ਵਿਦੇਸ਼ਾਂ ਵਿਚ ਪੰਜਾਬੀ ਬੋਲੀ ਅਤੇ ਮੀਡੀਆ - ਪ੍ਰੋ. ਕੁਲਬੀਰ ਸਿੰਘ
ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਸੈਂਕੜੇ ਪੰਜਾਬੀ ਅਖਬਾਰਾਂ ਪ੍ਰਕਾਸ਼ਿਤ ਹੁੰਦੀਆਂ ਹਨ। ਸੈਂਕੜੇ ਪੰਜਾਬੀ ਰੇਡੀਓ, ਟੈਲੀਵਿਜ਼ਨ ਚੈਨਲ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ। ਪਰਾਈਆਂ ਧਰਤੀਆਂ 'ਤੇ ਇਨ੍ਹਾਂ ਨੇ ਮਾਂ ਬੋਲੀ ਪੰਜਾਬੀ ਦਾ ਪਰਚਮ ਲਹਿਰਾਇਆ ਹੈ। ਕੈਨੇਡਾ ਦੇ ਕਈ ਸ਼ਹਿਰਾਂ ਵਿਚ, ਗਲੀਆਂ ਬਜ਼ਾਰਾਂ ਵਿਚ, ਦੁਕਾਨਾਂ ਹਵਾਈ ਅੱਡਿਆਂ 'ਤੇ ਪੰਜਾਬੀ ਵਿਚ ਲਿਖੇ ਬੋਰਡ ਆਮ ਵੇਖੇ ਜਾ ਸਕਦੇ ਹਨ।
ਪਰਵਾਸੀ ਪੰਜਾਬੀ ਮੀਡੀਆ ਇਕੋ ਵੇਲੇ ਦੁਵੱਲਾ ਕਾਰਜ ਨਿਭਾ ਰਿਹਾ ਹੈ। ਇਕ ਪਾਸੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਪੰਜਾਬ ਦੇ ਪਲ ਪਲ ਦੇ ਹਾਲਾਤ ਤੋਂ ਜਾਣੂੰ ਕਰਵਾ ਰਿਹਾ ਹੈ। ਦੂਸਰੇ ਪਾਸੇ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਨੇੜਿਉਂ ਜੋੜੀ ਰੱਖਣ ਲਈ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਮੇਰੇ ਕੋਲ ਵੱਖ-ਵੱਖ ਮੁਲਕਾਂ ਵਿਚ ਕਾਰਜਸ਼ੀਲ ਪੰਜਾਬੀ ਮੀਡੀਆ ਦੀ ਲੰਮੀ ਸੂਚੀ ਹੈ। ਨਿੱਤ ਦਿਨ ਇਹ ਸੂਚੀ ਹੋਰ ਲੰਮੀ ਹੁੰਦੀ ਜਾ ਰਹੀ ਹੈ।
ਜਦ ਵੀ ਕਦੇ ਵਿਦੇਸ਼ਾਂ ਵਿਚ ਪੰਜਾਬੀ ਬੋਲੀ ਨਾਲ ਜੁੜਿਆ ਕੋਈ ਮੁੱਦਾ ਮਸਲਾ ਉਭਰਦਾ ਹੈ ਤਾਂ ਪਰਵਾਸੀ ਪੰਜਾਬੀ ਮੀਡੀਆ ਅਤੇ ਇਸ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਅੱਗੇ ਹੋ ਕੇ ਲੜਾਈ ਲੜੀ ਹੈ। ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਲਈ ਲੋੜੀਂਦਾ ਮਾਹੌਲ ਤਿਆਰ ਕਰਨ ਅਤੇ ਆਮ ਗੱਲਬਾਤ ਵਿਚ ਇਸਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਵਿਚ ਵੀ ਪਰਵਾਸੀ ਪੰਜਾਬੀ ਮੀਡੀਆ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇੰਗਲੈਂਡ, ਆਸਟਰੇਲੀਆ, ਸਿੰਗਾਪੁਰ ਜਿਹੇ ਦੇਸ਼ਾਂ ਦੀਆਂ ਵਿਦੇਸ਼ ਫੇਰੀਆਂ ਦੌਰਾਨ ਮੈਂ ਮਹਿਸੂਸ ਕੀਤਾ ਹੈ ਅਤੇ ਮੈਨੂੰ ਹੈਰਾਨੀ ਭਰੀ ਖੁਸ਼ੀ ਹੋਈ ਹੈ ਕਿ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਸਾਡੇ ਨਾਲੋਂ ਠੇਠ, ਠੁੱਕਦਾਰ, ਸਰਲ ਤੇ ਸਪਸ਼ਟ ਪੰਜਾਬੀ ਬੋਲੀ ਬੋਲਦੇ ਹਨ। ਸਿੰਗਾਪੁਰ ਵਿਖੇ ਮੈਨੂੰ ਇਕ ਅਜਿਹੇ ਪੰਜਾਬੀ ਵਿਅਕਤੀ ਕੋਲ ਕੁਝ ਘੰਟੇ ਬੈਠਣ ਦਾ ਮੌਕਾ ਮਿਲਿਆ, ਜਿਸਦਾ ਜਨਮ ਮਲੇਸ਼ੀਆ ਵਿਚ ਹੋਇਆ। ਜਿਹੜਾ ਇਕ ਵਾਰ ਵੀ ਪੰਜਾਬ ਨਹੀਂ ਆਇਆ। ਪਰ ਆਪਣੀ ਬੋਲੀ ਨੂੰ ਬੜਾ ਮੋਹ ਕਰਦਾ ਹੈ। ਸਹਿਜ ਸਲੀਕੇ ਨਾਲ ਸਾਦਾ ਤੇ ਬਿਹਤਰੀਨ ਪੰਜਾਬੀ ਬੋਲਦਾ ਹੈ। ਆਪਣੇ ਹਾਵ-ਭਾਵ ਪੰਜਾਬੀ ਰਾਹੀਂ ਲਿਖਤੀ ਰੂਪ ਵਿਚ ਵੀ ਵਿਅਕਤ ਕਰਦਾ ਹੈ। ਉਸਨੇ ਬਹੁਤ ਸਾਰੇ ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਨੂੰ ਪੜ੍ਹਿਆ ਹੋਇਆ ਹੈ।
ਵਿਦੇਸ਼ਾਂ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਹਿੱਤ ਪਰਵਾਸੀ ਪੰਜਾਬੀ ਮੀਡੀਆ ਤੋਂ ਇਲਾਵਾ ਗੁਰਦੁਆਰੇ, ਪੰਜਾਬੀ ਸਕੂਲ, ਲੇਖਕ, ਕਲਾਕਾਰ, ਮੇਲੇ, ਇੰਟਰਨੈਟ, ਸ਼ੋਸ਼ਲ ਮੀਡੀਆ ਦੀ ਵੀ ਅਹਿਮ ਭੂਮਿਕਾ ਹੈ। ਵਿਸ਼ੇਸ਼ ਕਰਕੇ ਫੇਸਬੁੱਕ, ਯੂ-ਟਿਊਬ ਅਤੇ ਵੱਟਸਐਪ ਨੇ ਅਜੋਕੇ ਸਮਿਆਂ ਵਿਚ ਹਰੇਕ ਵਰਗ ਦੇ ਪਰਵਾਸੀ ਪੰਜਾਬੀਆਂ ਨੂੰ ਵੱਡੀ ਪੱਧਰ 'ਤੇ ਪੰਜਾਬੀ ਭਾਸ਼ਾ ਨਾਲ ਜੋੜਿਆ ਹੈ।
ਬੀਤੇ ਕਈ ਸਾਲਾਂ ਤੋਂ ਪੰਜਾਬ ਵਿਚ ਪੰਜਾਬੀ ਬੋਲੀ ਦੇ ਸੁੰਗੜਨ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਜਦਕਿ ਵਿਦੇਸ਼ਾਂ ਵਿਚੋਂ ਵਧਣ ਫੁੱਲਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਪੰਜਾਬੀ ਚੋਣਵੇਂ ਵਿਸ਼ੇ ਵਜੋਂ ਪੜ੍ਹਾਈ ਜਾ ਰਹੀ ਹੈ। ਜਿਸਨੂੰ ਪੰਜਾਬੀਆਂ ਦੇ ਨਾਲ ਨਾਲ ਹੋਰਨਾਂ ਮੁਲਕਾਂ ਦੇ ਵਿਦਿਆਰਥੀ ਵੀ ਪੜ੍ਹ ਰਹੇ ਹਨ।
ਆਮ ਧਾਰਨਾ ਹੈ ਕਿ ਪੰਜਾਬ ਤੋਂ ਗਈ ਪੀੜ੍ਹੀ ਦਾ ਸਮਾਂ ਪੁੱਗ ਜਾਣ 'ਤੇ ਵਿਦੇਸ਼ਾਂ ਵਿਚੋਂ ਪੰਜਾਬੀ ਬੋਲੀ ਦਾ ਵੀ ਸਫਾਇਆ ਹੋ ਜਾਵੇਗਾ। ਪਰੰਤੂ ਪਰਵਾਸੀ ਪੰਜਾਬੀ ਮੀਡੀਆ ਨਾਲ ਸੰਬੰਧਤ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੰਜਾਬੀ ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਨਵੀਂ ਪੀੜ੍ਹੀ ਨੂੰ ਪੰਜਾਬ ਤੇ ਪੰਜਾਬੀ ਨਾਲ ਜੋੜਨ ਦਾ ਕਠਿਨ ਕਾਰਜ ਵੀ ਸਫ਼ਲਤਾ ਪੂਰਵਕ ਨੇਪਰੇ ਚਾੜ੍ਹ ਰਹੀਆਂ ਹਨ।
ਪੰਜਾਬੀ ਭਾਈਚਾਰਾਂ ਦੁਨੀਆਂ ਵਿਚ ਜਿੱਥੇ ਵੀ ਗਿਆ ਹੈ, ਸਮੇਂ ਨਾਲ ਪੰਜਾਬੀ ਜ਼ੁਬਾਨ ਉਥੇ ਵਧ ਫੁਲ ਰਹੀ ਹੈ। ਕੈਨੇਡਾ ਦੀਆਂ ਗਲੀਆਂ ਬਜ਼ਾਰਾਂ ਵਿਚ ਪੰਜਾਬੀ ਵਿਚ ਲਿਖੇ ਬੋਰਡ ਆਮ ਵੇਖੇ ਜਾ ਸਕਦੇ ਹਨ। ਹਵਾਈ ਅੱਡਿਆਂ 'ਤੇ ਪੰਜਾਬੀ ਦਾ ਬੋਲਬਾਲਾ ਹੈ। ਕੈਨੇਡਾ ਤੋਂ ਬਾਅਦ ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਮੁਲਕਾਂ ਵਿਚ ਵੀ ਪੰਜਾਬੀ ਮੀਡੀਆ ਦੇ ਪ੍ਰਚਾਰ ਪ੍ਰਸਾਰ ਅਤੇ ਪੰਜਾਬੀਆਂ ਦੀ ਵੱਧਦੀ ਗਿਣਤੀ ਕਾਰਨ ਪੰਜਾਬੀ ਭਾਸ਼ਾ ਨੂੰ ਚੰਗੀਆਂ ਨਜ਼ਰਾਂ ਨਾਲ ਵੇਖਿਆ ਜਾਣ ਲੱਗਾ ਹੈ। ਵਿਦੇਸ਼ਾਂ ਵਿਚ ਹੋਣ ਵਾਲੇ ਗੀਤ-ਸੰਗੀਤ ਦੇ ਪ੍ਰੋਗਰਾਮ, ਮੇਲੇ ਮੁਸਾਹਬੇ, ਸਾਹਿਤਕ ਸਮਾਰੋਹ ਵੀ ਪੰਜਾਬੀ ਬੋਲੀ ਲਈ ਸਾਜ਼ਗਾਰ ਮਾਹੌਲ ਤਿਆਰ ਕਰ ਰਹੇ ਹਨ। ਇਉਂ ਲੱਗਦਾ ਹੈ ਵਿਦੇਸ਼ਾਂ ਵਿਚ ਪੰਜਾਬੀ ਬੋਲੀ ਅਤੇ ਪੰਜਾਬੀ ਭਾਈਚਾਰਾ ਸਾਡੇ ਨਾਲੋਂ ਬਿਹਤਰ ਸਥਿਤੀ ਵਿਚ ਹੈ।
ਪੰਜਾਬ ਵਿਚ ਜਿੱਥੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰਗਰਮ ਰਹਿੰਦੇ ਹਨ ਉਥੇ ਪੰਜਾਬੀ ਵਿਰੋਧੀ ਵੀ ਇਸਨੂੰ ਹਾਸ਼ੀਏ 'ਤੇ ਰੱਖਣ ਲਈ ਯਤਨਸ਼ੀਲ ਨਜ਼ਰ ਆਉਂਦੇ ਹਨ। ਇਹਦੇ ਵਿਚ ਅਫ਼ਸਰਸ਼ਾਹੀ ਮੁੱਖ ਭੂਮਿਕਾ ਨਿਭਾਉਂਦੀ ਹੈ। ਮੈਨੂੰ ਯਾਦ ਹੈ ਜਦ ਡਾ. ਉਪਿੰਦਰਜੀਤ ਕੌਰ ਸਿੱਖਿਆ ਮੰਤਰੀ ਸਨ ਤਾਂ ਉਨ੍ਹਾਂ ਕਈ ਮੌਕਿਆਂ 'ਤੇ ਅਫ਼ਸਰਾਂ ਵੱਲੋਂ ਅੰਗਰੇਜ਼ੀ ਵਿਚ ਤਿਆਰ ਕੀਤੇ ਗਏ ਨੋਟੀਫਿਕੇਸ਼ਨਾਂ ਨੂੰ ਪੰਜਾਬੀ ਵਿਚ ਤਿਆਰ ਕਰਵਾ ਕੇ ਹੀ ਅੱਗੇ ਜਾਣ ਦਿੱਤਾ। ਪਰੰਤੂ ਅਜਿਹੇ ਸਿਆਸਤਦਾਨ ਉਂਗਲਾਂ 'ਤੇ ਗਿਣਨ ਜੋਗੇ ਹਨ।
ਦੁਨੀਆਂ ਵਿਚ 14 ਕਰੋੜ ਦੇ ਕਰੀਬ ਪੰਜਾਬੀ ਲੋਕ ਹਨ ਜਿਨ੍ਹਾਂ ਵਿਚੋਂ 20 ਲੱਖ ਵਿਦੇਸ਼ਾਂ ਵਿਚ ਹਨ। ਇਨ੍ਹਾਂ ਨੇ ਜਿੱਥੇ ਵਿਦੇਸ਼ਾਂ ਵਿਚ ਵੱਡੇ ਕਾਰੋਬਾਰ ਸਥਾਪਿਤ ਕੀਤੇ ਹਨ, ਵੱਡੀਆਂ ਗੱਲਾਂ ਮਾਰੀਆਂ ਹਨ ਉਥੇ ਪੰਜਾਬੀ ਮੀਡੀਆ ਦੇ ਖੇਤਰ ਵਿਚ ਵੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਵਿਦੇਸ਼ਾਂ ਵਿਚ ਪੰਜਾਬੀ ਮੀਡੀਆ ਅੱਜ ਉਦਯੋਗ ਦਾ ਰੂਪ ਧਾਰਨ ਕਰ ਗਿਆ ਹੈ। ਨਤੀਜੇ ਵਜੋਂ ਉਥੇ ਪੰਜਾਬੀ ਨੂੰ ਜਿਊਂਦਾ ਰੱਖਣ ਵਿਚ ਇਹ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਪੰਜਾਬ ਤੋਂ ਬਾਹਰ ਹਿਮਾਚਲ, ਹਰਿਆਣਾ, ਦਿੱਲੀ, ਮਹਾਂਰਾਸ਼ਟਰ ਚਲੇ ਜਾਓ ਤੁਹਾਨੂੰ ਪੰਜਾਬੀ ਅਖ਼ਬਾਰ ਲੱਭਿਆ ਵੀ ਨਹੀਂ ਲੱਭਦੀ। ਪਰੰਤੂ ਦੁਨੀਆਂ ਦੇ ਬਹੁਤ ਸਾਰੇ ਵੱਡੇ ਛੋਟੇ ਮੁਲਕਾਂ ਵਿਚ ਸੈਂਕੜੇ ਪੰਜਾਬੀ ਅਖ਼ਬਾਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ ਅਤੇ ਮੁਫ਼ਤ ਮੁਹੱਈਆ ਕੀਤੀਆਂ ਜਾਂਦੀਆਂ ਹਨ। ਹਿਮਾਚਲ ਹਫ਼ਤੇ ਦਸ ਦਿਨ ਲਈ ਚਲੇ ਜਾਓ ਪੰਜਾਬੀ ਅਖ਼ਬਾਰ ਦੀ ਹਾਰਡ ਕਾਪੀ ਪੜ੍ਹਨ ਨੂੰ ਤਰਸ ਜਾਈਦਾ ਹੈ ਪਰੰਤੂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਘੁੰਮਦਿਆਂ ਕਦੇ ਇਹ ਮੁਸ਼ਕਲ ਨਹੀਂ ਆਉਂਦੀ। ਪਰਵਾਸੀ ਪੰਜਾਬੀ ਮੀਡੀਆ ਨੇ ਦੁਨੀਆਂ ਭਰ ਵਿਚ ਪੰਜਾਬੀ ਬੋਲੀ ਦਾ ਝੰਡਾ ਬੁਲੰਦ ਕੀਤਾ ਹੈ।
ਪ੍ਰੋ. ਕੁਲਬੀਰ ਸਿੰਘ
ਚੇਅਰਮੈਨ
ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ,
ਸੀਨੀਅਰ ਕਾਲਮਨਵੀਸ
9417153513