ਸਿੱਖ ਵਿਰਾਸਤ ਦੀ ਕਲਾ ਦੇ ਦ੍ਰਿਸ਼ਟੀ ਮਾਧਿਅਮ ਰਾਹੀਂ ਗਲੋਬਲ ਪਹੁੰਚ ਲਈ ਨਾਨਕ ਲੀਲਾ ਵਿਜੂਅਲ ਆਰਟ ਟਰੱਸਟ ਦਾ ਗਠਨ
ਨਿੱਗਰ ਚਰਚਾ ਲਈ ਭਾਈ ਮਨਜੀਤ ਸਿੰਘ ਸਾਬਕਾ ਜਥੇਦਾਰ ਜੀ ਦੀ ਪਹਿਲ 'ਤੇ ਸਿੱਖ ਚਿੰਤਕ ਅਤੇ ਕਲਾ ਖੇਤਰ ਦੀਆਂ ਅਨੁਭਵੀ ਹਸਤੀਆਂ ਜੁੜ ਬੈਠੀਆਂ
-ਪਰਮਜੀਤ ਸਿੰਘ ਬਾਗੜੀਆ
ਵਿਗਿਆਨ ਅਤੇ ਤਕਨੀਕ ਪੱਖੋਂ ਵਿਕਸਤ ਆਧੁਨਿਕ ਸੰਚਾਰ ਯੁੱਗ ਵਿਚ ਸਿੱਖ ਧਰਮ ਦੀ ਮਾਣਮੱਤੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨੂੰ ਅਜੋਕੇ ਦ੍ਰਿਸ਼ ਮਾਧਿਅਮ ਰਾਹੀਂ ਗਲੋਬਲ ਪਸਾਰੇ ਵਿਚ ਲਿਜਾਣ ਲਈ ਇਕ ਸੰਸਥਾ 'ਨਾਨਕ ਲੀਲਾ ਵਿਜੂਅਲ ਆਰਟਸ ਚੈਰੀਟੇਬਲ ਟਰੱਸਟ' ਦਾ ਗਠਨ ਕੀਤਾ ਗਿਆ। ਇਸ ਸਬੰਧੀ ਸਿੱਖ ਵਿਦਵਾਨਾਂ, ਚਿੰਤਕਾਂ, ਸੰਚਾਰ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਸਿਨੇਮਾ, ਸਟੇਜ, ਲੇਖਣੀ ਅਤੇ ਦਸਤਾਵੇਜੀ ਖੇਤਰਾਂ ਦੇ ਅਨੁਭਵੀ ਮਾਹਿਰਾਂ ਦੀ ਇੱਕ ਇਕੱਤਰਤਾ ਉੱਘੀ ਸਿੱਖ ਸ਼ਖਸ਼ੀਅਤ ਭਾਈ ਮਨਜੀਤ ਸਿੰਘ ਸਾਬਕਾ ਸਿੰਘ ਸਾਹਿਬਾਨ ਅਤੇ ਸੰਸਥਾਪਕ ਤੇ ਸੰਚਾਲਕ ਗੁਰਮਤਿ ਸਾਗਰ ਟਰੱਸਟ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਹਿਲ 'ਤੇ ਸ੍ਰੀ ਅਨੰਦਪਰ ਸਾਹਿਬ ਵਿਖੇ ਹੋਈ। ਭਾਈ ਮਨਜੀਤ ਸਿੰਘ ਜੀ ਵਲੋਂ ਆਖੇ ਸਵਾਗਤੀ ਸ਼ਬਦਾਂ ਵਿਚ ਅਕਾਲ ਪੁਰਖ ਦਾ ਓਟ ਆਸਰਾ ਤੱਕਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਵ ਗਠਿਤ ਸੰਸਥਾ ਨਾਨਕ ਲੀਲਾ ਵਿਜੁਅਲ ਆਰਟਸ ਚੈਰੀਟੇਬਲ ਟਰੱਸਟ ਰਜਿ. ਵਲੋਂ ਦ੍ਰਿਸ਼ ਆਧਿਅਮ ਰਾਹੀਂ ਸਿੱਖ ਧਰਮ, ਵਿਰਸੇ ਅਤੇ ਫਲਸਫੇ ਨੂੰ ਕਲਾ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਗਲੋਬਲ ਸਿੱਖ ਸਮਾਜ ਲਈ ਨਰੋਈਆਂ ਅਤੇ ਪ੍ਰਮਾਣਿਕ ਕ੍ਰਿਤਾਂ ਸਿਰਜਣ ਹਿੱਤ ਸੁਝਾਅ ਮੰਗੇ ਤਾਂ ਜੋ ਇਹ ਪ੍ਰੋਜੈਕਟ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਿਸੇਰੇ ਵਜੋਂ ਵਿਚਰ ਸਕੇ।
ਸਭ ਤੋਂ ਪਹਿਲਾ ਉੱਘੇ ਸਿੱਖ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਸਿੱਖ ਧਰਮ ਅਤੇ ਵਿਰਸੇ ਦੀ ਖੁਬਸੂਰਤੀ ਨੂੰ ਕਲਾ ਮਾਧਿਅਮ ਰਾਹੀ ਸਜੱਗ ਰੂਪ ਵਿਚ ਉਭਾਰਨ ਲਈ ਲੋੜੀਂਦੇ ਸਾਧਨਾਂ ਦਾ ਹੋਣਾ ਅਹਿਮ ਕੜੀ ਹੈ। ਉਨਹਾਂ ਆਖਿਆ ਕਿ ਜੋ ਕੁਝ ਅਸੀਂ ਸਮਾਜ ਨੂੰ ਵਿਖਾਉਣਾ ਜਾ ਸਮਝਾਉਣਾ ਚਾਹੁੰਦੇ ਹਾਂ ਉਸ ਲਈ ਸਾਨੂੰ ਕਲਾ ਦੇ ਪਰਿਆਪਤ ਸਾਧਨਾਂ ਰਾਹੀ ਲੋਕ ਮਨਾਂ ਨੂੰ ਸਿਰਜਣ ਤੱਕ ਜਾਣਾ ਹੋਵੇਗਾ। ਸੰਸਥਾ ਵਲੋਂ ਆਪਣੇ ਉਦੇਸ਼ਾਂ ਲਈ ਕਲਾ ਮਾਧਿਅਮ ਨੂੰ ਚੁਣਨ ਦੇ ਉਸਾਰੂ ਅਤੇ ਹਾਂ ਪੱਖੀ ਪਹੁੰਚ ਅਪਣਾਉਣ ਬਾਰੇ ਉਨਹਾਂ ਆਖਿਆ ਕਿ ਸਿਨੇਮਾ ਇਕ ਅਜਿਹਾ ਮਾਧਿਅਮ ਹੈ ਜਿਸ ਵਿਚ ਸਾਰੀਆਂ ਹੀ ਕਲਾਵਾਂ ਆ ਜਾਂਦੀਆਂ ਹਨ ਅਤੇ ਸਮਾਜ ਉਸਾਰੀ ਲਈ ਸਿਨੇਮਾ ਦਾ ਵੱਡਾ ਯੋਗਦਾਨ ਹੈ ਅਤੇ ਸਿੱਖ ਕੌਮ ਦੇ ਸੰਘਰਸ਼ ਤੋਂ ਆਤਮ ਹੱਤਿਆ ਤੱਕ ਦੇ ਕਾਲ ਨੂੰ ਵੀ ਇਨ੍ਹਾਂ ਮਧਿਅਮਾਂ ਰਾਹੀ ਉਜਾਗਰ ਕੀਤਾ ਜਾਣਾ ਬਣਦਾ ਹੈ।
ਉੱਘੇ ਵਿਦਵਾਨ ਭਾਈ ਹਰਸਿਮਰਨ ਸਿੰਘ ਨੇ ਆਖਿਆ ਕਿ ਕਲਾ ਨੂੰ ਕਲਾ ਲਈ ਜਾਂ ਕਿਸੇ ਵੱਡੇ ਮਕਸਦ ਦੀ ਪ੍ਰਾਪਤੀ ਲਈ ਵਰਤਣਾ ਦੋ ਅਲੱਗ ਅਲੱਗ ਪੱਖ ਹਨ ਅਤੇ ਵਿਕਾਸ ਦਾ ਇਹ ਪੜਾਅ ਬੜਾ ਗੰਭੀਰ ਹੈ, ਉਨਹਾਂ ਕਿਹਾ ਕਿ ਆਉਣ ਵਾਲੇ 50 ਸਾਲਾਂ ਨੁੰ ਮੁੱਖ ਰੱਖ ਕੇ ਪ੍ਰੋਜੈਕਟ ਉਲੀਕਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੀਤੇ ਦੀ ਵਿਰਾਸਤ ਨੂੰ ਦੇਖ ਅਤੇ ਮਾਣ ਸਕਣ, ਭਾਵੇਂ ਇਸ ਮਾਮਲੇ ਵਿਚ ਹੁਣ ਤੱਕ ਬੜੀਆਂ ਅਣਗਹਿਲੀਆਂ ਵੀ ਹੋਈਆਂ ਹਨ ਪਰ ਹੁਣ ਮੋੜਾ ਪਾਉਣ ਦਾ ਸਮਾਂ ਹੈ।
ਪ੍ਰਸਿੱਧ ਵਿਦਵਾਨ ਡਾ. ਬਲਕਾਰ ਸਿੰਘ ਸਾਬਕਾ ਪ੍ਰੋਫੈਸਰ ਗੁਰੂ ਗ੍ਰੰਥ ਸਾਹਿਬ ਸਟੱਡੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖਿਆ ਕਿ ਵਿਜੁਅਲ ਆਰਟ ਹੀ ਯੁੱਗ ਦੀ ਪ੍ਰਧਾਨ ਸੁਰ ਹੈ ਅਤੇ ਆਸਥਾ, ਚੇਤਨਾ ਦਾ ਕੇਂਦਰ ਬਣਨੀ ਚਾਹੀਦੀ ਹੈ। ਪ੍ਰੌਜੈਕਟ ਸਾਡੀ ਵਿਰਾਸਤ ਨੁੰ ਪੂਰਦਾ ਮਾਡਲ ਹੋਵੇ। ਉਨਹਾਂ ਆਖਿਆ ਕਿ ਕਲਾ ਦੀ ਵਰਤੋਂ ਨੁੰ ਕਈ ਵਾਰ ਸਾਡੀ ਸਮਾਜਿਕ ਸੋਚ ਵਰਤਣ ਨਹੀਂ ਦਿੰਦੀ ਪਰ ਅਸੀਂ ਚਿੰਤਨ-ਆਸਥਾ ਦੇ ਭੇੜ ਵਿਚੋਂ ਵੀ ਲੰਘਣਾ ਹੈ। ਉਨਹਾਂ ਆਖਿਆ ਕਿ ਸਿਧਾਂਤ ਦਾ ਕਲਾ ਨਾਲ ਕੋਈ ਵਿਰੋਧ ਨਹੀਂ ਪਰ ਕਈ ਵਾਰ ਦੋਵੇਂ ਇਕ ਦੂਜੇ ਨੂੰ ਮਿਧਦੇ ਹਨ ਇਸ ਲਈ ਵਿਧਾ ਦਾ ਉਲਾਰ ਹੋਣਾ ਵੀ ਖਤਰਨਾਕ ਹੈ। ਅਸੀ ਵਰਤਣ ਵਿਚ ਅਤੇ ਵਰਤੇਜਾਣ ਵਿਚ ਫ਼ਰਕ ਮਹਿਸੂਸ ਕਰਨਾ ਹੈ।
ਦਸਤਾਵੇਜੀ ਖੇਤਰ ਵਿਚ ਸਥਾਪਤ ਹੋਏ ਨਾਮ ਸ. ਕਰਨਵੀਰ ਸਿੰਘ ਸਿਵੀਆ ਜਿਨ੍ਹਾਂ 'ਪੁੰਛ ਦੇ ਰਾਖੇ' ਸਿੱਖ ਆਰਮੀ ਅਫਸਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਬਾਰੇ ਡਾਕੂ ਡਰਾਮਾ ਦਾ ਨਿਰਮਾਣ ਵੀ ਕੀਤਾ ਹੈ, ਨੇ ਆਖਿਆ ਕਿ ਸਿੱਖ ਇਤਿਹਾਸ ਦੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਲੋਕ ਮਨਾਂ ਤੱਕ ਪਹੁੰਚਾਉਣ ਲਈ ਖੂਬਸੂਰਤ ਸਟੋਰੀ ਟੈਲਿੰਗ ਆਰਟ ਦੀ ਲੋੜ ਹੈ। ਜਿਵੇਂ ਅਸੀਂ ਗੁਰੂ ਨਾਨਕ ਦੀ ਬਾਣੀ ਵਿਚਲੇ ਐਲੀਮੈਂਟ ਆਫ ਲਵ ਨੂੰ ਹੋਰ ਵਿਆਪਕ ਸੰਦਰਭ ਵਿਚ ਦਰਸਾ ਸਕਦੇ ਹਾਂ।
ਸਿੱਖ ਆਰਟ ਖੇਤਰ ਵਿਚ ਸਥਾਪਤ ਨਾਮ ਸ. ਹਰਦੀਪ ਸਿੰਘ ਮੁਹਾਲੀ ਨੇ ਵੀ ਵਿਜੂਅਲ ਆਰਟ ਦੇ ਸਭ ਤੋਂ ਅਸਰਦਾਰ ਮਾਧਿਅਮ ਹੋਣ ਦੀ ਗੱਲ ਕਰਦਿਆਂ ਆਖਿਆ ਕਿ ਹੁਣ ਤੱਕ ਮੌਜੂਦ ਸਿੱਖ ਸਿਨੇਮਾ ਵਿਚ ਕਲਾ ਖੇਤਰ ਨੂੰ ਵੱਡੇ ਪੱਧਰ 'ਤੇ ਅਣਡਿੱਠ ਕੀਤਾ ਗਿਆ ਹੈ। ਫਿਲਮ ਨਿਰਮਾਣ ਦੀ ਸਰਵਪੱਖੀ ਜਾਣਕਾਰੀ ਅਤੇ ਸਫਲ ਅਗਵਾਈ ਲਈ ਕੰਟੈਂਟ ਦਾ ਕਲੀਅਰ ਹੋਣਾ ਬਹੁਤ ਜਰੂਰੀ ਹੈ।
ਸੈਕਟਰੀ ਦੀ ਭੂਮਿਕਾ ਸਫਲਤਾ ਨਾਲ ਨਿਭਾਉਣ ਵਾਲੇ ਸਿੱਖ ਵਿਦਵਾਨ ਡਾ. ਕੇਹਰ ਸਿੰਘ ਨੇ ਆਖਿਆ ਕਿ ਪਹਿਲਾ ਕਦਮ ਚੁੱਕਣਾ ਅਤੇ ਆਸ਼ਾਵਾਦੀ ਰਹਿਣਾ ਹੀ ਮਹੱਤਵਪੂਰਨ ਹੈ ਫਿਰ ਗੁਰੂ ਦੀ ਬਖਸ਼ਿਸ ਵੀ ਹੋਣ ਲਗਦੀ ਹੈ। ਫਿਲਮ ਨਿਰਮਾਣ ਅਤੇ ਫਿਲਮ ਲੇਖਣੀ ਖੇਤਰ ਦੇ ਅਨੁਭਵੀ ਨੌਜਵਾਨ ਸਤਦੀਪ ਸਿੰਘ ਅਤੇ ਨੌਜਵਾਨ ਸਰਬਜੀਤ ਸਿੰਘ ਜੋ 34 ਸ਼ਾਰਟ ਫਿਲਮਾਂ ਦਾ ਨਿਰਮਾਣ ਦਾ ਅਨੁਭਵ ਰੱਖਦੇ ਹਨ ਨੇ ਵੀ ਵੱਖ ਵੱਖ ਪਹਿਲੂਆਂ 'ਤੇ ਚਰਚਾ ਕੀਤੀ।
ਪਟਕਥਾ ਤੇ ਸੰਵਾਂਦ ਅਤੇ ਫਿਲਮ ਅਤੇ ਕਲਾ ਖੇਤਰ ਵਿਚ ਉਭਰਦੇ ਨੌਜਵਾਨ ਅਤੇ ਡਾ. ਪਰਮਜੀਤ ਸਿੰਘ ਕੱਟੂ ਪ੍ਰੋਫੈਸਰ ਲਵਲੀ ਯੂਨੀਵਰਸਿਟੀ ਜਲੰਧਰ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਆਖਿਆ ਕਿ ਅੱਜ ਦੇ ਦੌਰ ਵਿਚ ਦ੍ਰਿਸ਼ ਮਾਧਿਅਮ ਹੀ ਸਭ ਤੋਂ ਵਿਆਪਕ ਅਤੇ ਅਸਰਦਾਰ ਮਾਧਿਅਮ ਹੈ ਸ. ਕੱਟੂ ਨੇ ਇਸ ਸੰਸਥਾ ਦੇ ਵਿਚਾਰ ਅਧੀਨ ਪਲੇਠੇ ਪ੍ਰੋਜੈਕਟ 'ਤੇ ਰੋਸ਼ਨੀ ਪਾਊਂਦਿਆਂ ਆਖਿਆ ਕਿ ਇਸ ਅਧੀਨ ਸ੍ਰੀ ਗੁਰੂ ਨਾਨਕ ਜੀ ਦੁਆਰਾ ਸਿਰਜੀ ਬਾਣੀ ਬਾਰਹਾ ਮਾਹ ਜੋ ਮਨੁੱਖ, ਕੁਦਰਤ ਅਤੇ ਅਧਿਆਤਮਿਕ ਪ੍ਰਕਾਸ਼ ਦੀ ਯਾਤਰਾ ਦਾ ਸੁਮੇਲ ਹੈ, ਨੂੰ 6 ਭਾਗਾਂ ਵਿਚ ਵੱਖ ਵੱਖ ਪਹਿਲੂਆਂ ਤੋਂ ਦਰਸਾਇਆ ਜਾਵੇਗਾ ਅਤੇ ਬਾਣੀ ਦੇ ਇਸ ਹਿੱਸੇ ਵਿਚਲੀ ਕੁਦਰਤ, ਸੁਰਤ ਅਤੇ ਅਧਿਆਤਮਿਕ ਸੁਨੇਹੇ ਦੀ ਇਕਸੁਰਤਾ ਨੂੰ ਦਰਸਾਉਣ ਦਾ ਯਤਨ ਹੋਵੇਗਾ।
ਬਾਅਦ ਵਿਚ ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਨੇ ਆਖਿਆ ਕਿ ਅੱਜ ਦੀ ਚਰਚਾ ਸਾਰਥਿਕ ਅਤੇ ਸੁਖਾਵੀਂ ਰਹੀ ਹੈ ਅਤੇ ਹਾਜਰ ਵਿਦਵਾਨਾਂ ਅਤੇ ਕਲਾ ਖੇਤਰ ਦੇ ਪ੍ਰਤੀਨਿਧਾਂ ਨੇ ਸੋਚਵਾਨ ਅਤੇ ਉਤਸ਼ਾਹ ਹੋਣ ਦਾ ਪ੍ਰਮਾਣ ਦਿੱਤਾ ਹੈ। ਉਨਹਾਂ ਅੱਗੇ ਆਖਿਆ ਕਿ ਜੋ ਹੁਣ ਤਕ ਸਮਕਾਲੀ ਵਿਦਵਾਨਾਂ ਤੋਂ ਨਹੀਂ ਹੋ ਸਕਿਆ, ਉਹ ਕੁਝ ਕਰਨ ਲਈ ਅੱਜ ਦੇ ਨੌਜਵਾਨ ਅੱਗੇ ਆਉਣ। ਸਿੰਘ ਸਾਹਿਬ ਜੀ ਨੇ ਆਖਿਆ ਕਿ ਅਸੀਂ ਨਾਦੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਸਿੱਖਾਂ ਦੀ ਨਾਦੀ ਮਾਂ ਮਾਤਾ ਸਾਹਿਬ ਕੌਰ ਜੀ ਦੇ ਅਹਿਸਾਨ ਗੁਰੂ ਦੇ ਕਹਾਉਣ ਵਾਲਿਆਂ ਲਈ ਅਜੇ ਬਾਕੀ ਹਨ ਪਰ ਅੱਜ ਦੀ ਇੱਕਤਰਤਾ ਤੋਂ ਆਸ ਬੱਝੀ ਹੈ। ਉਨ੍ਹਾਂ ਨੇ ਪ੍ਰੋਜੈਕਟ ਲਈ ਪ੍ਰਗਾਟਾਏ ਵਿੱਤੀ ਅੰਦੇਸ਼ਿਆਂ ਤੋਂ ਨਿਸਚਿੰਤ ਹੋਣ ਦੀ ਗੱਲ ਕਰਦਿਆਂ ਆਖਿਆ ਕਿ ਅਸੀਂ ਕਾਰਜ਼ਸੀਲ ਹੋਏ ਤੁਰਨਾ ਜਾਰੀ ਰੱਖਣਾ ਹੈ ਅਤੇ ਬਰਕਤਾਂ ਮਾਲਿਕ ਨੇ ਪਾਉਣੀਆਂ ਨੇ। ਬੈਠਕ ਵਿਚ ਵਿਚਾਰ ਅਧੀਨ ਪ੍ਰੌਜੈਕਟ ਬਾਰਹਾ ਮਾਹ ਅਤੇ ਨੌਜਵਾਨ ਸਤਦੀਪ ਸਿੰਘ ਦੀ ਦੇਖ ਰੇਖ ਅਧੀਨ ਲਾਵਾਂ ਅਧਾਰਤ ਪ੍ਰੋਜੈਕਟ 'ਪ੍ਰਣ' ਦੇ ਨਾਲ ਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਹੀਦੀ ਪੁਰਬ ਮੌਕੇ ਵੀ ਸਬੰਧਤ ਪ੍ਰੌਜੈਕਟ ਨਾਲੋ ਨਾਲ ਆਰੰਭ ਤੇ ਮੁਕੰਮਲ ਕੀਤੇ ਜਾਣਗੇ ।