣੀ ਬੇਟੀ ਨੂੰ ਪ੍ਰਵਾਸੀ ਨਾਲ ਵਿਆਹ, ਪ੍ਰਦੇਸ ਭੇਜਣ ਦੀ ਖੁਸ਼ੀ ਸਹੇਜਣ ਲਈ, ਆਪਣਾ ਸਭ ਕੁਝ ਗੁਆ ਬੈਠਦੇ ਹਨ। ਅਜਿਹੇ ਮਾਮਲਿਆਂ ਵਿਚ ਮਦਦ ਕਰਨ ਲਈ ਭਾਵੇਂ ਕੁਝ ਜਥੇਬੰਦੀਆਂ ਅਤੇ ਲੋਕਾਂ ਵਲੋਂ ਉਦਮ ਕੀਤੇ ਜਾਂਦੇ ਹਨ। ਪਰ ਉਹ ਇਤਨੇ ਕਾਫ਼ੀ ਨਹੀਂ ਹੁੰਦੇ ਕਿ ਬਰਬਾਦੀ ਸਹੇੜ ਰਹੇ ਲੋਕਾਂ ਵਿਚ ਸੰਤੁਸ਼ਟਤਾ ਪੈਦਾ ਕਰ ਸਕਣ। ਇਸ ਸੰਕਟ ਦੇ ਲਗਾਤਾਰ ਮੰਡਰਾਉਂਦਿਆਂ ਰਹਿਣ ਦੇ ਸਬੰਧ ਵਿਚ ਜਦੋਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਵਿਚੋਂ ਉਭਰਨ ਵਿਚ ਵਿਦੇਸ਼ਾਂ ਵਿਚ ਸਥਿਤ ਗੁਰਦੁਆਰਿਆਂ ਦੇ ਪ੍ਰਬੰਧਕ ਬਹੁਤ ਹੀ ਮਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ, ਕਿ ਵਿਦੇਸ਼ਾਂ ਵਿਚਲੇ ਗੁਰਦੁਆਰੇ ਕੇਵਲ ਸਿੱਖਾਂ ਦੇ ਧਰਮ-ਅਸਥਾਨ ਹੀ ਨਹੀਂ, ਸਗੋਂ ਉਥੇ ਵਸਦੇ ਸਮੂਹ ਪੰਜਾਬੀਆਂ ਦੇ ਸਭਿਆਚਾਰਕ ਅਤੇ ਸੰਸਕ੍ਰਿਤਕ ਕੇਂਦਰ ਵੀ ਹਨ। ਜਿਥੇ ਇਕਤ੍ਰ ਹੋ, ਉਹ ਆਪਣੀਆਂ ਸੱਮਸਿਆਵਾਂ ਬਾਰੇ ਵਿਚਾਰਾਂ ਕਰਦੇ ਅਤੇ ਉਨ੍ਹਾਂ ਨਾਲ ਨਜਿਠਣ ਦੇ ਉਪਾਅ ਖੋਜਦੇ ਹਨ। ਉਨ੍ਹਾਂ ਅਨੁਸਾਰ ਜੇ ਕੋਈ ਪੰਜਾਬੀ ਕਿਸੇ ਪ੍ਰਵਾਸੀ ਨਾਲ ਆਪਣੀ ਧੀ ਵਿਆਹੁਣੀ ਚਾਹੁੰਦਾ ਹੈ ਤਾਂ, ਉਸਨੂੰ, ਜਿਸ ਦੇਸ਼ ਦੇ ਜਿਸ ਇਲਾਕੇ ਵਿਚ ਉਹ ਪ੍ਰਵਾਸੀ ਵਸਦਾ ਹੈ, ਉਸ ਇਲਾਕੇ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਪਾਸੋਂ ਸਬੰਧਤ ਵਿਅਕਤੀ ਦੇ ਸਬੰਧ ਵਿਚ ਜਾਣਕਾਰੀ ਹਾਸਿਲ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਪ੍ਰਵਾਸੀ ਧੋਖੇ ਨਾਲ ਪੰਜਾਬੋਂ ਕਿਸੇ ਮੁਟਿਆਰ ਨੂੰ ਵਿਆਹ, ਲੈ ਜਾਂਦਾ ਹੈ ਤੇ ਉਥੇ ਜਾ, ਉਸ ਨਾਲ ਮਾੜਾ ਵਿਹਾਰ ਕਰਦਾ ਹੈ ਤਾਂ, ਉਥੋਂ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪੀੜਤ ਮੁਟਿਆਰ ਦੀ ਮਦਦ ਲਈ ਅਗੇ ਆਉਣਾ ਚਾਹੀਦਾ ਹੈ। ਜਸਟਿਸ ਸੋਢੀ ਅਨੁਸਾਰ ਜੇ ਵਿਦੇਸ਼ਾਂ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧਕ ਅਜਿਹੀਆਂ ਧੋਖੇ ਦਾ ਸ਼ਿਕਾਰ ਹੋਈਆਂ ਤੇ ਹੋ ਰਹੀਆਂ ਮੁਟਿਆਰਾਂ ਦੀ ਮਦਦ ਲਈ ਅਗੇ ਆਉਣ ਅਤੇ ਗੁਨਾਹਗਾਰਾਂ ਨੂੰ ਨੱਥ ਪਾਣ ਦੇ ਉਪਰਾਲੇ ਕਰਨ ਦੀ ਜ਼ਿਮੇਂਦਾਰੀ ਸੰਭਾਲ ਲੈਣ, ਤਾਂ ਪੰਜਾਬੀ ਮੁਟਿਆਰਾਂ ਨਾਲ ਪ੍ਰਵਾਸੀਆਂ ਵਲੋਂ ਕੀਤੀਆਂ ਜਾਣ ਵਲੀਆਂ ਧੋਖੇਬਾਜ਼ੀ ਦੀਆਂ ਘਟਨਾਵਾਂ ਨੂੰ ਕਿਸੇ ਹਦ ਤਕ ਨੱਥ ਪਾਈ ਜਾ ਸਕਦੀ ਹੈ।000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085