ਇਤਿਹਾਸ ਦੇ ਪੰਨੇ : ਹਰਿਆਣਾ ਦੇ ਸਤਨਾਮੀਆਂ ਦੀ ਵੀਰ ਗਾਥਾ - ਸਵਰਾਜਬੀਰ
ਮੱਧਕਾਲੀਨ ਭਾਰਤ ਵਿਚ ਜਿੱਥੇ ਵਰਣ-ਆਸ਼ਰਮ ਅਤੇ ਜਾਤੀਵਾਦ ਵਿਰੁੱਧ ਵਿਦਰੋਹ ਹੋ ਰਿਹਾ ਸੀ, ਉੱਥੇ ਬਾਦਸ਼ਾਹੀ ਅਤੇ ਜਗੀਰਦਾਰੀ ਨਿਜ਼ਾਮ ਵਿਰੁੱਧ ਵੀ ਵੱਡੇ ਘੋਲ ਹੋਏ। ਇਨ੍ਹਾਂ ਵਿਰੋਧਾਂ ਦਾ ਖ਼ਾਸਾ ਧਾਰਮਿਕ-ਅਧਿਆਤਮਕ ਹੋਣ ਦੇ ਨਾਲ-ਨਾਲ ਇਕ ਹੋਰ ਖ਼ਾਸੀਅਤ ਉਨ੍ਹਾਂ ਲੋਕਾਂ ਦੀ ਸ਼ਮੂਲੀਅਤ ਸੀ ਜਿਨ੍ਹਾਂ ਨੂੰ ਮਨੂੰਵਾਦੀ ਸੋਚ/ਸਿਧਾਂਤ ਅਨੁਸਾਰ ਹੇਠਲੀਆਂ ਜਾਂ ਨੀਵੀਆਂ ਜਾਤਾਂ ਦੇ ਲੋਕ ਕਿਹਾ ਜਾਂਦਾ ਸੀ। ਨਾਥ-ਜੋਗੀ ਅਤੇ ਸਿੱਧ ਬਹੁਤ ਦੇਰ ਤੋਂ ਪੁਰੋਹਿਤਵਾਦੀ ਧਰਮ ਵਿਰੁੱਧ ਆਵਾਜ਼ ਉਠਾ ਰਹੇ ਸਨ। ਇਨ੍ਹਾਂ ਹੀ ਸਮਿਆਂ ਵਿਚ ਮਹਾਰਾਸ਼ਟਰ ਵਿਚ ਨਾਮਦੇਵ, ਤੁਕਾਰਾਮ, ਗਿਆਨੇਸ਼ਵਰ ਅਤੇ ਹੋਰ ਸੰਤਾਂ, ਬੰਗਾਲ ਵਿਚ ਚੈਤੰਨਯ ਅਤੇ ਚੰਡੀਦਾਸ, ਅਸਾਮ ਵਿਚ ਸ਼ੰਕਰਦੇਵ, ਉੱਤਰੀ ਭਾਰਤ ਵਿਚ ਕਬੀਰ, ਰਵਿਦਾਸ, ਗੁਰੂ ਨਾਨਕ ਦੇਵ, ਦਾਦੂ ਅਤੇ ਹੋਰ ਕਈ ਰਹਿਬਰਾਂ, ਸਾਧੂਆਂ ਅਤੇ ਸੰਤਾਂ ਨੇ ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਸਿੱਖ ਗੁਰੂਆਂ, ਭਗਤੀ ਲਹਿਰ ਦੇ ਸੰਤਾਂ, ਨਾਥ-ਜੋਗੀਆਂ ਅਤੇ ਸੂਫ਼ੀਆਂ ਦੀ ਵਾਣੀ ਪਿੰਡ-ਪਿੰਡ ਵਿਚ ਗੂੰਜੀ।
ਸਤਨਾਮੀ ਸ੍ਰੋਤਾਂ ਅਨੁਸਾਰ ਸਤਨਾਮੀ ਪੰਥ ਦਾ ਜਨਮ 1658 ਵਿਚ ਨਾਰਨੌਲ ਦੇ ਇਲਾਕੇ ਵਿਚ ਹੋਇਆ। ਇਸ ਪੰਥ ਦੇ ਬਾਨੀ ਗੁਰੂ ਉਦੋਦਾਸ ਬੀਜਾਸਰ ਪਿੰਡ ਦੇ ਰਹਿਣ ਵਾਲੇ ਸਨ। ਇਸ ਪੰਥ ਦੇ ਜਨਮ ਹੋਣ ਦੇ ਹਾਲਾਤ ਬਾਰੇ ਵੇਰਵੇ ਬਹੁਤ ਘੱਟ ਮਿਲਦੇ ਹਨ। ਮਿਲਦੇ ਵੇਰਵਿਆਂ, ਰਵਾਇਤ ਅਤੇ ਇੱਥੋਂ ਦੇ ਪਿੰਡਾਂ ਤੋਂ ਇਕੱਠੀ ਕੀਤੀ ਸਥਾਨਕ ਜਾਣਕਾਰੀ ਅਨੁਸਾਰ ਗੁਰੂ ਉਦੋਦਾਸ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਜਾਂ ਉਸ ਦੇ ਕਿਸੇ ਸਰਦਾਰ ਦੀ ਫ਼ੌਜ ਵਿਚ ਸਨ।
ਦਾਰਾ ਸ਼ਿਕੋਹ ਪੰਜਾਬ ਦਾ ਸੂਬੇਦਾਰ ਸੀ ਅਤੇ ਲੰਮਾ ਸਮਾਂ ਲਾਹੌਰ ਵਿਚ ਰਿਹਾ। ਉਹ ਸਾਈਂ ਮੀਆਂ ਮੀਰ, ਅਰਮੀਨੀਅਨ ਸੂਫ਼ੀ ਸਰਮਦ, ਪੰਜਾਬ ਦੇ ਸੂਫ਼ੀ ਬਾਬਾ ਲਾਲ (ਬਾਬਾ ਲਾਲ ਅਤੇ ਦਾਰਾ ਸ਼ਿਕੋਹ ਦਾ ਸੰਵਾਦ ਲਿਖ਼ਤ ਵਿਚ ਪ੍ਰਾਪਤ ਹੈ) ਅਤੇ ਹੋਰ ਸੂਫ਼ੀਆਂ ਤੇ ਸੰਤਾਂ ਦਾ ਸੰਗਤੀ ਸੀ। ਉਸ ਨੇ ਉਪਨਿਸ਼ਦਾਂ ਦਾ ਫ਼ਾਰਸੀ ਵਿਚ ਅਨੁਵਾਦ ਕੀਤਾ ਅਤੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰਲੇ ਪਾੜੇ ਨੂੰ ਘਟਾਉਣ ਦੇ ਵੱਡੇ ਉਪਰਾਲੇ ਕੀਤੇ। ਪ੍ਰਾਪਤ ਸ੍ਰੋਤਾਂ ਤੋਂ ਮਿਲਦੀ ਜਾਣਕਾਰੀ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਗੁਰੂ ਉਦੋਦਾਸ ਦਾਰਾ ਸ਼ਿਕੋਹ ਦੇ ਨਜ਼ਦੀਕ ਰਹੇ।
ਸ਼ਾਹ ਜਹਾਨ ਦੇ ਬੁਢਾਪੇ ਵਿਚ ਉਸ ਦੇ ਪੁੱਤਰਾਂ ਵਿਚ ਤਖ਼ਤ ਲਈ ਲੜਾਈ ਸ਼ੁਰੂ ਹੋ ਗਈ। ਸ਼ਾਹ ਜਹਾਨ ਨੇ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਆਪਣਾ ਜਾਨਸ਼ੀਨ ਬਣਾਇਆ ਸੀ। ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨਾਲ ਮਿਲ ਕੇ ਵਿਦਰੋਹ ਕੀਤਾ। ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਵਿਚ ਵੱਡੀ ਜੰਗ ਸਾਮੂਗੜ੍ਹ ਵਿਚ ਹੋਈ ਜਿਸ ਵਿਚ ਗੁਰੂ ਉਦੋਦਾਸ ਨੇ ਵੀ ਹਿੱਸਾ ਲਿਆ। ਦਾਰਾ ਸ਼ਿਕੋਹ ਇਹ ਜੰਗ ਹਾਰ ਗਿਆ ਅਤੇ ਉਸ ਨੇ ਪੱਛਮ ਵੱਲ ਕੂਚ ਕੀਤਾ, ਪਰ ਅੰਤ ਵਿਚ ਸਾਥੀਆਂ ਦੇ ਧੋਖਾ ਦੇਣ ਕਾਰਨ ਫੜਿਆ ਗਿਆ। ਔਰੰਗਜ਼ੇਬ ਨੇ ਕਾਜ਼ੀਆਂ ਤੋਂ ਉਸ ਦਾ ਇਸਲਾਮ-ਵਿਰੋਧੀ ਹੋਣ ਦਾ ਫ਼ਤਵਾ ਦਿਵਾ ਕੇ ਉਸ ਨੂੰ ਕਤਲ ਕਰਵਾ ਦਿੱਤਾ। ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ ਵੀ ਕਤਲ ਕਰਵਾਇਆ ਜਦੋਂਕਿ ਚੌਥਾ ਭਰਾ ਸ਼ਾਹ ਸ਼ੁਜਾ ਅਰਾਕਾਨ (ਮੌਜੂਦਾ ਮਿਆਂਮਾਰ/ਬਰਮਾ) ਦੇ ਇਲਾਕੇ ਵਿਚ ਜਾ ਛੁਪਿਆ ਜਿੱਥੇ ਉਸ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਆਗਰੇ ਵਿਚ ਕੈਦ ਕਰ ਦਿੱਤਾ ਤੇ ਦਿੱਲੀ ਦੇ ਤਖ਼ਤ ’ਤੇ ਬੈਠਾ।
ਔਰੰਗਜ਼ੇਬ ਦੀ ਤਖ਼ਤ-ਨਸ਼ੀਨੀ ਦੋ ਵਾਰ ਹੋਈ। ਪਹਿਲੀ ਜੁਲਾਈ 1658 ਵਿਚ ਅਤੇ ਦੂਸਰੀ ਜੂਨ 1659 ਵਿਚ। ਇਸ ਲੇਖ ਵਿਚ ਇਹ ਜ਼ਿਕਰ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਔਰੰਗਜ਼ੇਬ ਦੀ ਪਹਿਲੀ ਤਖ਼ਤ-ਨਸ਼ੀਨੀ ਵੇਲੇ ਦਿੱਲੀ ਦੀ ਜਾਮਾ ਮਸਜਿਦ ਵਿਚ 31 ਜੁਲਾਈ ਜੁੰਮੇ ਦੀ ਨਮਾਜ਼ ਤੋਂ ਬਾਅਦ ਔਰੰਗਜ਼ੇਬ ਦੇ ਹੱਕ ਵਿਚ ਖੁਤਬਾ (ਫ਼ਰਮਾਨ) ਪੜ੍ਹਨ ਵਾਲੇ ਕਾਜ਼ੀ ਅਬਦੁੱਲ ਵਹਾਬ ਦਾ ਸਤਨਾਮੀਆਂ ਦੇ ਇਤਿਹਾਸ ਨਾਲ ਡੂੰਘਾ ਤੁਅੱਲਕ ਹੈ। ਫਾਤੂਹਾਤ-ਏ-ਆਲਮਗਿਰੀ ਦੇ ਕਰਤਾ ਈਸ਼ਵਰ ਦਾਸ ਨਾਗਰ ਅਨੁਸਾਰ ਉਸ ਵੇਲੇ ਹਕੂਮਤ-ਏ-ਹਿੰਦੋਸਤਾਨ ਦੇ ਮੁੱਖ ਕਾਜ਼ੀ (ਕਾਜ਼ੀ-ਉਲ-ਕਜ਼ਾਤ) ਨੇ ਔਰੰਗਜ਼ੇਬ ਦੇ ਹੱਕ ਵਿਚ ਖੁਤਬਾ ਪੜ੍ਹਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਸ਼ਰੀਅਤ ਅਨੁਸਾਰ ਜਦ ਪਿਉ ਜ਼ਿੰਦਾ ਹੋਵੇ ਤਾਂ ਪੁੱਤਰ ਨੂੰ ਬਾਦਸ਼ਾਹ ਐਲਾਨ ਦੇਣ ਵਾਲਾ ਫ਼ਰਮਾਨ (ਖੁਤਬਾ) ਨਹੀਂ ਪੜ੍ਹਿਆ ਜਾ ਸਕਦਾ, ਉਸ ਵੇਲੇ ਕਾਜ਼ੀ ਅਬਦੁੱਲ ਵਹਾਬ ਨੇ ਸ਼ਰੀਅਤ ਦੀ ਹੋਰ ਤਰੀਕੇ ਨਾਲ ਵਿਆਖਿਆ ਕਰਕੇ ਔਰੰਗਜ਼ੇਬ ਦੇ ਹੱਕ ਵਿਚ ਖੁਤਬਾ ਪੜ੍ਹਿਆ ਅਤੇ ਉਸ ਨੂੰ ਹਿੰਦੋਸਤਾਨ ਦਾ ਬਾਦਸ਼ਾਹ ਐਲਾਨਿਆ। ਔਰੰਗਜ਼ੇਬ ਨੇ ਅਬਦੁੱਲ ਵਹਾਬ ਨੂੰ ਦਰਬਾਰ ਦਾ ਕਾਜ਼ੀ (ਕਾਜ਼ੀ-ਏ-ਹਜ਼ੂਰ) ਅਤੇ ਦੇਸ਼ ਦਾ ਮੁੱਖ ਕਾਜ਼ੀ (ਕਾਜ਼ੀ-ਉਲ-ਕਜ਼ਾਤ) ਨਿਯੁਕਤ ਕੀਤਾ।
ਸਾਮੂਗੜ੍ਹ ਦੀ ਲੜਾਈ (1658) ਤੋਂ ਬਾਅਦ ਦੇ ਕੁਝ ਸਮੇਂ ਦੇ ਗੁਰੂ ਉਦੋਦਾਸ ਦੇ ਜੀਵਨ ਦੇ ਜ਼ਿਆਦਾ ਵੇਰਵੇ ਨਹੀਂ ਮਿਲਦੇ ਅਤੇ ਜਿਹੜੇ ਮਿਲਦੇ ਹਨ, ਉਨ੍ਹਾਂ ਦਾ ਖ਼ਾਸਾ ਮਿਥਿਹਾਸਕ ਅਤੇ ਸ਼ਰਧਾਮਈ ਹੈ (ਗੁਰੂ ਉਦੋਦਾਸ ਦਾ ਗਾਇਬ ਹੋ ਜਾਣਾ, ਜਹਾਜ਼ ਵਿਚ ਜਾਣਾ, ਕਬੀਰ ਸਾਹਿਬ ਨਾਲ ਮਿਲਾਪ ਆਦਿ)। ਗੁਰੂ ਉਦੋਦਾਸ ਆਪਣੇ ਪਿੰਡ ਬੀਜਾਸਰ ਕਾਸਲੀ ਵਾਪਸ ਆਏ ਅਤੇ ਸਤਨਾਮੀ ਪੰਥ ਦਾ ਪ੍ਰਚਾਰ ਸ਼ੁਰੂ ਕੀਤਾ। ਇਹ ਪੰਥ ਨਿਰਗੁਣ ਪਰਮਾਤਮਾ ਅਤੇ ਸਮਾਜਿਕ ਬਰਾਬਰੀ ਵਿਚ ਵਿਸ਼ਵਾਸ, ਬ੍ਰਾਹਮਣਵਾਦ ਅਤੇ ਜਾਤ-ਪਾਤ ਦਾ ਵਿਰੋਧ ਕਰਨ ਅਤੇ ਸਾਂਝੀਵਾਲਤਾ, ਸਮਾਜਿਕ ਏਕਤਾ ਤੇ ਸਮਤਾ ਦੇ ਸਿਧਾਂਤਾਂ ’ਤੇ ਆਧਾਰਿਤ ਸੀ। ਗੁਰੂ ਉਦੋਦਾਸ ਆਪਣੇ ਆਪ ਨੂੰ ਭਗਤ ਕਬੀਰ ਦਾ ਸ਼ਿਸ਼ ਦੱਸਦੇ ਸਨ ਅਤੇ ਇਸ ਪੰਥ ਵਿਚ ਭਗਤ ਰਵਿਦਾਸ, ਭਗਤ ਦਾਦੂ ਅਤੇ ਭਗਤੀ ਲਹਿਰ ਦੇ ਹੋਰ ਸੰਤਾਂ ਅਤੇ ਨਾਥ ਪੰਥ ਦੇ ਗੁਰੂ ਗੋਰਖ ਨਾਥ ਨੂੰ ਵੀ ਸਤਿਕਾਰ ਦਿੱਤਾ ਜਾਂਦਾ ਹੈ। ਸਤਨਾਮੀਆਂ ਦੇ ਹੁਣ ਹੁੰਦੇ ਸਤਿਸੰਗਾਂ ਵਿਚ ਸਿੱਖ ਗੁਰੂਆਂ ਦੇ ਸ਼ਬਦ ਵੀ ਪੜ੍ਹੇ ਜਾਂਦੇ ਹਨ। ਕਈ ਸਤਨਾਮੀ ਸਰੋਤ ਭਗਤ ਕਬੀਰ ਅਤੇ ਗੁਰੂ ਉਦੋਦਾਸ ਨੂੰ ਇਕ ਸਰੂਪ ਮੰਨਦੇ ਹਨ। ਸਤਨਾਮੀ ਚਿੱਟੇ ਕੱਪੜੇ ਪਹਿਨਦੇ ਸਨ। ਉਹ ਕਿਸੇ ਸਾਹਮਣੇ ਸਿਰ ਨਹੀਂ ਸਨ ਝੁਕਾਉਂਦੇ ਅਤੇ ਸੱਜਾ ਹੱਥ ਖੜ੍ਹਾ ਕਰਕੇ ਸਤਨਾਮ ਬੋਲਦੇ ਹੋਏ ਇਕ-ਦੂਸਰੇ ਨੂੰ ਫ਼ਤਿਹ ਬੁਲਾਉਂਦੇ ਸਨ। ਗੁਰੂ ਉਦੋਦਾਸ ਮੂਰਤੀ ਪੂਜਾ, ਕਰਮਕਾਂਡ ਅਤੇ ਅੰਧ-ਵਿਸ਼ਵਾਸ ਦਾ ਖੰਡਨ ਕਰਦੇ ਸਨ ਅਤੇ ਸੱਚ ਤੇ ਸਦਾਚਾਰ ਨੂੰ ਜੀਵਨ ਦੀ ਧੁਰੀ ਮੰਨਦੇ ਸਨ। ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਸਤਨਾਮੀ ਆਪਣੇ ਸਾਰੇ ਵਾਲ (ਭਰਵੱਟਿਆਂ ਸਮੇਤ) ਮੁੰਨਵਾ ਲੈਂਦੇ ਸਨ ਅਤੇ ਇਸ ਲਈ ਉਨ੍ਹਾਂ ਨੂੰ ਮੁੰਡੀਏ ਸਾਧ ਵੀ ਕਿਹਾ ਜਾਂਦਾ ਹੈ। ਮੁੰਡੀਏ ਸਾਧਾਂ ਦੀ ਪਰੰਪਰਾ ਪੁਰਾਣੀ ਲੱਗਦੀ ਹੈ ਕਿਉਂਕਿ ਕਬੀਰ ਜੀ ਦੀ ਬਾਣੀ ਵਿਚ ਮੁੰਡੀਏ ਸਾਧਾਂ ਦਾ ਜ਼ਿਕਰ ਹੈ। ‘‘ਇਨ ਮੁੰਡੀਅਨ ਮੇਰੀ ਜਾਤਿ ਗਵਾਈ।।’’ ‘‘ਇਨ੍ਹ ਮੁੰਡੀਅਨੁ ਭਜਿ ਸਰਨਿ ਕਬੀਰ।।’’ ਇਸ ਤਰ੍ਹਾਂ ਸਤਨਾਮੀਆਂ ਦਾ ਭਗਤ ਕਬੀਰ ਨਾਲ ਡੂੰਘਾ ਰਿਸ਼ਤਾ ਸਹੀ ਪ੍ਰਤੀਤ ਹੁੰਦਾ ਹੈ। ਸਤਨਾਮੀਆਂ ਨੂੰ ਬੈਰਾਗੀ ਵੀ ਕਿਹਾ ਜਾਂਦਾ ਸੀ। ਰਾਜਪੂਤ, ਜਾਟ, ਦਸਤਕਾਰ, ਦਲਿਤ ਅਤੇ ਹੋਰ ਅਖੌਤੀ ਛੋਟੀਆਂ ਜਾਤਾਂ ਦੇ ਲੋਕ ਵੱਡੀ ਗਿਣਤੀ ਵਿਚ ਸਤਨਾਮੀ ਬਣੇ। ਸਤਨਾਮੀ ਪੰਥ ਨੂੰ ਧਾਰਨ ਕਰਨ ਵਾਲਿਆਂ ਵਿਚੋਂ ਪ੍ਰਮੁੱਖ ਗੁਰੂ ਉਦੋਦਾਸ ਦਾ ਪਰਿਵਾਰ ਸੀ ਜਿਨ੍ਹਾਂ ਵਿਚ ਉਨ੍ਹਾਂ ਦੀਆਂ ਭਾਬੀਆਂ ਯਮੌਤੀ ਬਾਈ, ਸਿਆਮਾ ਬਾਈ ਅਤੇ ਸਦਾ ਕੁੰਵਰੀ ਅਤੇ ਭਰਾ ਜੋਗੀਦਾਸ ਅਤੇ ਵੀਰਭਾਨ ਸ਼ਾਮਲ ਸਨ।
ਨਾਰਨੌਲ ਇਲਾਕੇ ਵਿਚ ਜਾਗਰੂਕਤਾ ਫੈਲਾਉਣ ਬਾਅਦ ਗੁਰੂ ਉਦੋਦਾਸ ਦਿੱਲੀ ਚਲੇ ਗਏ ਅਤੇ ਉੱਥੇ ਸਤਨਾਮੀ ਪੰਥ ਦਾ ਪ੍ਰਚਾਰ ਕੀਤਾ। ਸ਼ਹਿਰ ਦੇ ਕੁਝ ਮਹੱਤਵਪੂਰਨ ਲੋਕ ਗੁਰੂ ਉਦੋਦਾਸ ਦੇ ਪ੍ਰਭਾਵ ਵਿਚ ਆਏ। 1669 ਵਿਚ ਇਕ ਦਿਨ ਜਦ ਗੁਰੂ ਉਦੋਦਾਸ ਸਤਿਸੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸ਼ਿਕਾਇਤ ਆਈ ਕਿ ਕਾਜ਼ੀ ਅਬੁੱਲ ਮੁਕਾਰਮ (ਮੁੱਖ ਕਾਜ਼ੀ, ਕਾਜ਼ੀ-ਉਲ-ਕਜ਼ਾਤ, ਅਬਦੁੱਲ ਵਹਾਬ ਦਾ ਪੁੱਤਰ) ਲੋਕਾਂ ’ਤੇ ਬਹੁਤ ਜ਼ੁਲਮ ਕਰਦਾ ਹੈ। ਗੁਰੂ ਉਦੋਦਾਸ ਨੇ ਸਤਨਾਮੀਆਂ, ਜਿਨ੍ਹਾਂ ਦੇ ਨਾਂ ਦਿਆਲ ਦਾਸ, ਗੋਕਲ ਦਾਸ ਅਤੇ ਬ੍ਰਿਦਾਬਨ ਦੱਸੇ ਜਾਂਦੇ ਹਨ, ਨੂੰ ਕਾਜ਼ੀ ਅਬੁੱਲ ਮੁਕਾਰਮ ਦੇ ਜ਼ੁਲਮ ਦਾ ਜਵਾਬ ਦੇਣ ਲਈ ਭੇਜਿਆ। ਉਨ੍ਹਾਂ ਨੇ ਕਾਜ਼ੀ ਅਬੁੱਲ ਮੁਕਾਰਮ ਨੂੰ ਕਤਲ ਕਰ ਦਿੱਤਾ ਅਤੇ ਰਵਾਇਤ ਅਨੁਸਾਰ ਲਹੂ ਵਿਚ ਭਿੱਜੀ ਨੰਗੀ ਤਲਵਾਰ ਲੈ ਕੇ ਗੁਰੂ ਉਦੋਦਾਸ ਵੱਲ ਚੱਲ ਪਏ। ਗੁਰੂ ਉਦੋਦਾਸ ਅਤੇ ਦੋ ਹੋਰ ਸਤਨਾਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਆਸਿਰਿ ਆਲਮਗੀਰੀ ਦੇ ਕਰਤਾ ਸਾਕੀ ਮੁਸਤਾਅਦ ਖਾਨ ਅਨੁਸਾਰ ਔਰੰਗਜ਼ੇਬ ਨੇ ਗੁਰੂ ਉਦੋਦਾਸ (ਸਾਕੀ ਨੇ ਉਨ੍ਹਾਂ ਨੂੰ ਗੁਰੂ ਊਧੋ ਬੈਰਾਗੀ ਲਿਖਿਆ ਹੈ) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਇਸ ਤਰ੍ਹਾਂ ਗੁਰੂ ਉਦੋਦਾਸ ਅਤੇ ਉਨ੍ਹਾਂ ਦੇ ਸਾਥੀਆਂ ਦੀ 1669 ਵਿਚ ਸ਼ਹਾਦਤ ਕੋਤਵਾਲੀ ਵਿਚ ਉਸ ਥਾਂ ’ਤੇ ਹੋਈ ਜਿੱਥੇ ਛੇ ਸਾਲ ਬਾਅਦ ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੱਖਾਂ ਦੀ 1675 ਵਿਚ ਹੋਈ ਸੀ। ਵਿਜਯਫੂਲ ਸਾਧ ਸਤਨਾਮੀ (ਕਿਤਾਬ ਸਾਧ ਸਤਨਾਮੀ ਮਤ) ਅਨੁਸਾਰ ਇਹ ਸ਼ਹਾਦਤ 3 ਜੂਨ 1669 ਨੂੰ ਹੋਈ।
ਇਕ ਹੋਰ ਬਿਰਤਾਂਤ ਅਨੁਸਾਰ ਪਹਿਲਾਂ ਗੁਰੂ ਉਦੋਦਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਸਤਨਾਮੀਆਂ ਨੇ ਉਨ੍ਹਾਂ ਨੂੰ ਬਚਾਉਣ ਦਾ ਯਤਨ ਕੀਤਾ ਅਤੇ ਉਸ ਸਮੇਂ ਕਾਜ਼ੀ ਅਬੁੱਲ ਮੁਕਾਰਮ ਮਾਰਿਆ ਗਿਆ।
ਗੁਰੂ ਉਦੋਦਾਸ ਦੀ ਸ਼ਹਾਦਤ ਨੇ ਸਤਨਾਮੀਆਂ ਨੂੰ ਊਰਜਿਤ ਕੀਤਾ ਅਤੇ ਅਗਵਾਈ ਉਨ੍ਹਾਂ ਦੇ ਭਰਾ ਜੋਗੀਦਾਸ ਦੇ ਹੱਥਾਂ ਵਿਚ ਆ ਗਈ। ਸਤਨਾਮੀ ਹਥਿਆਰਬੰਦ ਹੋਣੇ ਸ਼ੁਰੂ ਹੋਏ। ਸਤਨਾਮੀਆਂ ਨੂੰ ਜਥੇਬੰਦ ਕਰਨ ਵਿਚ ਉਦੋਦਾਸ ਪਰਿਵਾਰ ਦੀਆਂ ਔਰਤਾਂ ਯਮੌਤੀ ਬਾਈ ਅਤੇ ਉਸ ਦੀਆਂ ਦਰਾਣੀਆਂ ਨੇ ਵੀ ਵੱਡਾ ਹਿੱਸਾ ਪਾਇਆ। ਜੋਗੀਦਾਸ ਵੀ 1669 ਵਿਚ ਕਾਮਖਿਆਨੀਆਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਤੇ ਉਸ ਤੋਂ ਬਾਅਦ ਕਮਾਨ ਛੋਟੇ ਭਰਾ ਵੀਰਭਾਨ ਨੇ ਸੰਭਾਲੀ। ਇਸੇ ਲਈ ਬਹੁਤ ਸਾਰੇ ਬਿਰਤਾਂਤਾਂ ਵਿਚ ਵੀਰਭਾਨ ਜੀ ਨੂੰ ਸਤਨਾਮੀ ਪੰਥ ਦਾ ਮੁੱਖ ਬਾਨੀ ਵੀ ਦੱਸਿਆ ਗਿਆ ਹੈ।
ਸਤਨਾਮੀਆਂ ਨੇ ਵੱਡੇ ਪੱਧਰ ’ਤੇ ਵਿਦਰੋਹ ਕਰਨ ਦੀਆਂ ਤਿਆਰੀਆਂ ਆਰੰਭੀਆਂ। ਮਾਂਦੀ ਪਿੰਡ ਵਿਚ ਕੱਚੀ ਗੜੀ ਬਣਾਈ ਗਈ। ਉਸ ਸਮੇਂ ਗੜੀ ਬਣਾਉਣ ਲਈ ਸਥਾਨਕ ਮੁਗ਼ਲ ਹਾਕਮਾਂ ਦੀ ਇਜਾਜ਼ਤ ਲੈਣੀ ਪੈਂਦੀ ਸੀ ਤੇ ਬਿਨਾਂ ਹੁਕਮ ਦੇ ਗੜੀ ਬਣਾਉਣਾ ਵਿਦਰੋਹੀ ਕਾਰਵਾਈ ਸਮਝਿਆ ਜਾਂਦਾ ਸੀ। ਇਹ ਪਿੰਡ ਨਾਰਨੌਲ ਤੋਂ 4 ਕਿਲੋਮੀਟਰ ਤੋਂ ਨਾਰਨੌਲ-ਨਾਂਗਲ ਚੌਧਰੀ ਸੜਕ ’ਤੇ ਇਕ ਪਹਾੜੀ ’ਤੇ ਹੈ। ਇਸ ਪਿੰਡ ਦੇ ਚੜ੍ਹਦੇ ਵੱਲ ਇਕ ਪਹਾੜੀ ਨੂੰ ਲਾਲ ਪਹਾੜੀ ਕਿਹਾ ਜਾਂਦਾ ਹੈ। ਲਾਲ ਪਹਾੜੀ ਤੋਂ ਅਗਾਂਹ ‘ਸਰ ਕੀ ਜੋੜੀ’ ਨਾਮਕ ਸਥਾਨ ਹੈ। ਬੀਜਾਸਰ ਕਾਸਲੀ ਅਤੇ ਇਹ ਥਾਵਾਂ ਸਤਨਾਮੀ ਵਿਦਰੋਹ ਦੇ ਕੇਂਦਰ ਬਣੇ।
1672 ਵਿਚ ਸਥਾਨਕ ਪੱਧਰ ’ਤੇ ਇਕ ਝੜਪ ਹੋਣ ਤੋਂ ਬਾਅਦ ਸਤਨਾਮੀ ਵਿਦਰੋਹ ਸ਼ੁਰੂ ਹੋ ਗਿਆ। ਸਤਨਾਮੀਆਂ ਨੇ ਨਾਰਨੌਲ ’ਤੇ ਕਬਜ਼ਾ ਕਰ ਲਿਆ। ਕੁਝ ਇਤਿਹਾਸਕਾਰਾਂ ਅਨੁਸਾਰ ਨਾਰਨੌਲ ਦਾ ਸੂਬੇਦਾਰ ਤਾਹਿਰ ਖਾਨ ਮਾਰਿਆ ਗਿਆ ਅਤੇ ਕੁਝ ਅਨੁਸਾਰ ਉਹ ਭੱਜ ਕੇ ਦਿੱਲੀ ਦਰਬਾਰ ਵਿਚ ਪੇਸ਼ ਹੋ ਗਿਆ। ਸਤਨਾਮੀਆਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ।
ਸਤਨਾਮੀ ਵਿਦਰੋਹ ਦੇ ਸਾਰੇ ਵੇਰਵੇ ਜੋ ਜਾਦੂ ਨਾਥ ਸਰਕਾਰ, ਇਰਫ਼ਾਨ ਹਬੀਬ, ਐੱਮ ਅਥਰ ਅਲੀ, ਸਤੀਸ਼ ਚੰਦਰ, ਆਭਾ ਸਿੰਘ ਅਤੇ ਹੋਰ ਇਤਿਹਾਸਕਾਰਾਂ ਨੇ ਦਿੱਤੇ ਹਨ, ਉਹ ਫ਼ਾਰਸੀ ਸਰੋਤਾਂ ਮੁੱਖ ਤੌਰ ’ਤੇ ਮਆਸਿਰਿ ਆਲਮਗੀਰੀ (ਕਰਤਾ ਸਾਕੀ ਮੁਸਤਾਅਦ ਖਾਂ), ਫਤੂਹਾਤ-ਇ-ਆਲਮਗੀਰੀ (ਕਰਤਾ ਈਸ਼ਰ ਦਾਸ ਨਾਗਰ), ਮੁਨਤਖਬ-ਉਲ-ਲਬਾਬ (ਕਰਤਾ ਖਾਫ਼ੀ ਖਾਂ ਜਾਂ ਖਾਫ਼ੀ ਮੁਹੰਮਦ ਹਾਸ਼ਿਮ ਖਾਂ। ਪ੍ਰੋ. ਆਰ.ਐੱਸ. ਸ਼ਰਮਾ ਅਨੁਸਾਰ ਖਾਫ਼ੀ ਖਾਂ ਦੀ ਲਿਖ਼ਤ ਅਬੁੱਲ ਫਜ਼ਲ ਮਾਮੂਰੀ ਦੀ ਲਿਖ਼ਤ ’ਤੇ ਆਧਾਰਿਤ ਹੈ) ਤੇ ਕੁਝ ਹੋਰ ਫ਼ਾਰਸੀ ਸ੍ਰੋਤਾਂ ਤੋਂ ਲਏ ਗਏ ਹਨ। ਇਸ ਸਬੰਧ ਵਿਚ ਸਤਨਾਮੀ ਸੰਪਰਦਾਇ ਦੇ ਲੋਕਾਂ ਨਾਲ ਸੰਪਰਕ ਕਰਕੇ ਅਤੇ ਉਨ੍ਹਾਂ ਦੀਆਂ ਲਿਖਤਾਂ ’ਚੋਂ ਘਟਨਾਵਾਂ ਤਲਾਸ਼ਣ ਦੀ ਕੋਸ਼ਿਸ਼ ਕਰਨ ਦੀ ਵੱਡੀ ਜ਼ਰੂਰਤ ਹੈ। ਸਤਨਾਮੀਆਂ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਆਪਣੀਆਂ ਲਿਖਤਾਂ ਗੁਪਤ ਰੱਖਦੇ ਸਨ।
ਉਪਰੋਕਤ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਸਤਨਾਮੀਆਂ ਦੀ ਬਗ਼ਾਵਤ ਨੇ ਔਰੰਗਜ਼ੇਬ ਨੂੰ ਫ਼ਿਕਰਾਂ ਵਿਚ ਪਾ ਦਿੱਤਾ। ਸਤਨਾਮੀਆਂ ਦੇ ਦਿੱਲੀ ਵੱਲ ਕੂਚ ਦਾ ਅਸਰ ਇੰਨਾ ਵੱਡਾ ਸੀ ਕਿ ਇਸ ਸਬੰਧੀ ਕਈ ਦੰਦ-ਕਥਾਵਾਂ ਚੱਲੀਆਂ: (1) ਵਿਦਰੋਹ ਦੀ ਅਗਵਾਈ ਇਕ ਦੰਦ-ਹੀਣੀ 70 ਸਾਲਾ ਬਜ਼ੁਰਗ ਔਰਤ ਕਰ ਰਹੀ ਹੈ ਜਿਸ ਦਾ ਕਹਿਣਾ ਹੈ ਜੇ ਇਕ ਸਤਨਾਮੀ ਸ਼ਹੀਦ ਹੋਵੇਗਾ, ਉੱਥੇ 70 (ਕਈ ਦੰਦ-ਕਥਾਵਾਂ ਅਨੁਸਾਰ 70 ਹਜ਼ਾਰ) ਸਤਨਾਮੀ ਪੈਦਾ ਹੋਣਗੇ। ਇਹ ਔਰਤ ਗੁਰੂ ਉਦੋਦਾਸ ਦੀ ਭਰਜਾਈ ਯਮੌਤੀ ਬਾਈ ਮੰਨੀ ਜਾਂਦੀ ਹੈ। ਸਥਾਨਕ ਹਵਾਲਿਆਂ ਅਨੁਸਾਰ ਕਈ ਲੋਕ ਇਸ ਔਰਤ ਨੂੰ ਮਾਂਦੀ ਜਾਂ ਖ਼ਾਤੂਨੀ ਪਿੰਡ ਦੀ ਮੀਨਾਕਸ਼ੀ ਦੇਵੀ ਵੀ ਦੱਸਦੇ ਹਨ। (2) ਸਤਨਾਮੀਆਂ ਕੋਲ ਲੱਕੜ ਦੇ ਘੋੜੇ ਹਨ (ਇਹ ਕੋਈ ਯੰਤਰ ਜਾਂ ਖ਼ਾਸ ਤਰ੍ਹਾਂ ਦਾ ਗੱਡਾ ਵੀ ਹੋ ਸਕਦਾ ਹੈ)। (3) ਸਤਨਾਮੀ ਅਮਰ ਹਨ (4) ਸਤਨਾਮੀ ਕਈ ਤਰ੍ਹਾਂ ਦੇ ਜਾਦੂ-ਟੂਣੇ ਜਾਣਦੇ ਹਨ। ਅਜਿਹੀਆਂ ਦੰਦ-ਕਥਾਵਾਂ ਨੇ ਮੁਗ਼ਲ ਸੈਨਾ ਵਿਚ ਡਰ ਤੇ ਭੈਅ ਪੈਦਾ ਕੀਤੇ ਅਤੇ ਔਰੰਗਜ਼ੇਬ ਨੂੰ ਸਤਨਾਮੀਆਂ ਨੂੰ ਰੋਕਣ ਲਈ ਸ਼ਾਹੀ ਫ਼ੌਜ ਭੇਜਣੀ ਪਈ।
ਸਾਕੀ ਮੁਸਤਾਅਦ ਖਾਂ (ਕਰਤਾ ਮਆਸਿਰਿ ਆਲਮਗੀਰੀ) ਅਨੁਸਾਰ, ‘‘ਇਸ ਟੋਲੇ ਦੇ ਵਿਅਕਤੀ ਆਪਣੇ ਆਪ ਨੂੰ ‘ਅਮਰ’ ਸਮਝਦੇ ਸਨ ਤੇ ਇਨ੍ਹਾਂ ਦਾ ਵਿਸ਼ਵਾਸ ਸੀ ਕਿ ਜੇ ਕੋਈ ਇਕ ਬੰਦਾ ਮਾਰਿਆ ਜਾਏਗਾ ਤਾਂ ਉਸ ਦੀ ਥਾਂ ਸੱਤਰ ਬੰਦੇ ਹੋਰ ਜੰਮ ਪੈਣਗੇ। ... ਉਹ ਇਤਨੇ ਦਲੇਰ ਹੋ ਗਏ ਕਿ ਸ਼ਹਿਨਸ਼ਾਹ ਦੇ ਇਲਾਕਿਆਂ ਤੇ ਪਰਗਣਿਆਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ। ... ਜ਼ੀਕਦਾ ਦੀ 26 ਤਰੀਕ (15 ਮਾਰਚ 1672, ਸ਼ੁੱਕਰਵਾਰ) ਨੂੰ ਰਅਦ ਅੰਦਾਜ਼ ਖ਼ਾਂ ਨੂੰ ਤੋਪਖਾਨਾ, ਹਾਮਿਦ ਖ਼ਾਂ ਨੂੰ ਚੌਕੀ ਖ਼ਾਸ ਦੀ ਫ਼ੌਜ ਤੇ ਉਸ ਦੇ ਪਿਤਾ ਸੱਯਦ ਮੁਰਤਜ਼ਾ ਖ਼ਾਂ ਦੇ ਪੰਜ ਸੌ ਸਵਾਰ ਸਮੇਤ ਯਾਹੀਆਂ ਖ਼ਾਂ, ਨਜ਼ੀਬ ਖ਼ਾਂ, ਰੂਮੀ ਖ਼ਾਂ, ਦਲੇਰ ਖ਼ਾਂ ਦੇ ਪੁੱਤਰ ਕਮਾਲੁੱਦੀਨ, ਫ਼ੀਰੋਜ਼ਦੀਨ ਮੇਵਾਤੀ ਦੇ ਪੁੱਤਰ ਪੁਰਦਿਲ, ਤੇ ਸ਼ਾਹਜ਼ਾਦਾ ਅਕਬਰ ਤੇ ਬਖਸ਼ੀ ਇਸਫ਼ੰਦਯਾਰ ਨੂੰ ਸ਼ਾਹਜ਼ਾਦਾ ਦੀ ਆਪਣੀ ਫ਼ੌਜ ਨਾਲ ਇਨ੍ਹਾਂ ਫ਼ਸਾਦੀਆਂ ਨੂੰ ਫੜਨ ਤੇ ਖ਼ਤਮ ਕਰਨ ਲਈ ਘੱਲਿਆ ਗਿਆ। ... ਜਿਉਂ ਹੀ ਸ਼ਾਹੀ ਲਸ਼ਕਰ ਨਾਰਨੌਲ ਦੇ ਲਾਗੇ ਪੁੱਜਿਆ, ਫ਼ਸਾਦੀਆਂ ਨੇ ਸ਼ਹਿਨਸ਼ਾਹ ਦੇ ਘੱਲੇ ਹੋਏ ਇਨ੍ਹਾਂ ਅਮੀਰਾਂ ਨਾਲ ਟੱਕਰ ਲਈ। ਜੰਗੀ ਸਮਾਨ ਦੀ ਨਾਦਾਰੀ ਦੇ ਹੁੰਦਿਆਂ ਵੀ ਇਨ੍ਹਾਂ ਬੇਦੀਨਾਂ ਨੇ ਹਿੰਦੂਆਂ ਦੀਆਂ ਕਿਤਾਬਾਂ ਵਿਚ ਲਿਖੀਆਂ ਕਹਾਣੀਆਂ ਨੂੰ ਨਵੇਂ ਸਿਰਿਉਂ ਸੁਰਜੀਤ ਕਰ ਦਿੱਤਾ ਤੇ ਭਾਰਤ ਵਾਸੀਆਂ ਦੀ ਪਰਿਭਾਸ਼ਾ ਵਿਚ ਇਹ ਜੰਗ ਵੀ ਮਹਾਂਭਾਰਤ ਦਾ ਨਮੂਨਾ ਹੀ ਬਣ ਗਈ।’’
ਖਾਫ਼ੀ ਖ਼ਾਨ ਅਨੁਸਾਰ ਸਤਨਾਮੀ ਦਿੱਲੀ ਤੋਂ ਸਿਰਫ਼ 16 ਕੋਹ ਦੂਰ ਸਨ। ਉਹ ਲਿਖਦਾ ਹੈ ‘‘ਵਿਦਰੋਹ ਦੀ ਲੋਅ ਹੋਰ ਉੱਚੀ ਹੋ ਗਈ। ... ਅੰਤ ’ਤੇ ਇਹ ਸਾਰਾ ਮਾਮਲਾ ਇੰਨਾ ਸੰਗੀਨ ਹੋ ਗਿਆ ਕਿ ਬਾਦਸ਼ਾਹ (ਔਰੰਗਜ਼ੇਬ) ਨੇ ਹੁਕਮ ਦਿੱਤਾ ਕਿ ਉਸ ਦਾ ਆਪਣਾ ਤੰਬੂ ਹੋਰ ਅੱਗੇ ਕਰ ਕੇ ਲਗਾਇਆ ਜਾਵੇ ਅਤੇ ਉਸ ਨੇ ਆਪਣੇ ਹੱਥਾਂ ਨਾਲ ਕੁਰਾਨ ਦੀਆਂ ਆਇਤਾਂ ਲਿਖੀਆਂ ਜਿਨ੍ਹਾਂ ਨੂੰ ਸ਼ਾਹੀ ਝੰਡਿਆਂ ਤੇ ਨਿਸ਼ਾਨਾਂ ’ਤੇ ਬੰਨ੍ਹਿਆ ਗਿਆ ਅਤੇ ਉਹ (ਝੰਡੇ ਤੇ ਨਿਸ਼ਾਨ) ਉਨ੍ਹਾਂ ਨੁਮੁਰਾਦਾਂ (ਸਤਨਾਮੀਆਂ) ਦੀ ਫ਼ੌਜ ਸਾਹਮਣੇ ਖੜੇ ਗਏ।’’ ਇਸ ਤੋਂ ਸ਼ਾਹੀ ਫ਼ੌਜ ਵਿਚ ਫੈਲੇ ਸਹਿਮ ਬਾਰੇ ਪਤਾ ਲੱਗਦਾ ਹੈ। ਖਾਫ਼ੀ ਖ਼ਾਨ ਅਨੁਸਾਰ ਹਜ਼ਾਰਾਂ ਸਤਨਾਮੀ ਮਾਰੇ ਗਏ ਅਤੇ ਬਗ਼ਾਵਤ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ।
ਇਸ ਤਰ੍ਹਾਂ ਰਵਾਇਤ ਅਤੇ ਇਤਿਹਾਸਕਾਰਾਂ ਦੀਆਂ ਗਵਾਹੀਆਂ ਤੋਂ ਸਿੱਧ ਹੁੰਦਾ ਹੈ ਕਿ ਸਤਨਾਮੀਆਂ ਨੇ ਅਦੁੱਤੀ ਬਹਾਦਰੀ ਦਿਖਾਈ ਅਤੇ ਤਾਕਤਵਰ ਬਾਦਸ਼ਾਹਤ ਨਾਲ ਸਿੱਧਾ ਮੱਥਾ ਲਾਇਆ। ਜਦ ਮੁਸਲਮਾਨ ਇਤਿਹਾਸਕਾਰਾਂ ਨੇ ਸਤਨਾਮੀਆਂ ਦੀ ਅਨੂਠੀ ਬਹਾਦਰੀ ਨੂੰ ਸਵੀਕਾਰ ਕੀਤਾ ਤਾਂ ਹਿੰਦੂ ਇਤਿਹਾਸਕਾਰ ਈਸ਼ਵਰ ਦਾਸ ਨਾਗਰ ਨੇ ਆਪਣੀ ਕਿਤਾਬ ‘ਫਾਤੂਹਾਤੇ-ਏ-ਆਲਮਗਿਰੀ’ ਵਿਚ ਸਤਨਾਮੀਆਂ ਬਾਰੇ ਬਹੁਤ ਨਾਕਾਰਾਤਮਕ ਟਿੱਪਣੀਆਂ ਕੀਤੀਆਂ ਹਨ। ਇਸ ਵਿਚ ਹੈਰਾਨ ਹੋਣ ਵਾਲੀ ਗੱਲ ਇਸ ਲਈ ਨਹੀਂ ਕਿਉਂਕਿ ਈਸ਼ਵਰ ਦਾਸ ਨਾਗਰ ਕਾਜ਼ੀ ਅਬਦੁੱਲ ਵਹਾਬ, ਜਿਸ ਦੇ ਪੁੱਤਰ ਕਾਜ਼ੀ ਅਬੁੱਲ ਮੁਕਾਰਮ ਨੂੰ ਸਤਨਾਮੀਆਂ ਨੇ ਮਾਰ ਮੁਕਾਇਆ ਸੀ, ਦਾ ਮੁਲਾਜ਼ਮ ਸੀ (ਕਾਜ਼ੀ ਅਬਦੁੱਲ ਵਹਾਬ ਅਤੇ ਈਸ਼ਵਰ ਦਾਸ ਨਾਗਰ ਦੋਵੇਂ ਪਟਨ, ਸੂਬਾ ਗੁਜਰਾਤ ਦੇ ਰਹਿਣ ਵਾਲੇ ਸਨ। ਮਾਮੂਰੀ ਅਤੇ ਖਾਫ਼ੀ ਖਾਂ ਅਨੁਸਾਰ ਕਾਜ਼ੀ ਅਬਦੁੱਲ ਵਹਾਬ ਬਹੁਤ ਰਿਸ਼ਵਤਖੋਰ ਸੀ ਅਤੇ ਇਸ ਬਾਰੇ ਬਾਦਸ਼ਾਹ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਬਾਦਸ਼ਾਹ ਨੇ ਕੋਈ ਕਾਰਵਾਈ ਨਾ ਕੀਤੀ ਕਿਉਂਕਿ ਕਾਜ਼ੀ ਅਬਦੁੱਲ ਵਹਾਬ ਨੇ ਔਰੰਗਜ਼ੇਬ ਨੂੰ ਬਾਦਸ਼ਾਹ ਬਣਾਉਣ ਲਈ ਜਾਮਾ ਮਸਜਿਦ ਵਿਚ ਖ਼ੁਤਬਾ/ ਫ਼ਰਮਾਨ ਪੜ੍ਹਿਆ ਸੀ।)
ਇਸ ਤਰ੍ਹਾਂ ਸਤਨਾਮੀਆਂ ਨੇ ਜਿੱਥੇ ਪੁਰੋਹਿਤਵਾਦੀ ਬ੍ਰਾਹਮਣਵਾਦ, ਜਾਤੀਵਾਦ, ਮੂਰਤੀ ਪੂਜਾ, ਕਰਮਕਾਂਡ ਅਤੇ ਅੰਧ-ਵਿਸ਼ਵਾਸ ਦਾ ਵਿਰੋਧ ਕੀਤਾ, ਉੱਥੇ ਮੁਗ਼ਲ ਅਤੇ ਸਥਾਨਕ ਹਾਕਮਾਂ ਨਾਲ ਵੀ ਲੋਹਾ ਲਿਆ। ਉਨ੍ਹਾਂ ਦੀ ਬਗ਼ਾਵਤ ਨੂੰ ਬਹੁਤ ਬੇਰਹਿਮੀ ਨਾਲ ਦਬਾ ਦਿੱਤਾ ਗਿਆ। ਕੁਝ ਦੰਦ-ਕਥਾਵਾਂ ਅਨੁਸਾਰ ਜਦ ਬੰਦਾ ਸਿੰਘ ਬਹਾਦਰ ਉੱਤਰ ਖੇਤਰ ਵਿਚ ਪਹੁੰਚਿਆ ਤਾਂ ਉਸ ਨੇ ਨਾਰਨੌਲ ਵਿਚ ਮੁਕਾਮ ਕੀਤਾ। ਉਸ ਨੂੰ ਸਤਨਾਮੀਆਂ ’ਤੇ ਹੋਏ ਜ਼ੁਲਮ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਕਾਰਨ ਬੰਦਾ ਬਹਾਦਰ ਬਹੁਤ ਰੋਹ ਵਿਚ ਆ ਗਿਆ ਤੇ ਉਸ ਨੇ ਸਥਾਨਕ ਹਾਕਮਾਂ ’ਤੇ ਹਮਲਾ ਬੋਲ ਦਿੱਤਾ। ਉਸ ਨੇ ਨਾਰਨੌਲ ਦਾ ਅਸਲਾਖ਼ਾਨਾ ਲੁੱਟ ਲਿਆ ਤੇ ਫਿਰ ਹਰਿਆਣਾ ਤੇ ਪੰਜਾਬ ਵੱਲ ਵਧਿਆ। ਇਸ ਤਰ੍ਹਾਂ ਸਤਨਾਮੀਆਂ ਦੀ ਬਗ਼ਾਵਤ ਨੇ ਸਮਾਜ ਵਿਚ ਜਾਗਰੂਕਤਾ ਲਿਆਉਣ ਦੇ ਨਾਲ-ਨਾਲ ਹਥਿਆਰਬੰਦ ਵਿਦਰੋਹ ਕਰਨ ਦਾ ਸ਼ਾਨਦਾਰ ਇਤਿਹਾਸਕ ਕਾਂਡ ਲਿਖਿਆ।
(ਲੇਖਕ ਨੇ ਸਤਨਾਮੀ ਪੰਥ ਬਾਰੇ ਨਾਟਕ ‘ਕੱਚੀ ਗੜ੍ਹੀ’ ਲਿਖਿਆ ਹੈ ਜਿਸ ਨੂੰ ਮੰਚ-ਰੰਗਮੰਚ ਅੰਮ੍ਰਿਤਸਰ ਨੇ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਵਿਚ 2015 ਤੋਂ ਬਾਅਦ ਕਈ ਥਾਵਾਂ ’ਤੇ ਪੇਸ਼ ਕੀਤਾ ਹੈ। ਲੇਖਕ ਨੂੰ ਇਹ ਨਾਟਕ ਲਿਖਣ ਦੀ ਪ੍ਰੇਰਨਾ ਦਰਸ਼ਨ ਖਟਕੜ ਨੇ 2003 ਵਿਚ ਦਿੱਤੀ ਅਤੇ ਇਸ ਨਾਲ ਸਬੰਧਿਤ ਸਾਹਿਤ ਵੀ ਮੁਹੱਈਆ ਕਰਾਇਆ। ਇਨ੍ਹਾਂ ਪਿੰਡਾਂ ਦੀ ਸਥਾਨਕ ਜਾਣਕਾਰੀ ਡਾ. ਹਰਵਿੰਦਰ ਸਿੰਘ ਨੇ ਇਕੱਠੀ ਕੀਤੀ ਅਤੇ ਸਥਾਨਕ ਵੇਰਵੇ ਉਸ ਦੀ ਅਪ੍ਰਕਾਸ਼ਿਤ ਕਿਤਾਬ ਦੇ ਖਰੜੇ ’ਚੋਂ ਲਏ ਗਏ ਹਨ।)
ਇਕ ਦੰਦ-ਕਥਾ ਅਨੁਸਾਰ ਨਾਰਨੌਲ ਦੇ ਹਾਕਮ ਤਾਹਿਰ ਬੇਗ ਨੇ ਇਕ ਸਤਨਾਮੀ ਕੁੜੀ ਨੂੰ ਉਧਾਲ ਲਿਆ ਸੀ ਅਤੇ ਲੜਾਈ ਉੱਥੋਂ ਸ਼ੁਰੂ ਹੋਈ। ਇਸ ਕਥਾ ਅਨੁਸਾਰ ਸਤਨਾਮੀਆਂ ਨੇ ਤਾਹਿਰ ਬੇਗ ਨੂੰ ਮਾਰ ਦਿੱਤਾ। ਉਸ ਇਲਾਕੇ ਵਿਚ ਇਹ ਬੋਲ ਪ੍ਰਚਲਿਤ ਹਨ :
ਸਤਨਾਮੀ ਸਤ ਸੇ ਲੜੇ ਲੇਕਰ ਹਾਥ ਮੇਂ ਤੇਗ
ਨਾਰਨੌਲ ਕੇ ਗੌਰਵੇ ਮਾਰ ਦਿਯਾ ਤਾਹਿਰ ਬੇਗ
ਕਿਤਾਬ ‘ਦਿ ਰਿਲੀਜਸ ਲਾਈਫ ਆਫ਼ ਇੰਡੀਆ’, ਜਿਸ ਦੇ ਸੰਪਾਦਨ ਦਾ ਕੰਮ ਜੇ.ਐੱਨ. ਫਾਰਕੂਹਾਰ (J.N. Farquhar) ਨੇ ਆਰੰਭਿਆ ਸੀ ਤੇ ਜਿਸ ਨੂੰ ਨਿਕੋਲ ਮੈਕਨੀਕੋਲ (Nicol Macnicol), ਕੇ.ਕੇ. ਕੂਰੂਵਿਲਾ (K.K. Kuruvilla) ਅਤੇ ਈ.ਸੀ. ਡੀਵਕ (E.C. Dewick) ਨੇ ਸੰਪਾਦਿਤ ਕੀਤਾ, ਦੇ ਅਧੀਨ 1935 ਵਿਚ ਪ੍ਰਕਾਸ਼ਿਤ ਕੀਤੀ ਡਬਲਿਊ ਐੱਲ ਐਲੀਸਨ ਦੀ ਕਿਤਾਬ ‘ਦਿ ਸਾਧਜ਼ (The Sadhs)’ ਵਿਚ ਸਾਧ ਪਰੰਪਰਾ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬਾਰਾਂ ਹੁਕਮ
ਐੱਚ.ਐੱਸ. ਵਿਲਸਨ ਆਪਣੀ ਕਿਤਾਬ ‘ਦਿ ਰਿਲੀਜਸ ਸੈਕਟਸ ਆਫ਼ ਦਿ ਹਿੰਦੂਜ਼’ ਵਿਚ ਸਤਨਾਮੀਆਂ ਅਤੇ ਉਨ੍ਹਾਂ ਦੇ ਗ੍ਰੰਥ ‘ਆਦਿ ਉਪਦੇਸ਼’ ਅਤੇ ਉਸ ਵਿਚਲੇ 12 ਹੁਕਮਾਂ (ਜਾਂ ਹੁਕਮਨਾਮਿਆਂ, ਜਿਨ੍ਹਾਂ ਅਨੁਸਾਰ ਜ਼ਿੰਦਗੀ ਜਿਊਣੀ ਚਾਹੀਦੀ ਹੈ) ਦਾ ਜ਼ਿਕਰ ਕਰਦਾ ਹੈ।
ਇਰਫ਼ਾਨ ਹਬੀਬ ਅਨੁਸਾਰ ਸਤਨਾਮੀ ਬੈਰਾਗੀਆਂ ਦਾ ਹੀ ਇਕ ਪੰਥ ਸਨ। ਇਰਫ਼ਾਨ ਹਬੀਬ ਨੇ ਇਕ ਹੋਰ ਗ੍ਰੰਥ ‘ਸਤਨਾਮ ਸਹਾਇ’ (ਪੋਥੀ ਗਿਆਨ ਬਾਣੀ ਸਾਧ ਸਤਨਾਮੀ) ਦਾ ਵੀ ਜ਼ਿਕਰ ਕੀਤਾ ਜਿਹੜਾ ਰਾਇਲ ਐਸ਼ੀਐਟਕ ਸੁਸਾਇਟੀ ਲੰਡਨ ਵਿਚ ਉਪਲੱਬਧ ਹੈ। ਦਾਬਿਸਤਾਨ-ਏ-ਮਜ਼ਹਬ ਅਨੁਸਾਰ ਬੈਰਾਗੀਆਂ ਨੂੰ ਮੁੰਡੀਏ ਵੀ ਕਿਹਾ ਜਾਂਦਾ ਸੀ। ਮਾਮੂਰੀ ਸਤਨਾਮੀਆਂ ਦਾ ਦੂਸਰਾ ਨਾਂ ਮੁੰਡੀਏ ਦੱਸਦਾ ਹੈ।
ਸਤਨਾਮੀ ਪੰਥ ਦੀ ਇਕ ਦੰਦ-ਕਥਾ ਅਨੁਸਾਰ ਗੁਰੂ ਉਦੋਦਾਸ ਨੇ ਕਾਜ਼ੀ-ਉਲ-ਕਜ਼ਾਤ ਅਬਦੁੱਲ ਵਹਾਬ ਨਾਲ ਮੁਲਾਕਾਤ ਕਰਕੇ ਸਵਾਲ ਕੀਤਾ ਕਿ ਜੇ ਕੋਈ ਸ਼ਖ਼ਸ ਲੋਕਾਂ ’ਤੇ ਜ਼ੁਲਮ ਕਰੇ, ਅੱਲ੍ਹਾ ਦੇ ਹੁਕਮ ਨੂੰ ਨਾ ਮੰਨੇ ਤਾਂ ਉਸ ਨਾਲ ਕੀ ਸਲੂਕ ਕਰਨਾ ਚਾਹੀਦਾ ਹੈ। ਕਾਜ਼ੀ ਅਬਦੁੱਲ ਵਹਾਬ ਨੇ ਕਿਹਾ ਕਿ ਅਜਿਹੇ ਸ਼ਖ਼ਸ ਦਾ ਸਿਰ ਧੜ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ। ਗੁਰੂ ਉਦੋਦਾਸ ਨੇ ਕਾਜ਼ੀ ਨੂੰ ਇਹ ਲਿਖ਼ਤ ਵਿਚ ਦੇਣ ਨੂੰ ਕਿਹਾ। ਪੰਥ ਅਮ੍ਰਤਵਾਣੀ ਦੇ ਕਾਂਡ ਬ੍ਰਹਮ ਪ੍ਰਕਾਸ਼ ਅਨੁਸਾਰ :
ਜਬ ਸਤਗੁਰ ਕਾਜੀ ਕੇ ਆਇਆ।।
ਕਰਾ ਕੋਪ ਔਰ ਵਚਨ ਸੁਣਾਇਆ।। (269)
ਅੱਲਾ ਸੇ ਬੁਰਾ ਕਹੇ ਜੋ ਕੋਈ।।
ਉਸ ਕੀ ਸਜਾ ਕਯਾ ਹੋਈ।। (270)
ਸਤਗੁਰ ਕਾਜੀ ਸੇ ਕਹੇ ਤੁਰੰਤ ਕਿਤਾਬ ਨਿਕਾਲ।।
ਅੱਲਾਹ ਸੇ ਦੂਜੀ ਕਰੇ, ਤਾ ਕੋ ਕੌਨ ਵਿਚਾਰ (271)
… … …
ਖੋਲ ਕਿਤਾਬ ਕੋ ਕਰਾ ਵਿਚਾਰਾ।।
ਉਸ ਕਾਫ਼ਰ ਕੋ ਡਾਰੌਮਾਰਾ।। (273)
… … …
ਸਤਗੁਰ ਹੁਕਮ ਦਿਯਾ ਫਰਮਾਈ।।
ਉਸ ਕੋ ਸਨਮੁਖ ਮਾਰੌ ਜਾਈ।। (282)
ਸਤਨਾਮੀ ਸ੍ਰੋਤ ਅਤੇ ਵਿਜਯਫੂਲ ਸਾਧ ਸਤਨਾਮੀ ਉਸ ਰਵਾਇਤ ਦਾ ਜ਼ਿਕਰ ਵੀ ਕਰਦੇ ਹਨ ਜਿਸ ਅਨੁਸਾਰ ਜਦ ਸਤਨਾਮੀ ਦਿਆਲ ਦਾਸ ਦਾ ਸਿਰ ਕੱਟਿਆ ਗਿਆ ਤਾਂ ਉਹ ਸਿਰ ਧਰਤੀ ’ਤੇ ਡਿੱਗ ਕੇ ਫਿਰ ਤਿੰਨ ਪੌੜੀਆਂ ਚੜ੍ਹਿਆ ਅਤੇ ਗੁਰੂ ਉਦੋਦਾਸ ਦੇ ਚਰਨਾਂ ਵਿਚ ਥਿਰ ਹੋ ਗਿਆ। ਅਮ੍ਰਤਵਾਣੀ (ਕਾਂਡ ਬ੍ਰਹਮ ਪ੍ਰਕਾਸ਼) ਅਨੁਸਾਰ :
ਸੀਸ ਕਟਾ ਧੜ ਸੇ ਗਿਰਾ, ਪਰਾ ਜੋ ਧਰਤੀ ਆਈ।।
ਤੀਨ ਸੀੜੀ ਊਪਰ ਚੜਾ, ਚਰਨੌ ਲਾਗਾ ਧਾਯੀ।।
ਐਸਾ ਅਚਰਜ ਹੂਆ ਨ ਕੋਈ।। ਧਨ ਧਨ ਕਹੈ ਸਭ ਕੋਈ।। (360)
ਸਤਨਾਮੀਆਂ ਦਾ ਵਰਣਨ ਵਿਲੀਅਮ ਟਰਾਂਟ (1827) ਦੀ ਕਿਤਾਬ ‘ਦਿ ਸਾਧ’ ਵਿਚ ਮਿਲਦਾ ਹੈ। ਡਬਲਿਊ ਐੱਚ ਐਲੀਸਨ ਸਤਨਾਮੀ ਪੰਥ ਦੀਆਂ ਫਾਰੂਖਾਬਾਦ (ਉੱਤਰ ਪ੍ਰਦੇਸ਼) ਅਤੇ ਦਿੱਲੀ ਸ਼ਾਖਾਵਾਂ ਦਾ ਜ਼ਿਕਰ ਕਰਦਾ ਹੈ। ਪਰਿੰਗਲ ਕੈਨੇਡੀ (Pringle Kennedy) ਵੀ ਸਤਨਾਮੀਆਂ ਦਾ ਜ਼ਿਕਰ ਕਰਦਾ ਹੈ। ਰਾਜਸਥਾਨ ਵਿਚ ਇਕ ਹੋਰ ਗੱਦੀ ਕਰੌਲੀ ਜ਼ਿਲ੍ਹੇ ਦੇ ਸਾਧਪੁਰਾ ਪਿੰਡ ਵਿਚ ਦੱਸੀ ਜਾਂਦੀ ਹੈ ਜਿੱਥੇ ਦੇਹਧਾਰੀ ਗੁਰੂ ਦੀ ਪਰੰਪਰਾ ਹੈ। ਅੱਜ ਸਤਨਾਮੀ ਛੋਟੀ-ਛੋਟੀ ਗਿਣਤੀ ਵਿਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਰਹਿੰਦੇ ਹਨ। ਕਈ ਲੋਕ ਛੱਤੀਸਗੜ੍ਹ ਵਿਚ ਵਿਕਸਿਤ ਹੋਈ ਸਤਨਾਮੀ ਪਰੰਪਰਾ ਨੂੰ ਵੀ ਨਾਰਨੌਲ ਦੀ ਪਰੰਪਰਾ ਨਾਲ ਜੋੜਦੇ ਹਨ ਭਾਵੇਂ ਉਹ ਮੁੱਖ ਰੂਪ ਵਿਚ ਆਜ਼ਾਦ ਪਰੰਪਰਾ ਲੱਗਦੀ ਹੈ ਜਿਸ ਦੇ ਗੁਰੂ ਘਾਸੀਦਾਸ ਅਤੇ ਗੁਰੂ ਬਾਲਕ ਦਾਸ ਹੋਏ। ਉਨ੍ਹਾਂ ਦੀ ਪਰੰਪਰਾ ਦੇ ਕਾਫ਼ੀ ਇਤਿਹਾਸਕ ਅਤੇ ਮਿਥਿਹਾਸਕ ਵੇਰਵੇ ਮਿਲਦੇ ਹਨ। ਇਹ ਵੀ ਮਾਨਤਾ ਹੈ ਅਤੇ ਸੰਭਵ ਵੀ ਹੈ ਕਿ 1672 ਵਿਚ ਸਤਨਾਮੀ ਬਗ਼ਾਵਤ ਨੂੰ ਬੇਰਹਿਮੀ ਨਾਲ ਦਬਾਏ ਜਾਣ ਬਾਅਦ ਜੰਗਲਾਂ ਵਿਚ ਜਾ ਛਿਪੇ ਅਤੇ ਬਾਅਦ ਵਿਚ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਪਰੰਪਰਾਵਾਂ ਚੱਲੀਆਂ। ਉੱਤਰ ਪ੍ਰਦੇਸ਼ ਦੀ ਇਕ ਵੱਖਰੀ ਪਰੰਪਰਾ (ਗੁਰੂ ਦਾ ਨਾਂ ਬਾਰਬੰਕੀ ਦੇ ਜਗਜੀਵਨ ਰਾਮ) ਹੈ। (ਐਨਸਾਈਕਲੋਪੀਡੀਆ ਬ੍ਰਿਟੈਨੀਕਾ)। ਉਹ ਸੂਫ਼ੀ ਯਾਰੀ ਸ਼ਾਹ ਦੇ ਮੁਰੀਦ ਦੱਸੇ ਜਾਂਦੇ ਹਨ। ਐੱਚ.ਐੱਸ. ਵਿਲਸਨ ਨੇ ਵੀ ਇਨ੍ਹਾਂ ਦਾ ਜ਼ਿਕਰ ਕੀਤਾ ਹੈ। ਇਹ ਵੇਰਵੇ ਇੰਨੇ ਉਲਝੇ ਹੋਏ ਹਨ ਕਿ ਆਧੁਨਿਕ ਇਤਿਹਾਸਕਾਰ (ਉਦਾਹਰਨ ਦੇ ਤੌਰ ’ਤੇ ਸੌਰਭ ਦੂਬੇ (Sarubh Dube), ਜਿਸ ਨੇ ਛੱਤੀਸਗੜ੍ਹ ਦੇ ਸਤਨਾਮੀਆਂ ਬਾਰੇ ਖੋਜ ਕਰਕੇ ਕਿਤਾਬ ‘Untouchable Past’ ਲਿਖੀ ਹੈ) ਵੀ ਇਸ ਵਿਚ ਡੂੰਘਾ ਨਹੀਂ ਉਤਰ ਸਕੇ ਅਤੇ ਫ਼ਾਰਸੀ ਅਤੇ ਬਸਤੀਵਾਦੀ ਸਰੋਤਾਂ ਤਕ ਸੀਮਤ ਹਨ। ਸੌਰਭ ਦੂਬੇ ਅਨੁਸਾਰ ਛੱਤੀਸਗੜ੍ਹ ਦੇ ਸਤਨਾਮੀ ਨਾਰਨੌਲ ਦੇ ਸਤਨਾਮੀਆਂ ਨਾਲੋਂ ਵੱਖਰੇ ਸਨ ਅਤੇ ਆਜ਼ਾਦ ਤੌਰ ’ਤੇ ਵਿਕਸਿਤ ਹੋਏ ਭਾਵੇਂ ਉਨ੍ਹਾਂ ਵਿਚਕਾਰ ਕਈ ਸਾਂਝਾਂ ਹਨ। ਉਹ ਅਜਿਹੇ ਪੰਥਾਂ ਨੂੰ ਕਬੀਰ ਪੰਥ ਦੇ ਪ੍ਰਭਾਵ ਹੇਠ ਵਿਕਸਿਤ ਹੋਏ ਮੰਨਦਾ ਹੈ। ਪਰਸ਼ੂਰੁਮ ਚਤੁਰਦੇਵੀ (ਕਿਤਾਬ ‘‘ਉੱਤਰੀ ਭਾਰਤ ਦੀ ਸੰਤ-ਪਰੰਪਰਾ’’ ਵਿਚ) ਨੇ ਸਤਨਾਮੀਆਂ ਦੀ ਨਾਰਨੌਲ ਸ਼ਾਖਾ ਕੋਟਵਾ (ਬਾਰਬੰਕੀ ਸ਼ਾਖਾ) ਅਤੇ ਛੱਤੀਸਗੜ੍ਹੀ ਸ਼ਾਖਾ ਦਾ ਜ਼ਿਕਰ ਕੀਤਾ ਹੈ।
ਤਿੰਨ ਇਕਰਾਰ
(੧) ਇਸ ਗਿਆਨ ਕੀ ਪਰਤੀਤ ਆਹੀ।।
(੨) ਹਿੰਦੂ ਤੁਰਕ ਵਿਚ ਸਾਧ ਸਤਨਾਮੀ ਕਹਾਏਗਾ
(੩) ਸਿਰ ਧਰ ਕੀ ਬਾਦੀ ਕਬੂਲ ਹੈ। (ਸਿਰ ਧੜ ਕੀ ਬਾਜੀ ਕਬੂਲ ਹੈ।)
ਤਿੰਨ ਇਕਰਾਰਾਂ ਬਾਅਦ ਸਤਨਾਮੀ ਧਰਮ ਗ੍ਰਹਿ ਕਰਨ ਵਾਲਾ ਕਹਿੰਦਾ ਹੈ, ‘‘ਉਦਾਦਾਸ/ਉਦੋਦਾਸ ਬਾਬਾ ਮੇਰੇ