ਰੋ, ਮੇਰੇ ਪਿਆਰੇ ਦੇਸ਼...…ਰੋ - ਸਵਰਾਜਬੀਰ
ਰੋ, ਮੇਰੇ ਪਿਆਰੇ ਦੇਸ਼, ਕਿ ਤੇਰੇ ਖੇਤਾਂ ਦੇ ਜਾਏ ਅਤੇ ਜਾਈਆਂ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕੜਕਦੀ ਠੰਢ ਵਿਚ ਦਿੱਲੀ-ਹਰਿਆਣਾ ਦੀਆਂ ਹੱਦਾਂ ’ਤੇ ਬੈਠੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਭਾਵ 160 ਤੋਂ ਜ਼ਿਆਦਾ ਪਰਿਵਾਰ ਵੀਰਾਨ ਹੋ ਚੁੱਕੇ ਹਨ ਪਰ ਸਮੇਂ ਦੀ ਸਰਕਾਰ ਦੀ ਅੱਖ ’ਚੋਂ ਇਕ ਹੰਝੂ ਨਹੀਂ ਕਿਰਿਆ। ਹੰਝੂ ਕਿਰਿਆ ਤਾਂ ਧਰਤੀ-ਪੁੱਤਰ ਰਾਕੇਸ਼ ਟਿਕੈਤ ਦੀਆਂ ਅੱਖਾਂ ’ਚੋਂ ਜਦੋਂ ਉਹਨੇ ਵੇਖਿਆ ਕਿਵੇਂ ਪੁਲੀਸ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਦੇ ਕੁਝ ਚੁਣੇ ਹੋਏ ਨੁਮਾਇੰਦਿਆਂ ਨੇ ਗਾਜ਼ੀਪੁਰ ਵਿਚ ਕੁਝ ਲੋਕਾਂ ਨੂੰ ਵਰਗਲਾ ਕੇ ਕਿਸਾਨਾਂ ਨੂੰ ਕੁੱਟਣ ਦਾ ਪ੍ਰਬੰਧ ਕਰ ਲਿਆ ਸੀ। ਤੂੰ ਰੋ ਮੇਰੇ ਦੇਸ਼, ਕਿਉਂਕਿ ਤੇਰੇ ਖੇਤਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦੇ ਮਨਸੂਬੇ ਪੂਰੇ ਕੀਤੇ ਜਾ ਰਹੇ ਹਨ।
ਮੇਰੇ ਦੇਸ਼, ਇਹ ਸ਼ਬਦ ਮੇਰੇ ਆਪਣੇ ਨਹੀਂ। ਦੱਖਣੀ ਅਫ਼ਰੀਕਾ ਦੇ ਉੱਘੇ ਨਾਵਲਕਾਰ ਐਲਨ ਪੈਟਨ (Alan Paton) ਨੇ 1948 ਵਿਚ ਲਿਖੇ ਨਾਵਲ ‘ਰੋ, ਮੇਰੇ ਪਿਆਰੇ ਦੇਸ਼ (Cry, the Beloved Country)’ ਲਿਖਿਆ ਸੀ। ਉਸ ਨੇ ਆਪਣੇ ਦੇਸ਼ ਨੂੰ ਨਸਲੀ ਆਧਾਰ ’ਤੇ ਵੰਡੇ ਜਾਣ ਅਤੇ ਸਿਆਹਫ਼ਾਮ ਲੋਕਾਂ ’ਤੇ ਹੁੰਦੇ ਜ਼ੁਲਮ ਦੇਖੇ, ਧਰਤੀ ਦੇ ਮੂਲ-ਵਾਸੀਆਂ ਦੀ ਧਰਤੀ ਨੂੰ ਬੰਜਰ ਤੇ ਵੀਰਾਨ ਹੁੰਦੇ ਤੱਕਿਆ। ਤੈਨੂੰ ਯਾਦ ਹੈ ਮੇਰੇ ਦੇਸ਼, ਤੇਰੇ ਬਾਰੇ ਪੰਜਾਬੀ ਕਵੀ ਪਾਸ਼ ਨੇ ਕਿਹਾ ਸੀ, ‘‘ਭਾਰਤ, ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ/ ਜਿੱਥੇ ਕਿਤੇ ਵੀ ਵਰਤਿਆ ਜਾਏ/ ਬਾਕੀ ਸਾਰੇ ਸ਼ਬਦ ਅਰਥਹੀਣ ਹੋ ਜਾਂਦੇ ਹਨ।’’ ਮੇਰੇ ਦੇਸ਼ ਤੂੰ ਰੋ, ਕਿਉਂਕਿ ਇਸ ਸ਼ਬਦ ਨੂੰ ਤੇਰੇ ਲੋਕਾਂ ਨੂੰ ਵੰਡਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਤੋਂ ਤੇਰੀ ਧਰਤ ਦੇ ਵਾਸੀ ਹੋਣ ਦੇ ਸਬੂਤ ਮੰਗੇ ਜਾ ਰਹੇ ਹਨ। ਜੇ ਕੋਈ ਸਮੇਂ ਦੀ ਸਰਕਾਰ ਜਾਂ ਸੱਤਾਧਾਰੀ ਪਾਰਟੀ ਦੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟਾਉਂਦਾ ਹੈ ਤਾਂ ਉਸ ਨੂੰ ਤੈਨੂੰ ਛੱਡ ਕੇ ਪਾਕਿਸਤਾਨ ਜਾਣ ਲਈ ਕਿਹਾ ਜਾਂਦਾ ਹੈ, ਜਾਂ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਹੈ।
ਹਾਂ, ਲੋਕਾਂ ਨੂੰ ਜੇਲ੍ਹਾਂ ’ਚ ਡੱਕਿਆ ਜਾਂਦਾ ਹੈ, ਤੂੰ ਰੋ, ਕਿ 80 ਸਾਲ ਦੀ ਉਮਰ ਦਾ ਬਜ਼ੁਰਗ ਕਵੀ ਵਰਵਰਾ ਰਾਓ ਜੇਲ੍ਹ ਵਿਚ ਹੈ। ਉਸ ਦਾ ਗੁਨਾਹ ਕੀ ਹੈ? ਉਹ ਸਾਰੀ ਉਮਰ ਕਵਿਤਾ ਲਿਖਦਾ ਅਤੇ ਸਮਾਜਿਕ ਨਿਆਂ ਦੀ ਮੰਗ ਕਰਦਾ ਰਿਹਾ। ਤੂੰ ਰੋ, ਕਿਉਂਕਿ 82 ਸਾਲਾਂ ਦਾ ਸਟੈਨ ਸਵਾਮੀ, ਜਿਸ ਦੇ ਕੰਬਦੇ ਹੱਥ ਪਾਣੀ ਦਾ ਗਲਾਸ ਨਹੀਂ ਫੜ ਸਕਦੇ, ਜਿਹੜਾ ਸਾਰੀ ਉਮਰ ਕਬਾਇਲੀ ਲੋਕਾਂ ਦੇ ਹੱਕਾਂ ਲਈ ਕੰਮ ਕਰਦਾ ਰਿਹਾ, ਜੇਲ੍ਹ ਵਿਚ ਹੈ, ਸਮਾਜਿਕ ਕਾਰਕੁਨ ਸੁਧਾ ਭਾਰਦਵਾਜ ਜੇਲ੍ਹ ਵਿਚ ਹੈ, ਡਾ. ਬੀ.ਆਰ. ਅੰਬੇਡਕਰ ਦੇ ਪਰਿਵਾਰ ਨਾਲ ਸਬੰਧਿਤ ਆਨੰਦ ਤੈਲਤੁੰਬੜੇ ਜੇਲ੍ਹ ਵਿਚ ਹੈ, ਮੈਂ ਕਿੰਨੇ ਕੁ ਨਾਂ ਗਿਣਾਵਾਂ। ਗੌਤਮ ਨਵਲੱਖਾ ਤੋਂ ਲੈ ਕੇ ਪੱਤਰਕਾਰ ਸਿੱਦੀਕੀ ਕੱਪਨ ਤਕ ਸਮਾਜਿਕ ਨਿਆਂ, ਪ੍ਰੈੱਸ ਦੀ ਆਜ਼ਾਦੀ ਅਤੇ ਲੋਕਾਂ ਦੇ ਹੱਕਾਂ ਦੀ ਮੰਗ ਕਰਨ ਵਾਲੇ ਸੈਂਕੜੇ ਜੀਊੜੇ ਜੇਲ੍ਹ ਵਿਚ ਹਨ। ਤੂੰ ਰੋ ਮੇਰੇ ਦੇਸ਼, ਕਿਉਂਕਿ ਲੋਕਾਂ ’ਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਨਿਆਂਪਾਲਿਕਾ ਦਾ ਦਿਲ ਨਹੀਂ ਧੜਕਦਾ।
ਐਲਨ ਪੈਟਨ ਆਪਣੇ ਦੇਸ਼ ਦੇ ਹਾਲਾਤ ਵੇਖ ਕੇ ਇੰਨਾ ਵਿਚਲਿਤ ਤੇ ਦੁਖੀ ਹੋ ਗਿਆ ਸੀ ਕਿ ਉਹਨੇ ਲਿਖਿਆ, ‘‘ਰੋ, ਮੇਰੇ ਪਿਆਰੇ ਦੇਸ਼ ਕਿਉਂਕਿ ਹਰ ਅਣਜੰਮੇ ਬੱਚੇ ਨੂੰ ਵਿਰਾਸਤ ਵਿਚ ਸਾਡਾ ਡਰ ਮਿਲੇਗਾ।’’ ਸਾਡੇ ਦੇਸ਼ ਵਿਚ ਵੀ ਕੁਝ ਇਹੋ ਜਿਹੇ ਹਾਲਾਤ ਹਨ। ਡਰ ਨੂੰ ਬਹੁਤ ਵੱਡਾ ਸਿਆਸੀ ਹਥਿਆਰ ਬਣਾ ਲਿਆ ਗਿਆ ਹੈ। ਕਾਨੂੰਨ, ਜਿਸ ਨੇ ਲੋਕਾਂ ਦੀ ਤਾਕਤਵਰਾਂ ਤੋਂ ਰਾਖੀ ਕਰਨੀ ਹੁੰਦੀ ਹੈ, ਲੋਕਾਂ ਨੂੰ ਡਰਾਉਣ, ਧਮਕਾਉਣ ਅਤੇ ਉਨ੍ਹਾਂ ਦੀ ਆਤਮਾ ਨੂੰ ਲੂਹਣ ਵਾਲਾ ਸੰਦ ਬਣ ਗਿਆ ਹੈ। ਜਿਹੜਾ ਵੀ ਸਰਕਾਰਾਂ ਨਾਲ ਅਸਹਿਮਤੀ ਰੱਖਦਾ ਹੈ, ਕੇਂਦਰੀ ਅਤੇ ਸੂਬਾਈ ਤਫ਼ਤੀਸ਼ ਕਰਨ ਵਾਲੀਆਂ ਏਜੰਸੀਆਂ, ਆਮਦਨ ਕਰ ਵਿਭਾਗ, ਐਨਫੋਰਸਮੈਂਟ ਡਾਇਰੈਕਟੋਰੇਟ, ਪੁਲੀਸ ਅਤੇ ਕਈ ਹੋਰ ਉਸ ’ਤੇ ਚੜ੍ਹਾਈ ਕਰ ਦਿੰਦੀਆਂ ਹਨ। ਜਦ ਕਾਨੂੰਨ ਨੂੰ ਗ਼ੈਰ-ਕਾਨੂੰਨੀ ਕਾਰਵਾਈਆਂ ਲਈ ਵਰਤਿਆ ਜਾ ਰਿਹਾ ਹੋਵੇ ਤਾਂ ਦੇਸ਼ ਦੀ ਵੱਡੀ ਗਿਣਤੀ ਕੋਲ ਰੋਣ ਤੋਂ ਸਿਵਾਏ ਕੀ ਬਚਦਾ ਹੈ।
ਰੋਣਾ ਮਨੁੱਖੀ ਜਜ਼ਬਾ ਹੈ। ਮਨੁੱਖ ਉਦੋਂ ਰੋਂਦਾ ਹੈ ਜਦੋਂ ਉਹ ਦੁੱਖ ਸਾਹਮਣੇ ਬੇਬਸ ਹੋ ਜਾਂਦਾ ਹੈ, ਜਦ ਉਸ ਨਾਲ ਵੱਡੀ ਬੇਇਨਸਾਫ਼ੀ, ਵਿਤਕਰੇ ਅਤੇ ਅਨਿਆਂ ਹੁੰਦਾ ਹੈ। ਕੀ ਰੋਣਾ ਨਹੀਂ ਬਣਦਾ ਜਦੋਂ ਦੇਸ਼ ਦੀ 77 ਫ਼ੀਸਦੀ ਦੌਲਤ 10 ਫ਼ੀਸਦੀ ਅਮੀਰਾਂ ਕੋਲ ਹੈ? ਕੀ ਕੋਈ ਹੱਸ ਸਕਦਾ ਹੈ ਜਦ ਦੇਸ਼ ਵਿਚ ਇਕ ਸਾਲ (2017) ਵਿਚ ਕਮਾਈ ਗਈ ਦੌਲਤ ਦਾ 73 ਫ਼ੀਸਦੀ ਹਿੱਸਾ 1 (ਇਕ) ਫ਼ੀਸਦੀ ਧਨਕੁਬੇਰਾਂ ਦੇ ਹੱਥ ਵਿਚ ਚਲਾ ਜਾਵੇ। ਕੀ ਕੋਈ ਮੁਸਕਰਾ ਸਕਦਾ ਹੈ ਜਦ ਦੇਸ਼ ਦੇ 37.4 ਫ਼ੀਸਦੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੱਦ ਉਨ੍ਹਾਂ ਦੀ ਉਮਰ ਦੇ ਮੁਤਾਬਿਕ ਘੱਟ ਹੋਵੇ, 14 ਫ਼ੀਸਦੀ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ।
ਰੋ ਮੇਰੇ ਦੇਸ਼, ਕਿਉਂਕਿ ਤੈਨੂੰ ਪਤਾ ਹੈ ਹਾਥਰਸ (ਉੱਤਰ ਪ੍ਰਦੇਸ਼), ਹੈਦਰਾਬਾਦ ਅਤੇ ਹੋਰ ਕਿੰਨੀਆਂ ਅਣਗਿਣਤ ਥਾਵਾਂ ’ਤੇ ਤੇਰੀਆਂ ਧੀਆਂ ਨਾਲ ਜਬਰ-ਜਨਾਹ ਕੀਤਾ ਗਿਆ। ਰੋ, ਕਿ ਮਰਦ ਆਪਣੀ ਪਿਤਰੀ ਸਮਾਜ ਦੀ ਹਉਮੈਂ ਵਿਚ ਰੱਤੀ ਸੋਚ ਕਾਰਨ ਧੀਆਂ-ਭੈਣਾਂ ਨੂੰ ਨਾ ਆਪਣੇ ਸਾਥੀ ਚੁਣਨ ਦਾ ਹੱਕ ਦੇਣਾ ਚਾਹੁੰਦੇ ਹਨ ਸਗੋਂ ਸਮਾਜਿਕ ਜ਼ਿੰਦਗੀ ਵਿਚ ਉਨ੍ਹਾਂ ਨੂੰ ਹਰ ਪੱਖ ਤੋਂ ਊਣਾ ਤੇ ਨੀਵਾਂ ਵੀ ਰੱਖਣਾ ਚਾਹੁੰਦੇ ਹਨ। ਤੇਰਾ ਰੋਣਾ ਬਣਦਾ ਹੈ ਮੇਰੇ ਦੇਸ਼, ਕਿਉਂਕਿ ਅਜੇ ਵੀ ਜਾਤੀਵਾਦ ਨੇ ਲੋਕਾਂ ਦੇ ਮਨਾਂ ਨੂੰ ਜਕੜਿਆ ਹੋਇਆ ਹੈ। ਹਰ ਰੋਜ਼ ਦਲਿਤਾਂ ਅਤੇ ਆਦਿਵਾਸੀਆਂ ’ਤੇ ਅੱਤਿਆਚਾਰ ਹੁੰਦੇ ਹਨ। ਜਾਤੀਵਾਦੀ ਹਉਮੈਂ ਵਿਚ ਗ੍ਰਸੇ ਹੋਏ ਤਥਾਕਥਿਤ ਉੱਚੀਆਂ ਜਾਤਾਂ ਦੇ ਲੋਕ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਅਣਮਨੁੱਖੀ ਵਰਤਾਉ ਕਰਦੇ ਹਨ। ਰੋ ਮੇਰੇ ਦੇਸ਼, ਕਿਉਂਕਿ ਤੇਰੇ ਲੋਕਾਂ ਨੇ ਮਹਾਤਮਾ ਬੁੱਧ, ਗੁਰੂ ਨਾਨਕ, ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਜਯੋਤਿਬਾ ਫੂਲੇ ਅਤੇ ਹੋਰ ਰਹਿਬਰਾਂ ਦੀ ਆਵਾਜ਼ ਨਹੀਂ ਸੁਣੀ।
ਮੇਰੇ ਪਿਆਰੇ ਦੇਸ਼, ਮੈਂ ਜਾਣਦਾ ਹਾਂ ਤੂੰ ਬਹੁਤ ਰੋਇਆ ਹੈਂ। ਉਸਤਾਦ ਦਾਮਨ ਤੋਂ ਸ਼ਬਦ ਉਧਾਰੇ ਮੰਗ ਕੇ ਕਹਾਂਗਾ ਕਿ ਤੇਰੀਆਂ ਅੱਖਾਂ ਦੀ ਲਾਲੀ ਤੋਂ ਤੇਰੇ ਰੋਣ ਦਾ ਪਤਾ ਲੱਗਦਾ ਹੈ। ਮੈਂ ਜੱਲ੍ਹਿਆਂਵਾਲਾ ਬਾਗ, ਪੰਜਾਬ ਤੇ ਬੰਗਾਲ ਦੀ ਵੰਡ ਅਤੇ ਹੋਰ ਪੁਰਾਣੇ ਸਾਕੇ ਨਹੀਂ ਦੁਹਰਾਵਾਂਗਾ। ਮੈਂ ਹੁਣ ਦੀ ਗੱਲ ਕਰਾਂਗਾ। ਪਿਛਲੇ ਸਾਲ ਜਦ ਕੋਵਿਡ-19 ਦੀ ਮਹਾਮਾਰੀ ਦੌਰਾਨ ਲੱਖਾਂ ਭੁੱਖਣ-ਭਾਣੇ ਪਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਆਪਣੀਆਂ ਕੰਮ ਕਰਨ ਵਾਲੀਆਂ ਥਾਵਾਂ ਛੱਡ ਕੇ ਸੈਂਕੜੇ ਮੀਲ ਦੂਰ ਆਪਣੇ ਪਿੰਡਾਂ ਨੂੰ ਪੈਦਲ ਤੁਰ ਪਏ। ਤੇਰਾ ਦਿਲ ਦੁਖਿਆ ਹੋਵੇਂਗਾ ਕਿ ਦੇਸ਼ ਦੇ ਰਾਸ਼ਟਰਪਤੀ ਦੇ ਭਾਸ਼ਣ ’ਚੋਂ ਦਸਾਂ-ਨਹੁੰਆਂ ਦੀ ਕਿਰਤ ਕਰਨ ਵਾਲੇ ਇਹ ਕਿਰਤੀ ਗ਼ੈਰਹਾਜ਼ਰ ਸਨ। ਮੇਰੇ ਦੇਸ਼, ਵਿਰੋਧਾਭਾਸ ਇਹ ਹੈ ਕਿ ਇਕ ਪਾਸੇ ਬੇਰੁਜ਼ਗਾਰੀ ਸਿਖ਼ਰਾਂ ’ਤੇ ਹੈ, ਅਰਥਚਾਰਾ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਦੂਸਰੇ ਪਾਸੇ ਕੋਵਿਡ-19 ਦੇਸ਼ ਦੇ ਸਿਖ਼ਰਲੇ ਕਾਰਪੋਰੇਟ ਘਰਾਣਿਆਂ ਲਈ ਵਰਦਾਨ ਬਣ ਕੇ ਆਇਆ। ਦੇਸ਼ ਦੇ ਸਭ ਤੋਂ ਅਮੀਰ ਘਰਾਣੇ ਦੀ ਕਮਾਈ 90 ਕਰੋੜ ਰੁਪਈਏ ਪ੍ਰਤੀ ਘੰਟਾ ਹੋ ਗਈ।
ਮੈਂ ਜਾਣਦਾ ਹਾਂ ਮੇਰੇ ਦੇਸ਼ ਤੂੰ ਉਦੋਂ ਵੀ ਬਹੁਤ ਰੋਇਆ ਹੋਵੇਂਗਾ ਜਦੋਂ ਦੇਸ਼ ਦੇ ਬਹੁਗਿਣਤੀ ਫ਼ਿਰਕੇ ਦੇ ਕੱਟੜਵਾਦੀ ਲੋਕਾਂ ਦੀਆਂ ਭੀੜਾਂ ਨੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨਾਲ ਹਜੂਮੀ ਹਿੰਸਾ ਕੀਤੀ, ਜਦ ਸੱਤਾਧਾਰੀ ਪਾਰਟੀ ਵਿਚ ਬੈਠੇ ਕੁਝ ਤੱਤਾਂ ਨੇ ਹਜੂਮੀ ਹਿੰਸਾ ਕਰਨ ਵਾਲਿਆਂ ਦਾ ਜਨਤਕ ਤੌਰ ’ਤੇ ਮਾਣ-ਸਨਮਾਨ ਕੀਤਾ। ਤੂੰ ਉਦੋਂ ਵੀ ਰੋਇਆ ਹੋਵੇਂਗਾ ਜਦ ਜੰਮੂ-ਕਸ਼ਮੀਰ ਸੂਬੇ ਦੀ ਹੋਂਦ ਖ਼ਤਮ ਕਰਕੇ ਉਸ ਦੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਗਏ, ਇੰਟਰਨੈੱਟ ਬੰਦ ਕਰ ਦਿੱਤਾ ਗਿਆ, ਸੈਂਕੜੇ ਲੋਕਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ।
ਤੂੰ ਰੋ ਮੇਰੇ ਦੇਸ਼, ਕਿਉਂਕਿ ਦੇਸ਼ ਦੇ ਹਰ ਕੰਮ-ਕਾਰ, ਜਿਸ ਵਿਚ ਸਰਕਾਰ ਦੇ ਕਾਰਜ ਵੀ ਸ਼ਾਮਲ ਹਨ, ਦੇ ਦਿਲ ਵਿਚ ਹੁਣ ਘੱਟ ਸਾਧਨਾਂ ਵਾਲੇ ਲੋਕਾਂ ਪ੍ਰਤੀ ਹਮਦਰਦੀ ਦੀ ਭਾਵਨਾ ਨਹੀਂ ਧੜਕਦੀ, ਉੱਥੇ ਧੜਕਦੀ ਹੈ ਆਜ਼ਾਦ ਮੰਡੀ ਦੇ ਸਿਧਾਂਤ ਅਤੇ ਕਾਰਪੋਰੇਟਾਂ ਦੇ ਹੱਕਾਂ ਨੂੰ ਵਧਾਉਣ ਵਾਲੀ ਤਾਕਤ। ਲੋਕ ਸਮਝਦੇ ਰਹੇ ਹਨ ਕਿ ਪ੍ਰੈੱਸ ਜਮਹੂਰੀਅਤ ਦਾ ਚੌਥਾ ਥੰਮ੍ਹ ਹੈ। ਅਖ਼ਬਾਰਾਂ ਤੇ ਟੀਵੀ ਚੈਨਲਾਂ ਨਾਲ ਜੁੜੇ ਪੱਤਰਕਾਰ ਲੋਕਾਂ ਦੇ ਹੱਕ ਵਿਚ ਬੋਲਣਗੇ ਪਰ ਏਦਾਂ ਨਹੀਂ ਹੋ ਰਿਹਾ, ਟੀਵੀ ਚੈਨਲਾਂ ’ਤੇ ਐਂਕਰ ਤੇਰਾ ਨਾਂ ਲੈ ਕੇ ਚੀਖਦੇ ਅਤੇ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਦੇਸ਼-ਧਰੋਹੀ, ਟੁਕੜੇ-ਟੁਕੜੇ ਗੈਂਗ ਅਤੇ ਅਜਿਹੇ ਹੋਰ ਕਈ ਲਕਬਾਂ ਨਾਲ ਗਰਦਾਨਦੇ ਹਨ। ਮੇਰੇ ਦੇਸ਼ ਤੂੰ ਰੋ, ਕਿਉਂਕਿ ਮੰਡੀ ਅਤੇ ਕਾਰਪੋਰੇਟ ਘਰਾਣੇ ਤੇਰੀ ਆਤਮਾ ਨੂੰ ਅਗਵਾ ਕਰਨ ’ਤੇ ਤੁਲੇ ਹੋਏ ਹਨ। ਤੇਰੇ ਆਜ਼ਾਦੀ ਦਿਵਸ ਦਾ ਹਾੜਾ ਕੱਢਦਿਆਂ ਹੀ ਪੰਜਾਬ ਦੇ ਲੋਕ-ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਸੀ, ‘‘ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁਖੜੇ ਜਰੇ/ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਧਰੇ।’’ ਸਿਆਸੀ ਜਮਾਤ ਤੈਨੂੰ ਕਾਰਪੋਰੇਟਾਂ ਕੋਲ ਗਹਿਣੇ ਧਰ ਰਹੀ ਹੈ, ਮੇਰੇ ਵਤਨ ਪਰ ਲੋਕਾਂ ਦਾ ਸੰਤ ਰਾਮ ਉਦਾਸੀ ਦੇ ਸ਼ਬਦਾਂ ਵਿਚ ਹੀ ਅਹਿਦ ਹੈ, ‘‘ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆ।’’
ਤੂੰ ਬਹੁਤ ਉਦਾਸ ਹੋਵੇਂਗਾ ਮੇਰੇ ਦੇਸ਼, ਕਿ ਸਮੇਂ ਦੀ ਸਰਕਾਰ ਨੇ ਅਜਿਹੇ ਹਾਲਾਤ ਬਣਾਏ ਹਨ ਕਿ ਗੁਆਂਢੀ ਦੇਸ਼ਾਂ ਵਿਚ ਬਹੁਤਿਆਂ ਨਾਲ ਸਾਡੀ ਨਹੀਂ ਬਣਦੀ, ਅਸੀਂ ਮਿਆਂਮਾਰ ਵਿਚ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੀ ਬਾਂਹ ਫੜਨ ਤੋਂ ਇਨਕਾਰ ਕੀਤਾ ਅਤੇ ਫ਼ਲਸਤੀਨੀਆਂ ਦੀ ਥਾਂ ਇਸਰਾਈਲ ਦੀ ਧਿਰ ਬਣ ਕੇ ਖੜ੍ਹੇ ਹੋ ਗਏ। ਤੇਰੇ ਦੁੱਖ ਬਹੁਤ ਵੱਡੇ ਨੇ ਮੇਰੇ ਦੇਸ਼। ਅਸੀਂ ਜਾਣਦੇ ਹਾਂ ਤੇਰੇ ਦਿਲ ’ਤੇ ਕੀ ਬੀਤੀ ਹੋਵੇਗੀ ਜਦ ਕੋਵਿਡ-19 ਦੌਰਾਨ ਕਿਰਤੀਆਂ ਦੇ ਹੱਕਾਂ ਨੂੰ ਸੀਮਤ ਕਰਨ ਲਈ ਚਾਰ ਕਿਰਤ ਕੋਡ ਬਣਾ ਦਿੱਤੇ ਗਏ। ... ਤੇ ਇਸੇ ਤਰ੍ਹਾਂ ਖੇਤੀ ਕਾਨੂੰਨ ਬਣਾਏ ਗਏ ਜਿਨ੍ਹਾਂ ਦੇ ਵਿਰੁੱਧ ਅੰਦੋਲਨ ਚੱਲ ਰਿਹਾ ਹੈ। ਤੂੰ ਰੋ ਮੇਰੇ ਦੇਸ਼, ਕਿਉਂਕਿ ਸਿਆਸੀ ਜਮਾਤ ਤੇ ਰਾਜ-ਅਧਿਕਾਰੀਆਂ ਦੀ ਤੇਰੇ ਅਤੇ ਤੇਰੇ ਲੋਕਾਂ ਨਾਲ ਕੋਈ ਪ੍ਰਤੀਬੱਧਤਾ ਨਹੀਂ, ਉਨ੍ਹਾਂ ਦੀ ਪ੍ਰਤੀਬੱਧਤਾ ਧਨ ਅਤੇ ਸੱਤਾ ਦੇ ਨਾਲ ਹੈ, ਉਹ ਤੇਰਾ ਨਾਂ ਵਰਤਦੇ ਹਨ।
ਪਾਸ਼ ਵੱਲ ਵਾਪਸ ਮੁੜਦਿਆਂ ਉਸ ਨੇ ਤੇਰੇ ਨਾਂ ’ਤੇ ਲਿਖੀ ਕਵਿਤਾ (ਭਾਰਤ) ਵਿਚ ਕਿਹਾ ਸੀ, ‘‘ਕਿ ਭਾਰਤ ਦੇ ਅਰਥ/ ਕਿਸੇ ਦੁਸ਼ਯੰਤ ਨਾਲ ਸਬੰਧਿਤ ਨਹੀਂ/ ਸਗੋਂ ਖੇਤਾਂ ਵਿਚ ਦਾਇਰ ਹਨ/ ਜਿੱਥੇ ਅੰਨ ਉੱਗਦਾ ਹੈ/ ਜਿੱਥੇ ਸੰਨ੍ਹਾਂ ਲੱਗਦੀਆਂ ਹਨ।’’ ਅੱਜ ਉਨ੍ਹਾਂ ਖੇਤਾਂ ਦੇ ਹੱਕਾਂ ਵਿਚ ਵੱਡੀ ਸੰਨ੍ਹ ਲਗਾਈ ਜਾ ਰਹੀ ਹੈ। ਪੰਜਾਬ ਦੇ ਜਾਇਆਂ ਨੇ ਖੇਤਾਂ ਨੂੰ ਬਚਾਉਣ ਲਈ ਝੰਡਾ ਬੁਲੰਦ ਕੀਤਾ। ਹੁਣ ਉਹ ਝੰਡਾ ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਕਰਨਾਟਕ ਤੇ ਕਈ ਹੋਰ ਸੂਬਿਆਂ ਦੇ ਲੋਕਾਂ ਨੇ ਫੜ ਲਿਆ ਹੈ। ਸਾਂਝੀਵਾਲਤਾ ਦਾ ਜਲੌਅ ਹੋਰ ਵੱਡਾ, ਵਿਸ਼ਾਲ ਅਤੇ ਵਿਆਪਕ ਹੁੰਦਾ ਜਾ ਰਿਹਾ ਹੈ। ਇਹ ਸਭ ਕੁਝ ਵੇਖ ਕੇ ਤੂੰ ਮੁਸਕਰਾ ਸਕਦਾ ਏਂ ਮੇਰੇ ਦੇਸ਼! ਤੂੰ ਇਸ ਲਈ ਵੀ ਮੁਸਕਰਾ ਸਕਦਾ ਏਂ, ਕਿ ਖੇਤਾਂ ਦੀਆਂ ਜਾਈਆਂ ਆਪਣੇ ਭਰਾਵਾਂ ਤੋਂ ਪਿੱਛੇ ਨਹੀਂ। ਕਿਸਾਨ ਅੰਦੋਲਨ ਨੇ ਵੰਡੀਆਂ ਨੂੰ ਖ਼ਤਮ ਕੀਤਾ ਅਤੇ ਪੁਰਾਣੇ ਜ਼ਖ਼ਮਾਂ ’ਤੇ ਮੱਲ੍ਹਮ ਲਾਈ ਹੈ। ਤੂੰ ਮੁਸਕਰਾ ਸਕਦਾ ਏਂ ਪਰ ਸਾਂਝੀਵਾਲਤਾ, ਸਮਾਜਿਕ ਏਕਤਾ ਅਤੇ ਸਮਾਜਿਕ ਨਿਆਂ ਦੇ ਇਨ੍ਹਾਂ ਯੋਧਿਆਂ ਅਤੇ ਉਨ੍ਹਾਂ ਦੇ ਹਾਮੀਆਂ ਦੀ ਲੜਾਈ ਬਹੁਤ ਲੰਮੀ ਹੋ ਸਕਦੀ ਹੈ। ਸਭ ਨੂੰ ਯਕੀਨ ਹੈ ਕਿ ਹੱਕ-ਸੱਚ ਲਈ ਲੜਨ ਵਾਲੇ ਹਮੇਸ਼ਾਂ ਜਿੱਤਦੇ ਹਨ ਅਤੇ ਜਦ ਉਹ ਜਿੱਤਣਗੇ ਤਾਂ ਤੈਨੂੰ ਰੋਣਾ ਨਹੀਂ ਪਵੇਗਾ। ਤੂੰ ਮੁਸਕਰਾਏਂਗਾ ਮੇਰੇ ਵਤਨ! ਤੇਰੀ ਮੁਸਕਾਨ ਨੂੰ ਤੱਕੇ ਬਗ਼ੈਰ, ਦਿੱਲੀ-ਹਰਿਆਣਾ ਦੀਆਂ ਹੱਦਾਂ ’ਤੇ ਬੈਠੇ ਇਨ੍ਹਾਂ ਭੈਣਾਂ ਅਤੇ ਵੀਰਾਂ ਨੇ ਵਾਪਸ ਨਹੀਂ ਮੁੜਨਾ। ਸੰਘਰਸ਼ ਹੀ ਮੁਸਕਾਨਾਂ ਨੂੰ ਜਨਮ ਦੇ ਸਕਦਾ ਹੈ।
ਮੇਰੇ ਦੇਸ਼, ਤੂੰ ਮੇਰਾ ਦੇਸ਼ ਏਂ, ਸਾਡਾ ਆਪਣਾ। ਅਸੀਂ ਤੇਰੀ ਮਿੱਟੀ ਦੇ ਬਣੇ ਹਾਂ। ਅਸੀਂ ਤੈਨੂੰ ਰੋਣ ਲਈ ਕਹਿ ਸਕਦੇ ਹਾਂ, ਤੈਨੂੰ ਹੱਸਣ ਲਈ ਕਹਿ ਸਕਦੇ ਹਾਂ। ਅਸੀਂ ਤੋਂ ਭਾਵ ਹੈ ਇਸ ਦੇਸ਼ ਦੇ ਲੋਕ। ਜੇ ਅਸੀਂ ਤੈਨੂੰ ਰੋਣ ਲਈ ਕਿਹਾ ਏ, ਉਹ ਇਸ ਲਈ ਕਿਉਂਕਿ ਅਸੀਂ ਸੋਚਦੇ ਹਾਂ ਕਿ ਜਦ ਅਸੀਂ ਰੋਂਦੇ ਹਾਂ ਤਾਂ ਸਾਡਾ ਗੁੱਸਾ ਲੱਥਦਾ ਹੈ, ਮਨਾਂ ਦੀ ਮੈਲ ਧੋਤੀ ਜਾਂਦੀ ਹੈ। ਇਹ ਸਾਡਾ ਪਿਆਰ ਹੈ ਕਿ ਤੈਨੂੰ ਰੋਣ ਲਈ ਕਿਹਾ ਹੈ ਪਰ ਅਸੀਂ ਰੋਂਦੇ ਨਹੀਂ ਰਹਿਣਾ, ਅਸੀਂ ਹੱਸਣਾ ਵੀ ਹੈ ਕਿਉਂਕਿ ਇਸ ਵੇਲੇ ਸੰਘਰਸ਼ ਕਰ ਰਹੇ ਲੋਕਾਂ, ਜਿਨ੍ਹਾਂ ਵਿਚ ਦਿੱਲੀ-ਹਰਿਆਣਾ ਦੀ ਹੱਦ ’ਤੇ ਡੇਰੇ ਜਮਾਈ ਬੈਠੇ ਕਿਸਾਨ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ, ਨੇ ਬਹੁਤ ਕੁਝ ਨਵਾਂ ਬਣਾਉਣਾ ਹੈ ਜਿਵੇਂ ਸਾਡੇ ਕਵੀ ਤੇਜਾ ਸਿੰਘ ਸਾਬਰ ਨੇ ਕਿਹਾ ਹੈ :
ਇਹ ਜ਼ਰੇ ਖਾਕ ’ਚੋਂ ਉੱਠ ਕੇ
ਸ਼ੱਰਾਰੇ ਬਣਨ ਵਾਲੇ ਜੇ।
ਸ਼ੱਰਾਰੇ ਟਿਮਟਿਮਾ ਕੇ ਤੇ
ਸਤਾਰੇ ਬਣਨ ਵਾਲੇ ਜੇ।
ਲਹਿਰਾਂ ਨੂੰ ਵੇਖ ਕੇ ਸਾਗਰ
ਕਿਨਾਰੇ ਬਣਨ ਵਾਲੇ ਜੇ।
ਇਹ ਤੀਲੇ ਬੇੜੀਆਂ ਬਣ ਕੇ
ਸਹਾਰੇ ਬਣਨ ਵਾਲੇ ਜੇ।
ਜਿਹੜਾ ਪੈਰਾਂ ’ਚ ਰੁਲਦਾ ਏ
ਉੱਠ ਕੇ ਖਲੋਣ ਵਾਲਾ ਏ।
ਬੜਾ ਕੁਝ ਹੋਣ ਵਾਲਾ ਏ।
… … … … …
ਖਿਜਾਂ ਨੇ ਹੱਸ ਪੈਣਾ ਏ
ਏਨਾ ਕੋਈ ਰੋਣ ਵਾਲਾ ਏ।
ਬੜਾ ਕੁਝ ਹੋਣ ਵਾਲਾ ਏ।
ਬੜਾ ਕੁਝ ਹੋਣ ਵਾਲਾ ਏ।
ਅਸੀਂ ਹੱਸਣਾ ਵੀ ਹੈ ਮੇਰੇ ਦੇਸ਼, ਅਸੀਂ ਰੋਣਾ ਵੀ ਏ, ਅਸੀਂ ਬਾਤਾਂ ਵੀ ਪਾਉਣੀਆਂ ਤੇ ਚੁੱਪ ਵੀ ਕਰ ਜਾਣਾ ਹੈ, ਅਸੀਂ ਲੜਨਾ ਹੈ, ਹਾਰਨਾ ਹੈ, ਜਿੱਤਣਾ ਹੈ ਪਰ ਅਸੀਂ ਕਦੇ ਵੀ ਮਾਨਵਤਾ ਦਾ ਪੱਲਾ ਨਹੀਂ ਛੱਡਣਾ।
ਡਰ : ਸਿਆਸੀ ਹਥਿਆਰ
ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੀ: ‘‘ਖੁਰਾਸਾਨ ਖਸਮਾਨਾ ਕੀਆ ਹਿੰਦੂਸਤਾਨ ਡਰਾਇਆ।।’’ ਭਾਵ ਕਿ ਬਾਬਰ ਨੇ ਖੁਰਾਸਾਨ ਨੂੰ ਫ਼ਤਹਿ ਕੀਤਾ ਅਤੇ ਹਿੰਦੋਸਤਾਨ ਦੇ ਮਨਾਂ ਵਿਚ ਡਰ ਭਰ ਦਿੱਤਾ ਹੈ। ਇਸ ਵੇਲੇ ਦੀ ਸਿਆਸੀ ਜਮਾਤ ਵੀ ਏਹੀ ਕਰ ਰਹੀ ਹੈ। ਉਹ ਲੋਕਾਂ ਨੂੰ ਡਰਾ ਕੇ ਕਾਰਪੋਰੇਟ ਜਮਾਤ ਨੂੰ ਤਾਕਤਵਰ ਬਣਾ ਰਹੀ ਹੈ। ਹਾਕਮ ਜਮਾਤਾਂ ਨੇ ਡਰ ਨੂੰ ਹਮੇਸ਼ਾ ਸਿਆਸੀ ਅਤੇ ਮਨੋਵਿਗਿਆਨਕ ਹਥਿਆਰ ਵਜੋਂ ਵਰਤਿਆ ਹੈ।
ਨਸਲਵਾਦੀ ਹਕੂਮਤ ਦੁਆਰਾ ਆਪਣੇ ਦੇਸ਼ ਦੱਖਣੀ ਅਫ਼ਰੀਕਾ ਵਿਚ ਫੈਲਾਏ ਡਰ ਬਾਰੇ ਐਲਨ ਪੈਟਨ ਲਿਖਦਾ ਹੈ: ‘‘ਰੋ ਪਿਆਰੇ ਦੇਸ਼, ਕਿ ਹਰ ਅਣਜੰਮਿਆ ਬੱਚਾ ਸਾਡੇ ਡਰ ਦਾ ਵਾਰਿਸ ਬਣੇਗਾ। ਉਸ (ਬੱਚੇ) ਨੂੰ ਇਸ ਧਰਤ ਨਾਲ ਜ਼ਿਆਦਾ ਪਿਆਰ ਨਾ ਕਰਨ ਦੇਵੀਂ। ਜਦ ਪਾਣੀ ਉਹਦੀਆਂ ਤਲੀਆਂ ’ਤੇ ਵਹੇ ਤਾਂ ਉਸ ਨੂੰ ਬਹੁਤੀ ਖ਼ੁਸ਼ੀ ਨਾਲ ਹੱਸਣ ਨਾ ਦੇਵੀਂ... ਜਦ ਉਹਦੀ ਧਰਤੀ ਦੇ ਪੰਛੀ ਚਹਿਚਹਾਉਂਦੇ ਹੋਣ ਤਾਂ ਵੇਖੀਂ ਉਹ ਬਹੁਤਾ ਭਾਵੁਕ ਨਾ ਹੋ ਜਾਏ ਅਤੇ ਕਿਸੇ ਪਹਾੜੀ ਜਾਂ ਵਾਦੀ ਨੂੰ ਆਪਣਾ ਦਿਲ ਦੇ ਬੈਠੇ (ਭਾਵ ਜ਼ਿਆਦਾ ਪਿਆਰ ਕਰਨ ਲੱਗ ਜਾਵੇ), ਕਿਉਂਕਿ ਜੇ ਉਸ ਨੇ ਇਨ੍ਹਾਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕੀਤਾ ਤਾਂ ਡਰ ਇਨ੍ਹਾਂ ਚੀਜ਼ਾਂ ਨੂੰ ਉਸ ਤੋਂ ਖੋਹ ਲਵੇਗਾ।’’
ਹੁਣ ਗੱਲ ਆਪਣੇ ਦੇਸ਼ ਦੀ : ਇਕ ਅਰਜ਼ ਹੋਰ ਹੈ ਮੇਰੇ ਦੇਸ਼, ਜ਼ਰਾ ਉਨ੍ਹਾਂ ਅਖੌਤੀ ਦੇਸ਼ ਭਗਤਾਂ ਦੀ ਪਛਾਣ ਕਰੀਂ ਜਿਹੜੇ ਸ਼ੁੱਕਰਵਾਰ ਸ਼ਾਮ ਗਾਜ਼ੀਪੁਰ ਕਿਸਾਨਾਂ ਨੂੰ ਕੁੱਟਣ ਗਏ ਸਨ। ਜ਼ਰਾ ਉਨ੍ਹਾਂ ਦੀ ਵੀ ਪਛਾਣ ਕਰੀਂ ਜਿਨ੍ਹਾਂ ਨੇ ਡਾਂਗਾਂ-ਸੋਟਿਆਂ ਨਾਲ ਸ਼ਨਿਚਰਵਾਰ ਸਵੇਰ/ਦੁਪਹਿਰ ਵੇਲੇ ਸਿੰਘੂ ਵਿਚ ਕਿਸਾਨਾਂ ’ਤੇ ਹਮਲਾ ਕੀਤਾ। ਉਹ ਅਖੌਤੀ ਦੇਸ਼ ਭਗਤ ਡਾਂਗਾਂ ਮਾਰਦੇ ਰਹੇ ਅਤੇ ਕਿਸਾਨ ਤੇ ਉਨ੍ਹਾਂ ਦੇ ਸਾਥੀ ਵਾਹਿਗੁਰੂ/ਪ੍ਰਭੂ ਦਾ ਨਾਮ ਜਪਦੇ ਸ਼ਾਂਤਮਈ ਰਹਿ ਕੇ ਉਹ ਸੱਟਾਂ ਪਿੰਡਿਆਂ ’ਤੇ ਸਹਾਰਦੇ ਰਹੇ। ... ਜ਼ਰਾ ਉਨ੍ਹਾਂ ਦੀ ਪਛਾਣ ਵੀ ਕਰੀਂ ਜਿਹੜੇ 26 ਜਨਵਰੀ ਨੂੰ ਨੌਜਵਾਨਾਂ ਨੂੰ ਵਰਗਲਾ ਕੇ ਲਾਲ ਕਿਲੇ ਲੈ ਗਏ ਸਨ।