.....'ਤੇ ਪੰਜਾਬ ਦੀ ਜਵਾਨੀ ਇਸਤਰ੍ਹਾਂ ਬਰਬਾਦ ਨਾ ਹੁੰਦੀ - ਜਸਵੰਤ ਸਿੰਘ 'ਅਜੀਤ'
ਇਉਂ ਜਾਪਦਾ ਹੈ ਕਿ ਜਿਵੇਂ ਹੁਣ, ਜਦਕਿ ਪਾਣੀ ਸਿਰ ਦੇ ਉਪਰੋਂ ਵਗਣ ਲਗਾ ਹੈ, ਪੰਜਾਬ ਦੀਆਂ ਧਾਰਮਕ, ਸਮਾਜਕ ਅਤੇ ਲੋਕ-ਹਿਤ ਵਿੱਚ ਸਰਗਰਮ ਚਲੀਆਂ ਆ ਰਹੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਮੁੱਖੀਆਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ, ਜਿਸਨੇ ਪੰਜਾਬ ਦਾ ਭਵਿਖ ਸੰਵਾਰਨ ਵਿੱਚ ਆਪਣੀ ਭੂਮਿਕਾ ਨਿਬਾਹੁਣੀ ਹੈ, ਨਸ਼ਿਆਂ ਦੀ 'ਲਤ' ਦਾ ਸ਼ਿਕਾਰ ਹੋ ਨਾ ਕੇਵਲ ਆਪ ਬੁਰੀ ਤਰ੍ਹਾਂ ਤਬਾਹ ਤੇ ਬਰਬਾਦ ਹੋ ਰਹੀ ਹੈ, ਸਗੋਂ ਪੰਜਾਬ ਨੂੰ ਵੀ ਆਪਣੇ ਨਾਲ ਲੈ-ਡੂਬਣ ਵਲ ਵੀ ਤੇਜ਼ੀ ਨਾਲ ਕਦਮ ਵਧਾਣ ਲਗੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਉਨ੍ਹਾਂ ਨੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਜਵਾਨਾਂ ਨੂੰ ਜਾਗਰੂਕ ਕਰ, ਉਨ੍ਹਾਂ ਨੂੰ ਇਸ ਬੁਰੀ 'ਲਤ' ਤੋਂ ਛੁਟਕਾਰਾ ਦੁਆਣ ਲਈ ਸਾਰਥਕ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ। ਮਿਲ ਰਹੀਆਂ ਖਬਰਾਂ ਵੀ ਇਸ ਪਾਸੇ ਸੰਕੇਤ ਕਰ ਰਹੀਆਂ ਹਨ ਕਿ ਪੰਜਾਬ ਦਾ ਨੌਜਵਾਨ ਹੁਣ ਆਪ ਵੀ ਜਾਗਰੂਕ ਹੋਣ ਲਗ ਪਿਆ ਹੈ ਅਤੇ ਉਸਨੇ ਨਸ਼ਿਆਂ ਵਿਰੁੱਧ ਲੋਕ-ਰਾਇ ਲਾਮਬੱਧ ਕਰਨ ਅਤੇ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਨੂੰ ਇਸ ਨਾਮੁਰਾਦ 'ਲਤ' ਤੋਂ ਛੁਟਕਾਰਾ ਦੁਆਣ ਲਈ, ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਤਕ ਪਹੁੰਚਾਣਾ ਸ਼ੁਰੂ ਕਰ ਦਿੱਤਾ ਹੈ। ਮਿਲ ਰਹੀਆਂ ਖਬਰਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਨਸ਼ਿਆਂ ਦੇ ਸ਼ਿਕਾਰ ਨੌਜਵਾਨ ਆਪ ਵੀ ਇਹ ਸਮਝਣ ਲਗ ਪਏ ਹਨ ਕਿ ਇਸ ਨਸ਼ਿਆਂ ਦੀ 'ਲਤ' ਕਾਰਣ ਉਹ ਨਾ ਕੇਵਲ ਆਪਣਾ ਜੀਵਨ ਬਰਬਾਦ ਕਰ ਰਹੇ ਹਨ, ਸਗੋਂ ਆਪਣੀ ਮੌਤ ਨੂੰ ਵੀ ਸਦਾ ਦੇ ਰਹੇ ਹਨ, ਜਿਸ ਕਾਰਣ ਉਹ ਨਸ਼ਾ ਮੁਕਤੀ ਮੁਹਿੰਮ ਵਿੱਚ ਸਹਿਯੋਗ ਕਰਨ ਲਈ ਅਗੇ ਆਉਣ ਲਗੇ ਹਨ, ਜਿਸਨੂੰ ਪੰਜਾਬ ਲਈ 'ਸ਼ੁਭ ਸੰਕੇਤ' ਮੰਨਿਆ ਜਾ ਸਕਦਾ ਹੈ।
ਇਸ ਸਾਰੇ ਕੁਝ ਦੇ ਵਿਰੁੱਧ ਇਸ ਮੁਹਿੰਮ ਨੂੰ ਲੈ ਕੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਦੀ ਨਕਾਰਾਤਮਕ ਸੋਚ ਪੁਰ ਅਧਾਰਤ ਨੀਤੀਆਂ ਦਾ ਕੋਝਾ ਪੱਖ ਵੀ ਸਾਹਮਣੇ ਆਉਣ ਲਗਾ ਹੈ। ਉਹ ਇਹ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਫੈਲੀ ਇਸ ਨਾਮੁਰਾਦ ਤੇ ਘਾਤਕ ਬੀਮਾਰੀ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ, ਨੌਜਵਾਨਾਂ ਨੂੰ ਇਸ ਬੀਮਾਰੀ ਤੋਂ ਛੁਟਕਾਰਾ ਹਾਸਲ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਇੱਕ-ਜੁਟ ਹੋ ਜਤਨ ਕਰਨ ਦੀ ਬਜਾਏ, ਉਨ੍ਹਾਂ ਨੇ ਇੱਕ-ਦੂਸਰੇ ਪੁਰ ਦੋਸ਼-ਪ੍ਰਤੀ-ਦੋਸ਼ ਲਾ, ਹਾਲਾਤ ਨੂੰ ਹੋਰ ਵੀ ਉਲਝਾਣ ਵਿੱਚ ਆਪਣਾ 'ਯੋਗਦਾਨ' ਪਾਣਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁਲਿਸ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਡੋਪ ਟੈਸਟ ਕਰਵਾਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਇਹ ਦਸ ਰਹੇ ਕਿ 'ਡੋਪ ਟੈਸਟ' ਕੋਈ ਵਿਕੋਲਿਤਰੀ ਗਲ ਨਹੀਂ, ਫੌਜ ਵਿੱਚ ਵੀ ਡੋਪ ਟੈਸਟ ਹੁੰਦਾ ਰਹਿੰਦਾ ਹੈ। ਇਸਦੇ ਨਾਲ ਹੀ ਉਹ ਉਨ੍ਹਾਂ ਨੂੰ ਇਹ ਵੀ ਭਰੋਸਾ ਦੇ ਰਹੇ ਹਨ ਕਿ ਜੇ ਉਨ੍ਹਾਂ ਦੀ ਟੈਸਟ ਰਿਪੋਰਟ ਪਾਜ਼ਿਟਿਵ ਵੀ ਆਉਂਦੀ ਹੈ, ਤਾਂ ਵੀ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਇਗੀ। ਉਨ੍ਹਾਂ ਦੀ ਪਛਾਣ ਗੁਪਤ ਰਖਦਿਆਂ, ਉਨ੍ਹਾਂ ਦੇ ਇਲਾਜ ਦਾ ਯੋਗ ਪ੍ਰਬੰਧ ਕੀਤਾ ਜਾਇਗਾ। ਉਨ੍ਹਾਂ ਇਸ ਬੀਮਾਰੀ ਦੇ ਸ਼ਿਕਾਰ ਗਰੀਬ ਰੋਗੀਆਂ ਨੂੰ ਸਰਕਾਰੀ ਕੇਂਦਰਾਂ ਵਿੱਚ ਮੁਫਤ ਇਲਾਜ ਦੀਆਂ ਸਹੂਲਤਾਂ ਉਪਲਬੱਧ ਕਰਵਾਣ ਦਾ ਵਿਸ਼ਵਾਸ ਵੀ ਦੁਆਇਆ ਹੈ। ਇਸਦੇ ਉਲਟ ਸੱਤਾ-ਵਿਰੋਧੀ ਪਾਰਟੀਆਂ ਦੇ ਕਈ ਮੁੱਖੀਆਂ ਨੇ ਆਪ ਹੀ ਆਪਣੇ ਆਪਨੂੰ ਨਿਸ਼ਕਲੰਕ ਹੋਣ ਦਾ ਪ੍ਰਮਾਣ ਪਤ੍ਰ ਦੇਣ ਲਈ ਆਪਣਾ ਡੋਪ ਟੈਸਟ ਕਰਵਾ, ਵਿਰੋਧੀਆਂ ਨੂੰ ਡੋਪ ਟੈਸਟ ਕਰਵਾਣ ਦੀ ਚੁਨੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧ ਵਿੱਚ ਸਭਤੋਂ ਦਿਲਚਸਪ ਟਿੱਪਣੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਦੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦਲ (ਸ਼੍ਰੋਮਣੀ ਅਕਾਲੀ ਦਲ - ਬਾਦਲ) ਦੇ ਕਿਸੇ ਵੀ ਆਗੂ ਜਾਂ ਵਰਕਰ ਲਈ ਡੋਪ ਟੈਸਟ ਕਰਵਾਇਆ ਜਾਣਾ ਜ਼ਰੂਰੀ ਨਹੀਂ। ਆਪਣੇ ਇਸ ਦਾਅਵੇ ਨਾਲ ਪ੍ਰੋ. ਚੰਦੂਮਾਜਰਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਹੀ ਸਨ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪ੍ਰਤੀਨਿਧ ਬੀਬੀ ਹਰਸਿਮਰਤ ਕੌਰ ਬਾਦਲ ਵਿਰੋਧੀ ਨੇਤਾਵਾਂ ਨੂੰ ਡੋਪ ਟੈਸਟ ਕਰਵਾਏ ਜਾਣ ਦੀ ਚੁਨੌਤੀ ਦੇ ਆਪ ਹੀ ਉਨ੍ਹਾਂ ਦੇ ਜਵਾਬੀ ਹਮਲੇ ਦੇ ਘੇਰੇ ਵਿੱਚ ਗਏ। ਵਿਰੋਧੀਆਂ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ (ਬਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ ਕਰਵਾਣ ਦੀ ਚੁਨੌਤੀ ਦੇ, ਘੇਰਨਾ ਸ਼ੁਰੂ ਕਰ ਦਿੱਤਾ।
ਇੱਕ ਪੁਰਾਣੀ ਯਾਦ: ਪੰਜਾਬ ਵਿੱਚ ਚਲ ਰਹੀ ਨਸ਼ਾ-ਵਿਰੋਧੀ ਮੁਹਿੰਮ ਅਤੇ ਡੋਪ ਟੈਸਟ ਕਰਵਾਏ ਜਾਣ ਨੂੰ ਲੈ ਕੇ ਰਾਜਸੀ ਪਾਰਟੀਆਂ ਦੇ ਮੁੱਖੀਆਂ ਵਿੱਚ ਚਲ ਰਹੀ ਨੋਕ-ਝੌਂਕ ਦੌਰਾਨ ਇੱਕ ਬਹੁਤ ਹੀ ਪੁਰਾਣੀ ਗਲ ਯਾਦ ਆ ਗਈ। ਗਲ ਸੰਨ-1999 ਦੀ ਹੈ, ਜਦੋਂ ਸਮੁਚੀਆਂ ਸਿੱਖ ਜਥੇਬੰਦੀਆਂ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਪੰਜਾਬ ਸਰਕਾਰ, ਜਿਸਦੇ ਮੁਖੀ ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਸਨ, ਵਲੋਂ ਖਾਲਸਾ ਸਿਰਜਨਾ ਦੀ ਤੀਜੀ ਸ਼ਤਾਬਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੰਨਾਣ ਦੇ ਉਦੇਸ਼ ਨਾਲ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਸੀ। (ਇਹ ਗਲ ਵਰਣਨਣੋਗ ਹੀ ਕਿ ਉਸ ਸਮੇਂ ਤਕ ਬਾਦਲ-ਟੋਹੜਾ ਵਿਚ ਆਪਸੀ ਮਤਭੇਦ ਉਭਰ ਕੇ ਸਾਹਮਣੇ ਨਹੀਂ ਸਨ ਆਏ)। ਦਸਿਆ ਗਿਐ ਕਿ ਉਨ੍ਹਾਂ ਦਿਨਾਂ ਵਿੱਚ ਹੀ ਅਚਾਨਕ ਕੁਝ ਅਕਾਲੀ ਬੁਧੀਜੀਵੀਆਂ ਵਲੋਂ ਸਾਰੀਆਂ ਰਾਜਸੀ ਅਤੇ ਗੈਰ-ਰਾਜਸੀ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਇਹ ਸੁਝਾਉ ਦਿੱਤਾ ਗਿਆ ਕਿ ਇਸ ਇਤਿਹਾਸਕ ਵਰ੍ਹੇ ਵਿੱਚ ਉਹ ਆਪੋ-ਆਪਣੀ ਜਥੇਬੰਦੀ ਵਲੋਂ ਇਤਿਹਾਸਕ ਯੋਗਦਾਨ ਪਾਣ ਲਈ, ਇਹ ਫੈਸਲਾ ਕਰਨ ਕਿ ਇਸ ਇਤਿਹਾਸਿਕ ਵਰ੍ਹੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਉਨ੍ਹਾਂ ਦੀ ਪਾਰਟੀ/ਦਲ ਦਾ ਅਹੁਦੇਦਾਰ ਜਾਂ ਮੈਂਬਰ ਨਹੀਂ ਬਣਇਆ ਜਾਇਗਾ, ਜੋ ਸ਼ਰਾਬ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਕਰਦਾ ਹੈ। ਦਸਿਆ ਗਿਆ ਕਿ ਇਸਤੋਂ ਪਹਿਲਾਂ ਕਿ ਇਸ ਸੁਝਾਉ ਪੁਰ ਕੋਈ ਸਾਰਥਕ ਚਰਚਾ ਸ਼ੁਰੂ ਹੁੰਦੀ, ਇੱਕ ਬਹੁਤ ਪ੍ਰਭਾਵਸ਼ਾਲੀ ਅਕਾਲੀ ਪਾਰਟੀ ਦੇ ਹੀ ਇਕ ਸੀਨੀਅਰ ਆਗੂ ਨੇ ਇਹ ਆਖ ਇਸ ਸੁਝਾਉ ਨੂੰ ਮਜ਼ਾਕ ਵਿੱਚ ਉਡਾ ਦਿੱਤਾ ਕਿ 'ਫਿਰ ਸਾਡੇ ਦਲ ਵਿੱਚ ਰਹਿ ਹੀ ਕੌਣ ਜਾਇਗਾ'?
ਅੱਜ ਜਦੋਂ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ 'ਲਤ' ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਆਪਣੇ ਆਪ ਤੇ ਪੰਜਾਬ ਨੂੰ ਤਬਾਹ 'ਤੇ ਬਰਬਾਦ ਕਰਨ ਵਲ ਵੱਧ ਰਹੀ ਹੈ, ਤਾਂ ਇਸ ਸੁਆਲ ਦਾ ਉਭਰ ਕੇ ਸਾਹਮਣੇ ਆ ਜਾਣਾ ਸੁਭਾਵਕ ਹੀ ਹੈ ਕਿ ਜੇ ਸਮੇਂ ਦੀ ਸਿੱਖ/ਅਕਾਲੀ ਲੀਡਰਸ਼ਿਪ ਨੇ ਸਮਾਂ ਰਹਿੰਦਿਆਂ ਉਸ ਸੁਝਾਅ, ਜਿਸਨੂੰ ਉਨ੍ਹਾਂ ਮਜ਼ਾਕ ਵਿੱਚ ਉਡਾ ਦਿੱਤਾ ਸੀ, ਦੀ ਗੰਭੀਰਤਾ ਨੂੰ ਸਮਝ ਸਵੀਕਾਰ ਕਰ ਲੈਂਦੀ ਤਾਂ ਅੱਜ ਲਗਭਗ ਵੀਹ ਵਰ੍ਹਿਆਂ ਬਾਅਦ ਨਾ ਤਾਂ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਵਿਖਾਈ ਦਿੰਦੀ ਤੇ ਨਾ ਹੀ ਉਸਦੀ ਬਰਬਾਦੀ ਵੇਖ ਜਵਾਨੀ ਦੇ ਮਾਪਿਆਂ ਨੂੰ ਸਿਰ 'ਤੇ 'ਦੁਹੱਥੜ' ਮਾਰ ਰੋਣਾ ਪੈਂਦਾ।
ਬਹੁਮੁਲੇ ਸਿੱਖ ਇਤਿਹਾਸ ਨੂੰ ਕੌਣ ਤਲਾਸ਼ੇ,ਖੰਗਾਲੇ ਅਤੇ ਸੰਭਾਲੇ : ਨੈਸ਼ਨਲ ਬੁਕ ਸ਼ਾਪ ਦਿੱਲੀ ਦੇ ਮੁੱਖੀ ਅਤੇ ਹਾਸ-ਵਿਅੰਗ ਦੇ ਪ੍ਰਸਿੱਧ ਲੇਖਕ ਸ. ਪਿਆਰਾ ਸਿੰਘ ਦਾਤਾ ਦੇ ਸਪੁਤਰ ਸ. ਰਾਜਿੰਦਰ ਸਿੰਘ ਦਾ ਮੰਨਣਾ ਹੈ ਕਿ ਸਿੱਖ ਇਤਿਹਾਸ ਦੇ ਬਹੁਮੁਲੇ ਖਜ਼ਾਨੇ ਦਾ ਇੱਕ ਬਹੁਤ ਵੱਡਾ ਹਿੱਸਾ ਅਣਗੋਲਿਆ ਦੇਸ ਅਤੇ ਵਿਦੇਸ਼ ਦੀਆਂ ਕਈ ਥਾਵਾਂ ਪੁਰ ਬਿਖਰਿਆ ਪਿਆ ਹੈ, ਪ੍ਰੰਤੂ ਉਸਦੀ ਖੋਜ-ਤਲਾਸ਼ ਕਰ, ਉਸਨੂੰ ਖੰਗਾਲਣ ਅਤੇ ਸੰਭਾਲਣ ਪ੍ਰਤੀ ਸਿੱਖਾਂ ਦੀਆਂ ਉੱਚ ਅਤੇ ਸਰਵੁੱਚ ਧਾਰਮਕ, ਸਾਹਿਤਕ ਅਤੇ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਵਿਚੋਂ ਕੋਈ ਵੀ ਗੰਭੀਰ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਦਸਿਆ ਕਿ ਕੁਝ ਇਤਿਹਾਸਕ ਲੇਖਕਾਂ ਨੂੰ ਆਪਣੇ ਨਾਲ ਜੋੜ ਉਨ੍ਹਾਂ ਇਸ ਪਾਸੇ ਜਤਨ ਅਰੰਭੇ ਸਨ, ਪ੍ਰੰਤੂ ਕਿਸੇ ਵੀ ਪਾਸੋਂ ਸਹਿਯੋਗ ਨਾ ਮਿਲਣ 'ਤੇ ਸਾਧਨਾਂ ਦੀ ਘਾਟ ਕਾਰਣ ਉਨ੍ਹਾਂ ਨੂੰ ਆਪਣੇ ਜਤਨਾਂ ਨੂੰ ਵਿਚ-ਵਿਚਾਲੇ ਹੀ ਛੱਡ ਦੇਣ ਤੇ ਮਜਬੂਰ ਹੋਣਾ ਪਿਆ। ਉਨ੍ਹਾਂ ਅਨੁਸਾਰ ਉੱਚ ਤੇ ਸਰਵੁਚ ਸਿੱਖ ਸੰਸਥਾਵਾਂ ਪਾਸ ਕਿਸੇ ਵੀ ਤਰ੍ਹਾਂ ਦੇ ਸਾਧਨਾਂ ਦੀ ਕੋਈ ਘਾਟ ਨਹੀਂ, ਪਰ ਉਨ੍ਹਾਂ ਨੇ ਆਪਣੇ ਸਾਧਨਾਂ ਦੀ ਵਰਤੋਂ ਨੂੰ ਸੀਮਤ ਕਰ, ਨਾਮ-ਨਿਹਾਦ ਖੋਜ ਕੇਂਦ੍ਰ ਕਾਇਮ ਕੀਤੇ ਹੋਏ ਹਨ, ਜਿਨ੍ਹਾਂ ਨੇ ਖੂਹ ਦੇ ਡੱਡੂ ਵਾਂਗ ਆਪਣੇ ਆਪਨੂੰ ਸੀਮਤ ਕਰਕੇ ਰਖ ਲਿਆ ਹੋਇਆ ਹੈ। ਜੋ ਖੋਜ ਲਗਨ ਅਤੇ ਮਿਹਨਤ ਪੁਰ ਨਿਰਭਰ ਕਰਦੀ ਹੈ ਅਤੇ ਜਿਸ ਲਈ ਸਮੁੰਦਰ ਖੰਗਾਲਣ ਦੀ ਲੋੜ ਹੈ, ਉਸਨੂੰ ਉਨ੍ਹਾਂ ਵਲੋਂ ਪੂਰੀ ਤਰ੍ਹਾਂ ਅਣਗੋਲਿਆਂ ਕੀਤਾ ਜਾ ਰਿਹਾ ਹੈ। ਸ. ਰਾਜਿੰਦਰ ਸਿੰਘ ਨੇ ਦਸਿਆ ਕਿ ਦਿੱਲੀ ਸਥਿਤ ਕੇਂਦ੍ਰੀ ਕੌਮੀ ਆਰਕਾਈਵਜ਼ ਵਿੱਚ ਅਨੇਕਾਂ ਅਜਿਹੇ ਦਸਤਾਵੇਜ਼ ਸੁਰਖਿਅਤ ਪਏ ਹੋਏ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਸਿੱਖ ਇਤਿਹਾਸ ਨਾਲ ਹੈ। ਉਨ੍ਹਾਂ ਦਸਿਆ ਕਿ ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਦਿੱਲੀ ਦੇ ਜੇਤੂ ਬਾਬਾ ਬਘੇਲ ਸਿੰਘ ਲਗਭਗ ਦੋ ਵਰ੍ਹੇ ਦਿੱਲੀ ਵਿੱਚ ਰਹੇ, ਇਸ ਦੌਰਾਨ ਸਮੇਂ ਦੀ ਸਰਕਾਰ ਨਾਲ ਉਨ੍ਹਾਂ ਦੇ ਚਿੱਠੀ-ਪਤ੍ਰ, ਉਨ੍ਹਾਂ ਦੀ ਗੁਰ-ਅਸਥਾਨਾਂ ਦੀ ਨਿਸ਼ਾਨਦੇਹੀ ਕਰਨ ਨਾਲ ਸੰਬੰਧਤ ਦਸਤਾਵੇਜ਼ਾਂ ਦੇ ਨਾਲ ਹੀ ਮਾਤਾ ਸੁੰਦਰੀ, ਜਿਨ੍ਹਾਂ ਆਪਣੇ ਜੀਵਨ ਦੇ ਅੰਤਿਮ ਸਮੇਂ ਦੇ ਕਈ ਵ૮ਰ੍ਹੇ ਦਿੱਲੀ ਵਿੱਚ ਬਿਤਾਏ, ਸਮੇਂ ਦੀ ਸਰਕਾਰ ਅਤੇ ਵੰਡੀਆ ਦੇ ਸ਼ਿਕਾਰ ਸਿੱਖ ਜਥਿਆਂ ਨਾਲ ਉਨ੍ਹਾਂ ਦੇ ਸੰਪਰਕਾਂ ਨਾਲ ਸੰਬੰਧਤ ਸਰਕਾਰੀ ਡਾਇਰੀ ਆਦਿ ਦੇ ਅਨੇਕਾਂ ਪੰਨੇ ਵੀ ਇਸੇ ਆਰਕਾਈਵਜ਼ ਵਿੱਚ ਮਿਲ ਸਕਦੇ ਹਨ। ਉਹ ਹੋਰ ਦਸਦੇ ਹੈਨ ਕਿ ਗੁਰੂ ਹਰਿਗੋਬਿੰਦ ਸਹਿਬ ਨੇ ਗੁਆਲੀਅਰ ਦੇ ਕਿਲ੍ਹੇ ਵਿਚੋਂ ਜਿਨ੍ਹਾਂ 52 ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ ਸੀ, ਉਨ੍ਹਾਂ ਅਤੇ ਉਨ੍ਹਾਂ ਦੇ ਵਾਰਸਾਂ ਦਾ ਲੰਮੇਂ ਸਮੇਂ ਤਕ ਗੁਰੂ ਘਰ ਨਾਲ ਸੰਬੰਧ ਬਣਿਆ ਰਿਹਾ, ਜਿਸਦੇ ਵੇਰਵੇ ਉਨ੍ਹਾਂ ਰਾਜਿਆਂ ਦੀਆਂ ਰਿਆਸਤਾਂ ਦੀਆਂ ਉਸ ਸਮੇਂ ਦੀਆਂ ਡਾਇਰੀਆਂ ਵਿੱਚ ਦਰਜ ਕੀਤੇ ਜਾਂਦੇ ਰਹੇ ਰਿਕਾਰਡ ਵਿੱਚ ਸੁਰਖਿਅਤ ਮਿਲ ਸਕਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ, ਜਿਨ੍ਹਾਂ ਦੌਰਾਨ ਜਗ੍ਹਾ ਜਗ੍ਹਾ ਉਨ੍ਹਾਂ ਦੇ ਵਿਚਾਰ ਸੁਣਨ ਅਤੇ ਉਨ੍ਹਾਂ ਪਾਸੋਂ ਜੀਵਨ ਸੇਧ ਲੈਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਦੁਆਲੇ ਜੁੜਦੀਆਂ ਰਹੀਆਂ ਸਨ, ਜਿਸ ਕਾਰਣ ਸਮੇਂ ਦੀਆਂ ਕੇਂਦਰੀ ਅਤੇ ਸਥਾਨਕ ਹਕੂਮਤਾਂ ਉਨ੍ਹਾਂ ਦੀਆਂ ਇਨ੍ਹਾਂ ਸਰਗਰਮੀਆਂ ਦਾ ਰਿਕਾਰਡ ਜ਼ਰੂਰ ਰਖਦੀਆਂ ਰਹੀਆਂ ਹੋਣਗੀਆਂ, ਇਸ ਕਰਕੇ ਉਸਦੇ ਵੇਰਵੇ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਦਾ ਇਤਿਹਾਸ ਵੀ ਸੰਬੰਧਤ ਇਲਾਕਿਆਂ ਦੀਆਂ ਸਮੇਂ ਦੀਆਂ ਹਕੂਮਤਾਂ ਦੇ ਰਿਕਾਰਡ ਵਿੱਚੋਂ ਮਿਲ ਸਕਦਾ ਹੈ।
..ਅਤੇ ਅੰਤ ਵਿੱਚ : ਇਸ ਸਾਰੀ ਸਥਿਤੀ ਦੀ ਘੋਖ ਕਰਦਿਆਂ ਸਵਾਲ ਉਠਦਾ ਹੈ ਕਿ ਕੀ ਜਗ੍ਹਾ-ਜਗ੍ਹਾ ਬਿਖਰੇ ਪਏ ਇਸ ਸਿੱਖ ਇਤਿਹਾਸ ਦੀ ਤਲਾਸ਼ ਕਰ, ਉਸਨੂੰ ਖੰਗਾਲ, ਉਸਦੀ ਸੰਭਾਲ ਕਰਨ ਲਈ ਉੱਚ ਤੇ ਸਰਵੁੱਚ ਧਾਰਮਕ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਦੀਆਂ ਖੋਜ ਇਕਾਈਆਂ ਨਾਲ ਸੰਬੰਧਤ ਖੋਜੀ ਡੱਡੂ ਆਪਣੇ ਆਪਨੂੰ ਖੂਹ ਵਿਚੋਂ ਬਾਹਰ ਕਢ, ਇਸ ਜ਼ਿਮੇਂਦਾਰੀ ਨੂੰ ਸੰਭਾਲਣ ਲਈ ਤਿਆਰ ਹੋ ਸਕਣਗੇ?000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
12 July 2018