ਕਿੱਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ - ਗੁਰਮੀਤ ਕੜਿਆਲਵੀ
ਬਹੁਤ ਉਦਾਸ ਖਬਰ ਹੈ। ਡਾ: ਤਾਰਾ ਸਿੰਘ ਸੰਧੂ ਨਹੀਂ ਰਿਹਾ। ਉਹ ਸਿਆਸਤ ਦਾ ਹੰਮਾਯੂ ਸੀ ਜਿਹੜਾ ਸਾਰੀ ਉਮਰ ਥਿੜਕਦਾ ਹੀ ਰਿਹਾ। ਕਿਧਰੇ ਵੀ ਉਸਦੇ ਪੈਰ ਨਹੀਂ ਲੱਗੇ। ਕਿਤੇ ਉਹ ਆਪ ਨਾ ਟਿਕਿਆ ਤੇ ਕਿਤੇ ਧਨਾਢ ਤੇ ਹੰਡੇ ਹੋਏ ਸਿਆਸਤੀਆਂ ਨੇ ਨਾ ਟਿਕਣ ਦਿਤਾ।
ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦਿਆਂ ਵਿਦਿਆਰਥੀ ਯੂਨੀਅਨ ਏ. ਆਈ. ਐਸ. ਐਫ. ਆਗੂ ਵਜੋਂ ਐਸਾ ਉਭਰਿਆ, ਦੇਸ਼ ਪੱਧਰ 'ਤੇ ਸਥਾਪਤ ਹੋ ਗਿਆ। ਉਹ ਧੱਕੜ ਕਿਸਮ ਦਾ ਬੰਦਾ ਸੀ। ਪ੍ਰਭਾਵਸ਼ਾਲੀ ਬੁਲਾਰਾ। ਉਸਦੀ ਕੁਰਸੀ ਸੀ. ਪੀ. ਆਈ. ਦੇ ਦਿੱਲੀ ਦਫਤਰ 'ਚ ਜਾ ਡੱਠੀ। ਇੰਦਰਜੀਤ ਗੁਪਤਾ ਤੇ ਚਤੁਰਾਰਨ ਮਿਸ਼ਰਾ ਵਰਗੇ ਕੌਮੀ ਆਗੂਆਂ ਦਾ ਨੇੜ ਬਣ ਗਿਆ। ਤਾਰਾ ਸਰਬ ਭਾਰਤ ਨੌਜਵਾਨ ਸਭਾ ਦਾ ਪ੍ਰਧਾਨ ਬਣਕੇ ਦੇਸ਼ ਦੇ ਕੋਨੇ ਕੋਨੇ ਜਾਣ ਲੱਗਾ। ਪਾਰਟੀ ਕਾਰਡ ਜੇਬ 'ਚ ਪਾਈ ਉਸਨੇ ਉੱਤਰੀ ਕੋਰੀਆ ਸਮੇਤ ਅਨੇਕਾਂ ਸਮਾਜਵਾਦੀ ਦੇਸ਼ ਗਾਹ ਮਾਰੇ। ਕਿੰਮ ਉਲ ਜੁੰਗ ਸਮੇਤ ਵੱਡੇ ਵੱਡੇ ਕੌਮਾਂਤਰੀ ਆਗੂਆਂ ਨਾਲ ਫੋਟੋਆਂ ਖਿੱਚੀਆਂ ਗਈਆਂ ਜਿਸਨੂੰ ਉਹ ਚਾਅ ਨਾਲ ਆਪਣੇ ਘਰ ਦੀ ਦੀਵਾਰ 'ਤੇ ਟੰਗੀ ਰੱਖਦਾ। ਉਸਨੇ ਉਤਰੀ ਕੋਰੀਆ ਬਾਰੇ ਬੜਾ ਵਧੀਆ ਸਫਰਨਾਮਾ "ਸੱਦੀ ਹੋਈ ਮਿਤਰਾਂ ਦੀ" ਵੀ ਲਿਖਿਆ। ਦਿੱਲੀ ਰਹਿੰਦਿਆਂ ਉਸਦਾ ਮੇਲ ਸੰਸਦ ਮੈਂਬਰਾਂ ਤੇ ਮੰਤਰੀਆਂ ਨਾਲ ਹੁੰਦਾ ਰਹਿੰਦਾ।
ਫੇਰ ਪਾਰਟੀ ਨੇ ਚੰਡੀਗੜ੍ਹ ਵੱਲ ਤੋਰ ਦਿੱਤਾ। ਲੇਖਕਾਂ ਦੀ ਸਿਰਮੌਰ ਸੰਸਥਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੀਆਂ ਚੋਣਾਂ ਲੜਾ ਦਿਤੀਆਂ। ਤਾਰੇ ਅਨੁਸਾਰ ਇਹ ਵੀ ਕੁੱਝ ਪਾਰਟੀ ਆਗੂਆਂ ਦੇ ਅੰਦਰਲੀ ਬੇਈਮਾਨੀ ਸੀ। ਉਹ ਨਹੀਂ ਸੀ ਚਾਹੁੰਦੇ ਤਾਰਾ ਪਾਰਟੀ ਦਾ ਸਕੱਤਰ ਬਣੇ। ਉਹਨਾਂ ਤਾਰੇ ਨੂੰ ਲੇਖਕਾਂ ਦੀਆਂ ਚੋਣਾਂ 'ਚ ਧੱਕ ਦਿੱਤਾ। ਤਾਰੇ ਦਾ ਲੇਖਕ ਵਜੋਂ ਕੋਈ ਕੱਦ ਨਹੀਂ ਸੀ। "ਚੌਰਸ ਕਿੱਲ" ਵਰਗੇ ਇੱਕਾ ਦੁੱਕਾ ਨਾਟਕ ਹੀ ਲਿਖੇ ਸਨ। ਜਾਂ ਅਖਬਾਰਾਂ ਵਿੱਚ ਆਰਟੀਕਲ ਸਨ। ਪਾਰਟੀ ਦੇ ਉਹ ਆਗੂ ਸੋਚਦੇ ਸਨ ਕਿ ਤਾਰੇ ਨੂੰ ਲੇਖਕਾਂ ਨੇ ਵੋਟਾਂ ਨਹੀਂ ਪਾਉਣੀਆਂ। ਇਹ ਚੋਣ ਹਾਰ ਜਾਵੇਗਾ ਤੇ ਇਸਦੇ ਨਾਲ ਹੀ ਹਾਰ ਜਾਵੇਗੀ ਉਸਦੇ ਅੰਦਰਲੀ ਵੱਡਾ ਆਗੂ ਬਨਣ ਦੀ ਚਾਹਨਾ। ਪਰ ਤਾਰਾ ਸਿੰਘ ਸੰਧੂ ਸਿਰੜੀ ਸੀ। ਚੋਣ ਜਿੱਤਣ ਲਈ ਉਸਨੇ ਪੰਜਾਬ ਦਾ ਕੋਨਾ ਕੋਨਾ ਗਾਹ ਦਿੱਤਾ। ਆਪਣੀ ਮੈਨੇਜਮੈਂਟ ਆਸਰੇ ਉਹ ਚੋਣ ਜਿੱਤ ਗਿਆ।
ਤਾਰਾ ਸਿੰਘ ਸੰਧੂ ਨੇ ਪੰਜਾਬ ਸੰਕਟ ਦੇ ਉਹਨਾਂ ਦਿਨਾਂ 'ਚ ਕੇਂਦਰੀ ਪੰਜਾਬੀ ਲੇਖਕ ਨੂੰ ਪੂਰੀ ਤਰ੍ਹਾਂ ਸਰਗਰਮ ਕਰੀ ਰੱਖਿਆ। ਸਭਾ ਦੇ ਜਨਰਲ ਸਕੱਤਰ ਰਹੇ ਡਾ. ਰਵਿੰਦਰ ਰਵੀ ਦੇ ਨਾਂ ਹੇਠ "ਰਵੀ ਪਾਸ਼ ਪੰਜਾਬੀ ਚੇਤਨਾ ਕਾਰਵਾਂ" ਸ਼ੁਰੂ ਕੀਤਾ। ਵੱਡੀਆਂ ਕਲਮਾਂ ਉਸਦੇ ਇਹਨਾਂ ਕਦਮਾਂ ਨੂੰ ਦੂਰੋਂ ਦੂਰੋਂ ਵੇਖਦੀਆਂ ਰਹਿੰਦੀਆਂ। ਜਿੰਨੇ ਲੇਖਕ--ਉੱਨੇ ਹੀ ਧੜੇ। ਤਾਰਾ ਲੇਖਕਾਂ ਅੰਦਰਲੀ ਧੜੇਬੰਦੀ ਤੋਂ ਨਿਰਾਸ਼ ਹੋ ਗਿਆ। ਦਰਅਸਲ ਇਹ ਧੜੇਬੰਦੀ ਲੇਖਕਾਂ ਅੰਦਰ ਨਹੀਂ ਸੀ, ਪਾਰਟੀਆਂ ਅੰਦਰਲੀ ਸੀ ਜੋ ਲੇਖਕਾਂ ਅੰਦਰ ਤੁਰੀ ਫਿਰਦੀ ਸੀ ਤੇ ਹੈ। ਡਾ. ਸੰਧੂ ਨੇ ਆਪਣੇ ਪ੍ਰਧਾਨ ਤੇ ਉੱਚ ਦੁਮਾਲੜੇ ਵਾਲੇ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਰਹਿਨੁਮਾਈ ਹੇਠ ਵੱਡੇ ਵੱਡੇ ਸਮਾਗਮ ਕਰ ਵਿਖਾਏ। ਜਿਵੇਂ ਕਿਵੇਂ ਉਸਨੇ ਆਪਣੀ ਜਨਰਲ ਸਕੱਤਰੀ ਨਿਭਾਅ ਦਿੱਤੀ।
ਫਿਰ ਇਕ ਦਿਨ ਤਾਰਾ ਅਖਬਾਰਾਂ ਦੀ ਮੁੱਖ ਖਬਰ 'ਚ ਚਮਕਿਆ। ਲੇਖਕਾਂ ਤੇ ਆਮ ਲੋਕਾਂ ਲਈ ਇਹ ਕੋਈ ਚੰਗੀ ਖਬਰ ਨਹੀਂ ਸੀ। ਤਾਰਾ ਸਿੰਘ ਸੰਧੂ ਵਾਇਆ ਤੇਜ ਤਰਾਰ ਆਗੂ ਜਗਮੀਤ ਸਿੰਘ ਬਰਾੜ, ਨਰਾਇਣ ਦੱਤ ਤਿਵਾੜੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਤੇ ਲੌਂਗੋਵਾਲ ਰਾਜੀਵ ਸਮਝੌਤੇ ਦੇ ਕਰਨਧਾਰ ਅਰਜਨ ਸਿੰਘ ਵਲੋਂ ਕਾਂਗਰਸ ਤੋਂ ਅੱਡ ਹੋ ਕੇ ਬਣਾਈ "ਤਿਵਾੜੀ ਕਾਂਗਰਸ" ਦੀ ਦਲਦਲ 'ਚ ਉਤਰ ਗਿਆ। ਉਦੋਂ ਪ੍ਰਕਾਸ਼ ਨੇ ਪੰਜਾਬੀ ਟ੍ਰਿਬਿਊਨ ਵਿੱਚ "ਕਿੱਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ" ਸਿਰਲੇਖ ਨਾਲ ਲੇਖ ਲਿਖਿਆ ਸੀ। ਇਹ ਤਾਰੇ ਦੇ ਮਾੜੇ ਦੌਰ ਦੀ ਸ਼ੁਰੂਆਤ ਸੀ। ਜਿਹੜਾ ਤਾਰਾ ਦੇਸ਼ ਦੀ ਰਾਜਨੀਤੀ ਦੇ ਆਕਾਸ਼ 'ਤੇ ਚਮਕਦਾ ਸੀ, ਉਹ ਹੁਣ ਸਰਮਾਏਦਾਰੀ ਦੀ ਚਕਾਚੌਂਧ ਵਿੱਚ ਆਕੇ ਉੱਕਾ ਧੁੰਦਲਾ ਹੋ ਗਿਆ ਸੀ।
ਜਿੰਨਾਂ ਸਮਿਆਂ 'ਚ ਤਾਰੇ ਨੇ ਸੀ. ਪੀ. ਆਈ. ਨੂੰ ਅਲਵਿਦਾ ਆਖੀ, ਕੇਂਦਰ 'ਚ ਹਰਦਨਹਾਲੀ ਡੋਡੇਗੌੜਾ ਦੇਵਗੌੜਾ ਦੀ ਅਗਵਾਈ 'ਚ ਸਾਂਝੇ ਮੋਰਚੇ ਦੀ ਰਲੀ ਮਿਲੀ ਸਰਕਾਰ ਬਣ ਗਈ। ਇੰਦਰਜੀਤ ਗੁਪਤਾ ਦੇਸ਼ ਦੇ ਗ੍ਰਹਿ ਮੰਤਰੀ ਬਣ ਗਏ। ਕਾਮਰੇਡ ਚਤੁਰਾਰਨ ਮਿਸ਼ਰਾ ਖੇਤੀਬਾੜੀ ਮੰਤਰੀ ਬਣੇ। ਤਾਰੇ ਦੇ ਯਾਰਾਂ 'ਚ ਅਕਸਰ ਗੱਲਾਂ ਚੱਲਦੀਆਂ, "ਜੇ ਤਾਰਾ ਪਾਰਟੀ ਨਾ ਛੱਡਦਾ, ਇੰਦਰਜੀਤ ਗੁਪਤਾ ਦਾ ਨਿੱਜੀ ਸਹਾਇਕ ਹੁੰਦਾ।" ਤਾਰਾ ਕਿਸੇ ਹੋਰ ਉੱਚੀ ਪੁਜ਼ੀਸ਼ਨ 'ਤੇ ਵੀ ਹੋ ਸਕਦਾ ਸੀ। ਇਹ ਉਹੀ ਸਮਾਂ ਸੀ ਜਦੋਂ ਮਹਿਜ਼ ਸਿੱਖ ਚਿਹਰੇ ਨੂੰ ਮੰਤਰੀ ਬਣਾਉਣ ਖਾਤਰ ਹੀ ਸ੍ ਬਲਵੰਤ ਸਿੰਘ ਰਾਮੂਵਾਲੀਆ ਨੂੰ ਦੇਵਗੌੜਾ ਸਰਕਾਰ 'ਚ ਸਮਾਜ ਭਲਾਈ ਮੰਤਰਾਲਾ ਮਿਲ ਗਿਆ ਸੀ। ਲੋਕ ਤਾਂ ਇਹ ਵੀ ਆਖਦੇ ਸਨ, "ਤਾਰਾ ਪਾਰਟੀ 'ਚ ਟਿਕਿਆ ਰਹਿੰਦਾ ਤਾਂ ਹੋ ਸਕਦਾ ਰਾਮੂੰਵਾਲੀਏ ਦੀ ਥਾਂ ਉਹੀ ਕੈਬਨਿਟ ਵਜ਼ੀਰ ਹੁੰਦਾ।" ਪਰ ਜੇ ਕਦੋਂ ਕਿਸੇ ਦੇ ਹੱਥ ਆਈ ਹੈ।
ਫਿਰ ਤਾਰਾ ਸਿੰਘ ਸੰਧੂ ਆਪਣੇ ਆਗੂ ਜਗਮੀਤ ਸਿੰਘ ਬਰਾੜ ਦੇ ਨਾਲ ਹੀ ਕਾਂਗਰਸ 'ਚ ਆ ਵੜਿਆ। ਬਰਾੜ ਨੇ ਸਰਕਾਰ 'ਚ ਆਪਣੇ ਗਰੁੱਪ ਦੇ ਹਿਸੇ ਆਉਂਦੀ ਚੇਅਰਮੈਨੀ ਕੁਲਬੀਰ ਸਿੰਘ ਸਿਧੂ ਨੂੰ ਦੁਆ ਦਿਤੀ। ਭਰਾ ਰਿਪਜੀਤ ਸਿੰਘ ਬਰਾੜ ਕੋਟ ਕਪੂਰੇ ਤੋ ਐਮ. ਐਲ. ਏ. ਬਣਾ ਲਿਆ ਸੀ। ਤਾਰਾ ਸਿੰਘ ਸੰਧੂ ਨੂੰ ਜਿਲ੍ਹਾ ਮੋਗਾ ਦੀ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਉਸਨੇ ਚੰਡੀਗੜ੍ਹ ਤੋਂ ਮੋਗੇ ਆ ਡੇਰੇ ਲਾਏ।
ਹੁਣ ਤਾਰਾ ਸੱਤਾਧਾਰੀ ਪਾਰਟੀ ਦਾ ਜਿਲ੍ਹਾ ਪ੍ਰਧਾਨ ਸੀ। ਉਸਨੇ ਮੋਗੇ 'ਚ ਪਾਰਟੀ ਦਾ ਸ਼ਾਨਦਾਰ ਦਫਤਰ ਖੋਲਿਆ। ਹਰ ਰੋਜ ਸੈਂਕੜੇ ਲੋਕ ਦਫਤਰ 'ਚ ਆਉਂਦੇ। ਤਾਰੇ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ। ਹੁਣ ਅਫਸਰਾਂ ਦੇ ਫੋਨ ਸਨ, ਕਰਮਚਾਰੀਆਂ ਦੀਆਂ ਇਧਰੋਂ ਓਧਰ ਦੀਆਂ ਬਦਲੀਆਂ ਸਨ, ਕੋਈ ਨਾ ਕੋਈ ਉਦਘਾਟਨ ਸੀ, ਕਿਸੇ ਨਾ ਕਿਸੇ ਫੰਕਸ਼ਨ ਦੀ ਪ੍ਰਧਾਨਗੀ ਸੀ, ਬੱਲੇ ਬੱਲੇ ਸੀ, ਵਾਹ ਵਾਹ ਸੀ। ਦਾਰੂ ਸੀ, ਮਹਿਫਲਾਂ ਸਨ। ਭਟਕਣਾ ਸੀ, ਤੇ ਆਲੇ ਦੁਆਲੇ ਮੌਕਾਪ੍ਰਸਤ ਯਾਰਾਂ ਦਾ ਜਮਾਵੜਾ। ਉਹ ਸਾਰਾ ਕੁੱਝ ਸੀ ਜੋ ਸਿਆਸਤ ਵਿੱਚ ਕੁਰਸੀ ਵਾਲਿਆਂ ਕੋਲ ਹੁੰਦਾ ਹੈ ਪਰ ਜੇ ਕੁੱਝ ਨਹੀਂ ਸੀ ਤਾ ਉਹ ਸੀ - ਸਥਿਰਤਾ, ਸਹਿਜਤਾ ਤੇ ਸ਼ਾਂਤੀ। ਸਿਆਸਤਦਾਨਾਂ ਵਾਂਗ ਉਸਦਾ ਧਿਆਨ ਵੀ ਜਿਲ੍ਹਾ ਪ੍ਰਧਾਨੀ ਵਾਲੀ ਕੁਰਸੀ ਬਚਾਉਣ 'ਚ ਲੱਗਾ ਰਹਿੰਦਾ। ਉਹ ਭਿੰਡਰ ਖੁਰਦ ਦੇ ਨਾ-ਮਾਤਰ ਜ਼ਮੀਨ ਵਾਲੇ ਪਰਿਵਾਰ ਦਾ ਪੁੱਤ ਸੀ। ਧਨਾਢ ਆਗੂ ਉਸਦੇ ਪੈਰ ਲੱਗਣ ਹੀ ਨਹੀਂ ਸਨ ਦੇ ਰਹੇ। ਉਹ ਅੰਦਰੋਂ ਨਿਰਾਸ਼ ਸੀ। ਕਿਤਾਬਾਂ ਵਾਲੇ ਕੋਲੋਂ ਕਿਤਾਬ ਖੁੱਸ ਗਈ ਸੀ। ਸ਼ਬਦਾਂ ਕੋਲੋਂ ਦੂਰ ਜਾਕੇ ਉਹ ਛਟਪਟਾ ਰਿਹਾ ਸੀ। ਉਹ ਸਾਹਿਤਕ ਮਹਿਫਲਾਂ ਲਈ ਸਹਿਕਣ ਲੱਗਾ। ਉਹ ਸਾਹਿਤ ਅਤੇ ਸਿਆਸਤ ਵਿੱਚ ਪੈਂਡੂਲਮ ਵਾਂਗ ਲਟਕਦਾ ਰਹਾ। ਉਹ ਸਾਹਿਤ ਨੂੰ ਮੁਹੱਬਤ ਕਰਨ ਵਾਲੀ ਰੂਹ ਸੀ ਜੋ ਸਿਆਸਤ ਦੀ ਕਦਰਹੀਣ ਭੀੜ 'ਚ ਬੇਚੈਨ ਹੋਈ ਭਟਕਦੀ ਸੀ।
ਫਿਰ ਕਾਂਗਰਸ 'ਚ ਸ੍ਰ ਜਗਮੀਤ ਸਿੰਘ ਬਰਾੜ ਦੀ ਸੱਦ ਪੁੱਛ ਘਟ ਗਈ। ਤਾਰੇ ਦੀ ਪ੍ਰਧਾਨਗੀ ਚਲੇ ਗਈ। ਆਰਥਿਕ ਪੱਖੋਂ ਤਾਂ ਉਹ ਪਹਿਲਾਂ ਹੀ ਟੁੱਟਿਆ ਹੋਇਆ ਸੀ, ਹੁਣ ਰਾਜਨੀਤਕ ਪੱਖੋਂ ਵੀ ਟੁੱਟ ਗਿਆ ਸੀ। ਵੇਲੇ ਨਾਲ ਉਸਨੇ ਆਪਣੀ ਵਫਾਦਾਰੀ ਬਦਲਣ ਦੀ ਚਾਲ ਵੀ ਖੇਡੀ ਪਰ ਸਿਆਸਤ ਵਾਲੀ ਚਿੜੀ ਨੇ ਉਸਨੂੰ ਲੜ ਨਾ ਫੜਾਇਆ। ਉਹ ਅਖਬਾਰਾਂ 'ਚ ਲੇਖ ਲਿਖਕੇ ਵੱਡੇ ਆਗੂ ਨੂੰ ਖੁਸ਼ ਕਰਨ ਦੇ ਅਸਫਲ ਯਤਨ ਕਰਦਾ ਰਿਹਾ। ਉਸਦੇ ਕੋਈ ਯਤਨ ਕਾਮਯਾਬ ਨਹੀਂ ਹੋ ਸਕੇ। ਉਸਦੇ ਹਿਸੇ ਨਾ ਪੀ. ਪੀ. ਐਸ. ਸੀ. ਦੀ ਮੈਂਬਰੀ ਆਈ, ਨਾ ਐਸ. ਐਸ. ਬੋਰਡ ਦੀ। ਉਸਨੂੰ ਤਾਂ ਜਿਲ੍ਹਾ ਪੱਧਰ ਦੀ ਕੋਈ ਚੇਅਰਮੈਨੀ ਵੀ ਨਾ ਜੁੜ ਸਕੀ। ਇਹ ਉਸਦੇ ਬੁਰੇ ਦਿਨਾਂ ਦੀ ਕੁੱਝ ਕੁੱਝ ਸ਼ੁਰੂਆਤ ਸੀ।
ਫਿਰ ਬਹੁਤ ਹੀ ਮਾੜੀਆਂ ਘਟਨਾਵਾਂ ਵਾਪਰ ਗਈਆਂ। ਉਹ ਘਟਨਾਵਾਂ ਜਿਸਦਾ ਕਿਆਸ ਮੇਰੇ ਜਿਹੇ ਲੋਕਾਂ ਨੇ ਉੱਕਾ ਹੀ ਨਹੀਂ ਸੀ ਕੀਤਾ। ਤਾਰੇ ਦੇ ਚਮਕਣ ਵਾਲੇ ਅਕਸ 'ਤੇ ਜਿਵੇਂ ਚਿੱਕੜ ਦਾ ਭਰਿਆ ਬੁੱਕ ਆ ਡਿੱਗਿਆ ਹੋਵੇ। ਆਪਣੇ ਪਰਿਵਾਰ ਨਾਲ ਉਸਦੀ ਮਹਾਂਭਾਰਤ ਚੱਲਣ ਲੱਗੀ। ਰਿਸ਼ਤਿਆਂ ਦੀ ਮਹਾਂਭਾਰਤ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਿਆ। ਅਸੀਂ ਉਦੋਂ ਹੀ ਸੋਚ ਲਿਆ ਸੀ ਕਿ ਤਾਰਾ ਟੁੱਟ ਜਾਵੇਗਾ।
ਤਾਰਾ ਸਿੰਘ ਸੰਧੂ ਯਾਰਾ ਦਾ ਯਾਰ ਸੀ। ਉਹ ਖੂਬਸੂਰਤ ਦਿਲ ਵਾਲਾ ਇਨਸਾਨ ਸੀ। ਉਹ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਬੁਲਾਰਾ ਸੀ। ਵੱਡਾ ਚਿੰਤਕ ਸੀ। ਜਥੇਬੰਦਕ ਵਿਉਂਤਬੰਦੀ ਦਾ ਮਾਹਰ। "ਹਿੰਦ ਪਾਕਿ ਮਿੱਤਰਤਾ ਮੇਲਾ" ਉਸਦੇ ਦਿਮਾਗ ਦੀ ਵਿਲੱਖਣ ਉਪਜ ਸੀ। ਉਸਨੇ ਸਰਹੱਦ 'ਤੇ ਮੇਲਾ ਲਾ ਕੇ ਵੰਡ ਵੇਲੇ ਬੇਮੌਤ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦਗਾਰ ਬਣਾਈ ਤੇ ਉਪਰ ਫੈਜ਼ ਅਹਿਮਦ ਫੈਜ਼ ਦੀ ਨਜ਼ਮ "ਜੋ ਤਾਰੀਖ ਰਾਹੋਂ ਮੇ ਮਾਰੇ ਗਏ" ਉਕਰਵਾਈ। ਉਹ ਯਾਰਾ ਲਈ ਪੁੱਲ ਬਨਣਾ ਜਾਣਦਾ ਸੀ। ਬਹੁਤ ਸਾਰੇ ਲੋਕ ਉਸਨੂੰ ਪੌੜੀ ਬਣਾਕੇ ਬਹੁਤ ਉੱਚੇ ਚੜ ਗਏ ਪਰ ਉਹ ਪੌੜੀ ਦੇ ਹੇਠਲੇ ਡੰਡੇ ਨੂੰ ਹੀ ਹੱਥ ਪਾਈ ਖੜਾ ਰਿਹਾ। ਉਹਦਾ ਸਫਰ ਉਪਰ ਤੋਂ ਹੇਠਾਂ ਵੱਲ ਦਾ ਹੈ। ਸਰਵ ਭਾਰਤ ਨੌਜਵਾਨ ਸਭਾ ਦਾ ਕੌਮੀ ਪੱਧਰ ਦਾ ਪ੍ਰਧਾਨ ਹੁੰਦਿਆਂ ਕੇਂਦਰ ਦੇ ਮੰਤਰੀਆਂ ਨਾਲ ਬੈਠਦਾ ਉੱਠਦਾ ਸੀ। ਵਿਦੇਸ਼ਾਂ ਵਿੱਚ ਪਾਰਟੀ ਡੈਲੀਗੇਟ ਵਜੋਂ ਜਾਂਦਾ ਸੀ। ਫੇਰ ਚੰਡੀਗੜ੍ਹ ਆਕੇ ਪੰਜਾਬ ਜੋਗਾ ਰਹਿ ਗਿਆ। ਲੇਖਕ ਸਭਾ ਦਾ ਜਨਰਲ ਸਕੱਤਰ ਬਣਕੇ ਪੰਜਾਬ ਦੇ ਐਮ ਐਲਿਆਂ ਤੇ ਮੰਤਰੀਆਂ ਨੂੰ ਮਿਲਣ ਗਿਲਣ ਲੱਗਾ। ਫੇਰ ਹੋਰ ਥੱਲੇ ਨੂੰ ਖਿਸਕਿਆ ਤਾਂ ਕਾਂਗਰਸ ਦੀ ਜਿਲ੍ਹਾ ਪ੍ਰਧਾਨਗੀ ਮਿਲ ਗਈ। ਇਥੇ ਉਹ ਪਿੰਡਾਂ ਦੇ ਸਰਪੰਚਾਂ ਨੂੰ ਮਿਲਣ ਲੱਗਾ।
….ਤੇ ਵਕਤ ਨੇ ਉਸਨੂੰ ਇਥੋਂ ਵੀ ਹੇਠਾਂ ਵੱਲ ਧੱਕ ਦਿੱਤਾ। ਉਹ ਪਿੰਡ ਰਹਿਣ ਲੱਗਾ। ਪਿੰਡ ਦੀ ਸੱਥ 'ਚ ਬੈਠੇ ਵਿਹਲੜ ਬੰਦੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਪਿੰਡ ਵਾਲਾ ਇਹ "ਤਾਰਾ" ਕਦੇ ਬਹੁਤ ਉੱਚਾ ਚਮਕਦਾ ਰਿਹਾ ਹੈ। ਉਹ ਦਾਰੂ ਪੀ ਕੇ ਤਾਰੇ ਨਾਲ ਜੱਬਲੀਆਂ ਮਾਰਨ ਬਹਿ ਜਾਂਦਾ। ਤਾਰਾ ਮੱਥਾ ਫੜ ਲੈਂਦਾ।
ਤਾਰਾ ਆਪਣੀ ਹੋਣੀ 'ਤੇ ਅੰਦਰ ਹੀ ਅੰਦਰ ਝੂਰਦਾ। ਉਦਾਸ ਹੋਇਆ ਆਖਦਾ, "ਆਹ ਦਿਨ ਵੀ ਵੇਖਣੇ ਸਨ ?"
ਹੁਣੇ ਉਦਾਸ ਕਰ ਦੇਣ ਵਾਲੀ ਖਬਰ ਆਈ ਹੈ--ਤਾਰਾ ਟੁੱਟ ਗਿਆ ਹੈ।
ਤਾਰਾ ਟੁੱਟਦਾ ਹੈ ਤਾਂ ਇਕ ਲੰਬੀ ਲਕੀਰ ਪਿੱਛੇ ਛੱਡ ਜਾਂਦਾ ਹੈ।