ਕਿਸਾਨ ਅੰਦੋਲਨ : ਅਗਲੇ ਪੜਾਅ ਅਤੇ ਨਵੀਂ ਦਿਸ਼ਾ - ਹਮੀਰ ਸਿੰਘ
ਤਿੰਨ ਖੇਤੀ ਕਾਨੂੰਨਾਂ ਖਿ਼ਲਾਫ਼ ਸ਼ੁਰੂ ਹੋਇਆ ਅੰਦੋਲਨ ਦਿੱਲੀ ਦੀਆਂ ਬਰੂਹਾਂ ਉੱਤੇ ਦੋ ਮਹੀਨੇ ਪੂਰੇ ਕਰ ਚੁੱਕਾ ਹੈ। ਅੰਦੋਲਨ ਨਾਲ ਨਜਿੱਠਣ ਲਈ ਸਰਕਾਰ ਦੇ ਸਾਰੇ ਦਾਅ-ਪੇਚਾਂ ਨੇ ਕੰਮ ਨਹੀਂ ਕੀਤਾ। ਅੰਦੋਲਨ ਉੱਤੇ ਖਾਲਿਸਤਾਨੀ, ਮਾਓਵਾਦੀ, ਪਾਕਿਸਤਾਨ-ਚੀਨ ਸਮਰਥਕ ਹੋਣ ਆਦਿ ਦੇ ਇਲਜ਼ਾਮ ਅਤੇ ਗੱਲਬਾਤ ਕਰ ਕੇ ਨਿਬੇੜਨ ਦੀ ਬਜਾਏ ਲਮਕਾ ਕੇ ਥਕਾ ਦੇਣ ਦੇ ਤੌਰ-ਤਰੀਕੇ ਉਲਟੇ ਸਾਬਿਤ ਹੋਏ। ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਹਰਿਆਣਾ, ਉੱਤਰਾਖੰਡ, ਯੂਪੀ, ਰਾਜਸਥਾਨ ਸਮੇਤ ਪੂਰੇ ਦੇਸ਼ ਦਾ ਅੰਦੋਲਨ ਹੋ ਨਿੱਬੜਿਆ। ਇਸ ਨੂੰ ਵਿਦੇਸ਼ਾਂ ਵਿਚੋਂ ਵੀ ਸਮਰਥਨ ਮਿਲਿਆ ਹੈ। ਇਹ ਸਭ ਕੁਝ ਅੰਦੋਲਨ ਦੀਆਂ ਖੂਬੀਆਂ ਦਾ ਨਤੀਜਾ ਹੈ। ਸ਼ਾਂਤਮਈ ਰਹਿਣਾ, ਹਰ ਕਿਸੇ ਦੇ ਵਿਚਾਰ ਅਤੇ ਮਿਜ਼ਾਜ ਦੇ ਬੰਦੇ ਲਈ ਅੰਦੋਲਨ ਵਿਚ ਜਗ੍ਹਾ ਹੋਣਾ, ਖ਼ਾਸ ਤੌਰ ਤੇ ਨੌਜਵਾਨੀ ਵੱਲੋਂ ਉੱਚ ਇਖ਼ਲਾਕੀ ਕਦਰਾਂ-ਕੀਮਤਾਂ ਦਾ ਪ੍ਰਗਟਾਵਾ ਕਰਨਾ ਅਤੇ ਸਹੀ ਰੂਪ ਵਿਚ ਸਰਬੱਤ ਦੇ ਭਲੇ ਦੀ ਧਾਰਨਾ ਤਹਿਤ ਮੁਹੱਬਤ ਦਾ ਪੈਗ਼ਾਮ ਦੇਣਾ ਇਸ ਨੂੰ ਜਨ ਅੰਦੋਲਨ ਬਣਾਉਣ ਦਾ ਆਧਾਰ ਬਣਿਆ। ਇਸੇ ਕਾਰਨ ਸਰਕਾਰ ਨੇ ਪਹਿਲਾਂ ਤਿੰਨੇ ਕਾਨੂੰਨਾਂ ਅੰਦਰ ਸੋਧਾਂ ਕਰਨ ਅਤੇ ਫਿਰ ਡੇਢ ਸਾਲ ਤੱਕ ਕਾਨੂੰਨ ਮੁਅੱਤਲ ਕਰਨ ਤੱਕ ਦੀਆਂ ਤਜਵੀਜ਼ਾਂ ਦਿੱਤੀਆਂ।
ਸੱਤਾਧਾਰੀ ਧਿਰ ਅਤੇ ਕਾਰਪੋਰੇਟ ਵਿਕਾਸ ਮਾਡਲ ਦੇ ਸਮਰਥਕ ਅਰਥ ਸ਼ਾਸਤਰੀ ਭਾਵੇਂ ਅਜੇ ਤੱਕ ਤਿੰਨੇ ਕਾਨੂੰਨਾਂ ਨੂੰ ਵਾਜਿਬ ਤੇ ਕਿਸਾਨ ਪੱਖੀ ਕਰਾਰ ਦੇ ਰਹੇ ਹਨ ਪਰ ਕਿਸਾਨ ਅੰਦੋਲਨ ਕਾਰਪੋਰੇਟ ਖੇਤੀ ਅਤੇ ਸਰਕਾਰ ਖਿ਼ਲਾਫ਼ ਇੱਕਜੁਟ ਹੈ। ਇਸੇ ਦੌਰਾਨ ਅੰਦੋਲਨ ਦੇ ਮਹੱਤਵਪੂਰਨ ਪੜਾਅ ਵਜੋਂ ਕਿਸਾਨ ਜਥੇਬੰਦੀਆਂ ਨੇ ਗਣਤੰਤਰ ਦਿਵਸ (26 ਜਨਵਰੀ) ਮੌਕੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਸੀ। ਗਿਆਰ੍ਹਵੇਂ ਗੇੜ ਦੀ ਗੱਲਬਾਤ ਟੁੱਟਣ ਪਿੱਛੋਂ ਦਿੱਲੀ ਪੁਲੀਸ ਨਾਲ ਹੋਈ ਸਹਿਮਤੀ ਮੁਤਾਬਿਕ ਸੰਯੁਕਤ ਮੋਰਚੇ ਵਿਚਲੀਆਂ ਧਿਰਾਂ ਨੇ ਦਿੱਲੀ ਦੇ ਵੱਖ ਵੱਖ ਰੂਟਾਂ ਉੱਤੇ ਸ਼ਾਂਤਮਈ ਟਰੈਕਟਰ ਮਾਰਚ ਕਰਨ ਦਾ ਫ਼ੈਸਲਾ ਕਰ ਲਿਆ। ਪੰਜਾਬ, ਹਰਿਆਣਾ, ਯੂਪੀ, ਉਤਰਾਖੰਡ ਸਮੇਤ ਵੱਖ ਵੱਖ ਸੂਬਿਆਂ ਤੋਂ ਲੱਖਾਂ ਲੋਕ ਟਰੈਕਟਰਾਂ ਸਮੇਤ ਵਹੀਰਾਂ ਘੱਤ ਕੇ ਦਿੱਲੀ ਪਹੁੰਚਣ ਲੱਗ ਗਏ। ਇਸ ਨੂੰ ਸ਼ਾਂਤਮਈ ਰੱਖਣ ਦੀ ਜਿ਼ੰਮੇਵਾਰੀ ਕਿਸਾਨ ਧਿਰਾਂ, ਸਰਕਾਰ, ਉਸ ਦੀਆਂ ਖੁਫ਼ੀਆ ਏਜੰਸੀਆਂ ਅਤੇ ਦਿੱਲੀ ਪੁਲੀਸ ਦੇ ਮੋਢਿਆਂ ਉੱਤੇ ਸੀ।
ਉਂਜ, ਗੜਬੜੀ ਦੇ ਚਿੰਨ੍ਹ 25 ਜਨਵਰੀ ਦੀ ਰਾਤ ਹੀ ਦਿਸਣੇ ਸ਼ੁਰੂ ਹੋ ਗਏ। ਸਿੰਘੂ ਹੱਦ ਤੇ ਸਾਂਝੇ ਮੋਰਚੇ ਦੀ ਸਟੇਜ ਉੱਤੇ ਰਾਤ ਨੂੰ ਪਹਿਲਾਂ ਗੈਂਗਸਟਰਾਂ ਦੀ ਦੁਨੀਆ ਤੋਂ ਪਰਤੇ ਤੇ ਆਪਣੇ ਆਪ ਨੂੰ ਸਮਾਜਿਕ ਆਗੂ ਦਾ ਦਾਅਵਾ ਕਰਨ ਵਾਲੇ ਸ਼ਖ਼ਸ ਅਤੇ ਉਸ ਤੋਂ ਪਿੱਛੋਂ ਫਿ਼ਲਮੀ ਦੁਨੀਆ ਨਾਲ ਸਬੰਧ ਰੱਖਣ ਵਾਲੇ ਇਕ ਸ਼ਖ਼ਸ ਦੇ ਚਾਹੁਣ ਵਾਲਿਆਂ ਨੇ ਕਬਜ਼ਾ ਕਰ ਕੇ ਦਿੱਲੀ ਦੀ ਰਿੰਗ ਰੋਡ ਉੱਤੇ ਟਰੈਕਟਰ ਮਾਰਚ ਕਰਨ ਦੀ ਸਹਿਮਤੀ ਲੈਣੀ ਸ਼ੁਰੂ ਕਰ ਦਿੱਤੀ। ਸਾਂਝੇ ਮੋਰਚੇ ਦੀ ਇਸ ਸਟੇਜ ਉੱਤੇ ਕਬਜ਼ੇ ਨੂੰ ਰੋਕਿਆ ਜਾ ਸਕਦਾ ਸੀ ਕਿਉਂਕਿ ਅੰਦੋਲਨ ਦੇ ਫ਼ੈਸਲਿਆਂ ਨੂੰ ਆਗੂਆਂ ਦੀ ਗ਼ੈਰਹਾਜ਼ਰੀ ਵਿਚ ਚੁਣੌਤੀ ਦੇਣ ਦਾ ਹੱਕ ਕਿਸੇ ਨੂੰ ਵੀ ਨਹੀਂ ਦਿੱਤਾ ਜਾ ਸਕਦਾ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਹਿਲਾਂ ਤੋਂ ਹੀ ਆਪਣੇ ਤਰੀਕੇ ਅਨੁਸਾਰ ਤਾਲਮੇਲਵਾਂ ਪਰ ਵਧਵਾਂ ਐਕਸ਼ਨ ਕਰਨ ਦੇ ਰਾਹ ਪੈ ਗਈ। ਰੇਲਵੇ ਲਾਈਨ ਉੱਤੇ ਸਭ ਤੋਂ ਬਾਅਦ ਵਿਚ ਉੱਠਣ ਵੇਲੇ ਵੀ ਜਥੇਬੰਦੀ ਨੂੰ ਅਹਿਸਾਸ ਹੋਣਾ ਚਾਹੀਦਾ ਸੀ ਕਿ ਇਕੱਲਿਆਂ ਕੀਤੇ ਐਕਸ਼ਨ ਮੁੜ ਮੁੜ ਸਹੀ ਸਾਬਤ ਨਹੀਂ ਹੋ ਸਕਦੇ। ਉਸ ਨੇ ਰਿੰਗ ਰੋਡ ਉੱਤੇ ਜਾਣ ਦਾ ਹੀ ਫ਼ੈਸਲਾ ਕਰ ਲਿਆ। ਜਥੇਬੰਦੀ ਦੀ ਆੜ ਹੇਠ ਕੁਝ ਅਜਿਹੇ ਸੱਜਣ ਰਣਨੀਤੀ ਤਹਿਤ ਪਹਿਲਾਂ ਹੀ ਤਿਆਰ ਹੋ ਗਏ ਜਿਨ੍ਹਾਂ ਲਾਲ ਕਿਲ੍ਹੇ ਜਾ ਕੇ ਹੁੱਲੜਬਾਜ਼ੀ ਕੀਤੀ।
ਸੰਯੁਕਤ ਮੋਰਚੇ ਨਾਲ ਸਬੰਧਿਤ ਜਥੇਬੰਦੀਆਂ ਅਨੁਸਾਰ ਕਿਸਾਨ ਅੰਦੋਲਨ ਨੂੰ ਭਟਕਾਉਣ ਵਾਸਤੇ ਸਾਂਝੇ ਮੋਰਚੇ ਦੀਆਂ ਜਥੇਬੰਦੀਆਂ ਨਾਲ ਹੋਏ ਰੂਟ ਦੀ ਸਹਿਮਤੀ ਵਾਲੇ ਪਾਸੇ ਬੈਰੀਕੇਡ ਨਹੀਂ ਸਨ ਹਟਾਏ ਗਏ। ਇੱਥੇ ਸਵਾਲ ਇਹ ਉੱਠਦਾ ਹੈ ਕਿ ਲਾਲ ਕਿਲ੍ਹੇ ਵਾਲੇ ਪਾਸੇ ਮਾਮੂਲੀ ਰੋਕਾਂ ਲਗਾ ਕੇ ਇਕ ਛੋਟੇ ਗਰੁੱਪ ਨੂੰ ਵੀ ਲਾਲ ਕਿਲ੍ਹੇ ਤੱਕ ਕਿਉਂ ਜਾਣ ਦਿੱਤਾ ਗਿਆ, ਹਾਲਾਂਕਿ ਇਸ ਦਲੀਲ ਵਿਚ ਵਜ਼ਨ ਵੀ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਾਂ ਕਿਸਾਨਾਂ ਦੇ ਗਰੁੱਪ ਵਿਚੋਂ ਕਿਸੇ ਨੇ ਵੀ ਹਿੰਸਾ ਨੂੰ ਉਤਸ਼ਾਹਿਤ ਨਹੀਂ ਕੀਤਾ। ਇਸ ਦੇ ਬਾਵਜੂਦ ਸਮੂਹਿਕ ਫ਼ੈਸਲੇ ਦਾ ਉਲੰਘਣ ਕਰ ਕੇ ਮਾਅਰਕੇਬਾਜ਼ੀ ਜਾਂ ਖ਼ੁਦ ਦੀ ਜਥੇਬੰਦੀ ਨੂੰ ਦਲੇਰ ਜਾਂ ਵੱਧ ਸਿਆਣਪ ਵਾਲੀ ਪੇਸ਼ ਕਰਨ ਦੀ ਮਾਨਸਿਕਤਾ ਅੰਦੋਲਨ ਦੀ ਧਾਰ ਨੂੰ ਖੁੰਡਾ ਕਰਨ ਦਾ ਕਾਰਨ ਬਣ ਗਈ। ਜਾਣੇ ਜਾਂ ਅਣਜਾਣੇ ਕੀਤੀ ਇਸ ਗ਼ਲਤੀ ਦਾ ਖਮਿਆਜ਼ਾ ਸਬੰਧਿਤ ਧਿਰ ਲਈ ਭੁਗਤਣਾ ਸੁਭਾਵਿਕ ਹੈ। ਸਵਾਲਾਂ ਦੀ ਵਾਛੜ ਦਾ ਜਵਾਬ ਦੇਣ ਸਮੇਂ ਆਗੂਆਂ ਦੇ ਚਿਹਰੇ ਦੇ ਹਾਵ-ਭਾਵ ਅਤੇ ਦਲੀਲਾਂ ਦਰਮਿਆਨ ਕੋਈ ਤਾਲਮੇਲ ਨਜ਼ਰ ਨਹੀਂ ਆਉਂਦਾ।
ਇਸ ਅੰਦੋਲਨ ਵਿਚ ਬਿਨਾਂ ਸ਼ੱਕ ਵੱਖ ਵੱਖ ਵਿਚਾਰਧਾਰਾਵਾਂ ਦੇ ਲੋਕ ਸ਼ਾਮਿਲ ਹਨ। ਇਹੀ ਇਸ ਦੀ ਖ਼ੂਬਸੂਰਤੀ ਵੀ ਹੈ ਪਰ ਕਈ ਲੋੜੋਂ ਵੱਧ ਸ਼ੁੱਧਤਾ ਦਾ ਦਿਖਾਵਾ ਕਰ ਰਹੇ ਸੱਜਣ ਸਿੱਖ ਜਾਂ ਕਾਮਰੇਡ ਇਕ ਦੂਸਰੇ ਉੱਤੇ ਦੂਸ਼ਣਬਾਜ਼ੀ ਵਿਚੋਂ ਹੀ ਆਪਣੀ ਸਿਧਾਂਤਕ ਜਿੱਤ ਸਮਝਣ ਦੀ ਖੇਡ ਸ਼ੁਰੂ ਤੋਂ ਹੀ ਖੇਡ ਰਹੇ ਹਨ। ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਦੀ ਅਗਵਾਈ ਉੱਤੇ ਸਵਾਲ ਖੜ੍ਹੇ ਕਰ ਰਹੇ ਫਿ਼ਲਮੀ ਦੁਨੀਆਂ ਨਾਲ ਸਬੰਧਿਤ ਸ਼ਖ਼ਸ ਨੂੰ ਤਾਂ ਸਟੇਜ ਤੋਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਅੰਦੋਲਨ ਦੇ ਸ਼ੁਰੂ ਤੋਂ ਹੀ ਅਤੇ ਹੁਣ ਇਸ ਕਾਰਵਾਈ ਤੋਂ ਪਿੱਛੋਂ ਵੀ ਇਕ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਸਮੁੱਚੇ ਲੋਕਾਂ ਦੀਆਂ ਨਜ਼ਰਾਂ ਮੋਰਚੇ ਦੀ ਸਫ਼ਲਤਾ ਉੱਤੇ ਟਿਕੀਆਂ ਹਨ। ਉਹ ਅੰਦੋਲਨ ਨੂੰ ਸ਼ਾਂਤਮਈ ਅਤੇ ਇੱਕਜੁੱਟ ਰੱਖਣ ਦੇ ਮੁੱਦਈ ਹਨ। ਜਿਹੜੀ ਵੀ ਧਿਰ ਇਨ੍ਹਾਂ ਦੋਵਾਂ ਅਸੂਲਾਂ ਦੇ ਖਿ਼ਲਾਫ਼ ਜਾਣ ਵਾਲੀ ਹੈ, ਉਹ ਲੋਕਾਂ ਦੇ ਵੱਡੇ ਹਿੱਸਾ ਦਾ ਭਰੋਸਾ ਗਵਾ ਲਵੇਗੀ।
ਗਣਤੰਤਰ ਦਿਵਸ ਉੱਤੇ ਖਾਲਿਸਤਾਨੀਆਂ ਅਤੇ ਮਾਓਵਾਦੀਆਂ ਦੀ ਚੜ੍ਹਤ ਪੇਸ਼ ਕਰਨ ਦਾ ਬਿਰਤਾਂਤ ਗੋਦੀ ਮੀਡੀਆ ਦਾ ਹੈ। ਲੱਖਾਂ ਦੀ ਤਾਦਾਦ ਵਿਚ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਨ ਵਾਲਿਆਂ ਦੀ ਇਕ ਝਲਕ ਵੀ ਨਾ ਦਿਖਾਉਣਾ ਅਤੇ ਉਸ ਦੀ ਗੱਲ ਨਾ ਕਰਨਾ ਪੁਰਾਣੀ ਆਦਤ ਦਾ ਹਿੱਸਾ ਹੈ ਪਰ ਇਸ ਦੇ ਬਾਵਜੂਦ ਅੰਦੋਲਨ ਨੂੰ ਮੁੱਖ ਧਾਰਾ ਤੋਂ ਭਟਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੇ ਸੱਤਾਧਾਰੀ ਧਿਰ ਅਤੇ ਉਸ ਵਿਚਾਰਧਾਰਾ ਦੇ ਕੁਹਾੜੇ ਦਾ ਦਸਤਾ ਬਣਨ ਵਾਲਾ ਕੰਮ ਕੀਤਾ ਹੈ ਜਿਨ੍ਹਾਂ ਨੂੰ ਹੁਣ ਤੱਕ ਮੌਕਾ ਨਹੀਂ ਸੀ ਮਿਲ ਰਿਹਾ। ਇਸ ਨੇ ਸੰਸਾਰ ਪੱਧਰ ਉੱਤੇ ਅਮਨ-ਪਸੰਦਗੀ ਵਾਲੇ ਲੱਖਾਂ ਦੀ ਤਾਦਾਦ ਵਿਚ ਆਏ ਟਰੈਕਟਰਾਂ ਦੇ ਮਾਰਚ ਵੱਲੋਂ ਸਿਰਜੇ ਜਾਣ ਵਾਲੇ ਇਤਿਹਾਸ ਦੇ ਰਾਹ ਵਿਚ ਰੋੜਾ ਅਟਕਾਉਣ ਦਾ ਕੰਮ ਕਰ ਕੇ ਕਿਸਾਨ ਵਿਰੋਧੀ ਧਿਰਾਂ ਦਾ ਪੱਖ ਪੂਰਿਆ ਹੈ। ਇਸੇ ਕਰ ਕੇ ਪੰਜਾਬ ਸਮੇਤ ਦੇਸ਼ ਭਰ ਦੇ ਅੰਦੋਲਨ ਨੂੰ ਪਿਆਰ ਕਰਨ ਵਾਲੇ ਸ਼ਰਮਸਾਰ ਹੋਏ ਮਹਿਸੂਸ ਕਰ ਰਹੇ ਹਨ ਅਤੇ ਅਜਿਹੇ ਅਨਸਰਾਂ ਖਿ਼ਲਾਫ਼ ਉਨ੍ਹਾਂ ਦਾ ਗੁੱਸਾ ਪ੍ਰਗਟ ਹੋ ਰਿਹਾ ਹੈ। ਪੁਲੀਸ ਨੇ ਕਈਆਂ ਖਿ਼ਲਾਫ਼ ਐੱਫ਼ਆਈਆਰਜ਼ ਦਰਜ ਕਰ ਲਈਆਂ ਹਨ ਅਤੇ ਲਾਲ ਕਿਲ੍ਹੇ ਵਿਚ ਫਸੇ ਦੋ ਸੌ ਦੇ ਕਰੀਬ ਸਾਧਾਰਨ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਮ ਸ਼ਾਮਿਲ ਕਰ ਕੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਅੰਦੋਲਨ ਵਿਚ ਸਭ ਕੁਝ ਝੋਕਣ ਅਤੇ ਇਸ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਅੰਦਰ ਇਕ ਵਾਰ ਨਿਰਾਸ਼ਤਾ ਪੈਦਾ ਹੋਣੀ ਸੁਭਾਵਿਕ ਸੀ ਕਿਉਂਕਿ ਉਨ੍ਹਾਂ ਦੀ ਉਮੀਦ ਤੋਂ ਉਲਟ ਵਰਤਾਰਾ ਵਾਪਰਿਆ ਪਰ ਇਹ ਇਕੋ ਘਟਨਾ ਸਮੁੱਚੇ ਅੰਦੋਲਨ ਦੀ ਤਾਸੀਰ ਨੂੰ ਤਬਦੀਲ ਕਰਨ ਦਾ ਕਾਰਨ ਨਹੀਂ ਬਣ ਸਕਦੀ। ਇਤਿਹਾਸ ਵਿਚ ਬੜੀ ਵਾਰ ਅੰਦੋਲਨਾਂ ਨੂੰ ਵੱਖ ਵੱਖ ਕਾਰਨਾਂ ਕਰ ਕੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਤਾਂ ਹੋਏ ਨੁਕਸਾਨ ਦੀ ਭਰਪਾਈ ਲਈ ਮੁੜ ਵਿਉਂਤਬੰਦੀ ਦੀ ਲੋੜ ਹੈ। ਇਕ ਦੂਜੇ ਉੱਤੇ ਦੂਸ਼ਣ ਲਾਕੇ ਊਰਜਾ ਅਤੇ ਸਮਾਂ ਗਵਾਉਣ ਦੀ ਬਜਾਏ ਠੋਸ ਰਣਨੀਤੀ ਲੋੜੀਂਦੀ ਹੈ। ਲੋਕਾਂ ਦਾ ਇਸ ਮਿਸਾਲੀ ਅੰਦੋਲਨ ਅਤੇ ਅੰਦੋਲਨ ਦੀ ਅਗਵਾਈ ਵਾਲੀਆਂ ਧਿਰਾਂ ਵਿਚੋਂ ਭਰੋਸਾ ਨਹੀਂ ਡੋਲਿਆ। ਗਾਜ਼ੀਪੁਰ ਦੀ ਘਟਨਾ ਤੋਂ ਬਾਅਦ ਅੰਦੋਲਨ ਦੀ ਸਮਰੱਥਾ ਹੋਰ ਵਧੀ ਹੈ। ਠੋਸ ਤੱਥਾਂ ਦੀ ਅਣਹੋਂਦ ਵਿਚ ਕਿਸੇ ਜਥੇਬੰਦੀ ਉੱਤੇ ਵਿਕਣ ਜਾਂ ਸੌਦਾ ਕਰ ਲੈਣ ਦਾ ਦੋਸ਼ ਸ਼ਾਇਦ ਪੁਰਾਣੇ ਅਮਲ ਦਾ ਨਤੀਜਾ ਹੈ। ਅੰਦੋਲਨ ਦੀ ਇੱਕਜੁੱਟਤਾ ਅਤੇ ਸ਼ਾਂਤਮਈ ਰਹਿਣ ਦੇ ਤਰੀਕੇ ਨਾਲ ਹੀ ਲੋਕਾਂ ਦਾ ਭਰੋਸੇ ਦੀ ਬਹਾਲੀ ਹੋਵੇਗੀ।
ਹੁਣ ਅੰਦੋਲਨ ਦਾ ਸਮਾਂ ਕੁਝ ਹੋਰ ਲੰਮਾ ਹੋਣ ਦੇ ਆਸਾਰ ਬਣ ਗਏ ਹਨ ਪਰ ਪਹਿਲਾਂ ਹੀ ਦ੍ਰਿੜ ਇਰਾਦੇ ਨਾਲ ਬੈਠੇ ਅੰਦੋਲਨਕਾਰੀਆਂ ਲਈ ਇਹ ਕੋਈ ਨਵੀਂ ਗੱਲ ਨਹੀਂ, ਬਸ਼ਰਤੇ ਕਿਸਾਨ ਆਗੂ ਸਾਰੇ ਅੰਦੋਲਨਕਾਰੀਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਅੰਦੋਲਨ ਨੂੰ ਸਿਰੇ ਲਾ ਦੇਣ ਦਾ ਭਰੋਸਾ ਪੈਦਾ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਰੱਖਣ। ਸਭ ਨੂੰ ਪਤਾ ਹੈ ਕਿ ਅੰਦੋਲਨ ਦਾ ਆਕਾਰ ਬਹੁਤ ਵੱਡਾ ਹੈ। ਇਸੇ ਕਰ ਕੇ ਇਹ ਸੰਭਾਵਨਾਵਾਂ ਭਰਪੂਰ ਹੈ। ਇਹ ਅੰਦੋਲਨ ਕੇਵਲ ਤਿੰਨ ਕਾਨੂੰਨ ਵਾਪਸ ਕਰਵਾਉਣ ਤੱਕ ਸੀਮਤ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫ਼ੇ ਦੇ ਵਿਕਾਸ ਮਾਡਲ ਦੀ ਤਬਦੀਲੀ ਦਾ ਨਜ਼ਰੀਆ ਵਿਕਸਤ ਕਰਨ ਵਾਲਾ ਵੀ ਹੈ। ਇਹ ਸਮਾਜਿਕ ਇਨਸਾਫ਼ ਦਾ ਹੋਕਾ ਵੀ ਦੇ ਰਿਹਾ ਹੈ। ਲੋਕਾਂ ਦਾ ਚੰਗੇ ਜੀਵਨ ਵਿਚ ਯਕੀਨ ਅਤੇ ਸਰਕਾਰਾਂ ਦੇ ਜਬਰ ਨੂੰ ਠੱਲ੍ਹ ਪਾਉਣ ਦੇ ਜੋਸ਼ ਕਾਰਨ ਇਹ ਅੰਦੋਲਨ ਮੁੜ ਪੁਰਾਣੇ ਰੌਂਅ ਵਿਚ ਆਉਣ ਦੇ ਸਮਰੱਥ ਹੈ।