ਨਵਾਂ ਹਾਰ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ
ਦਿੱਲੀ ਦੇ ਸਿੰਘੂ ਬਾਰਡਰ ਤੇ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਧਰਨਾ ਦੇ ਰਹੇ ਸਨ। ਇਕ ਨਿੱਜੀ ਟੀ ਵੀ ਦੇ ਚੈਨਲ ਦੀ ਐਂਕਰ ਦੋ, ਤਿੰਨ ਕਿਸਾਨਾਂ ਨਾਲ ਗੱਲਬਾਤ ਕਰਨ ਪਿੱਛੋਂ ਇਕ ਚੌਥੇ ਕਿਸਾਨ , ਜਿਸ ਦੀ ਉਮਰ 50 ਤੋਂ ਵੱਧ ਜਾਪਦੀ ਸੀ, ਕੋਲ ਪਹੁੰਚ ਕੇ ਆਖਣ ਲੱਗੀ, ''ਅੰਕਲ ਜੀ, ਕੀ ਤੁਹਾਨੂੰ ਲੱਗਦਾ ਕਿ ਸਰਕਾਰ ਤਿੰਨ ਖੇਤੀ ਕਨੂੰਨ ਰੱਦ ਕਰ ਦੇਵੇਗੀ?''
''ਧੀਏ, ਮੈਂ ਆਪਣਾ ਪਰਿਵਾਰ ਛੱਡ ਕੇ ਸਰਕਾਰ ਵੱਲੋਂ ਲਾਈਆਂ ਰੋਕਾਂ ਨੂੰ ਪਾਰ ਕਰਕੇ ਆਪਣੇ ਸਾਥੀਆਂ ਨਾਲ ਇਸ ਬਾਰਡਰ ਤੇ ਪੁੱਜਾ ਆਂ। ਘਰੋਂ ਤੁਰਨ ਤੋਂ ਪਹਿਲਾਂ ਮੈਂ ਤੇਰੀ ਆਂਟੀ ਨੂੰ ਇਕ ਨਵਾਂ ਹਾਰ ਦੇ ਕੇ ਆਇਆ ਆਂ ਤੇ ਇਹ ਕਹਿ ਕੇ ਆਇਆ ਆਂ ਕਿ ਜੇ ਮੈਂ ਤਿੰਨੇ ਖੇਤੀ ਕਨੂੰਨ ਰੱਦ ਕਰਵਾ ਕੇ ਘਰ ਜੀਂਦਾ ਆ ਗਿਆ, ਤਾਂ ਇਹ ਹਾਰ ਮੇਰੇ ਗਲ 'ਚ ਪਾ ਦੇਵੀਂ ਤੇ ਜੇ ਕਿਤੇ ਮੈਂ ਸ਼ਹੀਦ ਹੋ ਗਿਆ, ਤਾਂ ਇਹ ਹਾਰ ਮੇਰੇ ਫੋਟੋ ਦੇ ਪਾ ਦੇਵੀਂ।''ਚੌਥੇ ਕਿਸਾਨ ਨੇ ਆਖਿਆ।
''ਅੰਕਲ ਜੀ, ਜਿਸ ਧਰਨੇ 'ਚ ਤੁਹਾਡੇ ਵਰਗੇ ਦ੍ਰਿੜ੍ਹ ਇਰਾਦੇ ਵਾਲੇ ਆਏ ਹੋਣ, ਉਹ ਧਰਨਾ ਜ਼ਰੂਰ ਜਿੱਤ ਵੱਲ ਵਧੇਗਾ। ਆਂਟੀ ਤੁਹਾਡੇ ਗਲ 'ਚ ਜ਼ਰੂਰ ਹਾਰ ਪਾਏਗੀ।''ਨਿੱਜੀ ਟੀ ਵੀ ਦੇ ਚੈਨਲ ਦੀ ਐਂਕਰ ਦੇ ਮੂੰਹੋਂ ਆਪ ਮੁਹਾਰੇ ਇਹ ਸ਼ਬਦ ਨਿਕਲ ਗਏ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554