… ਇਨਸਾਨ ਹਾਂ - ਡਾ. ਪ੍ਰਿਤ ਪਾਲ ਕੌਰ ਚਾਹਲ
ਕਦੀ ਬਾਗ਼ੀ ਕਦੀ ਇੰਨਕਲਾਬੀ
ਕਦੀ ਅੰਨਦਾਤਾ ਕਹਾਉਂਦਾ ਹਾਂ।
ਹੱਥੀਂ ਅੱਟਣ, ਪੈਰੀਂ ਛਾਲੇ
ਮੈਂ ਕਿਰਸਾਨ ਕਹਾਉਂਦਾ ਹਾਂ ........
ਖੇਤਾਂ ਦੀ ਆਨ ਸ਼ਾਨ ਹਾਂ ਮੈਂ
ਸਿੱਧਾ ਸਾਦਾ ਇਨਸਾਨ ਹਾਂ ਮੈਂ
ਮੈਂ ਕਿਰਸਾਨ ਕਹਾਉਂਦਾ ਹਾਂ.........
ਡੰਗਰਾਂ ਦੇ ਨਾਲ ਡੰਗਰ ਹੋਈਏ
ਮਿੱਟੀ ਦੇ ਨਾਲ ਮਿੱਟੀ
ਨਿੱਕੇ ਨਿੱਕੇ ਸੁਪਨੇ ਸਾਡੇ
ਮਿਲ ਜਾਵਣ ਵਿੱਚ ਮਿੱਟੀ
ਪੜ੍ਹ ਲਿਖ ਬੱਚੇ ਬਣ ਜਾਣ ਅਫ਼ਸਰ
ਹਰ ਪਲ ਇਹੀ ਮਨਾਉਂਦਾ ਹਾਂ......
ਸਿੱਧਾ ਸਾਦਾ ਇਨਸਾਨ ਹਾਂ .......
ਨੱਕੇ ਮੋੜਨੇ, ਪਾਣੀ ਲਾਉਣਾ
ਬੀਜ ਬੀਜਣੇ, ਫ਼ਸਲ ਉਗਾਉਣਾ
ਰਾਖੀ ਕਰਨਾ, ਵਾਢੀ ਕਰਨਾ
ਕਰ ਛਿੜਕਾਅ ਫ਼ਸਲ ਬਚਾਉਣਾ
ਸਦੀਆਂ ਤੋਂ ਇਹੀ ਕੰਮ ਨੇ ਮੇਰੇ
ਭੋਂਇ ਤੇ ਹਲ ਚਲਾਉਂਦਾ ਹਾਂ.......
ਸਿੱਧਾ ਸਾਦਾ ਇਨਸਾਨ ਹਾਂ .......
ਹੋਇ ਫ਼ਸਲ ਚੰਗੀ ਤਾਂ ਖੁਸ਼ ਹੋ ਜਾਵਾਂ
ਘਰ ਆਵੇ ਤਾਂ ਭੰਗੜੇ ਪਾਵਾਂ
ਮੀਂਹ ਹਨੇਰੀ ਬੱਦਲ ਦੇਖ ਕੇ
ਬੁਰੀ ਤਰ੍ਹਾਂ ਨਾਲ ਮੈਂ ਘਬਰਾਵਾਂ
ਖਾ ਕੇ ਰੁੱਖੀ ਮਿੱਸੀ ਘਰ ਦੀ
ਰੱਬ ਦਾ ਸ਼ੁਕਰ ਮਨਾਉਂਦਾ ਹਾਂ .......
ਸਿੱਧਾ ਸਾਦਾ ਇਨਸਾਨ ਹਾਂ ........
ਧਰਤੀ ਮਾਂ ਨੂੰ ਮਾਂ ਮੈਂ ਸਮਝਾਂ
ਜੋ ਪੇਟ ਲੋਕਾਈ ਦਾ ਭਰਦੀ ਹੈ
ਮੁੱਲ ਇਸ ਦਾ ਪੈਣ ਨਹੀਂ ਦੇਣਾ
ਅੱਗੇ ਰੱਬ ਦੀ ਮਰਜ਼ੀ ਹੈ।
ਲੈ ਦੋ ਪੁੱਤਾਂ ਦੀ ਦਾਤ ਮੈਂ ਇੱਕ ਫ਼ੌਜ਼ੀ
ਇੱਕ ਕਿਰਸਾਨ ਬਣਾਉਂਦਾ ਹਾਂ .......
ਸਿੱਧਾ ਸਾਦਾ ਇਨਸਾਨ ਹਾਂ ........
ਹੋਵੇ ਸੱਤਾਰੂੜ੍ਹ ਜਾਂ ਸਰਕਾਰ ਕੋਈ
ਆਮ ਆਦਮੀ ਨਾ ਪੇਖਦਾ ਹੈ
ਕੌਣ ਜਿੱਤਿਆ ਕੌਣ ਹਾਰਿਆ
ਕੋਈ ਇਨਸਾਨ ਨਾ ਵੇਖਦਾ ਹੈ
ਰੋਟੀਆਂ ਦੋ ਕਮਾਵਣ ਦੇ ਲਈ
ਪੂਰਾ ਤਾਣ ਲਗਾਉਂਦਾ ਹਾਂ ........
ਸਿੱਧਾ ਸਾਦਾ ਇਨਸਾਨ ਹਾਂ ........
ਕੋਈ ਵੀ ਮੇਰਾ ਦਰਦ ਨਾ ਜਾਣੇ
ਪਲਣ ਗਰੀਬੀ ਵਿੱਚ ਨਿਆਣੇ
ਠੰਡੀਆਂ ਯੱਖ ਰਾਤਾਂ ਤਿੱਖੜ ਦੁਪਹਿਰੇ
ਮਿਹਨਤ ਦਾ ਕੋਈ ਮੁੱਲ ਨਾ ਜਾਣੇ
ਸੜਕੀਂ ਰੁੱਲਦੀ ਬਿਨ ਮੁੱਲ ਦੀ
ਕਿਸਾਨੀ ਜਿਣਸ ਦਿਖਾਉਂਦਾ ਹਾਂ ........
ਸਿੱਧਾ ਸਾਦਾ ਇਨਸਾਨ ਹਾਂ ........
ਕੋਈ ਹੱਕ ਕਿਸੇ ਦਾ ਖੋਹ ਨਹੀਂ ਸਕਦਾ
ਇਹ ਸੱਭ ਕੁੱਝ ਤਾਂ ਬੱਸ ਵਕਤੀ ਹੈ
ਬੰਦਾ ਬੰਦੇ ਨੂੰ ਜੀਣ ਨਾ ਦੇਵੇ
ਜ਼ਿੰਦਗੀ ਵਾਹਿਗੁਰੂ ਦੀ ਸ਼ਕਤੀ ਹੈ
ਭੁੱਖੇ ਦੇ ਮੂੰਹ ਬੁਰਕੀ ਪਾ ਕੇ
ਜੀਵਨ ਮਾਣ ਵਧਾਉਂਦਾ ਹਾਂ ........
ਸਿੱਧਾ ਸਾਦਾ ਇਨਸਾਨ ਹਾਂ .........
ਵਿੰਨੀਪੈਗ, ਕੈਨੇਡਾ