ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
26 ਜਨਵਰੀ 2021
ਖੇਤੀ ਕਾਨੂੰਨ ਪਾਸ ਕਰਵਾਉਣ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ- ਰਾਘਵ ਚੱਢਾ
ਵੇ ਘਰ ਤੇਲਣ ਦੇ , ਤੇਰਾ ਚਾਦਰਾ ਖੜਕੇ।
ਗਣਤੰਤਰ ਕਿਸਾਨ ਪਰੇਡ ਦੀ ਪ੍ਰਵਾਨਗੀ ਨੇ ਵਧਾਏ ਕਿਸਾਨਾਂ ਦੇ ਹੌਸਲੇ- ਇਕ ਖ਼ਬਰ
ਖੇ ਖੂਬ ਹੁਸ਼ਿਆਰੀ ਨਾਲ ਯਾਰੋ, ਲੱਗੇ ਕਰਨ ਅਫ਼ਗਾਨ ਤਿਆਰੀ ਯਾਰੋ।
ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ-ਇਕ ਖ਼ਬਰ
ਤੂੰ ਮੇਰੀ ਪਿੱਠ ‘ਤੇ ਖਾਜ ਕਰ ਮੈਂ ਤੇਰੀ ਪਿੱਠ ‘ਤੇ ਕਰੂੰ।
ਸ਼ਗਨ ਰਾਸ਼ੀ ਇਕਵੰਜਾ ਹਜ਼ਾਰ ਕਰਨ ਦਾ ਮੁੱਖ ਮੰਤਰੀ ਵਲੋਂ ਐਲਾਨ- ਇਕ ਖ਼ਬਰ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।
ਰਾਹੁਲ ਵਿਰੁੱਧ ਬੋਲਣ ਤੋਂ ਪਹਿਲਾਂ ਤਰੁਣ ਚੁੱਘ ਆਪਣਾ ਕੱਦ ਦੇਖੇ- ਸਾਧੂ ਸਿੰਘ ਧਰਮਸੋਤ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।
ਨਿਰਾਸ਼ ਲੋਕਾਂ ਨੂੰ ਜ਼ਿੰਦਗੀ ਦੇਵੇਗਾ ਕਿਸਾਨ ਅੰਦੋਲਨ-ਗਿੱਲ ਰੌਂਤਾ
ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ।
ਭਾਰਤ ਸਣੇ ਦੁਨੀਆਂ ਦੇ ‘ਬੁੱਢੇ’ ਹੋ ਰਹੇ ਡੈਮਾਂ ਤੋਂ ਦੁਨੀਆਂ ਨੂੰ ਖਤਰਾ- ਇਕ ਰਿਪੋਰਟ
ਸਾਨੂੰ ਨਹੀਂ ਚਿੰਤਾ, ਸਾਡੇ ਕੋਲ ਪੈਂਤੀ ਪੈਂਤੀ ਸੌ ਕਰੋੜ ਦੇ ਸਟੈਚੂ ਹੈਗੇ ਆ।
ਗੁਰਦੁਆਰੇ ਦੇ ਫੰਡਾਂ ‘ਚ ਇਕ ਕਰੋੜ ਦੇ ਘਪਲੇ ਲਈ ਮਨਜਿੰਦਰ ਸਿੰਘ ਸਿਰਸਾ ‘ਤੇ ਦੂਜੀ ਐਫ.ਆਈ.ਆਰ. ਦਰਜ- ਇਕ ਖ਼ਬਰ
ਵੈਰੀ ਤੇਰੇ ਐਬ ਬੰਦਿਆ, ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ।
ਸਾਧ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਅਸਲਾ ਤੇ ਰੁਪਇਆ ਲੁੱਟਿਆ-ਇਕ ਖ਼ਬਰ
ਚੋਰਾਂ ਨੂੰ ਮੋਰ।
ਕਿਸਾਨ ਮੋਰਚੇ ‘ਚ ਔਰਤਾਂ ਦੀ ਸ਼ਮੂਲੀਅਤ ਤੋਂ ਡਰੀ ਹਕੂਮਤ- ਡਾ: ਨਵਸ਼ਰਨ
ਮੈਂ ਪੁੱਤਰੀ ਕਲਗੀਧਰ ਦੀ ਹਾਂ, ਨਹੀਂ ਕਿਸੇ ਤੋਂ ਡਰਦੀ ਹਾਂ।
ਬੀਰ ਦਵਿੰਦਰ ਸਿੰਘ ਨੇ ਕਿਸਾਨਾਂ ਵਿਰੁੱਧ ਐਨ.ਆਈ.ਏ. ਦੀ ਕਾਰਵਾਈ ਦੀ ਨਿੰਦਾ ਕੀਤੀ-ਇਕ ਖ਼ਬਰ
ਦੇਸ਼ ਭਗਤ ਸਰਕਾਰ ਦੇ ਸਭ ਯਾਰ, ਬਾਕੀ ਏਥੇ ਸਭ ਗੱਦਾਰ।
ਕਿਸਾਨਾਂ ਲਈ ਮਦਦਗਾਰ ਹੋਣਗੇ ਖੇਤੀ ਕਾਨੂੰਨ- ਖੇਤੀ ਬਾੜੀ ਮੰਤਰੀ ਤੋਮਰ
ਮੇਰੀ ਸੂਈ ਮੋਦੀ ਨੇ ਏਥੇ ਹੀ ਫ਼ਸਾਈ ਹੋਈ ਹੈ, ਮੈਂ ਕੀ ਕਰਾਂ।
ਬਾਦਲ ਪਰਵਾਰ ਨੇ ਹਮੇਸ਼ਾ ਹੀ ਸਿੱਖਾਂ ਦਾ ਨੁਕਸਾਨ ਕੀਤਾ- ਸਾਬਕਾ ਜਥੇਦਾਰ ਭਾ: ਰਣਜੀਤ ਸਿੰਘ
ਦਾਹੜੀ ਝਾੜ ਕੇ ਬਹਿ ਗਿਆ ਤਕੀਏ, ਕਣਕ ਖਾ ਗਿਆ ਝੋਟਾ।
ਐਨ.ਆਈ.ਏ. ਦੇ ਨੋਟਿਸਾਂ ਤੋਂ ਮੋਦੀ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੋ ਗਈ ਹੈ- ਗੁਲ ਪਨਾਗ
ਨ੍ਹਾਉਂਦੀ ਫਿਰੇਂ ਤੀਰਥਾਂ ‘ਤੇ, ਤੇਰੇ ਅੰਦਰੋਂ ਮੈਲ਼ ਨਾ ਜਾਵੇ।
ਮਮਤਾ ਨੂੰ ਇਕ ਹੋਰ ਝਟਕਾ, ਇਕ ਹੋਰ ਵਿਧਾਇਕ ਭਾਜਪਾ ‘ਚ ਸ਼ਾਮਲ-ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।
ਕਿਸਾਨਾਂ ਦੇ ਮੁੱਦਿਆਂ ‘ਤੇ ਕੇਂਦਰ ਸਰਕਾਰ ਗੰਭੀਰ ਨਹੀਂ- ਸੁਖਬੀਰ ਬਾਦਲ
ਤੁਹਾਡੀ ਗੰਭੀਰਤਾ ਵੀ ਜਾਣ ਗਈ ਸਾਰੀ ਦੁਨੀਆਂ, ਢੱਕੇ ਰਹੋ।
ਬਾਇਡਨ ਨੇ ਪਹਿਲੇ ਦਿਨ ਹੀ ਟਰੰਪ ਦੇ ਕਈ ਫ਼ੈਸਲੇ ਉਲਟਾਏ-ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਨਿਆਂਪਾਲਿਕਾ ਤੇ ਜਾਂਚ ਏਜੰਸੀਆਂ ਨੂੰ ਸੁਤੰਤਰ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ- ਹਾਈ ਕੋਰਟ
ਰੰਡੀਆਂ ਤਾਂ ਰੰਡ ਕੱਟਦੀਆਂ ਪਰ ਮੁਸ਼ਟੰਡੇ ਨਹੀਂ ਕੱਟਣ ਦਿੰਦੇ।