ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

08 ਫਰਵਰੀ 2021

 

ਜਿਹੜਾ ਸੰਕਲਪ ਘਰੋਂ ਲੈ ਕੇ ਆਏ ਹਾਂ, ਉਸ ਉੱਪਰ ਹੀ ਪੂਰੇ ਉੱਤਰਾਂਗੇ- ਕਿਸਾਨ ਆਗੂ
ਭਗਤੀ ਤੇਰੀ ਪੂਰਨਾ, ਕੱਚੇ ਧਾਗੇ ਦਾ ਸੰਗਲ ਬਣ ਜਾਵੇ।

ਪੇਸ਼ ਕੀਤਾ ਗਿਆ ਬਜਟ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼ - ਟਿਕੈਤ
ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

ਕੌਂਸਲ ਚੋਣਾਂ ‘ਚ ਪਾਰਟੀ ਪਛਾਣ ਤੋਂ ਮੁਨਕਰ ਹੋਣ ਲੱਗੇ ਭਾਜਪਾ ਉਮੀਦਵਾਰ- ਇਕ ਖ਼ਬਰ
ਆਹ ਲੈ ਫੜ ਮਾਲ਼ਾ ਆਪਣੀ, ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ।

ਇਹ ਰਾਜਨੀਤੀ ਦਾ ਨਹੀਂ, ਕਿਸਾਨਾਂ ਦਾ ਅੰਦੋਲਨ ਹੈ- ਰਾਕੇਸ਼ ਟਿਕੈਤ
ਕੰਨ ਪਾਟਿਆਂ ਨਾਲ਼ ਨਾ ਜ਼ਿਦ ਕੀਜੇ, ਅੰਨ੍ਹੇ ਖੂਹ ਵਿਚ ਝਾਤ ਨਾ ਘੱਤੀਏ ਨੀ।

ਜਦ ਤੱਕ ਹੱਲ ਨਹੀਂ, ਕਿਸਾਨ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ- ਗੌਰਵ ਟਿਕੈਤ
ਜੀਹਦੇ ਅੰਦਰ ਇਸ਼ਕ ਦੀ ਰੱਤੀ, ਉਹ ਬਾਝ ਸ਼ਰਾਬੋਂ ਖੀਵੇ ਹੂ।

ਕਿਸਾਨਾਂ ਦੇ ਮੁੱਦੇ ‘ਤੇ ਬ੍ਰਿਟੇਨ ਦੀ ਸੰਸਦ ‘ਚ ਹੋਵੇਗੀ ਚਰਚਾ- ਇਕ ਖ਼ਬਰ
ਖੂਹ ਟੋਭੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ।

ਤਿਹਾੜ ‘ਚ ਬੰਦ ਕਿਸਾਨਾਂ ਦੇ ਵੇਰਵੇ ਆਪਣੀ ਲੱਤ ‘ਤੇ ਲਿਖ ਕੇ ਲਿਆਇਆ ਮਨਦੀਪ ਪੂਨੀਆ- ਇਕ ਖ਼ਬਰ
ਮੁੜਨ ਮੁਹਾਲ ਤਿਨ੍ਹਾਂ ਨੂੰ ਬਾਹੂ, ਜਿਨ੍ਹਾਂ ਸਾਹਿਬ ਆਪ ਬੁਲਾਵੇ ਹੂ।

ਟਿਕੈਤ ਦਾ ਸਹਾਰਾ ਲੈ ਕੇ ਸੁਖਬੀਰ ਬਾਦਲ ਨੇ ਰਾਜਨੀਤਕ ਜ਼ਮੀਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ- ਫਤਿਹਮਾਜਰੀ
ਸ਼ੇਰਾਂ ਦੀਆਂ ਮਾਰਾਂ ‘ਤੇ, ਗਿੱਦੜ ਕਰਨ ਕਲੋਲਾਂ।

ਤੋਮਰ ਨੂਂ ਸੱਤਾ ਦਾ ਨਸ਼ਾ ਚੜ੍ਹਿਆ- ਆਰ.ਆਰ.ਐੱਸ. ਆਗੂ
ਉਹ ਕਿਹੜਾ ਪੀਣੀ ਚਾਹੁੰਦਾ, ਮੋਦੀ ਢਾਅ ਕੇ ਪਿਆਉਂਦੈ ਉਹਨੂੰ।

ਟਿਕੈਤ ਨੇ ਕੇਂਦਰ ਨੂੰ 2 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ- ਇਕ ਖ਼ਬਰ
ਲੈ ਬਈ ਮਿੱਤਰਾ ਅਸੀਂ ਤਾਂ ਤਿਆਰੀਆਂ ਖਿੱਚ ਲਈਆਂ, ਤੂੰ ਵੀ ਹੀਲਾ ਕਰ ਲੈ ਆਪਣਾ।

ਬਾਇਡਨ ਪ੍ਰਸ਼ਾਸਨ ਵਲੋਂ ਖੇਤੀ ਕਾਨੂੰਨਾਂ ਦੀ ਵਕਾਲਤ ਤੇ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਜਮਹੂਰੀਅਤ ਦਾ ਪ੍ਰਮਾਣ-ਇਕ ਖ਼ਬਰ
ਯਾਨੀ ਕਿ ਗਲਤ ਭਾਈਆ ਦਸੌਂਧਾ ਸਿਉਂ ਵੀ ਨਹੀਂ ਤੇ ਸਹੀ ਮਾਈ ਧੰਨ ਕੌਰ ਵੀ ਐ।

ਕਿਸਾਨਾਂ ਦੇ ਹੱਕ ‘ਚ ਸੁਖਬੀਰ ਬਾਦਲ ਅਤੇ ਹਰਸਿਮਰਤ ਵਲੋਂ ਨਾਹਰੇਬਾਜ਼ੀ- ਇਕ ਖ਼ਬਰ
ਈਦੋਂ ਬਾਅਦ ਤੰਬਾ ਫੂਕਣੈ ।

ਅਮੀਰਾਂ ਦਾ ਬਜਟ ਜੋ ਉਹਨਾਂ ਦੇ ਦੋਸਤਾਂ ਨੇ ਉਹਨਾਂ ਲਈ ਹੀ ਬਣਾਇਆ ਹੈ- ਸਪੋਕਸਮੈਨ
ਮੌਜਾਂ ਲੈਣ ਗੇ ਸਾਧ ਦੇ ਚੇਲੇ।

ਮੋਦੀ ਤੇ ਇੰਦਰਾ ਗਾਂਧੀ ਦੀ ਸੋਚ ਵਿਚ ਕੋਈ ਫ਼ਰਕ ਨਹੀਂ-ਭਾਈ ਮਨਜੀਤ ਸਿੰਘ
ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।

ਬੀ.ਜੇ.ਪੀ. ਦੇ ਟਰਾਂਸਪੋਰਟ ਸੈੱਲ ਦਾ ਪ੍ਰਧਾਨ ਨਾਜਾਇਜ਼ ਸ਼ਰਾਬ ਲਿਜਾਂਦਾ ਕਾਬੂ- ਇਕ ਖ਼ਬਰ
ਕੀ ਕਰੀਏ ਬਈ ਕਿਸਾਨਾਂ ਦੇ ਵਿਰੋਧ ਦਾ ਮੁਕਾਬਲਾ ਕਰਨ ਲਈ ਘੁੱਟ ਪੀਣੀ ਪੈਂਦੀ ਐ।  

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਟਵਿਟਰ ਖਾਤੇ ਬੰਦ- ਇਕ ਖ਼ਬਰ
ਖ਼ਬਰਦਾਰ ਰਹਿਣਾ ਬਈ, ਗੱਡੀ ਜ਼ਾਲਮਾਂ ਦੀ ਆਈ।

ਮੈਂ ਕਿਸਾਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਪਿੱਛੇ ਮੁੜਨ ਵਾਲੇ ਨਹੀਂ- ਰਾਹੁਲ
ਤੋਰ ਸ਼ੁਕੀਨਾਂ ਦੀ, ਤੂੰ ਕੀ ਜਾਣੇ ਦਿੱਲੀਏ।

ਭਾਜਪਾ ਨੂੰ ਕੌਂਸਲ ਚੋਣਾਂ ਲਈ ਉਮੀਦਵਾਰ ਨਹੀਂ ਲੱਭ ਰਹੇ- ਇਕ ਖ਼ਬਰ
ਨਵੀਏਂ ਸ਼ੁਕੀਨ ਕੁੜੀਏ, ਅੱਖ ਮਾਰ ਕੇ ਖਿੰਡਾ ਲਿਆ ਸੁਰਮਾ।

ਸਰਕਾਰ 48 ਹਜ਼ਾਰ ਕਰੋੜ ਵਿਚ 83 ਤੇਜਸ ਲੜਾਕੂ ਜਹਾਜ਼ ਖਰੀਦੇਗੀ- ਰੱਖਿਆ ਮੰਤਰੀ
ਤੇ ਨਿੰਬੂ ਖ਼ਰੀਦਣ ਲਈ ਅਲੱਗ ਬਜਟ ਰੱਖਿਆ ਜਾਵੇਗਾ।

ਪੰਜਾਬੀਆਂ ਨੇ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ- ਸਿਮਰਨਜੀਤ ਸਿੰਘ ਮਾਨ
ਇਹਦਾ ਜੋਗ ਦਰਗਾਹ ਮੰਨਜ਼ੂਰ ਹੋਇਆ, ਮੱਥਾ ਟੇਕਦਾ ਕੁੱਲ ਜਹਾਨ ਸਾਰਾ।

ਕਿਸਾਨਾਂ ਨਾਲ਼ ਲੜਾਈ ਛੇੜ ਕੇ ਨਾ ਕੋਈ ਜਿੱਤਿਆ, ਨਾ ਜਿੱਤ ਸਕੇਗਾ- ਗੁਲਾਮ ਨਬੀ ਆਜ਼ਾਦ
ਕਾਦਰਯਾਰ ਕੀ ਸਿੱਧਾਂ ਦੀ ਸਿਫ਼ਤ ਕਰੀਏ, ਬਣ ਬੈਠੇ ਨੇ ਕਈ ਜਮਾਇਤਾਂ ਦੇ।