ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦਾ ਯੋਗਦਾਨ - ਜਸਵੰਤ ਸਿੰਘ 'ਅਜੀਤ'
ਉਹ ਬਜ਼ੁਰਗ, ਜਿਨ੍ਹਾਂ ਦੇਸ਼ ਦੀ ਵੰਡ ਦਾ ਦਰਦ ਪਿੰਡੇ ਹੰਡਾਇਆ ਹੈ, ਦਸਦੇ ਹਨ ਕਿ ਦੇਸ਼ ਨੂੰ ਆਜ਼ਾਦੀ ਮਿਲਣ ਦੇ ਸਮੇਂ ਦੇ ਕਾਂਗ੍ਰਸੀ ਨੇਤਾ ਦੇਸ਼ ਦੀ ਸੱਤਾ ਨੂੰ ਕੇਵਲ ਅਪਣੇ ਹਥਾਂ ਵਿਚ ਕੇਂਦ੍ਰਿਤ ਕਰੀ ਰਖਣ ਦੀ ਲਾਲਸਾ ਵਿਚ ਇਤਨੇ ਜ਼ਿਆਦਾ ਗ੍ਰਸਤ ਹੋ ਗਏ ਹੋਏ ਸਨ, ਕਿ ਉਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਹੀ, ਉਨ੍ਹਾਂ ਸਿੱਖਾਂ ਨੂੰ, ਜਰਾਇਮ ਪੇਸ਼ਾ ਕਰਾਰ ਦੇ, ਦੇਸ਼ ਅਤੇ ਮਨੁਖਤਾ ਦੇ ਦੁਸ਼ਮਣ ਸਥਾਪਤ ਕਰ ਭਾਰਤੀ-ਸਮਾਜ ਤੋਂ ਅਲਗ-ਥਲਗ ਕਰ ਦੇਣ ਦੀ ਸਾਜ਼ਿਸ਼ ਰਚਣ ਵਿਚ ਕੋਈ ਝਿਝਕ ਨਹੀਂ ਵਿਖਾਈ, ਜਿਨ੍ਹਾਂ ਨੇ ਨਾ ਕਵੇਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਸਨ, ਸਗੋਂ ਆਪਣੀ ਕਿਸਮਤ ਭਾਰਤ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਲਈ ਵੀ ਉਨ੍ਹਾਂ ਨੂੰ ਸਭ ਤੋਂ ਵਧ ਕੀਮਤ ਚੁਕਾਣੀ ਪਈ ਸੀ। ਦੇਸ਼ ਦੀ ਵੰਡ ਨੇ ਤਾਂ ਅੱਧੀ ਤੋਂ ਵਧ ਸਿੱਖ ਕੌਮ ਨੂੰ ਤਬਾਹ ਤੇ ਬਰਬਾਦ ਕਰਕੇ ਰਖ ਦਿਤਾ ਸੀ। ਉਹ ਆਪਣੀਆਂ ਜਾਨਾਂ ਤੋਂ ਵੀ ਵਧ ਪਿਆਰੇ ਗੁਰਦੁਆਰੇ, ਅਰਬਾਂ ਰੁਪਏ ਦੀਆਂ ਜਾਇਦਾਦਾਂ ਅਤੇ ਖੂਨ-ਪਸੀਨੇ ਨਾਲ ਸਿੰਜੀਆਂ ਜ਼ਮੀਨਾਂ ਆਦਿ ਛੱਡ, ਖਾਲੀ ਹਥ ਆਜ਼ਾਦ ਭਾਰਤ ਵਿਚ, ਇਸ ਵਿਸ਼ਵਾਸ ਨਾਲ ਆਏ ਸਨ ਕਿ ਉਨ੍ਹਾਂ ਵਲੋਂ ਦੇਸ਼ ਲਈ ਕੀਤੀ ਗਈ ਕੁਰਬਾਨੀ ਦਾ ਸਤਿਕਾਰ ਕਰ, ਉਨ੍ਹਾਂ ਨੂੰ ਮਾਣ ਦਿੱਤਾ ਜਾਇਗਾ, ਪਰ ਇਧਰ ਆਉਂਦਿਆਂ ਹੀ ਉਨ੍ਹਾਂ ਨੂੰ 'ਜਰਾਇਮ-ਪੇਸ਼ਾ' ਦੇ ਨਾਂ ਨਾਲ ਨਵਾਜ ਦਿਤਾ ਗਿਆ।
ਇਨ੍ਹਾਂ ਬਜ਼ੁਰਗਾਂ ਅਨੁਸਾਰ ਅਜਿਹਾ ਇਕ ਗਿਣੀ-ਮਿਥੀ ਸਾਜ਼ਸ਼ ਅਧੀਨ ਹੀ ਕੀਤਾ ਗਿਆ ਜਾਪਦਾ ਹੈ, ਜਿਸਦਾ ਉਦੇਸ਼ ਸ਼ਾਇਦ ਇਹੀ ਸੀ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਵਲੋਂ ਵਿਖਾਏ ਗਏ ਹੌਸਲੇ ਤੇ ਕੀਤੀਆਂ ਜਾਂਦੀਆਂ ਰਹੀਆਂ ਕੁਰਬਾਨੀਆਂ ਨੂੰ ਵੇਖਦਿਆਂ, ਆਜ਼ਾਦੀ ਤੋਂ ਬਾਅਦ ਉਨ੍ਹਾਂ ਦਾ ਸਤਿਕਾਰ-ਸਨਮਾਨ ਕਾਇਮ ਰਖਣ ਦੇ ਜੋ ਵਾਇਦੇ ਉਨ੍ਹਾਂ ਨਾਲ, ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਿਆਂ ਕਰਨ ਲਈ, ਦਬਾਉ ਨਾ ਬਣਾਇਆ ਜਾ ਸਕੇ।
ਇਨ੍ਹਾਂ ਬਜ਼ੁਰਗਾਂ ਨੇ ਇਹ ਵੀ ਦਸਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ, ਜਦੋਂ ਕਦੀ ਵੀ ਕਾਂਗ੍ਰਸ ਦੀ ਇਜ਼ਤ ਦਾਅ ਤੇ ਲਗੀ, ਉਸ ਸਮੇਂ ਵੀ ਸਿੱਖ ਹੀ ਉਸਦੀ ਇਜ਼ਤ ਬਚਾਣ ਲਈ ਅਗੇ ਆਏ। ਉਹ, ਇਕ ਘਟਨਾ ਦਾ ਜ਼ਿਕਰ ਕਰਦਿਆਂ ਦਸਦੇ ਹਨ, ਕਿ ਇਕ ਵਾਰ ਬੰਬਈ (ਹੁਣ ਮੁੰਬਈ) ਵਿਖੇ ਕਾਂਗ੍ਰਸ ਦੇ ਹੋਣ ਵਾਲੇ ਜਲਸੇ ਤੇ ਸਰਕਾਰ ਵਲੋਂ ਪਾਬੰਦੀ ਲਾ ਦਿਤੀ ਗਈ ਸੀ ਅਤੇ ਜਲਸੇ ਵਾਲੀ ਥਾਂ ਨੂੰ ਪੁਲਿਸ ਨੇ ਅਪਣੇ ਘੇਰੇ ਵਿਚ ਲੈ ਲਿਆ ਹੋਇਆ ਸੀ। ਕੋਈ ਵੀ ਕਾਂਗ੍ਰਸੀ ਇਸ ਪਾਬੰਦੀ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ। ਉਸ ਸਮੇਂ ਸਿੱਖਾਂ ਦੇ ਇਕ ਜਥੇ ਨੇ ਹੀ, ਜ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਮੈਦਾਨ ਵਿਚ ਨਿਤਰ, ਕਾਂਗ੍ਰਸ ਦੀ ਇਜ਼ਤ ਬਚਾਈ।
ਉਨ੍ਹਾਂ ਇਹ ਵੀ ਦਸਿਆ ਕਿ ਅਜ ਜੰਮੂ-ਕਸ਼ਮੀਰ ਦਾ ਜੋ ਹਿਸਾ ਭਾਰਤ ਦਾ ਅੰਗ ਬਣਿਆ ਹੋਇਆ ਹੈ, ਉਹ ਵੀ ਤਾਂ ਰਿਆਸਤ ਪਟਿਆਲਾ ਦੇ ਸਿੱਖ ਫੌਜੀਆਂ ਦੀ ਬਦੌਲਤ ਹੀ ਹੈ, ਉਹ ਸਿੱਖ ਫੌਜੀ ਤਾਂ ਉਸ ਹਿਸੇ ਨੂੰ ਵੀ ਪਾਕਿਸਤਾਨ ਤੋਂ ਵਾਪਸ ਲੈ ਲੈਣ ਲਈ ਤਿਆਰ ਸਨ, ਜੋ ਅਜ ਵੀ ਪਾਕਿਸਤਾਨ ਦੇ ਕਬਜ਼ੇ ਵਿਚ ਹੈ, ਤੇ ਭਾਰਤ ਲਈ ਕਦੀ ਵੀ ਦੂਰ ਨਾ ਹੋ ਪਾਣ ਵਾਲਾ ਸਿਰ ਦਰਦ ਬਣਿਆ ਹੋਇਆ ਹੈ। ਪ੍ਰੰਤੂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ, ਸਿੱਖ ਫੌਜੀਆਂ ਨੂੰ ਅਗੇ ਵਧਣ ਤੋਂ ਰੋਕ, ਮਾਮਲਾ ਯੂ ਐਨ ਓ ਵਿਚ ਲੈ ਗਏ, ਜਿਸ ਨਾਲ ਇਹ ਮਾਮਲਾ ਅਜਿਹਾ ਉਲਝਿਆ ਕਿ ਅਜੇ ਤਕ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਤਦ ਤੋਂ ਹੀ ਭਾਰਤ ਉਸ ਉਲਝਣ ਵਿਚੋਂ ਨਿਕਲਣ ਲਈ ਜਾਨ-ਮਾਲ ਦੀ ਭਾਰੀ ਕੀਮਤ ਚੁਕਾਂਦਾ ਅਤੇ ਹਥ-ਪੈਰ ਮਾਰਦਾ ਚਲਿਆ ਆ ਰਿਹਾ ਹੈ।
ਇਨ੍ਹਾਂ ਬਜ਼ੁਰਗਾਂ ਅਨੁਸਾਰ ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਪਰੋਣ ਲਈ ਦੇਸ਼ ਦੀਆਂ ਅਣਗਿਣਤ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਸਿਹਰਾ ਸਰਦਾਰ ਪਟੇਲ ਦੇ ਸਿਰ ਬੰਨ੍ਹਿਆ ਜਾਂਦਾ ਹੈ, ਜਦਕਿ ਇਨ੍ਹਾਂ ਰਿਆਸਤਾਂ ਦੇ ਸਰਬਰਾਹ ਕਿਸੇ ਵੀ ਕੀਮਤ ਤੇ ਆਪਣੀਆਂ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ ਹੋ ਰਹੇ, ਕਿਉਂਕਿ ਸਰਦਾਰ ਪਟੇਲ ਕਿਸੇ ਵੀ ਤਰ੍ਹਾਂ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਵਿੱਚ ਸਫਲ ਨਹੀਂ ਸੀ ਹੋ ਪਾ ਰਹੇ। ਇਸ ਪਖੋਂ ਸਰਦਾਰ ਪਟੇਲ ਹੀ ਨਹੀਂ, ਸਗੋਂ ਪੰਡਤ ਨਹਿਰੂ ਤਕ ਵੀ ਨਿਰਾਸ਼ ਹੋ ਚੁਕੇ ਸਨ। ਉਸ ਸਮੇਂ ਪਟਿਆਲਾ ਦੇ ਮਹਾਰਾਜਾ ਨੇ ਅਗੇ ਆ, ਉਨ੍ਹਾਂ ਦੀ ਮਦਦ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਆਪ ਆਪਣੀ ਰਿਆਸਤ ਨੂੰ ਭਾਰਤੀ ਸੰਘ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ। ਫਿਰ ਉਨ੍ਹਾਂ ਦੂਜੇ, ਆਪਣੇ ਪ੍ਰਭਾਵ ਹੇਠਲੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਉਸਤੋਂ ਬਾਅਦ ਹੀ ਹੋਰ ਰਾਜੇ ਆਪਣੀਆਂ ਰਿਆਸਤਾਂ ਭਾਰਤੀ ਸੰਘ ਵਿਚ ਸ਼ਾਮਲ ਕਰਨ ਲਈ ਤਿਆਰ ਹੋਏ। ਹੈਦਰਾਬਾਦ ਤੇ ਜੂਨਾਗੜ੍ਹ ਰਿਆਸਤਾਂ ਦੇ ਨਵਾਬਾਂ ਨੇ ਤਾਂ ਪਾਕਿਸਤਾਨ ਨਾਲ ਆਪਣਾ ਭਵਿਖ ਜੋੜਨ ਦਾ ਐਲਾਨ ਕਰ, ਬਗਾਵਤ ਦਾ ਝੰਡਾ ਖੜਾ ਕਰ ਦਿੱਤਾ ਸੀ। ਇਨ੍ਹਾਂ ਰਿਆਸਤਾਂ ਦੀਆਂ ਫੌਜਾਂ ਪਾਸੋਂ ਹਥਿਆਰ ਸੁਟਾ, ਇਨ੍ਹਾਂ ਦੇ ਨਵਾਬਾਂ ਨੂੰ ਭਾਰਤ ਵਿਚ ਸ਼ਾਮਲ ਹੋਣ ਤੇ ਮਜਬੂਰ ਕਰਨ ਵਿਚ ਵੀ ਸਿੱਖ ਫੌਜੀ ਟੁਕੜੀਆਂ ਦੀ ਹੀ ਮੁਖ ਭੂਮਿਕਾ ਰਹੀ ਸੀ।
ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਸਿੱਖਾਂ ਨੇ ਇਸ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਪਰ ਦੇਸ਼ ਦੇ ਕਰਣਧਾਰਾਂ ਨੇ ਉਨ੍ਹਾਂ ਦੇ ਕੀਤੇ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਨਾਲ ਇਨਸਾਫ ਤਕ ਨਹੀਂ ਕੀਤਾ। ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਇਨ੍ਹਾਂ ਹਾਲਾਤ ਵਿਚ ਸਿੱਖ ਆਗੂ ਵੀ ਕੌਮ ਨੂੰ ਸਹੀ ਅਗਵਾਈ ਦੇਣ ਵਿਚ ਸਫਲ ਨਹੀਂ ਹੋ ਸਕੇ। ਉਨ੍ਹਾਂ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬ ਦੇ ਪੁਨਰਗਠਨ ਦੀ ਮੰਗ ਤਾਂ ਕੀਤੀ, ਪਰ ਇਸ ਮੰਗ ਦੀ ਪੂਰਤੀ ਲਈ ਉਨ੍ਹਾਂ ਜੋ ਸੰਘਰਸ਼ ਕੀਤਾ, ਉਸ ਵਿਚ ਉਨ੍ਹਾਂ ਪੰਜਾਬ ਦੇ ਹਿੰਦੂਆਂ ਅਤੇ ਦੂਸਰੇ ਪੰਜਾਬੀਆਂ ਨੂੰ ਭਰੋਸੇ ਵਿਚ ਲੈ ਕੇ, ਆਪਣੇ ਸੰਘਰਸ਼ ਵਿਚ ਸ਼ਾਮਲ ਕਰਨ ਦੀ ਲੋੜ ਨਹੀਂ ਸਮਝੀ। ਜਿਸਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਵਿਚ ਇਹ ਸੁਨੇਹਾ ਚਲਿਆ ਗਿਆ ਕਿ ਸਿੱਖ ਪੰਜਾਬੀ ਸੂਬੇ ਦੇ ਨਾਂ ਤੇ ਉਸੇ ਤਰ੍ਹਾਂ ਖਾਲਿਸਤਾਨ ਕਾਇਮ ਕਰਨਾ ਚਾਹੁੰਦੇ ਹਨ, ਜਿਵੇਂ ਮੁਸਲਮਾਣਾਂ ਨੇ ਪਾਕਿਸਤਾਨ ਕਾਇਮ ਕਰ ਲਿਆ ਹੈ। ਫਲਸਰੂਪ ਪੰਜਾਬੀ ਸੂਬੇ ਦੀ ਮੰਗ ਦਾ ਤਿਖਾ ਵਿਰੋਧ ਹੋਇਆ।
...ਅਤੇ ਅੰਤ ਵਿੱਚ : ਇਨ੍ਹਾਂ ਬਜ਼ੁਰਗਾਂ ਨੇ ਇਹ ਆਖ ਆਪਣੀ ਗਲ ਖਤਮ ਕਰ ਦਿੱਤੀ ਕਿ ਆਪਸ ਵਿੱਚ ਪੈਦਾ ਹੋਏ ਅਵਿਸ਼ਵਾਸ ਨੇ ਉਸ ਪੰਜਾਬ ਵਿਚ, ਜੋ ਗੁਰਾਂ ਦੇ ਨਾਂ ਤੇ ਜੀਂਦਾ ਸੀ ਤੇ ਜਿਥੇ ਸਦਾ ਹੀ ਪਿਆਰ ਤੇ ਆਪਸੀ ਸਾਂਝ ਦੇ ਗੀਤ ਗੂੰਜਦੇ ਸਨ, ਵੈਰ ਤੇ ਨਫਰਤ ਦੇ ਬੀਜ ਬੀਜੇ ਜਾਣ ਲਗੇ। ਗੁਆਂਢੀ, ਗੁਆਂਢੀ ਨੂੰ ਸ਼ਕ ਦੀਆਂ ਨਜ਼ਰਾਂ ਨਾਲ ਵੇਖਣ ਲਗਾ। ਇਸਤੋਂ ਬਾਅਦ ਜੋ ਕੁਝ ਹੋਇਆ, ਉਸਨੂੰ ਅਜ ਦੀ ਪੀੜੀ ਚੰਗੀ ਤਰ੍ਹਾਂ ਜਾਣਦੀ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
13 Aug. 2018