ਜੇ ਔਰੰਗਜ਼ੇਬ ਦਿੱਲੀ ਤਖ਼ਤ ਉੱਤੇ ਨਾ ਬੈਠਦਾ  - ਜੀ. ਐੱਸ. ਗੁਰਦਿੱਤ

ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਪਤਨੀ ਮੁਮਤਾਜ਼ ਮਹਿਲ ਤੋਂ ਕੁੱਲ 14 ਬੱਚੇ ਪੈਦਾ ਹੋਏ। ਔਰੰਗਜ਼ੇਬ, ਮੁਮਤਾਜ਼ ਦੀ ਕੁੱਖੋਂ ਜਨਮ ਲੈਣ ਵਾਲਾ ਛੇਵਾਂ ਬੱਚਾ ਸੀ। ਦਾਰਾ ਸ਼ਿਕੋਹ ਸਭ ਤੋਂ ਵੱਡਾ ਸੀ ਅਤੇ ਸਭ ਤੋਂ ਆਖ਼ਰੀ ਗੌਹਰ ਬੇਗ਼ਮ ਨਾਂ ਦੀ ਲੜਕੀ ਸੀ ਜਿਸ ਦੇ ਜਨਮ ਵੇਲੇ ਜ਼ਿਆਦਾ ਖੂਨ ਪੈਣ ਕਰਕੇ ਮੁਮਤਾਜ਼ ਦੀ ਮੌਤ ਹੋ ਗਈ। ਫਿਰ ਉਸੇ ਮੁਮਤਾਜ਼ ਦੀ ਯਾਦ ਵਿੱਚ ਸ਼ਾਹਜਹਾਂ ਨੇ ਆਗਰਾ ਵਿੱਚ ਤਾਜ ਮਹਿਲ ਬਣਵਾਇਆ ਜੋ ਅੱਜ ਦੁਨੀਆ ਦੀ ਬਹੁਤ ਹੀ ਪ੍ਰਸਿੱਧ ਇਮਾਰਤ ਹੈ ਅਤੇ ਪਿਆਰ-ਮੁਹੱਬਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੁਮਤਾਜ਼ ਦਾ ਅਸਲੀ ਨਾਮ ਆਰਜੁਮੰਦ ਬਾਨੋ ਬੇਗਮ ਸੀ ਅਤੇ ਉਹ ਨੂਰਜਹਾਂ ਦੀ ਭਤੀਜੀ ਸੀ। ਔਰੰਗਜ਼ੇਬ ਦੀਆਂ ਦੋ ਭੈਣਾਂ ਜਹਾਨ ਆਰਾ ਅਤੇ ਰੌਸ਼ਨ ਆਰਾ ਦਾ ਵੀ ਇਤਿਹਾਸ ਵਿੱਚ ਬਹੁਤ ਜ਼ਿਕਰ ਆਉਂਦਾ ਹੈ। ਦਾਰਾ ਸ਼ਿਕੋਹ ਅਤੇ ਜਹਾਨ ਆਰਾ ਦੋਵੇਂ ਹੀ ਸ਼ਾਹਜਹਾਂ ਦੇ ਸਭ ਤੋਂ ਵੱਧ ਲਾਡਲੇ ਸਨ। ਉਹਨਾਂ ਦੋਹਾਂ ਭੈਣ-ਭਰਾਵਾਂ ਦੀ ਆਪਸ ਵਿੱਚ ਵੀ ਬਹੁਤ ਬਣਦੀ ਸੀ। ਜਹਾਨ ਆਰਾ ਵੀ ਦਾਰਾ ਸ਼ਿਕੋਹ ਦਾ ਹੀ ਸਮਰਥਨ ਕਰਦੀ ਸੀ। ਭਾਵੇਂ ਕਿ ਸ਼ਾਹਜਹਾਂ ਦੀਆਂ, ਕੰਧਾਰੀ ਬੇਗ਼ਮ ਸਮੇਤ ਅੱਠ ਹੋਰ ਰਾਣੀਆਂ ਸਨ ਪਰ ਮੁਮਤਾਜ਼ ਦੀ ਮੌਤ ਤੋਂ ਬਾਅਦ ‘ਪਾਦਸ਼ਾਹ ਬੇਗ਼ਮ’ ਦਾ ਦਰਜਾ, ਕਿਸੇ ਰਾਣੀ ਨੂੰ ਦੇਣ ਦੀ ਥਾਂ ਉਸ ਦੀ ਬੇਟੀ ਜਹਾਨ ਆਰਾ ਨੂੰ ਹੀ ਦਿੱਤਾ ਗਿਆ। ਅਕਬਰ ਵੇਲੇ ਤੋਂ ਹੀ ਮੁਗ਼ਲ ਬਾਦਸ਼ਾਹਾਂ ਵਿੱਚ ਆਪਣੀਆਂ ਬੇਟੀਆਂ ਨੂੰ ਕੁਆਰੀਆਂ ਹੀ ਰੱਖਣ ਦਾ ਰਿਵਾਜ਼ ਸੀ ਤਾਂ ਕਿ ਬਾਦਸ਼ਾਹ ਦੇ ਜਵਾਈ ਤਖ਼ਤ ਦੇ ਵਾਰਸ ਬਣਨ ਦੇ ਚੱਕਰ ਵਿੱਚ ਨਾ ਪੈਣ ਕਿਉਂਕਿ ਪਹਿਲਾਂ ਹੀ ਬਾਦਸ਼ਾਹ ਦੇ ਪੁੱਤਰਾਂ ਵਿੱਚ ਤਖ਼ਤ ਵਾਸਤੇ ਖ਼ੂਨੀ ਜੰਗ ਆਮ ਹੀ ਗੱਲ ਸੀ।     
              ਦਾਰਾ ਸ਼ਿਕੋਹ ਨੂੰ ਸ਼ਾਹਜਹਾਂ ਆਪਣਾ ਅਸਲੀ ਵਾਰਸ ਸਮਝਦਾ ਸੀ ਅਤੇ ਔਰੰਗਜ਼ੇਬ ਨੂੰ ਤਾਂ ਇਸ ਮਾਮਲੇ ਵਿੱਚ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀ। ਦਾਰਾ ਸੂਫ਼ੀ ਮੱਤ ਤੋਂ ਪ੍ਰਭਾਵਿਤ ਹੋਣ ਕਰਕੇ ਉਦਾਰ ਵਿਚਾਰਾਂ ਵਾਲਾ ਵਿਦਵਾਨ ਇਨਸਾਨ ਸੀ। ਉਹ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਏਕੇ ਦਾ ਸਮਰਥਕ ਸੀ। ਉਹ ਹਿੰਦੂ ਗ੍ਰੰਥਾਂ ਵਿਚਲੇ ਫ਼ਲਸਫ਼ੇ ਵਿੱਚ ਬਹੁਤ ਰੁਚੀ ਰੱਖਦਾ ਸੀ। ਉਸਨੇ 1650 ਈਸਵੀ ਵਿੱਚ ‘ਯੋਗ ਵਸ਼ਿਸ਼ਠ’ ਅਤੇ ‘ਭਗਵਦ ਗੀਤਾ’ ਦਾ ਤਰਜਮਾ ਕੀਤਾ। 1656 ਈਸਵੀ ਵਿੱਚ ਉਸ ਨੇ ‘ਮਜਮਾ-ਉਲ-ਬਹਿਰੀਨ’ ਨਾਮਕ ਗ੍ਰੰਥ ਲਿਖਿਆ ਜਿਸ ਦਾ ਭਾਵ ਹੈ ਦੋ ਮਹਾਂਸਾਗਰਾਂ ਦਾ ਸੰਗਮ। ਇਸ ਵਿੱਚ ਉਸਨੇ ਸੂਫ਼ੀਵਾਦ ਅਤੇ ਹਿੰਦੂ ਧਰਮ ਨੂੰ ਦੋ ਮਹਾਂਸਾਗਰਾਂ ਵਜੋਂ ਵਡਿਆਇਆ। ਇਸ ਦੇ ਵਾਸਤੇ ਉਸਨੇ ਕਈ ਉਪਨਿਸ਼ਦਾਂ ਦਾ ਅਧਿਐਨ ਕੀਤਾ ਅਤੇ ਫਿਰ ਬਨਾਰਸ ਦੇ ਹਿੰਦੂ ਵਿਦਵਾਨਾਂ ਦੀ ਸਹਾਇਤਾ ਨਾਲ 1657 ਈਸਵੀ ਵਿੱਚ 50 ਉਪਨਿਸ਼ਦਾਂ ਦਾ ਸੰਸਕ੍ਰਿਤ ਤੋਂ ਫ਼ਾਰਸੀ ਵਿੱਚ ਅਨੁਵਾਦ ਕਰਵਾਇਆ। ਇਸ ਅਨੁਵਾਦਿਤ ਗ੍ਰੰਥ ਨੂੰ ਉਸਨੇ ‘ਸਿਰਰ-ਏ-ਅਕਬਰ’ (ਮਹਾਨ ਭੇਦ) ਦਾ ਨਾਮ ਦਿੱਤਾ। ਹਿੰਦੂ ਧਰਮ ਦੇ ਨਾਲ-ਨਾਲ ਉਹ ਸਿੱਖ ਧਰਮ ਨਾਲ ਵੀ ਪ੍ਰੇਮ ਰੱਖਦਾ ਸੀ। ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਨਾਲ ਵੀ ਉਸਦੇ ਬਹੁਤ ਮਧੁਰ ਸੰਬੰਧ ਸਨ।
                 ਦਾਰਾ ਸ਼ਿਕੋਹ ਜਿੰਨਾ ਵੱਡਾ ਵਿਦਵਾਨ ਸੀ, ਸ਼ਾਇਦ ਓਨਾ ਵੱਡਾ ਜਰਨੈਲ ਨਹੀਂ ਸੀ। ਇਸੇ ਲਈ ਤਖ਼ਤ ਪ੍ਰਾਪਤੀ ਦੀ ਲੜਾਈ ਵਿੱਚ ਉਹ ਔਰੰਗਜ਼ੇਬ ਵਰਗੇ ਚਤੁਰ ਜਰਨੈਲ ਤੋਂ ਮਾਰ ਖਾ ਗਿਆ। ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਦਾਰਾ ਬਹੁਤ ਘਮੰਡੀ ਹੋਣ ਕਰਕੇ ਦੂਜਿਆਂ ਦੀਆਂ ਸਲਾਹਾਂ ਘੱਟ ਹੀ ਸੁਣਦਾ ਸੀ ਜਿਸ ਕਾਰਨ ਉਹ ਦੋਸਤ-ਰਹਿਤ ਹੋ ਗਿਆ। ਇਹ ਵੀ ਹੈਰਾਨੀਜਨਕ ਗੱਲ ਹੈ ਕਿ ਹਿੰਦੂ ਧਰਮ ਦੇ ਇੰਨਾ ਨੇੜੇ ਹੋਣ ਦੇ ਬਾਵਜੂਦ, ਸ਼ਾਇਦ ਹੀ ਕਿਸੇ ਰਾਜਪੂਤ ਰਾਜੇ ਨੇ ਔਰੰਗਜ਼ੇਬ ਦੇ ਖ਼ਿਲਾਫ਼ ਉਸ ਦੀ ਸਹਾਇਤਾ ਕੀਤੀ ਹੋਵੇ। 1657 ਈਸਵੀ ਵਿੱਚ ਜਦੋਂ ਸ਼ਾਹਜਹਾਂ ਦੇ ਬਿਮਾਰ ਹੋਣ ਦੀ ਅਫ਼ਵਾਹ ਫੈਲੀ ਤਾਂ ਉਸਦੇ ਚਾਰ ਪੁੱਤਰਾਂ ਦਾਰਾ ਸ਼ਿਕੋਹ, ਸ਼ਾਹ ਸੁਜ਼ਾ, ਔਰੰਗਜ਼ੇਬ ਅਤੇ ਮੁਰਾਦ ਵਿੱਚ ਰਾਜ-ਗੱਦੀ ਲਈ ਦੌੜ ਸ਼ੁਰੂ ਹੋ ਗਈ। ਬਾਦਸ਼ਾਹ ਨੇ ਆਪਣੇ ਵੱਲੋਂ ਦਾਰਾ ਸ਼ਿਕੋਹ ਨੂੰ ਨਾਇਬ ਮੁਕਰਰ ਕਰ ਦਿੱਤਾ। ਸ਼ਾਹ ਸੁਜ਼ਾ ਨੇ ਆਪਣੇ ਆਪ ਨੂੰ ਬੰਗਾਲ ਅਤੇ ਮੁਰਾਦ ਨੇ ਆਪਣੇ ਆਪ ਨੂੰ ਗੁਜਰਾਤ ਦਾ ਸ਼ਾਸਕ ਘੋਸ਼ਿਤ ਕਰ ਦਿੱਤਾ। ਦਾਰਾ ਸ਼ਿਕੋਹ ਨੇ ਸ਼ਾਹ ਸੁਜ਼ਾ ਨੂੰ ਤਾਂ ਹਰਾ ਦਿੱਤਾ ਪਰ ਔਰੰਗਜ਼ੇਬ ਅਤੇ ਮੁਰਾਦ ਦੀਆਂ ਸਾਂਝੀਆਂ ਫੌਜਾਂ ਤੋਂ ਧਰਮੱਤ ਵਿੱਚ ਹਾਰ ਗਿਆ। ਇਸ ਤੋਂ ਬਾਅਦ ਸਾਂਝੀਆਂ ਫੌਜਾਂ ਨੇ ਦਾਰੇ ਨੂੰ ਆਗਰਾ ਨੇੜੇ ਸਾਮੂਗੜ੍ਹ ਵਿੱਚ ਦੁਬਾਰਾ ਮਾਤ ਦੇ ਦਿੱਤੀ। ਦਾਰਾ ਸ਼ਿਕੋਹ ਆਪਣੇ ਪੁੱਤਰ ਸਿਫ਼ਰ ਸ਼ਿਕੋਹ ਸਮੇਤ ਦੌੜ ਕੇ ਸਿੰਧ ਦੇ ਅਫ਼ਗ਼ਾਨ ਸਰਦਾਰ ਮਲਿਕ ਜੀਵਨ ਦੀ ਸ਼ਰਨ ਵਿੱਚ ਪਹੁੰਚ ਗਿਆ ਜਿਸ ਨੇ ਉਹਨਾਂ ਦੀ ਸਹਾਇਤਾ ਕਰਨ ਦੀ ਥਾਂ ਉਹਨਾਂ ਦੋਹਾਂ ਨੂੰ ਔਰੰਗਜ਼ੇਬ ਦੇ ਹਵਾਲੇ ਕਰ ਦਿੱਤਾ। ਜਦੋਂ ਔਰੰਗਜ਼ੇਬ ਤਖ਼ਤ ਉੱਤੇ ਕਾਬਜ਼ ਹੋ ਗਿਆ ਤਾਂ ਉਸ ਨੇ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿੱਚ ਮੁਸੰਮਨ ਬੁਰਜ ਵਿੱਚ ਕੈਦ ਕਰ ਦਿੱਤਾ ਜਿਥੇ ਉਹ ਆਪਣੀ ਮੌਤ (1666) ਤੱਕ ਕੈਦ ਰਿਹਾ। ਤਖ਼ਤਨਸ਼ੀਨੀ ਦੀ ਇਸ ਜੰਗ ਵਿੱਚ ਦੋਹਾਂ ਭੈਣਾਂ ਜਹਾਨ ਆਰਾ ਅਤੇ ਰੌਸ਼ਨ ਆਰਾ ਦਾ ਵੀ ਯੋਗਦਾਨ ਰਿਹਾ। ਜਹਾਨ ਆਰਾ ਨੇ ਦਾਰਾ ਸ਼ਿਕੋਹ ਦਾ ਸਮਰਥਨ ਕੀਤਾ ਅਤੇ ਰੌਸ਼ਨ ਆਰਾ ਔਰੰਗਜ਼ੇਬ ਦੇ ਹੱਕ ਵਿੱਚ ਡਟੀ ਰਹੀ। ਜਦੋਂ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਦਾ ਸਿਰ ਵੱਢ ਕੇ ਆਪਣੇ ਪਿਤਾ ਸ਼ਾਹਜਹਾਂ ਨੂੰ ਭੇਜਿਆ ਤਾਂ ਮੰਨਿਆ ਜਾਂਦਾ ਹੈ ਕਿ ਉਹ ਸਿਰ ਲੈ ਕੇ ਰੌਸ਼ਨ ਆਰਾ ਹੀ ਗਈ। ਇਸੇ ਕਰਕੇ ਉਹ ਅਗਲੇ ਕਈ ਸਾਲ ਔਰੰਗਜ਼ੇਬ ਦੀ ਪੱਕੀ ਸਹਿਯੋਗੀ ਰਹੀ ਅਤੇ ‘ਪਾਦਸ਼ਾਹ ਬੇਗ਼ਮ’ ਦਾ ਖਿਤਾਬ ਵੀ, ਜਹਾਨ ਆਰਾ ਤੋਂ ਖੋਹ ਕੇ ਉਸੇ ਨੂੰ ਹੀ ਦੇ ਦਿੱਤਾ ਗਿਆ। ਪਰ ਜਦੋਂ ਉਸਦਾ ਲਾਲਚ ਵਧਦਾ ਹੀ ਗਿਆ ਅਤੇ ਉਹ ਔਰੰਗਜ਼ੇਬ ਦੇ ਕਹਿਣੇ ਤੋਂ ਬਾਹਰ ਹੁੰਦੀ ਗਈ ਤਾਂ ਉਸਦੀ ਤਾਕਤ ਘਟਦੀ ਗਈ।


   
    
                  ਭਾਵੇਂ ਕਿ ਇਤਿਹਾਸ ਵਿੱਚ 'ਜੇ ਕਿਤੇ ਇੰਜ ਹੋ ਜਾਂਦਾ' ਵਰਗੇ ਸਵਾਲ ਬੜੇ ਗ਼ੈਰ-ਵਾਜਬ ਜਿਹੇ ਹੀ ਲੱਗਦੇ ਹਨ ਫਿਰ ਵੀ ਮਨ ਵਿੱਚ ਵਿਚਾਰ ਉਪਜਦਾ ਹੈ ਕਿ ਜੇ ਕਿਤੇ ਰਾਜ-ਗੱਦੀ ਪ੍ਰਾਪਤੀ ਦੀ ਜੰਗ ਵਿੱਚ ਔਰੰਗਜ਼ੇਬ ਦੀ ਥਾਂ ਦਾਰਾ ਸ਼ਿਕੋਹ ਜਿੱਤ ਜਾਂਦਾ ਤਾਂ ਭਾਰਤ ਦਾ ਇਤਿਹਾਸ ਕਿਹੋ ਜਿਹਾ ਹੁੰਦਾ? ਜਿਹੋ-ਜਿਹਾ ਉਸਦਾ ਸੁਭਾਅ ਸੀ, ਇਹ ਤਾਂ ਹੋ ਨਹੀਂ ਸੀ ਸਕਦਾ ਕਿ ਉਸਦੇ ਰਾਜ ਵਿੱਚ ਹਿੰਦੂਆਂ ਦੇ ਮੰਦਿਰ ਢਹਿੰਦੇ। ਜਿਹੋ-ਜਿਹਾ ਉਹ ਵਿਦਵਾਨ ਸੀ, ਕੀ ਉਹ ਭਾਰਤੀ ਇਤਿਹਾਸ ਦਾ ਦੂਜਾ ਅਕਬਰ ਸਾਬਤ ਨਾ ਹੁੰਦਾ? ਨਾ ਤਾਂ ਮੁਗ਼ਲਾਂ ਦੀ ਮਰਾਠਿਆਂ ਨਾਲ ਅਤੇ ਨਾ ਹੀ ਸਿੱਖਾਂ ਨਾਲ ਦੁਸ਼ਮਣੀ ਪੈਂਦੀ। ਔਰੰਗਜ਼ੇਬ ਨੇ ਦੱਖਣ ਭਾਰਤ ਨੂੰ ਜਿੱਤਣ ਦੀ ਲਾਲਸਾ ਵਿੱਚ ਮੁਗ਼ਲ ਸਾਮਰਾਜ ਨੂੰ ਭਾਰੀ ਆਰਥਿਕ ਖੋਰਾ ਲਾਇਆ। ਇਸੇ ਕਾਰਨ ਅੱਗੇ ਜਾ ਕੇ ਉੱਤਰ ਭਾਰਤ ਉੱਤੇ ਵੀ ਅੰਗਰੇਜ਼ਾਂ ਦਾ ਕਬਜ਼ਾ ਬੜੇ ਹੀ ਆਰਾਮ ਨਾਲ ਹੋ ਗਿਆ। ਜੇਕਰ ਦਾਰਾ ਸਮਰਾਟ ਬਣਦਾ ਤਾਂ ਅਗਲੇ ਸਮਿਆਂ ਵਿੱਚ ਉੱਤਰ ਵਿੱਚ ਮੁਗ਼ਲ ਅਤੇ ਦੱਖਣ ਵਿੱਚ ਮਰਾਠੇ ਅਤੇ ਨਿਜ਼ਾਮ ਵੱਡੀਆਂ ਤਾਕਤਾਂ ਵਜੋਂ ਅੰਗਰੇਜ਼ਾਂ ਨਾਲ ਮੱਥਾ ਲਾਉਂਦੇ। ਫਿਰ ਕੀ ਅੰਗਰੇਜ਼ ਪੂਰੇ ਭਾਰਤ ਉੱਤੇ ਇੰਜ ਕਾਬਜ਼ ਹੋ ਸਕਦੇ? ਸਵਾਲਾਂ ਦਾ ਸਵਾਲ ਤਾਂ ਇਹ ਵੀ ਹੈ ਕਿ ਜੇਕਰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਇਤਿਹਾਸਕ ਕਰੂਰਤਾ ਆਈ ਹੀ ਨਾ ਹੁੰਦੀ ਤਾਂ ਕੀ ਅੰਗਰੇਜ਼ਾਂ ਦੀ ਫੁੱਟ ਪਾਊ ਨੀਤੀ ਕਾਮਯਾਬ ਹੁੰਦੀ? ਜੇਕਰ ਧਾਰਮਿਕ ਵੰਡੀਆਂ ਇੰਜ ਪੈ ਹੀ ਨਾ ਸਕਦੀਆਂ ਤਾਂ ਕੀ 1947 ਵਰਗੀ ਦੇਸ਼ ਦੀ ਵੰਡ ਹੁੰਦੀ? ਫਿਰ ਜੇਕਰ ਭਾਰਤ, ਪਾਕਿਸਤਾਨ ਅਤੇ ਬੰਗਲਾ ਦੇਸ਼ ਦੀ ਥਾਂ ਅੱਜ ਇੱਕ ਹੀ ਦੇਸ਼ ਹੁੰਦਾ ਤਾਂ ਜੰਗਾਂ-ਯੁੱਧਾਂ, ਫਿਰਕਾਪ੍ਰਸਤੀ ਅਤੇ ਅੱਤਵਾਦ ਦਾ ਝੰਬਿਆ ਇਹ ਅੱਜ ਵਾਲਾ ਭਾਰਤ, ਦੁਨੀਆ ਦੀ ਮਹਾਂਸ਼ਕਤੀ ਕਿਉਂ ਨਾ ਹੁੰਦਾ?
               ਜੇਕਰ ਕਸ਼ਮੀਰੀ ਪੰਡਿਤਾਂ ਨੂੰ ਫ਼ਰਿਆਦੀ ਬਣ ਕੇ ਆਨੰਦਪੁਰ ਸਾਹਿਬ ਆਉਣਾ ਹੀ ਨਾ ਪੈਂਦਾ ਤਾਂ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੀਸ ਵੀ ਨਾ ਦੇਣਾ ਪੈਂਦਾ ਕਿਉਂਕਿ ਦਾਰਾ ਸ਼ਿਕੋਹ ਦਾ ਤਾਂ ਗੁਰੂ-ਘਰ ਨਾਲ ਇੰਨਾ ਪਿਆਰ ਸੀ। ਫਿਰ ਤਾਂ ਖ਼ਾਲਸਾ ਪੰਥ ਦੀ ਸਾਜਣਾ ਹੀ ਨਾ ਹੋਈ ਹੁੰਦੀ। ਫਿਰ ਅੱਜ ਦਾ ਸਿੱਖ ਧਰਮ ਕਿਹੋ ਜਿਹਾ ਹੁੰਦਾ? ਜੇਕਰ ਆਨੰਦਪੁਰ ਸਾਹਿਬ ਨੂੰ ਮੁਗ਼ਲਾਂ ਦਾ ਘੇਰਾ ਹੀ ਨਾ ਪੈਂਦਾ ਤਾਂ ਚਮਕੌਰ ਦੀ ਜੰਗ ਵੀ ਕਿਉਂ ਹੁੰਦੀ? ਕੀ ਦਾਰਾ ਸ਼ਿਕੋਹ ਦੇ ਰਾਜ ਵਿੱਚ ਸਰਹੰਦ ਦੇ ਨਵਾਬ ਦੀ ਐਨੀ ਹਿੰਮਤ ਪੈਂਦੀ ਕਿ ਉਹ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੰਦਾ? ਫਿਰ ਕੀ ਬੰਦਾ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣ ਕੇ ਸਰਹੰਦ ਨੂੰ ਮਿੱਟੀ ਵਿੱਚ ਮਿਲਾਉਣ ਦੀ ਲੋੜ ਪੈਂਦੀ? ਜੇਕਰ ਔਰੰਗਜ਼ੇਬ ਦੀ ਥਾਂ ਦਾਰਾ ਸਮਰਾਟ ਬਣਦਾ ਤਾਂ ਯਕੀਨਨ ਹੀ ਉਸ ਤੋਂ ਬਾਅਦ ਸੁਲੇਮਾਨ ਸ਼ਿਕੋਹ ਵਰਗਾ ਯੋਗ ਵਾਰਸ ਹੀ ਤਖ਼ਤ ਉੱਤੇ ਬੈਠਦਾ। ਫਿਰ ਜੇਕਰ ਜ਼ੁਲਮ ਦਾ ਬੋਲਬਾਲਾ ਹੀ ਨਾ ਹੁੰਦਾ ਤਾਂ ਸ਼ਾਇਦ ਕਦੇ ਵੀ ਮੁਗ਼ਲ ਰਾਜ ਨਾਲ ਸਿੱਖਾਂ ਦੀ ਦੁਸ਼ਮਣੀ ਨਾ ਪੈਂਦੀ। ਫਿਰ ਅੱਗੇ ਜਾ ਕੇ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਤ ਹੋਣ ਦਾ ਮੁੱਢ ਕਿਵੇਂ ਬੱਝਿਆ ਹੁੰਦਾ? ਅਣਗਿਣਤ ਅਜਿਹੇ ਸਵਾਲ ਹਨ ਜਿਹੜੇ ਮਨ ਵਿੱਚ ਉਪਜਦੇ ਹਨ।  


  
             

  ਅਸੀਂ ਵੇਖਦੇ ਹਾਂ ਕਿ ਜੇਕਰ ਇਤਿਹਾਸ ਵਿੱਚੋਂ ਔਰੰਗਜ਼ੇਬ ਨੂੰ ਹਟਾ ਕੇ ਉਸ ਦੀ ਥਾਂ ਦਾਰਾ ਸ਼ਿਕੋਹ ਨੂੰ ਸਥਾਪਤ ਕਰ ਕੇ ਵੇਖੀਏ ਤਾਂ ਉਸ ਇੱਕ ਹੀ ਬਾਦਸ਼ਾਹ ਦੇ ਬਦਲਣ ਨਾਲ ਇੰਨਾ ਕੁਝ ਬਦਲਦਾ ਪ੍ਰਤੀਤ ਹੁੰਦਾ ਹੈ ਕਿ ਉਸ ਬਾਰੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ। ਸਵਾਲਾਂ ਦਾ ਕੋਈ ਅੰਤ ਨਹੀਂ ਹੈ ਅਤੇ ਤੁਹਾਡੇ ਮਨ ਵਿੱਚ ਇਸ ਤੋਂ ਵੀ ਵੱਧ ਕੇ ਬਹੁਤ ਸਾਰੇ ਸਵਾਲ ਪੈਦਾ ਹੋ ਰਹੇ ਹੋਣਗੇ। ਪਰ ਇਹਨਾਂ ਸਵਾਲਾਂ ਦਾ ਜਵਾਬ ਸਾਡੇ ਕਿਸੇ ਕੋਲ ਵੀ ਨਹੀਂ ਹੈ ਕਿਉਂਕਿ ਹੁਣ ਉਹ ਸਮਾਂ ਲੰਘ ਚੁੱਕਾ ਹੈ। ਪਰ ਇਸ ਤੋਂ ਅਸੀਂ ਇਹ ਅੰਦਾਜ਼ਾ ਤਾਂ ਲਗਾ ਹੀ ਸਕਦੇ ਹਾਂ ਕਿ ਕਿਸੇ ਹਾਕਮ ਦੀ ਕੱਟੜਤਾ ਜਾਂ ਹੱਠ ਕਿਸ ਹੱਦ ਤੱਕ ਖ਼ਤਰਨਾਕ ਹੋ ਸਕਦੇ ਹਨ। ਕੁਝ ਪਲਾਂ ਵਿੱਚ ਹੋਈਆਂ ਗ਼ਲਤੀਆਂ ਦੇ ਨਤੀਜੇ ਕਿਸੇ ਰਾਸ਼ਟਰ ਨੂੰ ਸਦੀਆਂ ਤੱਕ ਭੁਗਤਣੇ ਪੈਂਦੇ ਹਨ।  ਜੇਕਰ ਅਸੀਂ ਇਸ ਦੀ ਵਿਕਰਾਲਤਾ ਨੂੰ ਸਮਝ ਲਈਏ ਤਾਂ ਸ਼ਾਇਦ ਇਸ ਤੋਂ ਬਚਣ ਬਾਰੇ ਵੀ ਸੋਚਣਾ ਸ਼ੁਰੂ ਕਰ ਸਕੀਏ ਕਿਉਂਕਿ ਹੁਣ ਲੋਕਰਾਜ ਹੋਣ ਕਰਕੇ, ਕਿਸੇ ਹਾਕਮ ਨੂੰ ਚੁਣਨਾ, ਕਾਫ਼ੀ ਹੱਦ ਤੱਕ ਸਾਡੇ ਆਪਣੇ ਹੀ ਹੱਥ ਹੁੰਦਾ ਹੈ। ਅਜੋਕੇ ਭਾਰਤ ਦੇ ਸੰਦਰਭ ਵਿੱਚ ਇਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਮੌਜ਼ਫਰ ਰਜ਼ਮੀ ਦਾ ਸ਼ੇਅਰ ਹੈ :
ਯੇ ਜਬਰ ਭੀ ਦੇਖਾ ਹੈ, ਤਾਰੀਖ਼ ਕੀ ਨਜ਼ਰੋਂ ਨੇ
ਲਮਹੋਂ ਨੇ ਖ਼ਤਾ ਕੀ ਥੀ, ਸਦੀਉਂ ਨੇ ਸਜ਼ਾ ਪਾਈ

ਜੀ. ਐੱਸ. ਗੁਰਦਿੱਤ (+91 94171-93193)