ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ: ਸਾਹ ਮੁਹੰਮਦਾ ਇੱਕ ਇਤਫਾਕ ਬਾਝੋਂ.. - ਬਘੇਲ ਸਿੰਘ ਧਾਲੀਵਾਲ

ਭਾਰਤ ਸਰਕਾਰ ਦੀਆਂ ਖੇਤੀ ਨੀਤੀਆਂ ਕਦੇ ਵੀ ਕਿਸਾਨ ਪੱਖੀ ਨਹੀ ਰਹੀਆਂ,ਜਿਸ ਕਰਕੇ ਭਾਰਤੀ ਕਿਸਾਨੀ ਦਾ ਜੀਵਨ ਕਦੇ ਵੀ ਬਹੁਤਾ ਸੁਖਾਵਾਂ ਨਹੀ ਹੋ ਸਕਿਆ।ਖੇਤੀ ਖਰਚਿਆਂ ਦੇ ਮੁਤਾਬਿਕ ਫਸਲਾਂ ਦੇ ਭਾਅ ਨਾ ਮਿਲਣ    ਕਾਰਨ ਭਾਰਤ ਦਾ ਕਿਸਾਨ ਕਰਜੇ ਦਾ ਭਾਰੀ ਬੋਝ ਢੋਅ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਸਵਾ ਕਰੋੜ ਦੀ ਅਵਾਦੀ ਦਾ ਢਿੱਡ ਭਰਨ ਵਾਲੀ ਕਿਸਾਨੀ ਚੋ ਬਹੁਤ ਵੱਡੀ ਗਿਣਤੀ ਅਜਿਹੇ ਪਰਿਵਾਰਾਂ ਦੀ ਹੈ, ਜਿੰਨਾਂ ਨੂੰ ਪੇਟ ਭਰ ਖਾਣਾ ਨਸੀਬ ਨਹੀ ਹੁੰਦਾ। ਕਿਸਾਨੀ ਦੀ ਸਾਖਰਤਾ ਦੀ ਦਰ ਕਿਹੜੇ ਪੱਧਰ ਦੀ ਹੋਵੇਗੀ, ਇਹ ਅੰਦਾਜਾ ਲਾੳਣਾ ਵੀ ਕੋਈ ਮੁਸਕਲ ਨਹੀ ਹੈ।ਖੇਤੀ ਲਾਹੇਵੰਦ ਧੰਦਾ ਨਹੀ ਰਿਹਾ, ਇਸ ਦੇ ਬਾਵਜੂਦ ਵੀ ਕਿਸਾਨ ਦਾ ਜਮੀਨ ਨਾਲ ਮੋਹ ਕੋਈ ਪੈਮਾਨੇ ਨਾਲ ਨਹੀ ਮਾਪਿਆ  ਨਹੀ ਜਾ ਸਕਦਾ। ਜਿਸ ਧਰਤੀ ਨੂੰ ਸਿੱਖ ਕੌਂਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਮਾਂ ਦਾ ਦਰਜਾ ਦਿੱਤਾ ਹੋਵੇ,ਭਲਾ ਉਸ ਮਾਂ ਦੇ ਅਣਖੀ ਪੁੱਤ ਇਹ ਕਿਵੇਂ ਬਰਦਾਸਤ ਕਰ ਸਕਦੇ ਹਨ ਕਿ ਕੋਈ ਚੰਦ ਟਕਿਆਂ ਦੇ ਗੁਮਾਨ ਵਿੱਚ ਅੰਨ੍ਹਾ ਹੋਇਆ ਵਿਅਕਤੀ ਜਾਂ ਉਹਨਾਂ ਦੀ ਪੁਸਤ ਪਨਾਹੀ ਕਰਨ ਵਾਲੀਆਂ ਹਕੂਮਤਾਂ ਧੲਤੀ ਮਾਤਾ ਤੇ ਮਾੜੀਆਂ ਨਿਗਾਹਾਂ ਰੱਖਣ ਦੀ ਹਿੰਮਤ ਕਰਨ।ਭਾਰਤੀ ਹਕੂਮਤ ਵੱਲੋਂ ਦੇਸ ਦੇ ਕੁੱਝ ਕੁ ਘਰਾਣਿਆਂ ਨੂੰ ਦੇਸ ਦੀ ਮਾਲਕੀ ਸੌਪਣ ਦੇ ਇਰਾਦੇ ਨਾਲ ਅਜਿਹੇ ਖੇਤੀ ਕਨੂੰਨ ਪਾਸ ਕੀਤੇ ਗਏ,ਜਿਹੜੇ ਸਿੱਧੇ ਰੂਪ ਵਿੱਚ ਕਿਸਾਨੀ ਨੂੰ ਖਤਮ ਕਰਕੇ ਦੇਸ ਦੀ ਜਨਤਾ ਦੀ ਲੁੱਟ ਦਾ ਰਾਹ ਪਧਰਾ ਕਰਦੇ ਹਨ,ਜਿੰਨਾਂ ਨੂੰ ਨਾ ਮਨਜੂਰ ਕਰਦਿਆਂ ਕਿਸਾਨਾਂ ਨੇ ਦੇਸ ਵਿਆਪੀ ਅੰਦੋਲਨ ਵਿੱਢਿਆ ਹੋਇਆ ਹੈ। ਦਿੱਲੀ ਦੀਆਂ ਹੱਦਾਂ ਤੇ ਚੱਲ ਰਿਹਾ ਕਿਸਾਨਾਂ ਦਾ ਇਹ ਸਾਂਤੀ ਪੂਰਨ ਅੰਦੋਲਨ ਨਵੇਂ ਇਤਿਹਾਸ ਸਿਰਜ ਰਿਹਾ ਹੈ।ਭਾਂਵੇਂ ਅੰਦੋਲਨ ਦੀ ਪਹਿਲਾਂ ਸੁਰੂਆਤ ਪੰਜਾਬ ਨੇ ਕੀਤੀ ,ਪ੍ਰੰਤੂ ਹਰਿਆਣੇ ਦੇ ਕਿਸਾਨਾਂ ਦੀ ਭੂਮਿਕਾ ਵੀ ਬੇਹੱਦ ਸਲਾਹੁਣਯੋਗ ਰਹੀ ਹੈ। ਦਿੱਲੀ ਅੰਦੋਲਨ ਤੋ ਪਹਿਲਾਂ ਪੰਜਾਬ ਦੀਆਂ ਕਿਸਾਨ ਮਜਦੂਰ ਜਥੇਬੰਦੀਆਂ ਨੇ ਪੰਜਾਬ ਅੰਦਰ ਖੇਤੀ ਕਨੂੰਨਾਂ ਵਿਰੁੱਧ ਜੋ ਸੰਘਰਸ ਵਿੱਢਿਆ, ਉਸ ਦੀ ਗੂੰਜ ਭਾਰਤੀ ਕਿਸਾਨਾਂ ਨੇ ਮਹਿਸੂਸ ਕੀਤੀ, ਇਹੋ ਕਾਰਨ ਸੀ ਕਿ ਜਦੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ 26 ਨਵੰਬਰ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਤਾਂ ੳਸ ਮੌਕੇ ਜੋ ਦਲੇਰੀ ਹਰਿਆਣੇ ਦੇ ਕਿਸਾਨਾਂ ਨੇ ਦਿਖਾਈ,ਉਹ ਕਾਬਲੇ ਤਾਰੀਫ ਰਹੀ, ਕਿਉਕਿ ਜੇਕਰ ਉਸ ਮੌਕੇ ਹਰਿਆਣੇ ਦੇ ਕਿਸਾਨ ਹਰਿਆਣਾ ਸਰਕਾਰ ਦੀਆਂ ਲਾਈਆਂ ਰੋਕਾਂ ਨਾ ਤੋੜਦੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਰੁਕਾਬਟਾਂ ਤੋੜ ਕੇ ਅੱਗੇ ਵਧਣ ਦਾ ਹੌਸਲਾ ਨਾ ਦਿੰਦੇ, ਤਾਂ ਪੰਜਾਬ ਦੇ ਕਿਸਾਨ ਸੰਭੂ,ਖਨੌਰੀ ਅਤੇ ਡੱਬਵਾਲੀ ਤੋ ਅੱਗੇ ਨਹੀ ਸਨ ਵਧ ਸਕਦੇ। ਇਹ ਵੀ ਸੱਚ ਹੈ ਕਿ ਉਸ ਸਮੇ ਦਿੱਲੀ ਦੇ ਰਸਤੇ ਵਿੱਚ ਆਈਆਂ ਰੋਕਾਂ ਨੂੰ ਹਟਾਉਣ ਲਈ ਜਿਸ ਭਾਵਨਾ ਨੇ ਪੰਜਾਬ ਦੀ ਕਿਸਾਨ ਜੁਆਨੀ ਨੂੰ ਹੌਸਲਾ ਤੇ ਹਿੰਮਤ ਬਖਸੀ,ਉਹ ਪੰਜਾਬ ਦੇ ਉਹਨਾਂ ਪੁਰਖਿਆਂ ਦੀ ਸੱਚੀ ਸੁੱਚੀ ਭਾਵਨਾ ਤੇ ਅਧਾਰਤ ਸੀ, ਜਿਹੜੀ ਭਾਵਨਾ ਨੇ ਬਾਬਾ ਬਘੇਲ ਸਿੰਘ ਦੀ ਅਗਵਾਈ ਵਿੱਚ ਦਿੱਲੀ ਦੇ ਲਾਲ ਕਿਲੇ ਨੂੰ ਫਤਿਹ ਕੀਤਾ ਸੀ।ਇਹ ਉਹਨਾਂ ਦੇ ਪੁਰਖਿਆਂ ਦੀ ਉਹ ਹੀ ਭਾਵਨਾ ਸੀ, ਜਿਸ ਨੇ ਕਦੇ ਦਿੱਲੀ ਦੇ ਤਖਤ ਨੂੰ ਘੋੜਿਆਂ ਪਿੱਛੇ ਘੜੀਸ ਕੇ ਸ੍ਰੀ ਅਮ੍ਰਿਤਸਰ ਲੈ ਆਂਦਾ ਸੀ।ਇਹੋ ਪਰੇਰਨਾ ਸਦਕਾ ਰਸਤੇ ਦੀਆਂ ਭਾਰੀ ਰੋਕਾਂ ਵੀ ਪੰਜਾਬੀ ਕਿਸਾਨਾਂ ਦੇ ਰਾਹ ਨਾ ਰੋਕ ਸਕੀਆਂ। ਇਹ ਵੀ ਸੱਚ ਹੈ ਕਿ ਪੰਜਾਬੀਆਂ ਦੇ ਇਸ ਨਿੱਗਰ ਹੌਸਲੇ ਅਤੇ ਦਲੇਰੀ ਵਾਲੀ ਸਿੱਖ ਸੋਚ ਦਾ ਪਹਿਲੀ ਵਾਰ ਭਾਰਤ ਦੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਸੀ,ਜਿਸ ਨੂੰ ਕੇਂਦਰੀ ਤਾਕਤਾਂ ਬਰਦਾਸਤ ਨਹੀ ਕਰ ਸਕੀਆਂ। ਪੰਜਾਬੀਆਂ ਦੇ ਮਨਾਂ ਵਿੱਚ ਦਿੱਲੀ ਪ੍ਰਤੀ ਨਫਰਤ ਇਸ ਕਰਕੇ ਵੀ ਉਬਾਲੇ ਮਾਰਦੀ ਰਹੀ ਹੈ ਕਿ ਗੁਰੂ ਕਾਲ ਤੋ ਹੀ ਦਿੱਲੀ ਦਾ ਤਖਤ ਸਿੱਖਾਂ ਦੀ ਸਰਬਤ ਦੇ ਭਲੇ ਅਤੇ ਜਬਰ ਜੁਲਮ ਖਿਲਾਫ ਲੜਨ ਦੀ ਭਾਵਨਾ ਅਤੇ ਹਲੇਮੀ ਰਾਜ ਵਾਲੀ ਸੋਚ ਨੂੰ ਖਤਮ ਕਰਨ ਦੀਆਂ ਚਾਲਾਂ ਚੱਲਦਾ ਰਿਹਾ ਹੈ,ਜਿਸ ਕਰਕੇ ਸਿੱਖ ਪੁਰਖਿਆਂ ਦੀ ਦਿੱਲੀ ਦੇ ਤਖਤ ਨਾਲ ਮੁੱਢੋਂ ਹੀ ਟੱਕਰ ਰਹੀ ਹੈ। ਪੰਜਾਬੀਆਂ ਦੇ ਮਨਾਂ ਚ ਵਸੀ ਇਹ ਉਹ ਹੀ ਭਾਵਨਾ ਹੈ,ਜਿਹੜੀ ਦਿੱਲੀ ਦੇ ਕਿਸਾਨੀ ਅੰਦੋਲਨ ਵੱਲੋਂ ਆਏ 26 ਜਨਵਰੀ ਦੇ ਰੋਸ ਮਾਰਚ ਵਿੱਚੋਂ ਉਂਭਰ ਕੇ ਸਾਹਮਣੇ ਆਈ।ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਫੁੱਲ ਚੜਾਉਦਿਆਂ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਦਿੱਲੀ ਵੱਲ ਨੂੰ ਵੱਡੀ ਗਿਣਤੀ ਵਿੱਚ ਕੂਚ ਕੀਤਾ, ਓਥੇ ਅਪਣੇ ਮਨਾਂ ਚ ਇਹ ਧਾਰਨਾ ਵੀ ਬਣਾ ਲਈ ਕਿ ਇਸ ਰੋਸ ਮਾਰਚ ਦੌਰਾਨ ਦਿੱਲੀ ਦੇ ਲਾਲ ਕਿਲੇ ਤੇ ਕਿਸਾਨੀ ਝੰਡੇ ਅਤੇ  ਖਾਲਸਾਈ ਨਿਸਾਨ ਸਾਹਿਬ ਝੁਲਾ ਕੇ ਦਿੱਲੀ ਦੀ ਸਰਕਾਰ ਨੂੰ ਇਹ ਸਪੱਸਟ ਸੁਨੇਹਾ ਵੀ ਦੇਣਾ ਹੈ ਕਿ ਅਜਿਹੀਆਂ ਲੋਕ ਮਾਰੂ ਹਕੂਮਤਾਂ ਲੋਕ ਰੋਹ ਅੱਗੇ ਬਹੁਤਾ ਸਮਾ ਟਿਕ ਨਹੀ ਸਕਣਗੀਆਂ, ਇਸ ਲਈ ਚੰਗਾ ਹੋਵੇਗਾ ਜੇਕਰ ਸਮਾ ਰਹਿੰਦੇ ਭਾਰਤੀ ਹਕੂਮਤ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇਸ ਅੰਦੋਲਨ ਨੂੰ ਖਤਮ ਕਰਵਾ ਦੇਵੇ,ਪ੍ਰੰਤੂ ਲਾਲ ਕਿਲੇ ਤੇ ਚੜਾਏ ਗਏ ਖਾਲਸਾਈ ਝੰਡੇ ਤੋ ਬਾਅਦ ਜਿਸਤਰਾਂ ਦੇਸ ਦਾ ਵਿਕਾਊ ਮੀਡੀਆ ਪੰਜਾਬ ਦੇ ਕਿਸਾਨਾਂ ਖਿਲਾਫ ਜਹਿਰ ਉਗਲਣ ਲੱਗਾ,ਉਸ ਤੋ ਇਹ ਅੰਦਾਜਾ ਲਾਉਣਾ ਕੋਈ ਜਿਆਦਾ ਮੁਸਕਲ ਨਹੀ ਕਿ ਇਹ ਸਾਰੀ ਗਿਣੀ ਮਿਥੀ ਸਾਜਿਸ ਤਹਿਤ ਹੋਇਆ। ਟਰੈਕਟਰ ਮਾਰਚ ਦੌਰਾਨ ਜੋ ਕੁੱਝ ਵਾਪਰਿਆ ਅਤੇ ਪੁਲਿਸ ਵਧੀਕੀਆਂ ਨੂੰ ਨਜਰ ਅੰਦਾਜ ਕਰਕੇ ਜਿਸਤਰਾਂ ਸਾਰਾ ਕੁੱਝ ਪੰਜਾਬ ਦੇ ਕਿਸਾਨਾਂ ਖਾਸ ਕਰਕੇ ਨੌਜੁਆਨਾਂ  ਸਿਰ ਮੜ੍ਹਿਆ ਗਿਆ ਅਤੇ ਵਧਾ ਚੜਾ ਕੇ ਪੇਸ ਕੀਤਾ ਗਿਆ ਉਹ ਬੇਹੱਦ ਮੰਦਭਾਗਾ ਵਰਤਾਰਾ ਸਮਝਿਆ ਜਾਵੇਗਾ॥ਇਸ ਤੋ ਵੀ ਵੱਧ ਦੁੱਖ ਦੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਪੰਜ ਸੌ ਤੋ ਵੱਧ ਜਥੇਬੰਦੀਆਂ ਦੇ ਤਕਰੀਬਨ 40 ਕੁ ਨੁਮਾਇੰਦਿਆਂ ਵਿੱਚੋ ਸਿਰਫ ਤੇ ਸਿਰਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਕੁੱਝ ਵੱਡੇ ਆਗੂਆਂ ਨੇ ਜਿਸਤਰਾਂ ਅਪਣੇ ਹੀ ਨੌਜੁਆਨਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਭੰਡਣਾ ਸੁਰੂ ਕਰ ਦਿੱਤਾ,ੳਹਨੇ ਕੇਂਦਰ ਸਰਕਾਰ ਅਤੇ ਵਿਕਾਊ ਰਾਸਟਰੀ ਮੀਡੀਏ ਦੇ ਕੁਫਰ ਨੂੰ ਹੋਰ ਤਕੜਾ ਕਰ ਦਿੱਤਾ। ਕਿਸਾਨੀ ਤਾਕਤ ਅੱਗੇ ਗੋਡਿਆਂ ਭਾਰ ਹੋਣ ਲਈ ਮਜਬੂਰ ਅਤੇ ਬੇਬੱਸ ਹੋਈ ਕੇਂਦਰ ਸਰਕਾਰ ਨੂੰ ਕਿਸਾਨ ਆਗੂਆਂ ਦੀ ਇਸ ਆਪਸੀ ਦੂਸਣਵਾਜੀ ਵਾਲੀ ਬਿਆਨਵਾਜੀ ਨਾਲ ਹੌਸਲਾ ਮਿਲ ਗਿਆ,ਹਿੰਮਤ ਮਿਲ ਗਈ। ਕੇਂਦਰ ਨੇ ਜਿੱਥੇ ਇਸ ਮਾਮਲੇ ਨੂੰ ਤੂਲ ਦੇ ਕੇ ਆਪਣੇ ਆਪ ਨੂੰ ਦੇਸ ਭਗਤ ਸਾਬਤ ਕਰਨ ਵਾਲੇ ਕਿਸਾਨ ਆਗੂਆਂ ਤੇ ਦੇਸ ਧਰੋਹੀ ਵਰਗੇ ਵੱਖ ਵੱਖ ਸੰਗੀਨ ਜੁਰਮਾਂ ਤਹਿਤ ਪਰਚੇ ਦਰਜ ਕਰ ਦਿੱਤੇ,ਓਥੇ ਕਈ ਸਿੱਖ ਨੌਜੁਆਨਾਂ ਖਿਲਾਫ ਵੀ ਪਰਚੇ ਦਰਜ ਕਰਕੇ ਗਿਰਫਤਾਰੀ ਵਰੰਟ ਜਾਰੀ ਕਰ ਦਿੱਤੇ ਹਨ।ਬਹੁਤ ਸਾਰੇ ਸੂਝਵਾਨ ਲੋਕਾਂ ਦਾ ਮੰਨਣਾ ਸੀ ਕਿ 26 ਜਨਵਰੀ ਦੀ ਲਾਲ ਕਿਲੇ ਵਾਲੀ ਘਟਨਾ ਨੇ ਕਿਸਾਨੀ ਅੰਦੋਲਨ ਨੂੰ ਢਾਹ ਲਾਈ ਹੈ, ਕਿਉਕਿ ਦੇਸ ਦਾ ਵੱਡੀ ਗਿਣਤੀ ਵਿੱਚ ਨੈਸਨਲ ਮੀਡੀਆ ਉਸ ਘਟਨਾ ਦੇ ਉਹਨਾਂ ਹਿੱਸਿਆਂ ਨੂੰ ਕੱਟ ਕੱਟ ਕੇ ਵਾਰ ਵਾਰ ਦਿਖਾ ਰਿਹਾ ਹੈ,ਜਿਹੜੇ ਕਿਸਾਨਾਂ ਨੂੰ ਹਿੰਸਕ ਸਿੱਧ ਕਰਦੇ ਹਨ,ਜਦੋ ਕਿ ਸਚਾਈ ਇਹ ਹੈ ਕਿ ਉਸ ਦਿਨ ਦੀ ਘਟਨਾ ਵਿੱਚ ਜਿੱਥੇ ਦਿੱਲੀ ਪੁਲਿਸ ਅਤੇ ਉਹਨਾਂ ਦੇ ਭੇਜੇ ਹੋਏ ਬਹੁਤ ਸਾਰੇ ਸਰਾਰਤੀ ਅਨਸਰ ਭੰਨ ਤੋੜ ਅਤੇ ਮਾਰ ਕੁੱਟ ਕਰਦੇ ਕਿਸਾਨਾਂ ਨੇ ਕਾਬੂ ਕੀਤੇ ਤੇ ਉਹ ਸਰਾਰਤੀ ਅਨਸਰ ਪੁਲਿਸ ਦੀਆਂ ਗੱਡੀਆਂ ਦੀ ਭੰਨ ਤੋੜ ਕਰਦੇ ਪੱਤਰਕਾਰਾਂ ਦੇ ਕੈਮਰਿਆਂ ਵਿੱਚ ਵੀ ਕੈਦ ਹੋਏ ਹਨ,ਉਹਨਾਂ ਨੂੰ ਨੈਸਨਲ ਮੀਡੀਏ ਨੇ ਦਿਖਾਉਣਾ ਮੁਨਾਸਿਬ ਨਹੀ ਸਮਝਿਆ,ਜਿਸ ਦੀ ਵਜਾਹ ਨਾਲ ਅੰਦੋਲਨਕਾਰੀ ਬਦਨਾਮ ਹੋਏ ਹਨ।ਨੈਸਨਲ ਮੀਡੀਏ ਨੇ ਤਾਂ ਟਰੈਕਟਰ ਮਾਰਚ ਦੌਰਾਨ ਲਾਪਤਾ ਹੋਏ ਸੈਕੜੇ ਕਿਸਾਨ,ਪੁਲਿਸ ਦੀਆਂ ਲਾਠੀਆਂ ਗੋਲੀਆਂ ਨਾਲ ਜਖਮੀ ਹੋਏ ਦਰਜਨਾਂ ਕਿਸਾਨ ਅਤੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜੁਆਨ ਕਿਸਾਨ ਬਾਰੇ ਵੀ ਦੱਸਣਾ ਮੁਨਾਸਿਬ ਨਹੀ ਸਮਝਿਆ,ਪ੍ਰੰਤੂ ਤਿਰੰਗੇ ਦੇ ਅਪਮਾਨ ਦਾ ਦੋਸ ਪੰਜਾਬ ਦੇ ਕਿਸਾਨਾਂ ਸਿਰ ਮੜ੍ਹਨ ਲਈ ਨੈਸਨਲ ਮੀਡੀਏ ਨੇ ਸਾਰਾ ਤਾਣ ਲਾ ਦਿੱਤਾ।ਜੇਕਰ ਪੰਜਾਬ ਦੇ ਕਿਸਾਨ ਆਗੂ ਸਹੀ ਪਹੁੰਚ ਅਪਣਾਉਂਦੇ ਤਾਂ ਇਸ ਮੰਦਭਾਗੀ ਘਟਨਾ ਦੀ ਬਦਨਾਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਸੀ। ਜੇਕਰ ਆਗੂ ਲਾਲ ਕਿਲੇ ਤੇ ਜਾਣ ਵਾਲੇ ਵੱਡੀ ਗਿਣਤੀ ਨੌਜੁਆਨਾਂ ਤੋ ਅਪਣੇ ਆਪ ਨੂੰ ਅਲੱਗ ਕਰਦੇ ਹੋਏ,ਉਹਨਾਂ ਤੇ ਕਾਰਵਾਈ ਕਰਨ ਵਾਲੇ ਬਿਆਨ ਦੇ ਕੇ ਨੈਸਨਲ ਮੀਡੀਏ ਨੂੰ ਸੱਚਾ ਸਾਬਤ ਕਰਨ ਦੀ ਬਜਾਏ,ਇਹ ਕਹਿੰਦੇ ਕਿ ਭਾਂਵੇਂ ਸਾਡਾ ਲਾਲ ਕਿਲੇ ਵੱਲ ਜਾਣ ਦਾ ਕੋਈ ਪਰੋਗਰਾਮ ਨਹੀ ਸੀ,ਪਰ ਜੇਕਰ ਲੱਖਾਂ ਦੀ ਗਿਣਤੀ ਵਾਲੇ ਇਕੱਠ ਵਿੱਚੋ ਬਹੁਤ ਸਾਰੇ ਭਾਵਕ ਹੋਏ ਜੋਸੀਲੇ ਲੋਕ ਉੱਧਰ ਚਲੇ ਵੀ ਗਏ ਹਨ,ਤਾਂ ਇਹਦੇ ਲਈ ਸਰਕਾਰ ਹੀ ਜੁੰਮੇਵਾਰ ਹੈ,ਕਿਉਕਿ ਸਰਕਾਰ ਕਿਸਾਨਾਂ ਨੂੰ ਅਜਿਹੇ ਰੋਸ ਪ੍ਰਦਰਸਨ ਕਰਨ ਦੇ ਮੌਕੇ ਹੀ ਕਿਉਂ ਦਿੰਦੀ ਹੈ।ਸਰਕਾਰ ਸਾਡੀਆਂ ਮੰਗਾਂ ਮੰਨੇ ਤੇ ਕਿਸਾਨ ਉਸੇ ਵਖਤ ਦਿੱਲੀ ਦੇ ਬਾਰਡਰ ਖਾਲੀ ਕਰਕੇ ਆਪਣੇ ਘਰਾਂ ਵੱਲ ਚਾਲੇ ਪਾ ਦੇਣਗੇ। ਨੈਸਨਲ ਮੀਡੀਏ ਵੱਲੋਂ ਖਾਲਸਾਈ ਨਿਸਾਨ ਸਾਹਿਬ ਨੂੰ ਲੈ ਕੇ ਕੀਤੇ ਜਾ ਰਹੇ ਕੂੜ ਪਰਚਾਰ ਦੇ ਜਵਾਬ ਵਿੱਚ ਦੱਸਣਾ ਬਣਦਾ ਸੀ ਕਿ ਇਹ ਉਹ ਹੀ ਨਿਸਾਨ ਸਾਹਿਬ ਹੈ, ਜਿਸ ਨੂੰ ਦੇਖ ਕੇ ਕਰੋਨਾ ਮਹਾਂਮਾਰੀ ਦੌਰਾਨ ਦੇਸ ਦੇ ਕਰੋੜਾ ਭੁੱਖੇ ਲੋਕਾਂ ਨੂੰ ਪੇਟ ਭਰ ਖਾਣੇ ਦੀ ਆਸ ਬੱਝਦੀ ਸੀ,ਇਹ ਉਹ ਹੀ ਨਿਸਾਨ ਸਹਿਬ ਹੈ ਜਿਹੜਾ ਚੀਨ ਵਰਗੇ ਸਕਤੀਸਾਲੀ ਦੁਸਮਣ ਮੁਲਕ ਦੀ ਸਰਹੱਦ ਤੇ ਤਿਰੰਗੇ ਦੇ ਨਾਲ ਝੂਲਦਾ ਹੈ।ਇਹ ਨਿਸਾਨ ਸਾਹਿਬ ਹਰ ਸਾਲ ਦਿੱਲੀ ਫਤਿਹ ਦਿਵਸ ਮੌਕੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲੇ ਤੇ ਲਹਿਰਾਇਆ ਜਾਂਦਾ ਹੈ ਅਤੇ ਸਰਕਾਰ ਦੀਆਂ ਝਾਕੀਆਂ ਵਿੱਚ ਵੀ ਨਿਸਾਨ ਸਾਹਬ ਝੁਲਦਾ ਦਿਖਾਈ ਦਿੰਦਾ ਹੈ,ਫਿਰ ਕਿਸਾਨਾਂ ਵੱਲੋਂ ਅਜਿਹਾ ਕਰਨ ਤੇ ਐਨਾ ਹੋ ਹੱਲਾ ਕਿਉਂ ਕੀਤਾ ਜਾ ਰਿਹਾ ਹੈ। ਇਹ ਵੀ ਪੁੱਛਣਾ ਬਣਦਾ ਸੀ ਕਿ ਜਿਸ ਇਤਿਹਾਸਿਕ ਵਿਰਾਸਤ (ਲਾਲ ਕਿਲਾ) ਨੂੰ ਦੇਸ ਦੀ ਸਰਕਾਰ ਪੰਜ ਸਾਲਾਂ ਲਈ ਡਾਲਮੀਆਂ ਗਰੁੱਪ ਨੂੰ ਵੇਚ ਕੇ ਡਾਲਮੀਆਂ ਦੀ ਨਿੱਜੀ ਜਾਇਦਾਦ ਬਣਾ ਚੁੱਕੀ ਹੋਵੇ,ਫਿਰ ਹੁਣ ਉਸ ਨਿੱਜੀ ਇਮਾਰਤ  ਤੇ ਝੂਲਦੇ ਤਿਰੰਗੇ ਬਾਰੇ ਕੂੜ ਪਰਚਾਰ ਕਰਨ ਦਾ ਕੇਂਦਰ ਅਤੇ ਮੀਡੀਆਂ ਨੂੰ ਕੀ ਅਧਿਕਾਰ ਹੈ? ਦੇਸ ਦੀ ਇਤਿਹਾਸਿਕ ਵਿਰਾਸਤ ਨੂੰ ਪੰਜ ਸਾਲਾਂ ਲਈ ਪੱਚੀ ਕਰੋੜ ਰੁਪਏ ਵਿੱਚ ਡਾਲਮੀਆਂ ਪਰਿਵਾਰ ਨੂੰ ਦੇਣ ਸਮੇ ਇਹ ਖਿਆਲ ਕਿਉਂ ਨਹੀ ਆਇਆ ਕਿ ਇਹ ਦੇਸ ਦੇ ਗੌਰਵ ਅਤੇ ਤਿਰੰਗੇ ਦਾ ਅਪਮਾਨ ਹੈ? ਜਿੱਥੇ ਸਰਕਾਰ ਖੇਤੀ ਕਨੂੰਨ ਪਾਸ ਕਰਨ ਕਰਕੇ ਕਿਸਾਨਾਂ ਮਜਦੂਰਾਂ ਦੀ ਦੋਸੀ ਹੈ,ਓਥੇ ਲਾਲ ਕਿਲੇ ਵਰਗੀ ਇਤਿਹਾਸਿਕ ਵਿਰਾਸਤ ਨੂੰ ਵੇਚ ਕੇ ਤਿਰੰਗੇ ਦੇ ਅਪਮਾਨ ਦੇ ਨਾਲ ਨਾਲ ਸਮੁੱਚੇ ਦੇਸ ਦੇ ਸਵਾ ਕਰੋੜ ਲੋਕਾਂ ਦੀਆਂ ਭਾਵਨਵਾਂ ਨੂੰ ਸੱਟ ਮਾਰਨ ਦੀ ਵੀ ਦੋਸੀ ਬਣ ਗਈ ਹੈ। ਪਰ ਕਿਸਾਨ ਆਗੂਆਂ ਨੇ ਸਰਕਾਰ ਤੇ ਉਲਟ ਵਾਰ ਕਰਨ ਦੀ ਬਜਾਏ ਅਪਣੇ ਨੌਜੁਆਨਾਂ ਨੂੰ ਹੀ ਦੋਸੀ ਸਿੱਧ ਕਰਨ ਵਿੱਚ ਸਾਰੀ ਤਾਕਤ ਝੋਕ ਦਿੱਤੀ,ਜਿਸ ਨੇ ਅੰਦੋਲਨ ਨੂੰ ਹੋਰ ਵੀ ਢਾਹ ਲਾਈ। ਇਹ ਵੀ ਸੱਚ ਹੈ ਕਿ 26 ਜਨਵਰੀ ਵਾਲੀ ਘਟਨਾ ਤੋ ਬਾਅਦ ਨਿਰਾਸਤਾ ਦੇ ਆਲਮ ਚ ਜਾ ਰਹੇ ਅੰਦੋਲਨ ਨੂੰ ਉੱਤਰ ਪ੍ਰਦੇਸ ਦੇ ਕਿਸਾਨ ਆਗੂ ਰਕੇਸ ਟਿਕੈਤ ਦੀ ਦ੍ਰਿੜਤਾ ਦਲੇਰੀ ਅਤੇ ਭਾਵਕ ਅਪੀਲ ਨੇ ਸੰਜੀਵਨੀ ਦਾ ਕੰਮ ਕੀਤਾ ਹੈ, ਜਿਸ ਕਰਕੇ ਉੱਤਰ ਪ੍ਰਦੇਸ ਤੋ ਇਲਾਵਾ ਪੰਜਾਬ,ਹਰਿਆਣੇ ਦੇ ਕਿਸਾਨਾਂ ਦਾ ਝੁਕਾਅ ਵੀ ਗਾਜੀਪੁਰ ਹੱਦ ਵੱਲ ਵਧੇਰੇ ਹੋ ਗਿਆ ਹੈ।ਜੇਕਰ ਇਸ ਤੋ ਅਗਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 28 ਅਤੇ 29 ਜਨਵਰੀ ਨੂੰ ਜਿਸਤਰਾਂ ਭਾਜਪਾ ਦੇ ਗੁੰਡਾ ਅਨਸਰਾਂ ਨੇ ਹੱਥਾਂ ਚ ਤਿਰੰਗੇ ਫੜ ਕੇ ਸਿੰਘੂ ਬਾਰਡਰ ਤੇ ਗੁੰਡਾ ਗਰਦੀ ਕੀਤੀ, ਕਿਸਾਨਾਂ ਤੇ ਹਮਲੇ ਕੀਤੇ, ਪੈਟਰੌਲ ਬੰਬਾਂ ਤੱਕ ਦਾ ਇਸਤੇਮਾਲ ਕੀਤਾ,ਤਿਰੰਗੇ ਵਾਲੇ ਡੰਡਿਆਂ ਨਾਲ ਕਿਸਾਨਾਂ ਤੇ ਹਮਲਾ ਕੀਤਾ, ਪੁਲਿਸ ਵੱਲੋਂ ਉਹਨਾਂ ਦਹਿਸਤਗਰਦਾਂ ਨੂੰ ਰੋਕਣ ਦੀ ਬਜਾਏ ਉਹਨਾਂ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਗਿਆ,ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ,ਉਸ ਦਹਿਸਤੀ ਵਰਤਾਰੇ ਤੋ ਇਹ ਜਾਪਦਾ ਹੈ ਕਿ ਦੇਸ ਵਿੱਚ ਨਾ ਹੀ ਕੋਈ ਲੋਕਤੰਤਰ ਨਾਮ ਦੀ ਚੀਜ ਹੈ ਅਤੇ ਨਾ ਹੀ ਤਿਰੰਗੇ ਦੇ ਅਪਮਾਨ ਦਾ ਸੋਰ ਸਰਾਬਾ ਕਰਨ ਵਾਲਿਆਂ ਦੇ ਮਨਾਂ ਵਿੱਚ ਤਿਰੰਗੇ ਪ੍ਰਤੀ ਭਾਵਨਾਤਮਿਕ ਪਿਆਰ ਹੈ, ਉਹਨਾਂ ਦੇ ਮਨਾਂ ਵਿੱਚ ਤਿਰੰਗਾ ਨਹੀ ਭਗਵਾਂਸਾਹੀ ਦਾ ਪ੍ਰਭਾਵ ਉਬਾਲੇ ਮਾਰ ਰਿਹਾ ਹੈ, ਜਿਸ ਚੋਂ ਉੱਪਜੀ ਨਫਰਤ ਦਾ ਸੇਕ ਦੇਸ ਦੀ ਬੰਨ ਸੁਵੰਨਤਾ ਨੂੰ ਝੁਲਸਣ ਲਈ ਜਹਿਰੀਲੀਆਂ ਗੈਸਾਂ ਤੋ ਵੀ ਮਾਰੂ ਅਸਰ ਅੰਦਾਜ ਹੋ ਰਿਹਾ ਹੈ। ਸਿਆਣੀ ਲੀਡਰਸੱਿਪ ਉਹ ਹੀ ਮੰਨੀ ਜਾਂਦੀ ਹੈ,ਜਿਹੜੀ ਲੋਕ ਭਾਵਨਾਵਾਂ ਨੂੰ ਸਮਝਦੀ ਹੈ ਤੇ ਉਹਨਾਂ ਦੀ ਕਦਰ ਕਦੀ ਹੈ,ਜਿਹੜੀ ਗਲਤੀਆਂ ਤੋ ਸਬਕ ਲੈ ਕੇ ਅਗਲੀ ਰਣਨੀਤੀ ਤਹਿ ਕਰਦੀ ਹੈ। ਇਸ ਲਈ ਅੰਦਲਨ ਦੀ ਸਫਲਤਾ ਲਈ ਇਹ ਜਰੂਰੀ ਹੋਵਗਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਮਾਨਦਾਰੀ ਨਾਲ ਸਿਰ ਜੋੜ ਕੇ ਬੈਠਣ ਤੇ ਆਤਮ ਚਿੰਤਨ ਕਰਨ,ਇਸ ਤੋਂ ਇਲਾਵਾ ਵੱਖ ਵੱਖ ਵਿਚਾਰਧਾਰਾ ਵਾਲੀਆਂ ਉਹਨਾਂ ਧਿਰਾਂ ਨੂੰ ਵੀ ਸਾਰਾ ਧਿਆਨ ਅੰਦੋਲਨ ਦੀ ਸਫਲਤਾ ਤੇ ਕੇਂਦਰਿਤ ਕਰਨਾ ਚਾਹੀਦਾ ਹੈ,ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਤੋ ਬਾਹਰ ਰਹਿਕੇ ਕਿਸਾਨੀ ਮੁੱਦਿਆਂ ਤੇ ਦਿੱਲੀ ਦੇ ਅੰਦੋਲਨ ਵਿੱਚ ਡਟੀਆਂ ਹੋਈਆਂ ਹਨ,ਤਾਂ ਕਿ ਮੁੜ ਪ੍ਰਭਾਵਸਾਲੀ ਅੰਦੋਲਨ ਦੀ ਤਾਕਤ ਨਾਲ ਸਰਕਾਰ ਤੋ ਕਨੂੰਨ ਰੱਦ ਕਰਵਾਏ ਜਾ ਸਕਣ ਅਤੇ ਕਿਸਾਨੀ ਹੋਂਦ ਦੀ ਲੜਾਈ ਨੂੰ ਜਿੱਤਿਆ ਜਾ ਸਕੇ।  

ਬਘੇਲ ਸਿੰਘ ਧਾਲੀਵਾਲ
99142-58142