ਘਟਦਾ ਲਿੰਗ ਅਨੁਪਾਤ : ਵਧਦੀ ਭਰੂਣ ਹਤਿਆ - ਜਸਵੰਤ ਸਿੰਘ 'ਅਜੀਤ'
ਭਾਰਤ ਵਿੱਚ ਲਗਾਤਾਰ ਘਟ ਰਹੇ ਲਿੰਗ ਅਨੁਪਾਤ ਨੂੰ ਲੈ ਕੇ ਕੌਮੀ ਤੇ ਇਲਾਕਾਈ ਪਾਰਟੀਆਂ ਦੇ ਆਗੂਆਂ ਵਲੋਂ ਸਮੇਂ-ਸਮੇਂ ਚਿੰਤਾ ਪ੍ਰਗਟ ਕੀਤੀ ਜਾਂਦੀ ਰਹਿੰਦੀ ਹੈ। ਇੱਕ ਸਮਾਂ ਅਜਿਹਾ ਵੀ ਆਇਆ ਕਿ ਸਮੇਂ ਦੇ (ਹੁਣ ਸਾਬਕਾ) ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਮੁੱਖ ਮੰਤਰੀਆਂ ਦੇ ਨਾਂ ਇੱਕ ਚਿੱਠੀ ਲਿਖ, ਦੇਸ ਵਿੱਚ ਲਗਾਤਾਰ ਘਟਦੇ ਜਾ ਰਹੇ ਲਿੰਗ ਅਨੁਪਾਤ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਇਸਨੂੰ ਸਾਰਥਕ ਲੀਹਾਂ ਪੁਰ ਲਿਆਉਣ ਲਈ ਯੋਗ ਵਾਤਾਵਰਣ ਸਿਰਜਣ ਅਤੇ ਉਪਾਅ ਕਰਨ ਦੀ ਸਲਾਹ ਦੇਣੀ ਪੈ ਗਈ। ਇਸ ਸਬੰਧੀ ਸਾਰੇ ਹਾਲਾਤ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਇਹ ਚਿੰਤਾ ਕੇਵਲ ਕੌਮੀ ਤੇ ਇਲਾਕਾਈ ਆਗੂਆਂ ਦੀ ਹੀ ਨਹੀਂ, ਸਗੋਂ ਸਮੁਚੇ ਭਾਰਤੀ ਸਮਾਜ ਦੀ ਹੈ।
ਇਸ ਚਿੰਤਾ ਦੇ ਨਾਲ ਹੀ ਸੁਆਲ ਉਠਦਾ ਹੈ ਕਿ ਕੀ ਇਸਤੋਂ ਛੁਟਕਾਰਾ ਹਾਸਲ ਕਰਨ ਲਈ ਭਾਰਤੀ ਸਮਾਜ ਵਲੋਂ ਕੋਈ ਸਾਰਥਕ ਹਲ ਲਭਿਆ ਜਾਂ ਰਾਹ ਅਪਨਾਇਆ ਜਾ ਰਿਹਾ ਹੈ? ਭਰੂਣ-ਹਤਿਆ ਵਿੱਚ ਹੋ ਰਹੇ ਵਾਧੇ ਨੂੰ ਕੇਵਲ ਦਾਜ ਦੀ ਸਮਸਿਆ ਨਾਲ ਹੀ ਜੋੜ ਕੇ ਵੇਖਣਾ, ਕੀ ਇਸ ਸਮਸਿਆ ਦੇ ਹਲ ਲਈ ਸਾਰਥਕ ਪਹੁੰਚ ਮੰਨੀ ਜਾ ਸਕਦੀ ਹੈ? ਸਮਾਜਕ ਕੁਰੀਤੀਆਂ ਵਿਰੁਧ ਸੰਘਰਸ਼ ਕਰ ਰਹੀਆਂ ਸੰਸਥਾਵਾਂ ਦੇ ਮੁੱਖੀਆਂ ਦਾ ਮੰਨਣਾ ਹੈ ਕਿ 'ਸ਼ਾਇਦ ਨਹੀਂ'। ਇਨ੍ਹਾਂ ਮੁਖੀਆਂ ਦਾ ਕਹਿਣਾ ਹੈ ਕਿ ਜੇ ਅੱਜ ਦੇ ਸਮੁਚੇ ਵਾਤਾਵਰਣ ਨੂੰ ਵੇਖਿਆ ਅਤੇ ਪਰਖਿਆ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ 'ਭਰੂਣ-ਹਤਿਆ' ਨੂੰ ਠਲ੍ਹ ਨਾ ਪੈ ਸਕਣ ਦਾ ਕਾਰਣ ਵਧਦੀ ਜਾ ਰਹੀ ਦਾਜ-ਲਾਲਸਾ ਹੀ ਨਹੀਂ, ਸਗੋਂ ਇਸਨੂੰ ਤਾਂ ਕੇਵਲ ਇੱਕ ਕਾਰਣ ਹੀ ਮੰਨਿਆ ਜਾ ਸਕਦਾ ਹੈ।
ਬੀਤੇ ਸਮੇਂ ਵਲ ਝਾਤ ਮਾਰੀਏ ਤਾਂ ਇਹ ਵਿਖਾਈ ਦਿੰਦਾ ਹੈ ਕਿ ਭਾਰਤੀ ਸਮਾਜ ਵਿਚ ਇਕ ਪਾਸੇ ਨਾਰੀ ਨੂੰ ਸਮਾਨਤਾ ਦਾ ਅਧਿਕਾਰ ਦਿਤੇ ਜਾਣ ਅਤੇ ਦੂਜੇ ਪਾਸੇ ਮਾਦਾ ਭਰੂਣ-ਹਤਿਆ ਵਿਰੁਧ ਸਮਾਜ ਵਿਚ ਜਾਗ੍ਰਿਤੀ ਪੈਦਾ ਕਰਨ ਲਈ ਲੰਮੇਂ ਸਮੇਂ ਤੋਂ ਸੰਘਰਸ਼ ਹੁੰਦਾ ਚਲਿਆ ਆ ਰਿਹਾ ਹੈ। ਇੱਕ ਪਾਸੇ ਭਰੂਣ-ਹਤਿਆ ਦੇ ਵਿਰੁਧ ਮੁਹਿੰਮ ਨੂੰ ਕਾਰਗਰ ਬਣਾਉਣ ਲਈ 'ਨੰਨ੍ਹੀਂ ਛਾਂ' ਦੇ ਅੰਦੋਲਣ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਨਾਰੀ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਣ ਲਈ ਸੰਸਦ, ਵਿਧਾਨ ਸਭਾਵਾਂ ਆਦਿ ਲੋਕਤਾਂਤ੍ਰਿਕ ਸੰਸਥਾਵਾਂ ਵਿਚ ਉਸਲਈ 33% ਸੀਟਾਂ ਰਖਵੀਆਂ ਕਰਨ ਲਈ ਕਾਨੂੰਨ ਬਣਾਏ ਜਾਣ ਦੀ ਕੌਸ਼ਿਸ਼ ਵੀ ਕੀਤੀ ਜਾ ਰਹੀ ਹੈ।
ਪ੍ਰਾਚੀਨ ਸਮੇਂ ਦੀ ਗਲ : ਜੇ ਪ੍ਰਾਚੀਨ-ਕਾਲ ਤੋਂ ਚਲੀਆਂ ਆ ਰਹੀਆਂ ਇਤਿਹਾਸਕ ਤੇ ਮਿਥਿਹਾਸਕ ਮਾਨਤਾਵਾਂ ਦੀ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਕ ਸਮਾਂ ਅਜਿਹਾ ਵੀ ਸੀ, ਜਦੋਂ ਭਾਰਤ ਵਿਚ ਨਾਰੀ ਨੂੰ ਨਾ ਕੇਵਲ ਸਨਮਾਨ ਦੀ ਭਾਵਨਾ ਨਾਲ ਵੇਖਿਆ ਜਾਂਦਾ ਸੀ, ਸਗੋਂ ਉਸਨੂੰ ਸਨਮਾਨ-ਸਤਿਕਾਰ ਵੀ ਦਿਤਾ ਜਾਂਦਾ ਸੀ। ਇਸਦੀ ਪੁਸ਼ਟੀ ਲਈ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਜਿਵੇਂ ਭਗਵਾਨ ਰਾਮ ਦੇ ਨਾਂ ਤੋਂ ਪਹਿਲਾਂ ਮਾਤਾ ਸੀਤਾ ਦਾ ਨਾਂ ਜੋੜ 'ਸੀਤਾ-ਰਾਮ' ਕਿਹਾ ਜਾਣਾ, ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਦੇ ਨਾਂ ਤੋਂ ਪਹਿਲਾਂ ਰਾਧਾ ਦਾ ਨਾਂ ਜੋੜ 'ਰਾਧਾ-ਕ੍ਰਿਸ਼ਨ' ਜਾਂ 'ਰਾਧੇ-ਸ਼ਿਆਮ' ਕਿਹਾ ਜਾਣਾ ਆਦਿ।
ਇਸੇ ਤਰ੍ਹਾਂ ਮਹਾਭਾਰਤ ਕਾਲ ਦਾ ਜ਼ਿਕਰ ਕਰਦਿਆਂ ਦਸਿਆ ਜਾਂਦਾ ਹੈ ਕਿ ਉਸ ਸਮੇਂ ਔਲਾਦ ਦੀ ਪਛਾਣ ਪਿਤਾ ਦੇ ਨਾਂ ਨਾਲ ਨਹੀਂ, ਸਗੋਂ ਮਾਤਾ ਦੇ ਨਾਂ ਨਾਲ ਕੀਤੀ ਜਾਂਦੀ ਸੀ, ਜਿਵੇਂ ਕਿ ਪਾਂਡਵਾਂ ਨੂੰ ਕੁੰਤੀ-ਪੁਤਰ ਤੇ ਕੌਰਵਾਂ ਨੂੰ ਗਾਂਧਾਰੀ-ਪੁਤਰ ਕਹਿ ਕੇ ਸੰਬੋਧਨ ਕੀਤਾ ਅਤੇ ਪਛਾਣਿਆ ਜਾਂਦਾ ਸੀ।
ਇਥੇ ਇੱਕ ਪਖ ਹੋਰ ਵੀ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਇਹ ਕਿ ਇਸ ਸਮੇਂ ਦੀਆਂ ਆਮ ਇਤਿਹਾਸਕ ਤੇ ਮਿਥਿਹਾਸਿਕ ਮਾਨਤਾਵਾਂ ਵਿਚ, ਜਿਥੇ ਮਾਤਾਵਾਂ, ਪਤਨੀਆਂ ਤੇ ਸ਼ਰਧਾਲੂ ਔਰਤਾਂ ਦੇ ਨਾਂ ਨਾਲ ਧਾਰਮਕ ਤੇ ਇਤਿਹਾਸਿਕ ਸ਼ਖਸੀਅਤਾਂ ਦੇ ਮਾਲਕ ਪੁਤਰਾਂ ਦਾ ਜ਼ਿਕਰ ਆਉਂਦਾ ਹੈ, ਉਥੇ ਇਨ੍ਹਾਂ ਦੀਆਂ ਧੀਆਂ ਦਾ ਜ਼ਿਕਰ ਕਿਧਰੇ ਵੀ ਨਹੀਂ ਮਿਲਦਾ। ਜਿਸ ਕਾਰਣ ਇਹ ਸ਼ੰਕਾ ਪੈਦਾ ਹੋਣੀ ਸੁਭਾਵਕ ਹੈ ਕਿ ਉਸ ਸਮੇਂ ਵੀ ਦੇਸ਼ ਵਿਚ ਕੁਝ ਅਜਿਹੇ ਵਰਗ ਸਰਗਰਮ ਸਨ, ਜੋ ਧੀਆਂ ਨੂੰ ਜਾਂ ਤਾਂ ਜੰਮਦਿਆਂ ਹੀ ਮਾਰ ਦਿੰਦੇ ਸਨ ਜਾਂ ਫਿਰ ਭਾਰ ਸਮਝ ਕਿਧਰੇ ਸੁਟ ਆਉਂਦੇ ਸਨ। ਇਹੀ ਨਹੀਂ ਕੁਝ ਲੋਕੀ ਉਸ ਸਮੇਂ ਵੀ ਧੀਆਂ ਨੂੰ ਨਿਜੀ ਜਾਇਦਾਦ ਹੀ ਸਮਝਦੇ ਸਨ। ਇਨ੍ਹਾਂ ਗਲਾਂ ਦੀ ਪੁਸ਼ਟੀ ਵਿਚ ਧਾਰਮਕ ਤੇ ਮਿਥਿਹਾਸਿਕ ਮਾਨਤਾਵਾਂ ਵਿਚੋਂ ਕਈ ਅਜਿਹੀਆਂ ਮਹਤਵਪੂਰਣ ਨਾਰੀਆਂ ਦੀਆਂ ਉਦਾਹਰਣਾਂ ਦਿਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਜਨਮ ਧਰਤੀ ਜਾਂ ਖੇਤ ਵਿਚੋਂ ਹੋਇਆ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਦੇ ਪਤੀ ਉਨ੍ਹਾਂ ਨੂੰ ਨਿਜੀ ਜਾਇਦਾਦ ਵਾਂਗ ਜੂਏ ਵਿਚ ਦਾਅ ਤੇ ਲਾਂਦੇ ਰਹੇ।
ਇਹ ਉਦਾਹਰਣਾਂ ਅਜਿਹੀਆਂ ਹਨ, ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ 'ਭਰੂਣ-ਹਤਿਆ' ਦੀ ਬੀਮਾਰੀ ਕੇਵਲ ਅੱਜ ਦੀ ਜਾਂ ਦਾਜ ਦੀ ਮੰਗ ਨਾਲ ਹੀ ਸਬੰਧਤ ਨਹੀਂ, ਸਗੋਂ ਇਸਦੇ ਪਿਛੇ ਕਈ ਹੋਰ ਕਾਰਣ ਵੀ ਪੁਰਾਤਨ ਇਤਿਹਾਸਕ ਤੇ ਮਿਥਿਹਾਸਕ ਸਮਿਆਂ ਦੌਰਾਨ ਵੀ ਸਨ ਅਤੇ ਹੁਣ ਵੀ ਹਨ। ਇਤਿਹਾਸ ਦੇ ਕਈ ਪ੍ਰਮੁਖ ਵਿਦਵਾਨਾਂ ਦੀ ਮਾਨਤਾ ਹੈ ਕਿ ਭਾਵੇਂ ਮੰਨਿਆ ਇਹ ਜਾਂਦਾ ਹੈ ਕਿ ਧੀਆਂ ਦੀ ਜੰਮਦਿਆਂ ਜਾਂ ਜੰਮਣ ਤੋਂ ਪਹਿਲਾਂ ਹੀ ਹਤਿਆ ਕਰਨ ਦੀ ਰਵਾਇਤ ਵਿਦੇਸ਼ੀ ਹਮਲਿਆਂ ਸਮੇਂ ਸ਼ੁਰੂ ਹੋਈ ਸੀ, ਕਿਉਂਕਿ ਹਮਲਾਵਰ, ਜਿਥੇ ਦੇਸ਼ ਦੀ ਦੌਲਤ ਲੁਟ ਲੈ ਜਾਂਦੇ ਸਨ, ਉਥੇ ਹੀ ਭਾਰਤੀ ਮੁਟਿਆਰਾਂ ਨੂੰ ਵੀ ਚੁਕ ਲਿਜਾਂਦੇ ਤੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਨਿਲਾਮ ਕਰ ਦਿਆ ਕਰਦੇ ਸਨ। ਭਾਰਤੀਆਂ ਨੇ ਆਪਣੀਆਂ ਧੀਆਂ ਨੂੰ ਇਸ ਨਮੋਸ਼ੀ ਅਤੇ ਅਪਮਾਨ-ਭਰੀ ਜ਼ਿੰਦਗੀ ਜੀਣ ਤੋਂ ਬਚਾਣ ਲਈ ਹੀ, ਕੁੜੀਆਂ ਨੂੰ ਜੰਮਦਿਆਂ ਮਾਰ ਦੇਣ ਦਾ ਸਿਲਸਿਲਾ ਅਰੰਭ ਦਿਤਾ ਸੀ। ਪਰ ਇਸਦੇ ਨਾਲ ਹੀ ਕਈ ਪ੍ਰਾਚੀਨ ਲਿਖਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪ੍ਰਾਚੀਨ ਵੈਦਿਕ ਕਾਲ ਦੌਰਾਨ ਵੀ ਜਿਥੇ ਇਕ ਪਾਸੇ ਭਾਰਤੀ ਸਮਾਜ ਵਿਚ ਨਾਰੀ ਨੂੰ ਸਤਿਕਾਰ ਤੇ ਸਨਮਾਨ ਦਿਤਾ ਜਾਂਦਾ ਸੀ, ਉਥੇ ਹੀ ਦੂਜੇ ਪਾਸੇ ਸਮਾਜ ਵਿਚ ਕੁਝ ਅਜਿਹੇ ਵਰਗ ਵੀ ਸਨ, ਜੋ ਨਾਰੀ ਨੂੰ ਸਨਮਾਨ-ਸਤਿਕਾਰ ਦੀਆਂ ਨਜ਼ਰਾਂ ਨਾਲ ਨਹੀਂ ਸਨ ਵੇਖਦੇ।
ਭਾਰਤੀ ਸਮਾਜ ਸੁਧਾਰਕਾਂ, ਧਾਰਮਕ ਮੁਖੀਆਂ ਤੇ ਕਵੀਆਂ ਨੇ ਹੀ ਨਹੀਂ, ਸਗੋਂ ਕਈ ਵਿਦੇਸ਼ੀ ਲੇਖਕ ਤੇ ਧਾਰਮਕ ਮੁਖੀ ਵੀ ਨਾਰੀ ਨੂੰ ਭੰਡਣੋਂ ਪਿਛੇ ਨਹੀਂ ਰਹੇ। ਜਿਥੇ ਸ਼ੈਕਸਪੀਅਰ ਨੇ ਲਿਖਿਆ ਹੈ ਕਿ 'ਕਮਜ਼ੋਰੀ ਤੇਰਾ ਨਾਮ ਨਾਰੀ ਹੈ', ਉਥੇ ਹੀ ਅਲੈਗਜ਼ੈਂਡਰ ਪੋਪ ਦਾ ਕਹਿਣਾ ਹੈ ਕਿ 'ਅਕਸਰ ਨਾਰੀ ਦਾ ਚਰਿਤ੍ਰ ਹੁੰਦਾ ਹੀ ਨਹੀਂ'। ਇਉਂ ਜਾਪਦਾ ਹੈ, ਕਿ ਇਹੀ ਸੋਚ ਹੈ, ਜੋ ਅੱਜ ਦੇ ਸਮਾਜ ਦੀ ਸੋਚ ਅਤੇ ਜੀਵਨ ਪੁਰ ਲਗਾਤਾਰ ਭਾਰੂ ਹੁੰਦੀ ਜਾ ਰਹੀ ਹੈ। ਜਿਨ੍ਹਾਂ ਦੇ ਫਲਸਰੂਪ ਕੁੜੀਆਂ ਦੇ ਅਗਵਾ ਤੇ ਰੇਪ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਮੁੱਖ ਖਬਰਾਂ ਬਣ ਬਿਜਲਈ ਤੇ ਪ੍ਰਿੰਟ ਮੀਡੀਆ 'ਚ ਛਾਈਆਂ ਨਜ਼ਰ ਆਉਂਦੀਆਂ ਹਨ। ਇਸੇ ਸਥਿਤੀ ਕਾਰਣ ਜਿਥੇ ਇੱਕ ਪਾਸੇ ਕੁੜੀਆਂ ਨੂੰ ਮੂੰਹ ਛੁਪਾਈ ਰਖਣ ਤੇ ਮਜਬੂਰ ਹੋਣਾ ਪੈਂਦਾ ਹੈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਮਾਪਿਆਂ, ਜਿਨ੍ਹਾਂ ਧੀਆਂ ਨੂੰ ਬਹੁਤ ਲਾਡਾਂ-ਪਿਆਰਾਂ ਨਾਲ ਪਾਲਿਆ ਹੁੰਦਾ ਹੈ, ਨਾਲ ਵੀ ਉਨ੍ਹਾਂ ਦੇ ਆਸੇ-ਪਾਸੇ ਦਾ ਸਮਾਜ ਕੋਈ ਘਟ ਨਹੀਂ ਗੁਜ਼ਾਰਦਾ। ਧੀਆਂ ਦੇ ਅਗਵਾ ਹੋਣ, ਰੇਪ ਦਾ ਸ਼ਿਕਾਰ ਹੋਣ ਅਤੇ ਉਧਲ ਜਾਣ ਦੀਆਂ ਘਟਨਾਵਾਂ ਕਾਰਣ ਮਾਪਿਆਂ ਦੇ ਦਿਲਾਂ ਪੁਰ ਜੋ ਬੀਤਦੀ ਹੈ, ਉਸਨੂੰ ਸਮਝਣਾ ਤੇ ਮਹਿਸੂਸ ਕਰਨਾ ਸਹਿਜ ਨਹੀਂ।
ਭਾਵੇਂ ਇਹ ਗਲ ਬਹੁਤ ਕੌੜੀ ਹੈ, ਪਰ ਹੈ ਸਚਾਈ, ਕਿ ਜਦੋਂ ਧੀਆਂ ਨਾਲ ਇਹ ਕੁਝ ਵਾਪਰਦਾ ਹੈ ਤਾਂ ਇਹ ਮਾਪਿਆਂ ਲਈ ਇਤਨੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਣ ਬਣ ਜਾਂਦਾ ਹੈ, ਕਿ ਉਹ ਜਾਂ ਤਾਂ ਆਪ ਖੁਦਕਸ਼ੀ ਕਰਨ ਜਾਂ ਫਿਰ ਲਾਡਾਂ ਤੇ ਮਲਿਹਾਰਾਂ ਨਾਲ ਪਾਲੀ ਧੀ ਦੀ ਹਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਅਜਿਹਾ ਕੀਤੇ ਜਾਣ ਤੇ ਭਾਵੇਂ ਇਸਨੂੰ ਇਜ਼ਤ ਲਈ ਕਤਲ ਆਖਦਿਆਂ ਮਾਪਿਆਂ ਨੂੰ ਫਾਹੇ ਲਾ ਦੇਣ ਦੀਆਂ ਗਲਾਂ ਕੀਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਦੇ ਦਿਲ ਪਾਸੋਂ ਕੋਈ ਨਹੀਂ ਪੁਛਦਾ ਕਿ ਆਖਰ ਉਹ ਅਜਿਹਾ ਕਰਨ ਤੇ ਕਿਉਂ ਮਜਬੂਰ ਹੋਏ ਹਨ? ਕੋਈ ਨਹੀਂ ਇਹ ਸਮਝਦਾ ਕਿ ਧੀਆਂ ਨਾਲ ਵਾਪਰੇ ਦੁਖਦਾਈ ਕਾਂਡ ਦੇ ਚਲਦਿਆਂ ਉਨ੍ਹਾਂ ਨੂੰ ਸਮਾਜ ਵਿੱਚ ਰਹਿੰਦਿਆਂ ਜੋ ਤਾਹਨੇ-ਮੇਹਣੇ ਉਨ੍ਹਾਂ ਦੇ ਦਿਲਾਂ ਵਿੱਚ ਸੂਲ ਬਣ ਚੁਭਦੇ ਹਨ, ਉਨ੍ਹਾਂ ਦੇ ਮੁਕਾਬਲੇ ਉਨ੍ਹਾਂ ਨੂੰ ਫਾਹੇ ਲਗ ਜਾਣਾ ਅੱਤ ਸਹਿਜ ਲਗਦਾ ਹੈ।
...ਅਤੇ ਅੰਤ ਵਿੱਚ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਰੀ-ਵਿਰੋਧੀ ਸਾਰੇ ਵਿਚਾਰਾਂ ਨੂੰ ਰੱਦ ਕਰਦਿਆਂ ਕਿਹਾ ਕਿ 'ਸੋ ਕਿਉਂ ਮੰਦਾ ਆਖਿਐ ਜਿਤੁ ਜੰਮੈ ਰਾਜਾਨ'। ਐਸਬੀ ਐਨਥਨੀ ਨੇ ਕਿਹਾ ਕਿ 'ਨਾਰੀ ਨੂੰ ਆਪ ਆਪਣੀ ਰਖਿਆ ਕਰਨ ਦੇ ਸਮਰਥ ਹੋਣਾ ਚਾਹੀਦਾ ਹੈ'। ਨਾਰਾਇਣ ਪੰਡਤ ਨੇ ਕੇਵਲ ਇਹੀ ਨਹੀਂ ਕਿਹਾ ਕਿ 'ਨਾਰੀ ਦੀ ਬੇਪਤੀ ਕਰਨ ਦਾ ਮਤਲਬ ਹੈ ਸਰਸਵਤੀ ਅਤੇ ਲਕਸ਼ਮੀ ਦਾ ਨਿਰਾਦਰ ਕਰਨਾ ਹੈ', ਸਗੋਂ ਇਹ ਵੀ ਕਿਹਾ ਕਿ 'ਨਾਰੀ ਪ੍ਰਕ੍ਰਿਤੀ ਦੀ ਧੀ ਹੈ। ਉਸ ਵਲ ਬੁਰੀ ਨਜ਼ਰ ਨਾਲ ਕਦੀ ਨਾ ਵੇਖੋ'। ਸ਼ੇਖ ਸਾਅਦੀ ਨੇ ਆਖਿਆ ਕਿ 'ਸੁੰਦਰ ਨਾਰੀ ਇਕ ਹੀਰਾ ਹੈ, ਪਰ ਨੇਕ ਨਾਰੀ ਹੀਰਿਆਂ ਦੀ ਖਾਣ ਹੈ'।
ਅੰਗ੍ਰੇਜ਼ੀ ਲੇਖਕ ਗੇਟੇ ਨੇ ਕਿਹਾ ਕਿ 'ਚੰਗੀ ਨਾਰੀ ਈਸ਼ਵਰ ਦਾ ਪੁਰਸਕਾਰ ਹੈ, ਜਿਸਨੂੰ ਸਵਰਗ ਖੁਸ ਜਾਣ 'ਤੇ ਈਸ਼ਵਰ ਨੇ ਮਨੁਖ ਨੂੰ ਆਪਣੀ ਸਿਖਿਆ ਦੀ ਪੂਰਤੀ ਕਰਨ ਲਈ ਦਿਤਾ ਹੈ', ਇਸਦੇ ਨਾਲ ਹੀ ਉਹ ਇਹ ਵੀ ਆਖਦਾ ਹੈ ਕਿ 'ਨਾਰੀ ਰੱਬ ਦਾ ਕ੍ਰਿਸ਼ਮਾ ਹੈ। ਨਾਰੀ ਪਿਆਰ ਦਾ ਭੰਡਾਰ ਹੈ'। ਗੋਲਡ ਸਮਿਥ ਤਾਂ ਇਥੋਂ ਤਕ ਆਖ ਜਾਂਦਾ ਹੈ ਕਿ 'ਚੰਗੀ ਨਾਰੀ ਕੰਡੇ-ਦਾਰ ਝਾੜੀ ਨੂੰ ਫੁਲ ਹੀ ਨਹੀਂ ਬਣਾਉਂਦੀ, ਸਗੋਂ ਗ਼ਰੀਬ ਤੋਂ ਗ਼ਰੀਬ ਘਰ ਨੂੰ ਅਮੀਰ ਵੀ ਬਣਾ ਸਕਦੀ ਹੈ'।
ਇਸਦੇ ਬਾਵਜੂਦ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਤਕ ਸਮਾਜ ਵਿੱਚ ਤਬਦੀਲੀ ਨਹੀਂ ਲਿਆਈ ਜਾਂਦੀ, ਉਸਦੀ ਸੋਚ ਨੂੰ ਨਹੀਂ ਬਦਲਿਆ ਜਾਂਦਾ, ਤਦ ਤਕ ਨਾ ਤਾਂ ਭਰੂਣ-ਹਤਿਆ ਨੂੰ ਅਤੇ ਨਾ ਹੀ ਇਜ਼ਤ ਲਈ ਹੋਣ ਵਾਲੇ ਕਤਲਾਂ ਨੂੰ ਠਲ੍ਹ ਪਾਈ ਜਾ ਸਕੇਗੀ।000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
02 Aug. 2018