ਚੰਗੇ ਅਮਲਾਂ ਬਾਝੋਂ / ਗ਼ਜ਼ਲ - ਮਹਿੰਦਰ ਸਿੰਘ ਮਾਨ
ਦੇ ਕੇ ਸਾਨੂੰ ਛਾਪਾਂ-ਛੱਲੇ,
ਦਿਲ ਨਾ ਛੱਡਿਆ ਸਾਡੇ ਪੱਲੇ।
ਜੇ ਤੂੰ ਬੋਲਣਾ ਸਾਨੂੰ ਮਾੜਾ,
ਤਾਂ ਫਿਰ ਰਹਿਣ ਦੇ ਸਾਨੂੰ ਕੱਲੇ।
ਐਵੇਂ ਨ੍ਹੀ ਖਿੜ ਖਿੜ ਹੱਸੀਦਾ,
ਜ਼ਖਮ ਕਿਸੇ ਦੇ ਦੇਖ ਕੇ ਅੱਲੇ।
ਪੈਸੇ ਖਰਚ ਲਿਆ ਕਰ ਝੱਲਿਆ,
ਰੱਖੀ ਨਾ ਜਾ ਭਰ ਭਰ ਗੱਲੇ।
ਹਿੰਮਤ ਬਹੁਤ ਉਦੋਂ ਕੰਮ ਆਵੇ,
ਹੋਣ ਜਦੋਂ ਦੁੱਖਾਂ ਦੇ ਹੱਲੇ।
ਉਸ ਨੂੰ ਫੜ ਕੇ ਉਠਾ ਦੇ ਯਾਰਾ,
ਜਿਹੜਾ ਡਿਗਿਆ ਪਿਆ ਹੈ ਥੱਲੇ।
ਮਿਹਨਤ ਕਰਕੇ ਵਧੇ ਜੋ ਅੱਗੇ,
ਉਸ ਦੀ ਹੋਵੇ ਬੱਲੇ, ਬੱਲੇ।
ਉਸ ਨੂੰ ਵੀ ਚੇਤੇ ਰੱਖਿਆ ਕਰ,
ਜਿਸ ਦੇ ਹੁਕਮ 'ਚ ਦੁਨੀਆਂ ਚੱਲੇ।
ਜਿਸ ਨੂੰ ਮਰਜ਼ੀ ਹਾਕਾਂ ਮਾਰੀਂ,
ਜਾਣਾ ਪੈਣਾ ਕੱਲ-ਮ-ਕੱਲੇ।
ਚੰਗੇ ਅਮਲਾਂ ਬਾਝੋਂ 'ਮਾਨਾ',
ਹੋ ਜਾਏਂਗਾ ਸਭ ਤੋਂ ਥੱਲੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554