ਰੂਹ ਦੀ ਖੁਰਾਕ — ਰਸਮ ਰਿਵਾਜ਼ - ਸੁਖਪਾਲ ਸਿੰਘ ਗਿੱਲ

ਸਾਡੇ ਪਿੰਡ ਅਤੇ ਸਾਡੇ ਖੇਤ ਰਸਮਾਂ ਰਿਵਾਜ਼ਾ ਵਿੱਚ ਅੱਡਰੀ ਪਹਿਚਾਣ ਰੱਖਦੇ ਹਨ । ਜਦੋਂ ਕਿਸੇ ਨੂੰ ਕੇਰਾ ਲੱਗਣਾ ਸ਼ੂਰੁ ਹੋ ਜਾਵੇ ਤਾਂ ਆਖਰ ਆਪਣੀ ਹੋਂਦ ਗੁਆਉਣ ਵੱਲ ਕਦਮ —ਕਦਮ ਵੱਧਦਾ ਹੈ । ਸ਼ਹਿਰੀਕਰਨ , ਪੱਛਮੀਕਰਨ , ਮਾਂ ਬੋਲੀ  ਅਤੇ ਖੇਤੀ ਨੂੰ ਪਈਆਂ ਮਾਰਾਂ ਨੇ ਸਾਡੇ ਰਸਮ ਰਿਵਾਜ਼ਾ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ  । ਸਾਡੀ ਮਾਂ ਬੋਲੀ ਨਾਲ ਸਾਡੇ ਰਸਮ ਰਿਵਾਜ਼ ਨਵੇਕਲੀਆਂ ਪੈੜਾਂ ਪਾਉਂਦੇ ਹਨ । ਇਹਨਾਂ ਨੂੰ ਲੱਗੇ ਖੋਰੇ ਨਾਲ ਪਿੱਛਲੀ , ਅਜੋਕੀ  ਅਤੇ ਆਉਣ ਵਾਲੀ ਪੀੜ੍ਹੀ ਦਾ ਹਸ਼ਰ ਹਨੇਰੀ ਵਿੱਚ ਭੁੱਲੇ ਭਟਕੇ ਪੰਛੀ ਵਾਲਾ ਹੋ ਗਿਆ ਹੈ ।
            ਰਸਮ ਰਿਵਾਜ਼  ਖਿੱਤੇ ਦੇ ਖੁਸ਼ੀਆਂ  ਗਮੀਆਂ ਨਾਲ ਗੂੜ੍ਹੇ ਤੌਰ ਤੇ ਜੁੜੇ ਹੁੰਦੇ ਹਨ  । ਪੰਜਾਬੀ ਰਸਮ ਰਿਵਾਜ਼ ਜੰਮਣ ਤੋਂ ਮਰਨ ਤੱਕ ਨਿਵੇਕਲੇ ਪਾਤਰ ਅਤੇ ਪਛਾਣਾਂ ਹੁੰਦੀਆਂ ਹਨ । ਇਹਨਾਂ ਤੋਂ ਬਿਨਾਂ ਪੰਜਾਬੀ ਜੀਵਨ ਝੂਠਾ — ਮੂਠਾ ਲੱਗਦਾ ਹੈ । ਜਿੱਥੇ " ਦੇਸੀ ਟੱਟੂ ਖੁਰਾਸਾਨੀ ਦੁਲੱਤੇ " ਭਾਰੂ ਹੋਣ ਉੱਥੇ ਤਾਂ ਰਸਮ ਰਿਵਾਜ਼ ਹੋਰ ਵੀ ਮਧੋਲੇ ਜਾਂਦੇ ਹਨ । ਸਾਡੀ ਆਮ ਧਾਰਨਾ ਹੈ ਜਿਸ ਨੇ ਆਪਣੀ ਮਾਂ ਬੋਲੀ ਆਪਣਾ ਕਿੱਤਾ  ਅਤੇ ਰਸਮ ਰਿਵਾਜ਼ ਭੁਲਾ ਦਿੱਤੇ ਉਹ ਆਪ ਤਾਂ  ਠੀਕ ਸਮਝਦਾ ਹੈ ਪਰ ਉਸਦਾ ਹਸ਼ਰ  ਆਪਣੇ ਆਪ ਵਿੱਚ  ਗੁਵਾਚਿਆ  ਲੱਗਦਾ ਹੈ । ਡਾ . ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਾਹਿਤ ਵਿੱਚ  ਇਹਨਾਂ ਦੇ ਵੇਰਵੇ  ਸੁਣੇ ਪੜ੍ਹੇ ਜਾ ਸਕਦੇ ਹਨ । " ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ —ਸ਼ਬਦ ਵਾਕ — ਵਾਕ " ਦੇਸੀ ਮਹੀਨਿਆਂ ਵਿੱਚ ਸਾਡੇ ਰਸਮ ਰਿਵਾਜ਼ ਹੋਰ ਵੀ ਸੁਨਹਿਰੀ  ਸੁਨੇਹਾ ਦਿੰਦੇ ਹਨ ।
              ਪੰਜਾਬੀਆਂ ਦਾ  ਰਸਮ ਰਿਵਾਜ਼ਾ ਅਤੇ ਖੇਤੀ ਨਾਲ ਰਿਸ਼ਤਾ ਰੂਹ ਅਤੇ ਜਿਸਮ ਵਾਂਗ ਹੈ । ਰੂਹ ਤੋਂ ਬਿਨਾਂ ਜਿਸਮ  ਪੰਜਾਂ ਤੱਤਾਂ ਵਿੱਚ ਸਮਾਅ ਜਾਂਦਾ ਹੈ  । ਠੀਕ ਉਸੇ ਤਰ੍ਹਾਂ ਹੀ ਪੰਜਾਬੀਆਂ ਨਾਲ ਕਿੱਤੇ ਰਸਮ ਰਿਵਾਜ਼ ਅਤੇ ਮਾਂ ਬੋਲੀ ਦਾ ਸਬੰਧ ਵੀ ਜੁੜਿਆ ਹੈ  । ਜੰਮਦੀ ਸਾਰ ਗਲਸੂਤੀ ਦੇਣ ਤੋਂ ਚਿਖਾ ਵਿੱਚ ਪੁੱਜਣ ਤੱਕ ਵੱਖਰੀਆਂ ਲੀਹਾਂ ਰਸਮ ਰਿਵਾਜ਼ਾ ਨੇ ਪਾਈਆਂ ਹੋਈਆਂ ਹਨ । ਪੰਜਾਬੀਆਂ ਦੇ ਰਸਮ ਰਿਵਾਜ਼ ਨੂੰ ਪੰਜਾਬੀਆਂ ਦੀ ਰੂਹ ਦੀ ਖੁਰਾਕ ਦਾ ਰੁਤਬਾ ਦਿੱਤਾ ਗਿਆ ਹੈ । ਜਿਉਂ ਜਿਉਂ ਰਸਮ ਰਿਵਾਜ਼ ਖਤਮ ਹੋ ਰਹੇ ਹਨ  ਤਿਉਂ ਤਿਉਂ ਸੱਭਿਆਚਾਰ ਬੇਜ਼ਾਨ ਹੁੰਦਾ ਪ੍ਰਤੀਤ ਹੁੰਦਾ ਹੈ ।ਬਹੁਤੇ ਘਰਾਂ ਵਿੱਚ ਰਸਮ ਰਿਵਾਜ਼ ਨੂੰ ਲੈ ਕੇ ਨਵੀਂ ਤੇ ਪੁਰਾਣੀ ਪੀੜ੍ਹੀ ਆਹਮਣੇ — ਸਾਹਮਣੇ ਹੋ ਜਾਂਦੀ ਹੈ । ਜਦੋਂ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਆਪਣੇ ਰਸਮ ਰਿਵਾਜ਼ਾ ਕਿੱਤੇ ਅਤੇ ਭਾਸ਼ਾ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਯੱਭਲੀਆਂ ਮਹਿਸੂਸ ਹੁੰਦੀਆਂ ਹਨ ।    
                      ਜਿਸ ਸਮਾਜ ਨੇ ਰੀਤੀ ਰਿਵਾਜ਼ ਰਸਮਾਂ ਗਵਾ ਦਿੱਤੀਆਂ ਉਸਨੇ ਸਮਝੋ ਆਪਣੀ ਮਾਂ ਹੀ ਗਵਾ ਦਿੱਤੀ । ਪੰਜਾਬ ਭਾਰਤ ਦੇ ਕੁੱਲ ਖੇਤਰਫ਼ਲ ਦਾ 1.5 ਵਸੋਂ ਰੱਖਦਾ ਹੈ  । ਇਸ ਲਈ ਇਸਦੇ ਰਸਮ ਰਿਵਾਜ਼  ਨੂੰ ਖਤਮ ਕਰਨ ਲਈ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਕਾਰਨ ਇਹ ਹੈ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਕਰਕੇ ਇਸ ਨੂੰ ਮਹਾਨ ਸਮਝਿਆ ਜਾਂਦਾ ਹੈ । ਅੱਜ ਤਾਂ ਸਾਂਝੇ ਪਰਿਵਾਰਾਂ ਨੂੰ ਬੋਝ ਸਮਝਿਆ ਜਾਂਦਾ ਹੈ  । ਜਦੋਂ ਕਿ ਇਹਨਾਂ ਵਿੱਚ  ਸਮਾਜਿਕ ਸੁਰੱਖਿਆ ਲੁਕੀ ਹੁੰਦੀ ਹੈ । ਨਵੀਂ ਪੀੜ੍ਹੀ ਸਕਾਰਆਤਮਕ ਸੋਚ ਸਮਝ ਕੇ ਨਕਾਰਆਤਮਕ ਸੋਚ ਦੱਸਦੀ ਹੈ । ਸਾਡੇ ਰਸਮ ਰਿਵਾਜ਼ਾ ਨੂੰ ਜੇ ਰੂਹ ਦੀ ਖੁਰਾਕ ਸਮਝ ਕੇ ਵਰਤਿਆ ਜਾਵੇ ਤਾਂ ਇਸ ਵਿੱਚੋਂ ਸ਼ਾਂਤੀ , ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ  ਖੁਸ਼ਬੂ ਆਉਂਦੀ ਰਹੇਗੀ । ਪੰਜਾਬ ਦੇ ਰਸਮ ਰਿਵਾਜ਼ਾ ਨੂੰ 1947 ਦੇ ਬਟਵਾਰੇ  , 1956 ਅਤੇ 1966 ਦੀਆਂ ਸੀਮਾਵਾਂ ਦੀਆਂ ਤਬਦੀਲੀਆਂ  ਨੇ ਕਾਫੀ ਗ੍ਰਹਿਣ ਲਾਇਆ । ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਰੂਹ ਕਿਤੇ ਪਈ ਜਿਸਮ ਕਿਤੇ ਪਿਆ ਹੈ ।
            ਜਿੱਥੇ ਮਾਂ ਬੋਲੀ ਨਾਲ ਸਾਡੇ ਰਿਵਾਜ਼ ਬਰਕਰਾਰ ਹਨ ।ਉੱਥੇ ਨੂਰ ਵਰਸਦਾ ਹੈ ।ਜਿਹੜਾ ਰਸਮਾਂ ਰਿਵਾਜ਼ਾ ਤੇ ਫਜ਼ੂਲ ਖਰਚੀ ਨੂੰ ਕਾਬੂ ਕਰਦਾ ਹੈ  ਉਹ ਦਲੀਲ ਤਾਂ ਠੀਕ ਹੈ , ਪਰ ਜਿਹੜੇ  ਖੁਰਾਸਾਨੀ ਦੁਲੱਤੇ ਮਾਰਦੇ ਹਨ ,  ਉਹ ਨਾ ਘਰਦੇ ਨਾ ਘਾਟ ਰਹਿੰਦੇ ਹਨ । ਪਰ ਕੁਝ ਕਨੂੰਨਾਂ ਨੇ ਰਸਮ ਰਿਵਾਜ਼ਾ ਪ੍ਰਤੀ ਸੁਚੇਤ ਤਾ ਕੀਤਾ , ਨਾਲ ਹੀ ਨਾਂਹ ਪੱਖੀ ਪ੍ਰਭਾਵ ਵੀ ਪਾਇਆ  । ਸਾਡੀ ਮਹਾਨ ਪਵਿੱਤਰ ਗੁਰਬਾਣੀ ਵਿੱਚ  ਰਸਮਾਂ ਰਿਵਾਜ਼ਾ ਨੂੰ ਦਰਸਾਉਂਦੀਆਂ ਅਨੇਕਾ ਉਧਾਰਨਾ ਹਨ । ਜੇ ਇਹਨਾਂ ਅਨੁਸਾਰ ਸਾਡੇ ਰਸਮ ਰਿਵਾਜ਼ ਕਾਇਮ ਰਹਿਣ ਤਾਂ ਖੁਸ਼ੀਆਂ ਗਮੀਆਂ ਦੇ ਖੇੜੇ ਗੇੜੇ  ਠੀਕ ਰਹਿ ਸਕਦੇ ਹੈ । ਊੱਚ — ਨੀਚ ਅਤੇ ਅਮੀਰ ਗਰੀਬ ਦੇ ਪ੍ਰਭਾਵ ਨੇ ਰਸਮ ਰਿਵਾਜ਼ ਪ੍ਰਭਾਵਿਤ ਕੀਤੇ ਹਨ । ਜਿਸ ਨਾਲ ਸਮਾਜਿਕ ਸੰਤੁਲਨ ਵਿਗੜਿਆ  ਹੈ । ਰਸਮ ਰਿਵਾਜ਼ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਦੇ ਹਨ । ਸਮਾਜ ਸੁਧਾਰ ਦੀ ਆੜ ਹੇਠ ਰੀਤੀ ਰਿਵਾਜ਼ ਬਦਲਣੇ ਠੀਕ ਹਨ ਪਰ ਇਹਨਾਂ ਦਾ ਇੱਕ ਮਾਤਰ ਸੁਨੇਹਾ ਫਜ਼ੂਲ ਖਰਚੀ ਰੋਕਣ ਤੱਕ ਸੀਮਤ ਹੋਣਾ ਚਾਹੀਦਾ ਹੈ ।
                                         ਸਾਡੇ ਰੀਤੀ ਰਿਵਾਜ਼ ਸਾਡੀ ਰੂਹ ਦੀ ਖੁਰਾਕ ਦੇ ਨਾਲ ਸੱਭਿਆਚਾਰ ਦੀ ਬੁਨਿਆਦ ਵੀ ਹਨ । ਇਹਨਾਂ ਵਿੱਚ  ਮਸਤੀ ਦੀ ਅਫੀਮ ਵੀ ਲੱਗਦੀ ਹੈ ।  ਜੇ ਭੁੱਲੇ ਵਿਸਰੇ ਹਉਮੈਂ ਛੱਡ ਕੇ ਆਪਣੇ ਰੀਤੀ ਰਵਾਜ਼ ਸਾਂਭ ਲਈਏ ਤਾਂ ਪੰਜਾਬ ਦੀ ਧਰਤੀ ਵਿੱਚ  ਵਿਰਾਸਤ , ਵਿਰਸੇ  ਅਤੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਰਹੇਗੀ । ਆਖਰ ਇੱਕ ਦਿਨ ਇਹਨਾਂ ਵੱਲ ਮੁੜਨਾਂ ਵੀ ਪਵੇਗਾ ਕਹਾਵਤ ਵੀ ਹੈ " ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ " ਪਛਤਾਵੇ ਤੋਂ ਬਾਅਦ ਪਿੱਛੇ ਮੁੜਨਾ  ਦੇਰ ਸਮਝਦੀ ਜਾਂਦੀ ਹੈ । ਆਓ ਰਲ ਮਿਲ ਕੇ ਰਸਮ ਰਿਵਾਜ਼ਾ ਚੋਂ ਫਜ਼ੂਲ ਖਰਚੀ ਘਟਾ ਕੇ  ਇਹਨਾਂ ਵੱਲ ਮੁੜੀਏ । ਇਸ ਨਾਲ ਖੁਸ਼ਹਾਲ ਅਤੇ ਅਮੀਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀਆਂ  ਪੈੜਾਂ ਵਿੱਚੋਂ ਖੁਸ਼ਬੂ ਦੁਬਾਰੇ ਸ਼ੁਰੂ ਹੋ ਜਾਵੇਗੀ  ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445