ਰਿਸ਼ਤੇਦਾਰੀ - ਨਿਰਮਲ ਸਿੰਘ ਕੰਧਾਲਵੀ
ਬਚਨ ਸਿੰਘ ਨੂੰ ਜਿਸ ਗੱਲ ਦਾ ਡਰ ਸੀ ਉਹੀ ਹੋਈ।ਉਹਦਾ ਮੁੰਡਾ ਜੰਗਾ ਇਕੱਲਾ ਹੀ ਰੋਹੀ ਵਾਲੇ ਖੇਤ ਦੇ ਬੰਨੇ ਬਦਲੇ ਕਿਸ਼ਨ ਸਿਉਂ ਕਿਆਂ ਦੇ ਮੁੰਡਿਆਂ ਨਾਲ ਲੜ ਪਿਆ ਸੀ।ਕਿਸ਼ਨ ਸਿਉਂ ਕਿਆਂ ਨੇ ਕਈ ਸਾਲਾਂ ਤੋਂ ਬਚਨ ਸਿੰਘ ਦਾ ਥੋੜ੍ਹਾ ਜਿਹਾ ਬੰਨਾ ਦੱਬਿਆ ਹੋਇਆ ਸੀ ਪਰ ਉਹਨੇ ਹਊ ਪਰੇ ਕਰ ਛੱਡਿਆ ਸੀ ਹਾਲਾਂ ਕਿ ਇਹ ਗੱਲ ਜੱਟ ਸੁਭਾਅ ਦੇ ਉਲਟ ਸੀ।
ਜੰਗਾ ਮੋਛੇ ਵਰਗਾ ਜਵਾਨ ਸੀ।ਉਹਨੇ ਕਿਸ਼ਨ ਸਿੰਘ ਦੇ ਦੋਨੋਂ ਮੁੰਡੇ ਬਹੁਤ ਬੁਰੀ ਤਰਾ੍ਹਂ ਕੁੱਟੇ।ਵੱਡੇ ਮੁੰਡੇ, ਜਗੀਰੀ ਦੇ ਮੌਰਾਂ 'ਚ ਗੰਡਾਸੀ ਇੰਨੇ ਜ਼ੋਰ ਨਾਲ ਮਾਰੀ ਕਿ ਉਹਦੇ ਮੋਢੇ ਦੀ ਹੱਡੀ ਨੂੰ ਚੀਰ ਗਈ।
ਜਗੀਰੀ ਦੀ, 'ਮਾਰ ਸੁੱਟਿਆ, ਮਾਰ ਸੁੱਟਿਆ' ਦੀ ਚੀਕ- ਪੁਕਾਰ ਸੁਣ ਕੇ ਆਲੇ ਦੁਆਲੇ ਦੇ ਖੇਤਾਂ 'ਚ ਕੰਮ ਕਰਨ ਵਾਲੇ ਲੋਕ ਜਦ ਨੂੰ ਲੜਾਈ ਵਾਲੀ ਥਾਂ ਪਹੁੰਚੇ, ਜੰਗਾ ਉੱਥੋਂ ਹਰਨ ਹੋ ਚੁੱਕਾ ਸੀ।ਕਿਸ਼ਨ ਸਿਉਂ ਦਾ ਛੋਟਾ ਮੁੰਡਾ ਜਾਨ ਬਚਾ ਕੇ ਪਿੰਡ ਨੂੰ ਭੱਜਿਆ ਤੇ ਘਰ ਦਿਆਂ ਨੂੰ ਖ਼ਬਰ ਕੀਤੀ।ਕੁਝ ਬੰਦਿਆਂ ਨੇ ਜਗੀਰੀ ਨੂੰ ਚੁੱਕ ਕੇ ਸ਼ਹਿਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਤੇ ਕਿਸ਼ਨ ਸਿੰਘ ਆਪ ਨੰਬਰਦਾਰ ਤਾਰਾ ਸਿੰਘ ਨੂੰ ਨਾਲ ਲੈ ਕੇ ਪੁਲਿਸ ਚੌਕੀ ਰਿਪੋਰਟ ਲਿਖ਼ਾਉਣ ਚਲਾ ਗਿਆ।
ਜੰਗੇ ਦਾ ਬਾਪ ਬਚਨ ਸਿੰਘ ਆਪਣੇ ਪਿਉ ਦਾ ਇਕਲੌਤਾ ਪੁੱਤ ਸੀ।ਉਹ ਆਪਣੇ ਬਾਪ ਸੰਤਾ ਸਿੰਘ ਵਾਂਗ ਬਹੁਤ ਹੀ ਭਲਾਮਾਣਸ ਸੀ।ਸਾਧੂ ਸੁਭਾਅ ਦਾ ਬੰਦਾ ਸੀ। ਜ਼ਮੀਨ ਦੀ ਢੇਰੀ ਸਾਰੇ ਪਿੰਡ ਤੋਂ ਚੰਗੀ ਤੇ ਵੱਡੀ ਸੀ।
ਬਚਨ ਸਿੰਘ ਦੇ ਵਿਆਹ ਦੇ ਸੱਤਾਂ ਸਾਲਾਂ ਬਾਅਦ ਵੀ ਉਹਦੀ ਘਰ ਵਾਲੀ ਜੀਤੋ ਨੂੰ ਬੱਚਾ ਬੱਚੀ ਨਾ ਹੋਇਆ।ਪਹਿਲਾਂ ਪਹਿਲ ਤਾਂ ਉਹਦੀ ਮਾਂ ਨੇ ਕੋਈ ਵੀ ਧਾਗੇ-ਤਵੀਤਾਂ ਵਾਲਾ, ਸਾਧ ਸੰਤ ਅਤੇ ਨੀਮ-ਹਕੀਮ ਨਾ ਛੱਡਿਆ ਪਰ ਕਿਤਿਉਂ ਵੀ ਉਹਦੀ ਨੂੰਹ ਦੀ ਝੋਲੀ ਨਾ ਭਰੀ।ਅਖ਼ੀਰ ਅੱਕ ਕੇ ਉਹਨੇ ਬਚਨ ਸਿੰਘ 'ਤੇ ਦੂਸਰਾ ਵਿਆਹ ਕਰਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿਤਾ।ਬਚਨ ਸਿੰਘ ਨੇ ਕਦੇ ਵੀ ਮਾਂ ਦੀ ਗੱਲ ਗੰਭੀਰ ਹੋ ਕੇ ਨਾ ਸੁਣੀ।ਉਹ ਸਾਰਾ ਕੁਝ ਕਿਸਮਤ ਆਸਰੇ ਛੱਡ ਕੇ ਮਾਂ ਨੂੰ ਵੀ ਸਬਰ ਕਰਨ ਲਈ ਕਹਿੰਦਾ।ਇਸੇ ਗੱਲੋਂ ਮਾਂ ਪੁੱਤ ਦਾ ਕਈ ਵਾਰੀ ਝਗੜਾ ਵੀ ਹੋ ਚੁੱਕਾ ਸੀ ਪਰ ਬਚਨ ਸਿੰਘ ਨੇ ਕਦੇ ਵੀ ਦੂਸਰਾ ਵਿਆਹ ਕਰਵਾਉਣ ਬਾਰੇ ਹਾਂ ਨਾ ਕੀਤੀ।
ਮਾਂ ਆਪਣੇ ਪੁੱਤ ਦੇ ਘਰ ਉਲਾਦ ਦੀ ਸੱਧਰ ਲੈ ਕੇ ਇਸ ਦੁਨੀਆਂ ਤੋਂ ਕੂਚ ਕਰ ਗਈ।
ਬੱਸ ਇਹ ਇਕ ਚਮਤਕਾਰ ਹੀ ਸਮਝੋ ਕਿ ਦਸਾਂ ਸਾਲਾਂ ਬਾਅਦ ਬਚਨ ਸਿੰਘ ਦੀ ਘਰ ਵਾਲੀ ਜੀਤੋ ਨੂੰ ਉਮੀਦਵਾਰੀ ਹੋ ਗਈ।ਬਚਨ ਸਿੰਘ ਨੂੰ ਯਕੀਨ ਨਾ ਆਵੇ।ਸ਼ਹਿਰ ਦੇ ਮਸ਼ਹੂਰ ਡਾਕਟਰ ਤੋਂ ਚੈੱਕ-ਅੱਪ ਕਰਵਾ ਕੇ ਹੀ ਉਹਨੇ ਯਕੀਨ ਕੀਤਾ।ਜਦੋਂ ਜੀਤੋ ਨੇ ਲੜਕੇ ਨੂੰ ਜਨਮ ਦਿੱਤਾ ਉਸ ਵੇਲੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ।ਦਾਈ ਨੇ ਹੱਸਦੀ ਹੱਸਦੀ ਨੇ ਕਹਿ ਦਿੱਤਾ ਕਿ ਲੜਕਾ ਜੰਗ ਦੇ ਦਿਨਾਂ 'ਚ ਪੈਦਾ ਹੋਇਆ ਸੀ ਸੋ ਉਹਦਾ ਨਾਮ ਜੰਗ ਸਿੰਘ ਹੀ ਰੱਖ ਦਿੱਤਾ ਜਾਵੇ।ਕਿਸੇ ਨੇ ਉਜ਼ਰਦਾਰੀ ਨਾ ਕੀਤੀ ਤੇ ਮੁੰਡੇ ਦਾ ਨਾਮ ਜੰਗਾ ਸਿੰਘ ਰੱਖ ਦਿੱਤਾ ਗਿਆ।
ਜਿਵੇਂ ਚਿਰਾਂ ਬਾਅਦ ਲੱਭੀ ਚੀਜ਼ ਨੂੰ ਵਿਅਕਤੀ ਸੰਭਾਲ ਸੰਭਾਲ ਕੇ ਰੱਖਦਾ ਹੈ ਇਸੇ ਤਰ੍ਹਾਂ ਹੀ ਜੀਤੋ ਜੰਗੇ ਨੂੰ ਤੱਤੀ ਵਾਅ ਨਾ ਲੱਗਣ ਦਿੰਦੀ।ਘਰ ਵਿਚ ਕਿਸੇ ਚੀਜ਼ ਦੀ ਤੰਗੀ ਨਹੀਂ ਸੀ।ਉਹਦੀ ਹਰ ਜਾਇਜ਼ ਨਾਜਾਇਜ਼ ਫ਼ਰਮਾਇਸ਼ ਪੂਰੀ ਕੀਤੀ ਜਾਂਦੀ।ਮਾਂ ਦੇ ਲਾਡ ਪਿਆਰ ਨੇ ਉਹਨੂੰ ਬਹੁਤ ਵਿਗਾੜ ਦਿੱਤਾ ਸੀ।ਸਕੂਲ ਵਿਚ ਉਹ ਕੋਈ ਨਾ ਕੋਈ ਸਿਆਪਾ ਪਾਈ ਰੱਖਦਾ।ਨਿਆਣੇ ਕੁੱਟ ਕੱਢਦਾ।ਮਾਸਟਰਾਂ ਦੀ ਪਰਵਾਹ ਨਾ ਕਰਦਾ।ਕਈ ਵਾਰੀ ਮਾਸਟਰ ਉਹਦੀ ਛਿੱਤਰ ਪਰੇਡ ਵੀ ਕਰਦੇ ਪਰ ਉਹਦੇ 'ਤੇ ਕੋਈ ਅਸਰ ਨਾ ਹੁੰਦਾ।ਲੋਕਾਂ ਤੋਂ ਰੋਜ਼ ਉਲਾਂਭੇ ਮਿਲਦੇ ਪਰ ਜੀਤੋ ਉਲਾਂਭਾ ਦੇਣ ਵਾਲੇ ਨੂੰ ਉਖੜੀ ਕੁਹਾੜੀ ਵਾਂਗ ਪੈਂਦੀ।ਬਚਨ ਸਿੰਘ ਦੀ ਭਲਮਾਣਸੀ ਨੂੰ ਕਈ ਲੋਕ ਚੁੱਪ ਕਰ ਰਹਿੰਦੇ।ਉਹ ਆਪ ਲੋਕਾਂ ਦੇ ਘਰੀਂ ਜਾ ਕੇ ਮਿੰਨਤ ਤਰਲਾ ਕਰ ਆਉਂਦਾ।ਜੇ ਉਹ ਜੀਤੋ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਹਦੀ ਵੀ ਲਾਹ- ਪਾਹ ਕਰ ਦਿੰਦੀ।ਮਾਂ ਪੁੱਤ ਇਕ ਪਾਸੇ ਹੋ ਜਾਂਦੇ 'ਤੇ ਉਹਨੂੰ ਗੱਲ ਵੀ ਨਾ ਕਰਨ ਦਿੰਦੇ।ਖੁੱਲ੍ਹੇ ਖਾਣ-ਪੀਣ ਅਤੇ ਬੇਪ੍ਰਵਾਹੀ ਨਾਲ ਉਹ ਕੜੀ ਵਰਗਾ ਜਵਾਨ ਨਿਕਲਿਆ।ਉਹ ਜਿਉਂ ਜਿਉਂ ਜਵਾਨ ਹੋ ਰਿਹਾ ਸੀ ਉਵੇਂ ਉਵੇਂ ਹੀ ਉਹਦੀਆਂ ਆਦਤਾਂ ਵੀ ਵਿਗੜ ਰਹੀਆਂ ਸਨ।
ਹੁਣ ਉਹ ਅਠਾਰਾਂ ਸਾਲਾਂ ਦਾ ਉੱਚਾ ਲੰਮਾ 'ਤੇ ਸਰੀਰ ਦਾ ਭਰਵਾਂ ਗੱਭਰੂ ਸੀ।ਜਿਵੇਂ ਕਿ ਪਿੰਡਾਂ ਵਿਚ ਹੁੰਦਾ ਹੀ ਹੈ, ਸ਼ਰੀਕਾਂ ਨੇ ਉਹਨੂੰ ਕਿਸ਼ਨ ਸਿਉਂ ਕਿਆਂ ਨਾਲ ਉਨ੍ਹਾਂ ਦੇ ਬੰਨੇ ਦੇ ਝਗੜੇ ਬਾਰੇ ਤੁੱਖਣਾ ਦੇਣੀ ਸ਼ੁਰੂ ਕਰ ਦਿੱਤੀ।ਸਿਆਣੇ ਕਹਿੰਦੇ ਹਨ ਕਿ ਰੋਜ਼ ਰੋਜ਼ ਤਾਂ ਰੱਸੀ ਘਸਣ ਨਾਲ ਪੱਥਰਾਂ ਵਿਚ ਵੀ ਘਾਸੇ ਪੈ ਜਾਂਦੇ ਹਨ, ਜੰਗਾ ਤਾਂ ਪਹਿਲਾਂ ਹੀ ਅੱਗ ਦੀ ਨਾਲ ਸੀ, ਤੇ ਅੱਜ ਉਹਨੇ ਕਾਰਾ ਕਰ ਹੀ ਦਿੱਤਾ ਸੀ।
ਰਿਪੋਰਟ ਲਿਖ਼ਣ ਤੋਂ ਬਾਅਦ ਥਾਣੇਦਾਰ ਨੇ ਕਿਸ਼ਨ ਸਿੰਘ ਅਤੇ ਨੰਬਰਦਾਰ ਨੂੰ ਜੀਪ ਵਿਚ ਬਿਠਾਇਆ 'ਤੇ ਸਿੱਧਾ ਸਰਕਾਰੀ ਹਸਪਤਾਲ ਪਹੁੰਚ ਗਿਆ।ਉਹਨੇ ਜਗੀਰੀ ਦੇ ਬਿਆਨ ਕਲਮਬੰਦ ਕੀਤੇ ਤੇ ਫ਼ਿਰ ਡਾਕਟਰ ਨਾਲ ਗੱਲਬਾਤ ਕੀਤੀ।ਹੱਡੀ ਵੱਢ ਹੋਈ ਹੋਣ ਕਰਕੇ ਤਿੰਨ ਸੌ ਛੱਬੀ ਦਾ ਕੇਸ ਬਣਦਾ ਸੀ।ਫ਼ਾਈਲ ਵਿਚ ਲੋੜੀਂਦੀਆਂ ਗੱਲਾਂ ਨੋਟ ਕਰ ਕੇ ਉਹਨੇ ਜੀਪ ਦਾ ਰੁਖ਼ ਪਿੰਡ ਵਲ ਕਰ ਲਿਆ।
ਪਿੰਡ ਦਾ ਸਰਪੰਚ ਪਹਿਲਾਂ ਹੀ ਪੰਜ ਚਾਰ ਮੋਹਤਬਰ ਬੰਦਿਆਂ ਦੇ ਨਾਲ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ।ਉਧਰ ਬਚਨ ਸਿੰਘ ਨੂੰ ਆਪ ਨੂੰ ਵੀ ਨਹੀਂ ਸੀ ਪਤਾ ਕਿ ਜੰਗਾ ਕਿਥੇ ਲੁਕ ਗਿਆ ਸੀ।ਸਰਪੰਚ ਨੇ ਆਪ ਬਚਨ ਸਿੰਘ ਨੂੰ ਘਰੋਂ ਲਿਆ ਕੇ ਥਾਣੇਦਾਰ ਅੱਗੇ ਪੇਸ਼ ਕਰ ਦਿੱਤਾ।ਰਾਹ ਵਿਚ ਆਉਂਦਿਆਂ ਬਚਨ ਸਿੰਘ ਨੇ ਸਰਪੰਚ ਨੂੰ ਕਹਿ ਦਿੱਤਾ ਸੀ ਕਿ ਉਹ ਆਪ ਹੀ ਥਾਣੇਦਾਰ ਨਾਲ ਸੌਦਾ ਮੁਕਾ ਲਵੇ ਤੇ ਤਿੰਨ ਸੌ ਛੱਬੀ ਦਾ ਕੇਸ ਨਾ ਬਣਨ ਦੇਵੇ।ਸਰਪੰਚ ਨੇ ਉਸ ਨੂੰ ਹੌਸਲਾ ਦਿੱਤਾ।
ਬਚਨ ਸਿੰਘ ਦੀ ਭਲਮਾਣਸੀ ਬਾਰੇ ਦੱਸਣ ਕਰ ਕੇ ਜਾਂ ਸੌਦੇਬਾਜ਼ੀ ਦੀ ਉਮੀਦ ਕਰ ਕੇ ਥਾਣੇਦਾਰ ਨੇ ਮੰਦੀ ਭਾਸ਼ਾ ਤਾਂ ਨਾ ਵਰਤੀ ਪਰ ਉਂਜ ਬੜੀ ਸਖ਼ਤੀ ਨਾਲ ਪੇਸ਼ ਆਇਆ।ਜੰਗੇ ਦੇ ਪੇਸ਼ ਹੋਣ ਤੱਕ ਉਹ ਬਚਨ ਸਿੰਘ ਨੂੰ ਆਪਣੇ ਨਾਲ ਥਾਣੇ ਲੈ ਗਿਆ, ਨਾਲ ਹੀ ਸਰਪੰਚ ਵੀ ਚਲਿਆ ਗਿਆ।
ਬਚਨ ਸਿੰਘ ਨੂੰ ਅਲੱਗ ਇਕ ਕਮਰੇ ਵਿਚ ਬਿਠਾ ਕੇ ਥਾਣੇਦਾਰ ਨੇ ਸਰਪੰਚ ਤੋਂ ਬਚਨ ਸਿੰਘ ਬਾਰੇ ਤੇ ਖ਼ਾਸ ਕਰ ਕੇ ਜੰਗੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ।ਸਰਪੰਚ ਨੇ ਜਦੋਂ ਥਾਣੇਦਾਰ ਨਾਲ਼ ਬਚਨ ਸਿੰਘ ਵਲੋਂ ਤਿੰਨ ਸੌ ਛੱਬੀ ਤੁੜਵਾਉਣ ਬਦਲੇ ਲੈਣ ਦੇਣ ਦੀ ਗੱਲ ਤੋਰੀ ਤਾਂ ਥਾਣੇਦਾਰ ਦੀਆਂ ਅੱਖਾਂ ਵਿਚ ਚਮਕ ਆ ਗਈ।ਉਹਨੇ ਡਾਕਟਰ ਨੂੰ ਰਿਪੋਰਟ ਬਦਲੀ ਕਰਨ ਲਈ ਦਿੱਤੇ ਜਾਣ ਵਾਲੇ ਪੈਸਿਆਂ ਸਮੇਤ ਕੁੱਲ ਰਕਮ ਦੱਸ ਦਿੱਤੀ।ਸਰਪੰਚ ਨੇ ਬਚਨ ਸਿੰਘ ਨੂੰ ਬਿਨਾਂ ਪੁੱਛਿਆਂ ਹੀ ਹਾਂ ਕਰ ਦਿੱਤੀ, ਉਸ ਨੂੰ ਪਤਾ ਸੀ ਕਿ ਬਚਨ ਸਿੰਘ ਕੋਈ ਉਜ਼ਰ ਨਹੀਂ ਕਰੇਗਾ।
ਥਾਣੇਦਾਰ ਨੇ ਇਕ ਸਿਪਾਹੀ ਨੂੰ ਭੇਜ ਕੇ ਬਚਨ ਸਿੰਘ ਨੂੰ ਆਪਣੇ ਦਫ਼ਤਰ ਵਿਚ ਬੁਲਾ ਲਿਆ।ਸਰਪੰਚ ਨੂੰ ਉਹਨੇ ਕਹਿ ਦਿੱਤਾ ਸੀ ਕਿ ਉਹ ਬੇਸ਼ਕ ਨਿਸ਼ਚਿੰਤ ਹੋ ਕੇ ਪਿੰਡ ਨੂੰ ਚਲਾ ਜਾਵੇ, ਬਚਨ ਸਿੰਘ ਨੂੰ ਕੁਝ ਨਹੀਂ ਕਿਹਾ ਜਾਵੇਗਾ।
ਥਾਣੇਦਾਰ ਨੇ ਤਾੜ ਲਿਆ ਸੀ ਕਿ ਜੰਗਾ ਆਉਣ ਵਾਲੇ ਸਮੇਂ ਵਿਚ ਵੀ ਕਈ ਕਾਰੇ ਕਰੇਗਾ ਤੇ ਉਹਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਬਚਨ ਸਿੰਘ ਮੋਟੀ ਸਾਮੀ ਸੀ।ਅਜਿਹੀ ਸਾਮੀ ਨੂੰ ਉਹ ਆਉਣ ਵਾਲੇ ਕਈ ਸਾਲਾਂ ਤੱਕ ਮੁੱਛਣਾ ਚਾਹੁੰਦਾ ਸੀ।ਉਹ ਬਚਨ ਸਿੰਘ ਦੇ ਨੇੜੇ ਹੋਇਆ ਤੇ ਬੜੀ ਅਪਣੱਤ ਨਾਲ਼ ਕਹਿਣ ਲੱਗਾ,'' ਬਚਨ ਸਿਆਂ, ਜਵਾਨੀ ਬੜੀ ਅੱਥਰੀ ਹੁੰਦੀ ਆ, ਇਹੋ ਜਿਹੀਆਂ ਗਲਤੀਆਂ ਮੁੰਡਿਆਂ ਖੁੰਡਿਆਂ ਤੋਂ ਹੋ ਈ ਜਾਂਦੀਆਂ, ਘਬਰਾਈਂ ਨਾ ਕਿਸੇ ਗੱਲੋਂ, ਅਸੀਂ ਕਾਹਦੇ ਲਈ ਬੈਠੇ ਆਂ।ਸਰਪੰਚ ਨੇ ਤੈਨੂੰ ਦੱਸ ਈ ਦਿੱਤਾ ਹੋਣੈ।ਤਿੰਨ ਸੌ ਛੱਬੀ ਦਾ ਕੇਸ ਬਣਦੈ ਤੇ ਤੈਨੂੰ ਪਤੈ ਈ ਪਈ ਇਹ ਸਾਰਾ ਡਾਕਟਰ ਦੇ ਹੱਥ ਵੱਸ ਹੁੰਦੈ, ਉਹਨੇ ਵੀ ਸਹੁਰੀ ਦੇ ਨੇ ਮੋਟੀ ਰਕਮ ਮੰਗਣੀ ਐ, ਹੋਰ ਵੀ ਕਈਆਂ ਨੂੰ ਬੁਰਕੀ ਬੁਰਕੀ ਪਾਉਣੀ ਪੈਂਦੀ ਐ, ਕਿਤੇ ਇਹ ਨਾ ਸਮਝ ਲਈਂ ਪਈ ਸਾਰੇ ਪੈਸੇ ਮੈਂ ਆਪਣੀ ਜੇਬ ਵਿਚ ਈ ਪਾ ਲੈਣੇ ਆ।ਅੱਗੇ ਵਾਸਤੇ ਤੈਨੂੰ ਕਿਸੇ ਵਿਚੋਲੇ ਕੋਲ ਜਾਣ ਦੀ ਲੋੜ ਨਈਂ, ਕੋਈ ਹਭੀ ਨਭੀ ਹੋਈ ਤਾਂ ਸਿੱਧਾ ਮੇਰੇ ਪਾਸ ਨਿਝੱਕ ਆ ਜਾਈਂ, ਤੇਰੀ ਤੇ ਜੰਗੇ ਦੀ ਹਵਾ ਵਲ ਵੀ ਨਾ ਦੇਖੂ ਕੋਈ।ਸ਼ਾਮ ਨੂੰ ਪਿੰਡ ਚਲਾ ਜਾਈਂ ਤੇ ਕੱਲ੍ਹ ਨੂੰ ਜੰਗੇ ਨੂੰ ਪੇਸ਼ ਕਰ ਦੇਈਂ, ਉਹਨੂੰ ਕਹੀਂ ਘਬਰਾਵੇ ਨਾ ਕਿਸੇ ਗੱਲੋਂ, ਨਾਲੇ ਏਦਾਂ ਕਰੀਂ ਜੇ ਸਾਰੇ ਪੈਸਿਆਂ ਦਾ ਇੰਤਜਾਮ ਨਾ ਹੋ ਸਕਿਆ ਤਾਂ ਅੱਧੇ ਪਚੱਧੇ ਇਕ ਦੋ ਦਿਨਾਂ 'ਚ ਪਹੁੰਚਾ ਦੇਈਂ''। ਏਨਾ ਕਹਿ ਕੇ ਥਾਣੇਦਾਰ ਨੇ ਸਿਪਾਹੀ ਨੂੰ ਆਵਾਜ਼ ਮਾਰੀ ਤੇ ਕੜੱਕ ਜਿਹੀ ਚਾਹ ਲਿਆਉਣ ਦਾ ਹੁਕਮ ਚਾੜ੍ਹਿਆ।
ਸ਼ਾਮ ਨੂੰ ਬਚਨ ਸਿੰਘ ਘਰ ਨੂੰ ਜਾਂਦਾ ਹੋਇਆ ਆਪਣੇ ਆਪ ਨੂੰ ਹਲਕਾ ਫੁੱਲ ਮਹਿਸੂਸ ਕਰ ਰਿਹਾ ਸੀ, ਉਹਨੂੰ ਇਉਂ ਲਗਦਾ ਸੀ ਜਿਵੇਂ ਅੱਜ ਤੋਂ ਥਾਣੇਦਾਰ ਨਾਲ ਉਹਦੀ ਰਿਸ਼ਤੇਦਾਰੀ ਬਣ ਗਈ ਹੋਵੇ।
ਨਿਰਮਲ ਸਿੰਘ ਕੰਧਾਲਵੀ