ਕਿੱਥੇ ਗਈ ਉਹ ਧੜਕਦੀ ਜ਼ਿੰਦਗੀ - ਗੁਰਬਚਨ ਜਗਤ
ਅੱਜ ਮੈਂ ਸੋਚਦਾ ਹਾਂ ਕਿ ਨੱਬੇਵਿਆਂ ਦੇ ਅਖੀਰ ’ਚ ਜੰਮੂ ਕਸ਼ਮੀਰ ਵਿਚ ਵਾਪਰੀਆਂ ਕੁਝ ਘਟਨਾਵਾਂ ਦਾ ਚੇਤਾ ਕਰਾਂ ਜਦੋਂ ਮੈਂ ਉੱਥੇ ਡੀਜੀਪੀ ਵਜੋਂ ਤਾਇਨਾਤ ਸਾਂ। ਜਦੋਂ ਵੀ ਕਦੇ ਕੋਈ ਗੰਭੀਰ ਅਤਿਵਾਦੀ ਅਪਰਾਧ ਵਾਪਰਦਾ ਤਾਂ ਮੈਂ ਅਕਸਰ ਵਾਰਦਾਤ ਵਾਲੀ ਜਗ੍ਹਾ ਜਾਇਆ ਕਰਦਾ ਸੀ। ਮੈਂ ਆਮ ਤੌਰ ’ਤੇ ਰਾਜ ਦੇ ਹੈਲੀਕਾਪਟਰ ਰਾਹੀਂ ਸਫ਼ਰ ਕਰਦਾ ਸੀ ਤੇ ਫਿਰ ਗੱਡੀ ਰਾਹੀਂ ਘਟਨਾ ਸਥਲ ’ਤੇ ਪਹੁੰਚਦਾ ਸੀ ਕਿਉਂਕਿ ਜੰਮੂ ਕਸ਼ਮੀਰ ਵਿਚ ਭੂਗੋਲਿਕ ਫ਼ਾਸਲੇ ਬਹੁਤ ਜ਼ਿਆਦਾ ਹਨ ਤੇ ਸਮੇਂ ਸਿਰ ਪਹੁੰਚਣ ਵਿਚ ਬਹੁਤ ਕਠਿਨਾਈ ਹੁੰਦੀ ਸੀ। ਹੈਲੀਕਾਪਟਰ ਰਸਤੇ ਸਫ਼ਰ ਨਾਲ ਰੂਟ ’ਤੇ ਸੁਰੱਖਿਆ ਨਫ਼ਰੀ ਤਾਇਨਾਤ ਕਰਨ ਦੀ ਲੋੜ ਘੱਟ ਪੈਂਦੀ ਸੀ ਤੇ ਜੋਖ਼ਮ ਵੀ ਘੱਟ ਹੁੰਦਾ ਸੀ। ਰਾਜੌਰੀ ਨੇੜਲੇ ਇਕ ਪਿੰਡ ਵਿਚ ਅਪਰਾਧ ਦੀ ਸੰਗੀਨ ਘਟਨਾ ਵਾਪਰ ਗਈ ਅਤੇ ਮੈਂ ਹੈਲੀਕਾਪਟਰ ਰਾਹੀਂ ਪਿੰਡ ਪਹੁੰਚਿਆ। ਮੇਰਾ ਸਟਾਫ ਅਫ਼ਸਰ (ਐੱਸਓ) ਮੇਰੇ ਨਾਲ ਸੀ ਅਤੇ ਹੈਲੀਪੈਡ ਤੋਂ ਥੋੜ੍ਹੀ ਦੂਰ ਪਿੰਡ ਸੀ। ਅਸੀਂ ਪਿੰਡ ਪਹੁੰਚੇ ਅਤੇ ਪਹਿਲਾਂ ਤੋਂ ਹੀ ਉੱਥੇ ਮੌਜੂਦ ਪੁਲੀਸ ਸਟੇਸ਼ਨ ਦੇ ਸਟਾਫ ਨਾਲ ਪਿੰਡ ਦੇ ਲੋਕਾਂ ਨੂੰ ਮਿਲੇ। ਰਾਜੌਰੀਓਂ ਚੱਲਣ ਤੋਂ ਪਹਿਲਾਂ ਹੀ ਮੈਂ ਆਪਣੇ ਸਟਾਫ ਅਫ਼ਸਰ ਨੂੰ ਕਹਿ ਦਿੱਤਾ ਸੀ ਕਿ ਪਿੰਡ ਦੇ ਦੌਰੇ ਤੋਂ ਬਾਅਦ ਪੁਲੀਸ ਲਾਈਨਜ਼ ਵਿਚ ਮੁਕਾਮੀ ਅਫ਼ਸਰਾਂ ਨਾਲ ਮੀਟਿੰਗ ਰੱਖੀ ਜਾਵੇ।
ਖਿਆਲ ਇਹ ਸੀ ਕਿ ਮੁਕਾਮੀ ਅਪਰਾਧ ਦੀ ਸਥਿਤੀ ਬਾਰੇ ਚਰਚਾ ਕਰ ਲਈ ਜਾਵੇ। ਹੈਲੀਪੈਡ ਪੁਲੀਸ ਲਾਈਨਜ਼ ਦੇ ਬਿਲਕੁਲ ਨੇੜੇ ਸੀ, ਪਰ ਵਾਪਸੀ ’ਤੇ ਜਦੋਂ ਅਸੀਂ ਪੁਲੀਸ ਲਾਈਨਜ਼ ਵੱਲ ਜਾ ਰਹੇ ਸਾਂ ਤਾਂ ਮੈਂ ਆਪਣੇ ਐੱਸਓ ਨੂੰ ਚਾਣਚੱਕ ਆਖਿਆ ਕਿ ਮੈਂ ਮੀਟਿੰਗ ਨਹੀਂ ਕਰਨਾ ਚਾਹੁੰਦਾ ਤੇ ਸਿੱਧਾ ਹੈਲੀਪੈਡ ਵੱਲ ਚੱਲਿਆ ਜਾਵੇ। ਐੱਸਓ ਨੇ ਧਿਆਨ ਦਿਵਾਇਆ ਜੋ ਸਹੀ ਵੀ ਸੀ ਕਿ ਅਫ਼ਸਰ ਪਹੁੰਚ ਚੁੱਕੇ ਹਨ ਅਤੇ ਮੀਟਿੰਗ ਲਈ ਕੁਝ ਕੁ ਮਿੰਟ ਲੱਗਣਗੇ, ਪਰ ਮੈਂ ਨਾ ਮੰਨਿਆ ਤੇ ਅਸੀਂ ਹੈਲੀਪੈਡ ਵੱਲ ਹੋ ਲਏ। ਹੈਲੀਕਾਪਟਰ ਜਦੋਂ ਉੱਡਣ ਵਾਲਾ ਹੀ ਸੀ ਕਿ ਪੁਲੀਸ ਲਾਈਨਜ਼ ਵਿਚ ਧਮਾਕਾ ਹੋਇਆ। ਪੁੱਛਣ ’ਤੇ ਪਤਾ ਚੱਲਿਆ ਕਿ ਦਫ਼ਤਰ ਵਿਚ ਧਮਾਕਾ ਹੋਇਆ ਹੈ ਜਿੱਥੇ ਮੀਟਿੰਗ ਹੋਣ ਵਾਲੀ ਸੀ ਤੇ ਧਮਾਕਾ ਉਸ ਕੁਰਸੀ ਦੇ ਨੇੜੇ ਹੋਇਆ ਜਿੱਥੇ ਮੈਂ ਬੈਠਣਾ ਸੀ। ਚੰਗੇ ਭਾਗੀਂ ਅਫ਼ਸਰ ਕਮਰੇ ਦੇ ਬਾਹਰ ਖੜ੍ਹੇ ਉਡੀਕ ਕਰ ਰਹੇ ਸਨ ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਕਰਕੇ ਸਾਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰ ਦੁਬਾਰਾ ਉਤਾਰਨ ਦੀ ਲੋੜ ਨਾ ਪਈ। ਤਜਰਬੇ ਤੋਂ ਅਸੀਂ ਇਹ ਵੀ ਸਿੱਖ ਗਏ ਸਾਂ ਕਿ ਇਹੋ ਜਿਹੇ ਮੌਕਿਆਂ ’ਤੇ ਦੂਜੇ ਧਮਾਕੇ ਦੇ ਵੀ ਆਸਾਰ ਹੁੰਦੇ ਹਨ। ਸੋ, ਕੀ ਇਹ ਮਹਿਜ਼ ਸਬੱਬ ਸੀ? ਇਹ ਕੋਈ ਛੇਵੀਂ ਗਿਆਨ ਇੰਦਰੀ ਦਾ ਕਮਾਲ ਸੀ ਜਾਂ ਫਿਰ ਕੋਈ ਦੈਵੀ ਦਖ਼ਲ? ਤੁਸੀਂ ਭਾਵੇਂ ਇਸ ਨੂੰ ਕੁਝ ਵੀ ਆਖੋ, ਪਰ ਬਹੁਤ ਸਾਰੇ ਪੁਲੀਸ ਤੇ ਹਥਿਆਰਬੰਦ ਦਸਤਿਆਂ ਦੇ ਕਰਮੀਆਂ ਨੂੰ ਇਹੋ ਜਿਹੇ ਤਜਰਬੇ ਹੋਏ ਹਨ। (ਬਾਅਦ ਵਿਚ ਇਸ ਕੇਸ ਦੀ ਪੜਤਾਲ ਕੀਤੀ ਗਈ ਸੀ) ਇਸ ਘਟਨਾ ਦਾ ਮੈਂ ਇਸ ਲਈ ਜ਼ਿਕਰ ਕੀਤਾ ਹੈ ਤਾਂ ਕਿ ਪਾਠਕ ਇਹ ਸਮਝ ਸਕਣ ਕਿ ਗੜਬੜਜ਼ਦਾ ਇਲਾਕਿਆਂ ਜਿੱਥੇ ਹਰ ਰੋਜ਼ ਹਿੰਸਾ ਹੁੰਦੀ ਹੈ ਤੇ ਉਸ ਤੋਂ ਬਾਅਦ ਭਿਆਨਕ ਅਸਰ ਸਾਹਮਣੇ ਆਉਂਦਾ ਹੈ, ਵਿਚ ਕਿੰਜ ਪਤਾ ਚਲਦਾ ਹੈ ਅਤੇ ਜ਼ਿੰਦਾ ਰਹਿਣ ਤੇ ਸਫ਼ਲ ਹੋਣ ਲਈ ਕਿਵੇਂ ਪੇਸ਼ੇਵਰਾਨਾ ਮੁਹਾਰਤ ਤੇ ਰੱਬੀ ਢਾਲ ਕੰਮ ਆਉਂਦੀ ਹੈ।
ਮੈਂ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ’ਤੇ ਅਤੇ ਮੁੱਖ ਮੰਤਰੀ ਡਾ. ਫ਼ਾਰੂਕ ਅਬਦੁੱਲਾ ਦੀ ਪੂਰੀ ਸਹਿਮਤੀ ਨਾਲ ਪੰਜਾਬ ਕੇਡਰ ਤੋਂ ਡੈਪੁਟੇਸ਼ਨ ’ਤੇ ਜੰਮੂ ਕਸ਼ਮੀਰ ਗਿਆ ਸਾਂ। ਮੁੱਖ ਮੰਤਰੀ ਨੇ ਪਹਿਲੀ ਮਿਲਣੀ ’ਤੇ ਹੀ ਮੈਨੂੰ ਭਰੋਸਾ ਦਿਵਾਇਆ ਸੀ ਕਿ ਉਹ ਪੁਲੀਸ ਵਿਭਾਗ ਦੇ ਅੰਦਰੂਨੀ ਕੰਮਕਾਜ ਵਿਚ ਕੋਈ ਦਖ਼ਲ ਨਹੀਂ ਦੇਣਗੇ ਤੇ ਉਹ ਸਹਾਇਕ ਢਾਂਚੇ ਅਤੇ ਪੁਲੀਸ ਬਲ ਦੇ ਆਧੁਨਿਕੀਕਰਨ ਲਈ ਮੇਰੀ ਮਦਦ ਕਰਨਗੇ। ਇਸ ਦਾ ਮਕਸਦ ਸੀ ਜੰਮੂ ਕਸ਼ਮੀਰ ਪੁਲੀਸ ਦੀ ਮੁੜ ਉਸਾਰੀ ਕਰਨਾ ਤੇ ਉਸ ਨੂੰ ਰਾਜ ਵਿਚ ਲੁਕਵੀਂ ਜੰਗ ਅਤੇ ਦਹਿਸ਼ਤਗਰਦੀ ਦੇ ਟਾਕਰੇ ਦੇ ਯੋਗ ਬਣਾਉਣਾ। ਇਸ ਕੰਮ ਵਿਚ ਸਾਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪੂਰੀ ਮਦਦ ਮਿਲ ਰਹੀ ਸੀ। ਜੇ ਹਾਲਾਤ ਨੂੰ ਪੂਰੇ ਪ੍ਰਸੰਗ ਵਿਚ ਰੱਖ ਕੇ ਦੇਖਿਆ ਜਾਵੇ ਤਾਂ ਜੰਮੂ ਕਸ਼ਮੀਰ 90ਵਿਆਂ ਦੇ ਅਖੀਰ ਵਿਚ ਜੰਗ ਦਾ ਮੈਦਾਨ ਬਣ ਚੁੱਕਿਆ ਸੀ ਜਿਸ ਤੋਂ ਅੱਗੇ ਚੱਲ ਕੇ ਕਾਰਗਿਲ ਯੁੱਧ ਆਉਂਦਾ ਹੈ। ਮੁੱਖ ਮੰਤਰੀ ਆਪਣੇ ਬੋਲਾਂ ’ਤੇ ਖ਼ਰੇ ਉਤਰੇ ਅਤੇ ਨਾ ਹੀ ਉਨ੍ਹਾਂ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਜੀਅ ਨੇ ਕਿਸੇ ਵੀ ਮਾਮਲੇ ਵਿਚ ਕੋਈ ਦਖ਼ਲ ਦਿੱਤਾ। ਉਂਜ, ਜਦੋਂ ਉਨ੍ਹਾਂ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਸਵਾਲ ਆਉਂਦਾ ਹੈ ਤਾਂ ਕਹਾਣੀ ਵੱਖਰੀ ਸੀ। ਮੈਂ ਕਿਉਂਕਿ ਬਾਹਰਲਾ ਬੰਦਾ ਸੀ ਤੇ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਸੀ ਜਿਸ ਕਰਕੇ ਉਹ ਮੇਰੇ ਤੱਕ ਪਹੁੰਚ ਨਹੀਂ ਕਰਦੇ ਸਨ ਜਾਂ ਫਿਰ ਉਹ ਕਿਸੇ ਦੀ ਤਰਫ਼ਦਾਰੀ ਕਰਦੇ ਹੀ ਨਹੀਂ ਸਨ। ਇਸ ਨਾਲ ਮੁੱਖ ਮੰਤਰੀ ’ਤੇ ਬਹੁਤ ਜ਼ਿਆਦਾ ਦਬਾਅ ਆ ਗਿਆ ਸੀ, ਪਰ ਅਕਸਰ ਉਹ ਮੌਕਾ ਸੰਭਾਲ ਜਾਂਦੇ ਸਨ।
ਇਕ ਦਿਨ ਜਦੋਂ ਮੈਂ ਦਫ਼ਤਰ ਵਿਚ ਮੌਜੂਦ ਸਾਂ ਤਾਂ ਮੁੱਖ ਮੰਤਰੀ ਦੇ ਦਫ਼ਤਰ ਤੋਂ ਮੈਨੂੰ ਇਕ ਸੰਦੇਸ਼ ਮਿਲਿਆ ਕਿ ਉਹ ਮੈਨੂੰ ਫ਼ੌਰੀ ਮਿਲਣਾ ਚਾਹੁੰਦੇ ਹਨ। ਮੈਨੂੰ ਕੈਬਨਿਟ ਮੀਟਿੰਗ ਦਾ ਪਤਾ ਸੀ ਤੇ ਮੈਂ ਜਵਾਬ ਭਿਜਵਾਇਆ ਕਿ ਮੀਟਿੰਗ ਤੋਂ ਬਾਅਦ ਮੈਂ ਮਿਲਣ ਆ ਜਾਵਾਂਗਾ। ਪਰ ਮੈਨੂੰ ਸਿੱਧਾ ਉਸ ਕਮਰੇ ਵਿਚ ਆਉਣ ਲਈ ਕਿਹਾ ਗਿਆ ਜਿੱਥੇ ਮੀਟਿੰਗ ਚੱਲ ਰਹੀ ਸੀ। ਮੈਂ ਬਹੁਤ ਹੈਰਾਨ ਸਾਂ ਤੇ ਮੀਟਿੰਗ ਲਈ ਚੱਲ ਪਿਆ। ਕਮਰੇ ਵਿਚ ਦਾਖ਼ਲ ਹੁੰਦਿਆਂ ਹੀ ਮੈਨੂੰ ਮਾਹੌਲ ਬਹੁਤ ਠੰਢਾ ਤੇ ਮਾਤਮੀ ਮਹਿਸੂਸ ਹੋ ਰਿਹਾ ਸੀ। ਮੁੱਖ ਮੰਤਰੀ ਦਾ ਚਿਹਰਾ ਉਤਰਿਆ ਹੋਇਆ ਸੀ ਤੇ ਉਨ੍ਹਾਂ ਮੈਨੂੰ ਕੁਰਸੀ ’ਤੇ ਬੈਠਣ ਲਈ ਕਿਹਾ। ਜਿਹੜੇ ਲੋਕ ਡਾਕਟਰ ਸਾਹਿਬ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਨਾਟਕੀ ਹਾਲਾਤ ਸਿਰਜਣ ਦੇ ਬੜੇ ਸ਼ੌਕੀਨ ਹਨ ਤੇ ਆਪਣਾ ਮਨਮੁਆਫ਼ਿਕ ਮਾਹੌਲ ਪੈਦਾ ਕਰ ਲੈਂਦੇ ਸਨ। ਉਨ੍ਹਾਂ ਆਪਣੇ ਮੰਤਰੀਆਂ ਵੱਲ ਇਕ ਨਿਗਾਹ ਮਾਰੀ ਤੇ ਆਖਿਆ ਕਿ ਡੀਜੀ ਇੱਥੇ ਮੌਜੂਦ ਹਨ ਤੇ ਜੇ ਕੋਈ ਗਿਲਾ ਸ਼ਿਕਵਾ ਹੈ ਤਾਂ ਉਨ੍ਹਾਂ ਨਾਲ ਸਿੱਧੀ ਗੱਲ ਕਰਨ ਤੇ ਹਰ ਵੇਲੇ ਉਨ੍ਹਾਂ ਦੇ ਕੰਨ ਨਾ ਖਾਇਆ ਕਰਨ। ਮੰਤਰੀਆਂ ਨੇ ਰੱਜ ਕੇ ਭੜਾਸ ਕੱਢੀ, ਪਰ ਉਨ੍ਹਾਂ ਦੇ ਸਾਰੇ ਗਿਲੇ ਸ਼ਿਕਵੇ ਵੱਖ ਵੱਖ ਪੱਧਰਾਂ ’ਤੇ ਭਰਤੀ, ਨਿਯੁਕਤੀਆਂ ਅਤੇ ਤਬਾਦਲਿਆਂ ਬਾਰੇ ਸਨ। ਕਾਫ਼ੀ ਦੇਰ ਸੁਣਨ ਤੋਂ ਬਾਅਦ ਮੁੱਖ ਮੰਤਰੀ ਨੇ ਮੇਰੇ ਵੱਲ ਤੱਕਿਆ ਤੇ ਮੈਨੂੰ ਇਨ੍ਹਾਂ ਦਾ ਜਵਾਬ ਦੇਣ ਲਈ ਕਿਹਾ। ਮੈਂ ਸੰਖੇਪ ਵਿਚ ਸਮਝਾਇਆ ਕਿ ਬਹੁਤ ਸਾਫ਼ ਸੁਥਰੇ ਢੰਗ ਨਾਲ ਭਰਤੀ ਕੀਤੀ ਜਾ ਰਹੀ ਹੈ ਅਤੇ ਮੈਂ ਜ਼ਾਤੀ ਤੌਰ ’ਤੇ ਸਰਹੱਦੀ ਪਿੰਡਾਂ ਦੇ ਮੁੰਡਿਆਂ ਨੂੰ ਭਰਤੀ ਕਰਵਾਇਆ ਹੈ ਤੇ ਹਰ ਕੋਈ ਖ਼ੁਸ਼ ਹੈ (ਬਸ ਮੰਤਰੀਆਂ ਤੇ ਵਿਧਾਇਕਾਂ ਨੂੰ ਛੱਡ ਕੇ)। ਬੇਸ਼ੱਕ, ਮੰਤਰੀਆਂ, ਵਿਧਾਇਕ ਵਗ਼ੈਰਾ ਵਾਸਤੇ ਕੋਈ ਕੋਟਾ ਨਹੀਂ ਸੀ। ਇਸੇ ਤਰ੍ਹਾਂ ਨਿਯੁਕਤੀਆਂ ਤੇ ਤਬਾਦਲੇ ਵੀ ਮੈਰਿਟ ਦੇ ਆਧਾਰ ’ਤੇ ਕੀਤੇ ਜਾ ਰਹੇ ਸਨ ਅਤੇ ਅਸੀਂ ਜਿਹੋ ਜਿਹੀ ਲੜਾਈ ਲੜ ਰਹੇ ਹਾਂ ਉਸ ਵਿਚ ਕਿਸੇ ਵੀ ਕਿਸਮ ਦੀ ਦਖ਼ਲਅੰਦਾਜ਼ੀ ਦੀ ਗੁੰਜਾਇਸ਼ ਨਹੀਂ ਹੈ। ਦਹਿਸ਼ਤਗਰਦੀ ਖਿਲਾਫ਼ ਲੜਾਈ ਦਾ ਇਕ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਫੀਲਡ ਵਿਚ ਸਹੀ ਅਫ਼ਸਰਾਂ ਦੀ ਤਾਇਨਾਤੀ ਕੀਤੀ ਜਾਵੇ। ਉਹ ਅਫ਼ਸਰ ਹੌਸਲੇ, ਦੂਰਦ੍ਰਿਸ਼ਟੀ, ਰਣਨੀਤਕ ਅਤੇ ਦਾਅਪੇਚਕ ਯੋਜਨਾਬੰਦੀ ਸਮੱਰਥਾ ਦੇ ਮਾਲਕ ਹੋਣੇ ਚਾਹੀਦੇ ਹਨ ਤੇ ਸਭ ਤੋਂ ਵਧ ਕੇ ਆਪਣੇ ਜਵਾਨਾਂ ਤੇ ਸਾਥੀਆਂ ਦੀ ਅਗਵਾਈ ਕਰਨ ਦੇ ਸਮੱਰਥ ਹੋਣ। ਅਜਿਹੇ ਆਗੂ ਜੋ ਮੂਹਰੇ ਹੋ ਕੇ ਲੜ ਸਕਣ। ਇਕੱਲੇ ਇਕੱਲੇ ਅਫ਼ਸਰ ਦੀ ਮੇਰੇ ਵੱਲੋਂ ਖ਼ੁਦ ਅਤੇ ਸੀਨੀਅਰ ਪੁਲੀਸ ਅਫ਼ਸਰਾਂ ਦੀ ਇਕ ਟੀਮ ਵੱਲੋਂ ਚੋਣ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਅਸੀਂ ਖ਼ੁਦ ਸਮਝਾਇਆ ਸੀ ਤੇ ਫਿਰ ਫੀਲਡ ਵਿਚ ਪੂਰੀ ਤਰ੍ਹਾਂ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਸੀ। ਮੁੱਖ ਮੰਤਰੀ ਨੂੰ ਇਸ ਬਾਰੇ ਸਭ ਕੁਝ ਪਤਾ ਸੀ ਅਤੇ ਉਹ ਇਸ ਦੀ ਹਮਾਇਤ ਕਰਦੇ ਸਨ।
ਖ਼ੈਰ, ਮੀਟਿੰਗ ਵਿਚ ਮੇਰੀ ਗੱਲ ਸੁਣਨ ਤੋਂ ਬਾਅਦ ਮੁੱਖ ਮੰਤਰੀ ਫਿਰ ਆਪਣੇ ਮੰਤਰੀਆਂ ਵੱਲ ਮੁੜੇ ਅਤੇ ਉਨ੍ਹਾਂ ਨੂੰ ਸਮਝਾਉਣ ਦੇ ਲਹਿਜੇ ਵਿਚ ਆਖਿਆ ਕਿ ਇਸ ਡੀਜੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਭੇਜਿਆ ਸੀ ਅਤੇ ਜੇ ਦਖ਼ਲਅੰਦਾਜ਼ੀ ਕਾਰਨ ਉਹ ਨਾਕਾਮ ਸਾਬਿਤ ਹੁੰਦੇ ਹਨ ਤਾਂ ਉਨ੍ਹਾਂ (ਡੀਜੀ) ਦਾ ਕੁਝ ਨਹੀਂ ਵਿਗੜਣਾ, ਪਰ ਸਾਰਾ ਜ਼ਿੰਮਾ ਉਨ੍ਹਾਂ (ਮੰਤਰੀਆਂ) ’ਤੇ ਆਵੇਗਾ। ਤੇ ਜੇ ਕੋਈ ਦਖ਼ਲਅੰਦਾਜ਼ੀ ਨਾ ਹੋਣ ਦੀ ਸੂਰਤ ਵਿਚ ਉਹ ਨਾਕਾਮ ਰਹਿੰਦੇ ਹਨ ਤਾਂ ਸਾਰੀ ਜ਼ਿੰਮੇਵਾਰੀ ਡੀਜੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਹੋਵੇਗੀ। ਇਸ ਤੋਂ ਬਾਅਦ ਚੁੱਪ-ਚਾਂ ਫੈਲ ਗਈ ਅਤੇ ਕਿਸੇ ਨੇ ਕੋਈ ਬਹਿਸ ਨਾ ਕੀਤੀ। ਫਿਰ ਉਹ ਮੇਰੇ ਵੱਲ ਮੁੜੇ ਅਤੇ ਕਿਹਾ ਕਿ ਠੀਕ ਹੈ, ਪਰ ਨਤੀਜੇ ਆਉਣੇ ਚਾਹੀਦੇ ਹਨ। ਮੈਂ ਮੀਟਿੰਗ ਤੋਂ ਬਾਹਰ ਆਇਆ ਅਤੇ ਜਿਸ ਢੰਗ ਨਾਲ ਮੁੱਖ ਮੰਤਰੀ ਨੇ ਸਥਿਤੀ ਸੰਭਾਲੀ, ਉਸ ਤੋਂ ਮੇਰੇ ਮਨ ਵਿਚ ਉਨ੍ਹਾਂ ਦਾ ਸਤਿਕਾਰ ਹੋਰ ਵਧ ਗਿਆ।
ਅੱਜਕੱਲ੍ਹ ਜੰਮੂ ਕਸ਼ਮੀਰ ਦੇ ਸਿਆਸੀ ਮੰਚ ’ਤੇ ਕੁਝ ਨਵੇਂ ਅਦਾਕਾਰ ਛਾਏ ਹੋਏ ਹਨ। ਇਕ ਸਦੀਆਂ ਪੁਰਾਣੀ ਕਹਾਣੀ ਹੈ ਕਿ ਕੌਮਾਂ ਦਾ ਇਤਿਹਾਸ ਅਸਲ ਵਿਚ ਜੰਗਾਂ ਦਾ ਇਤਿਹਾਸ ਹੁੰਦਾ ਹੈ। ਕੁਝ ਬੰਦਿਆਂ ਨੂੰ ਹਰ ਸਮੇਂ ਨਕਸ਼ਿਆਂ ’ਤੇ ਲੀਕਾਂ ਵਾਹੁਣ ਦਾ ਝੱਲ ਹੁੰਦਾ ਅਤੇ ਆਪਣੀ ਮਰਜ਼ੀ ਲੋਕਾਂ ’ਤੇ ਥੋਪਣ ਦੇ ਆਦੀ ਹੁੰਦੇ ਹਨ। ਜੰਮੂ ਕਸ਼ਮੀਰ ਨੇ ਬਹੁਤ ਸਾਰੇ ਸ਼ਾਸਕ ਦੇਖੇ ਹਨ, ਮੁਗ਼ਲ ਸਲਤਨਤ ਕਈ ਸਦੀਆਂ ਤੱਕ ਕਾਇਮ ਰਹੀ, ਫਿਰ ਮੁਗ਼ਲਾਂ ਦੇ ਪਤਨ ਤੋਂ ਬਾਅਦ ਅਫ਼ਗਾਨ ਆਏ ਜਿਨ੍ਹਾਂ ਨੂੰ ਦਮਨ ਲਈ ਯਾਦ ਕੀਤਾ ਜਾਂਦਾ ਹੈ। ਖ਼ਾਲਸਾ ਰਾਜ ਨੇ ਅਫ਼ਗਾਨਾਂ ਦੇ ਸ਼ਾਸਨ ਤੋਂ ਮੁਕਤੀ ਦਿਵਾਈ, ਪਰ ਇਹ ਅਮਨ ਦਾ ਦੌਰ ਲੰਮਾ ਨਾ ਚੱਲ ਸਕਿਆ ਤੇ ਫਿਰ ਅੰਗਰੇਜ਼ਾਂ ਦੇ ਝੰਡੇ ਹੇਠ ਡੋਗਰਾ ਹਕੂਮਤ ਦਾ ਦੌਰ ਸ਼ੁਰੂ ਹੋਇਆ। 1947 ਵਿਚ ਕਸ਼ਮੀਰ ਨੇ ਭਾਰਤੀ ਗਣਰਾਜ ਨਾਲ ਰਲੇਵਾਂ ਕਰ ਲਿਆ। ਸਮੇਂ ਦੇ ਨਾਲ ਨਾਲ ਬਹੁਤ ਸਾਰੇ ਸ਼ਾਸਕ ਆਏ ਤੇ ਚਲੇ ਗਏ, ਪਰ ਜੋ ਗੱਲ ਯਾਦ ਕੀਤੀ ਜਾਂਦੀ ਹੈ ਉਹ ਹੈ ਹਲੀਮੀ, ਸਾਫ਼ਗੋਈ, ਖੁਸ਼ਹਾਲੀ ਜਾਂ ਫਿਰ ਵਕਤ ਦੇ ਜ਼ੁਲਮ। ਇਤਿਹਾਸ ਵਿਚ ਇਹ ਸਭ ਕੁਝ ਦਰਜ ਹੁੰਦਾ ਹੈ ਅਤੇ ਲੋਕ ਯਾਦ ਰੱਖਦੇ ਹਨ। ਹੁਣ ਉਹ ਪੀੜ੍ਹੀਆਂ ਪਰਵਾਨ ਚੜ੍ਹ ਰਹੀਆਂ ਹਨ ਜਿਨ੍ਹਾਂ ਕਸ਼ਮੀਰ ਦੇ ਸ਼ਾਲੀਮਾਰ ਤੇ ਨਿਸ਼ਾਤ, ਚਸ਼ਮੇ ਸ਼ਾਹੀ ਬਾਗ਼ਾਂ ਅਤੇ ਡੱਲ, ਵੁਲਰ ਅਤੇ ਨਾਗਿਨ ਝੀਲਾਂ ਦੀ ਖ਼ੂਬਸੂਰਤੀ ਨਹੀਂ ਦੇਖੀ ਹੋਵੇਗੀ ਤੇ ਇਨ੍ਹਾਂ ਵਿਚ ਧੜਕਦੀ ਜ਼ਿੰਦਗੀ ਦੀਆਂ ਲੱਜ਼ਤਾਂ ਨਹੀਂ ਮਾਣੀਆਂ ਹੋਣਗੀਆਂ। ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ ਕਿ ਇਨ੍ਹਾਂ ਬਾਜ਼ਾਰਾਂ ਵਿਚ ਕਿਵੇਂ ਸੈਲਾਨੀਆਂ ਦਾ ਮੇਲਾ ਲੱਗਦਾ ਸੀ ਤੇ ਧੜਾਧੜ ਕਾਰੋਬਾਰ ਚੱਲਿਆ ਕਰਦੇ ਸਨ ... ਇਹ ਸਭ ਕੁਝ ਇਤਿਹਾਸ ਦੇ ਪੰਨਿਆਂ ਅਤੇ ਲੋਕਾਂ ਦੇ ਚੇਤਿਆਂ ਵਿਚ ਦਰਜ ਹੋਵੇਗਾ। ਜਿੱਥੋਂ ਤੱਕ ਮੇਰੀ ਗੱਲ ਹੈ, ਮੈਂ ਆਪਣੇ ਸਮਿਆਂ ਦੇ ਵੱਡੇ, ਪਰ ਚੁੱਪਚਾਪ ਰਹਿਣ ਵਾਲੇ ਲੋਕਾਂ ਸੰਗ ਤੁਰਿਆ ਸਾਂ। ਉਹ ਜਾਣਦੇ ਸਨ ਕਿ ਉਹ ਕੀ ਹਨ ਅਤੇ ਉਨ੍ਹਾਂ ਗਣਰਾਜ ਦੀ ਰਾਖੀ ਲਈ ਕੀ ਕੁਝ ਕੀਤਾ ਸੀ।
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।