ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
08 ਫਰਵਰੀ 2021
ਕਾਨੂੰਨ ਵਾਪਸੀ ਤੱਕ ਅਸੀਂ ਇਥੋਂ ਹਿੱਲਣ ਵਾਲੇ ਨਹੀਂ- ਰੁਲ਼ਦੂ ਸਿੰਘ
ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾ।
ਜਿਊਂਦੇ ਰਹਿਣ ਲਈ ਲੜੇ ਬਿਨਾਂ ਕੋਈ ਚਾਰਾ ਨਹੀਂ-ਚੜੂਨੀ
ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ, ਕਾਲ਼ੀ ਡਾਂਗ ਮੇਰੇ ਵੀਰ ਦੀ।
ਖੇਤੀ ਕਾਨੂੰਨਾਂ ਦੇ ਪ੍ਰਚਾਰ ‘ਤੇ 7.95 ਕਰੋੜ ਰੁਪਏ ਖ਼ਰਚ ਹੋਏ- ਤੋਮਰ
ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼।
ਜੁਮਲਾਜੀਵੀ, ਦੰਗੇਜੀਵੀ ਤੇ ਭਾਸ਼ਨਜੀਵੀ ਕੌਣ ਹਨ?-ਹਰਪਾਲ ਚੀਮਾ
ਯਾਰ ਇਹ ਵੀ ਕੋਈ ਪੁੱਛਣ ਵਾਲੀ ਗੱਲ ਐ।
ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਗੇੜਾ ਮਾਰਨ ਵੀ ਨਾ ਆਏ ਹਰਜੀਤ ਗਰੇਵਾਲ- ਇਕ ਖ਼ਬਰ
ਕੱਢਣਾ ਰੁਮਾਲ ਦੇ ਗਿਆ, ਆਪ ਬਹਿ ਗਿਆ ਵਲੈਤ ਵਿਚ ਜਾ ਕੇ।
ਸੋਨੇ ਤੇ ਚਾਂਦੀ ਦੇ ਸਿੱਕੇ ਤਿਆਰ ਕਰਵਾਏਗੀ ਸ਼੍ਰੋਮਣੀ ਕਮੇਟੀ- ਜਾਗੀਰ ਕੌਰ
ਫਰਨੀਚਰ ਤੋਂ ਬਾਅਦ ਹੁਣ ਸੋਨੇ ਚਾਂਦੀ ਦੀ ਵਾਰੀ ਆ ਗਈ ਬਈ ਸੱਜਣੋਂ।
ਕਿਸਾਨੀ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦਾ ਸਰਕਾਰ ਕੋਲ਼ ਕੋਈ ਰਿਕਾਰਡ ਨਹੀਂ- ਤੋਮਰ
ਸਰਕਾਰ ਕਾਰਪੋਰੇਟਾਂ ਦੇ ਨਵ ਜੰਮੇ ਬੱਚਿਆਂ ਦਾ ਰਿਕਾਰਡ ਰੱਖੇ ਕਿ ਕਿਸਾਨ ਮੌਤਾਂ ਦਾ?
ਨਵਜੋਤ ਸਿੱਧੂ ਦੀ ਸੋਨੀਆ ਨਾਲ਼ ਮੁਲਾਕਾਤ ਤੋਂ ਬਾਅਦ ਸਰਕਾਰੀ ਧੜੇ ‘ਚ ਵਧੀ ਪਰੇਸ਼ਾਨੀ- ਇਕ ਖ਼ਬਰ
ਤਾਰਾਂ ਖੜਕ ਗਈਆਂ, ਜੱਗੇ ਮਾਰਿਆ ਲਾਇਲਪੁਰ ਡਾਕਾ।
ਯੂ.ਐਨ. ਮਨੁੱਖੀ ਅਧਿਕਾਰ ਕੌਂਸਲ ‘ਚ ਮੁੜ ਸ਼ਾਮਲ ਹੋਵੇਗਾ ਅਮਰੀਕਾ-ਇਕ ਖ਼ਬਰ
ਕੋਠੀ ‘ਚੋਂ ਲਿਆ ਦੇ ਘੁੰਗਰੂ, ਬੱਗੇ ਬਲਦ ਖਰਾਸੇ ਜਾਣਾ।
ਸ਼੍ਰੋਮਣੀ ਕਮੇਟੀ ਦੀ ਧੜੇਬੰਦੀ ਉੱਚ ਪੱਧਰ ‘ਤੇ ਉੱਭਰੀ- ਇਕ ਖ਼ਬਰ
ਨਿੰਮ ਨਾਲ਼ ਝੂਟਦੀਏ, ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ।
ਬੀਮਾਰ ਮਾਨਸਿਕਤਾ ਭਰੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬੋਲ- ਕਾ.ਵਿਰਕ
ਕਾਂ ਬਾਗ਼ ਦੇ ਵਿਚ ਕਲੋਲ ਕਰਦੇ, ਕੂੜਾ ਫੋਲਣੇ ਦੇ ਉੱਤੇ ਮੋਰ ਕੀਤੇ।
ਬਜਟ ਸਿਰਫ਼ ਦੇਸ਼ ਦੀ ਇਕ ਫ਼ੀ ਸਦੀ ਆਬਾਦੀ ਲਈ- ਚਿਦੰਬਰਮ
ਨੀ ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ, ਮੈਂ ਜਾਣਾ ਤਖ਼ਤ ਹਜ਼ਾਰੇ ਨੂੰ।
ਸੰਸਦ ਵਿਚ ਖੇਤੀ ਕਾਨੂੰਨਾਂ ‘ਤੇ ਬਹਿਸ ਕਰਨ ਤੋਂ ਸੁਖਬੀਰ ਨੇ ਟਾਲ਼ਾ ਵੱਟਿਆ- ਬਲਬੀਰ ਸਿੱਧੂ
ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ, ਦਾੜ੍ਹੀ ਪਰ੍ਹੇ ਦੇ ਵਿਚ ਮੁਨਾ ਬੈਠੋਂ।
ਮੋਦੀ ਸਰਕਾਰ ਨੂੰ ਪੰਜਾਬ ਹਰਿਆਣਾ ਏਕਤਾ ਚੁੱਭਣ ਲੱਗੀ- ਕਿਸਾਨ ਨੇਤਾ
ਨਿੱਤ ਲੜਾਈਆਂ ਪਾਉਂਦਾ, ਨੀਂ ਮਰ ਜਾਣਾ ਅਮਲੀ।
ਪ੍ਰਧਾਨ ਮੰਤਰੀ ਵਲੋਂ ਗੱਲਬਾਤ ਦਾ ਸੱਦਾ ਸਿਰਫ਼ ਹਵਾਈ ਗੱਲਾਂ- ਰਾਜੇਵਾਲ
ਮਿੱਤਰਾਂ ਨੂੰ ਮਾਰ ਗਿਆ, ਤੇਰਾ ਮੁੜ ਕੇ ਆਉਣ ਦਾ ਲਾਰਾ।
ਕਿਸਾਨ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਮੰਤਰੀ ‘ਕਾਰਪੋਰੇਟਜੀਵੀ’ ਕਰਾਰ-ਇਕ ਖ਼ਬਰ
ਨਹਿਲੇ ‘ਤੇ ਦਹਿਲਾ।
ਮੋਦੀ ਦੀ 56 ਇੰਚ ਛਾਤੀ ਵਿਚ ਪੂੰਜੀਪਤੀਆਂ ਲਈ ਦਿਲ ਧੜਕਦਾ ਹੈ-ਪ੍ਰਿਯੰਕਾ ਗਾਂਧੀ
ਨੀਂ ਮੇਲੇ ਮੈਂ ਚੱਲਿਆ, ਕੁਝ ਮੰਗ ਵੱਡੀਏ ਭਰਜਾਈਏ।