ਮਾਂ-ਬੋਲੀ - ਬਾਬਾ ਨਜ਼ਮੀ (ਪਾਕਿਸਤਾਨ)
ਵਾਰਸ ਬੁੱਲ੍ਹੇ ਵਰਗੀ ਮੈਨੂੰ ਸ਼ਾਇਰੀ ਦੇ ਦੇ ਥੋਹੜੀ ਜਹੀ।
ਮੇਰੇ ਸਹਿਕਦੇ ਅੱਖਰਾਂ ਨੂੰ ਵੀ ਜ਼ਿੰਦਗੀ ਦੇ ਦੇ ਥੋਹੜੀ ਜਹੀ।
ਹੀਣੇ ਸਮਝ ਕੇ ਜਿਹੜੇ ਅੱਖਰ ‘ਮੀਏਂ ਮੁਹੰਮਦ’ ਵਰਤੇ ਨਈਂ,
ਕੱਠੇ ਕਰਨ ਲਈ ਮੋਤੀ ਮੈਨੂੰ ਛੁੱਟੀ ਦੇ ਦੇ ਥੋਹੜੀ ਜਿਹੀ।
ਨਾਨਕ ਵਰਗਾ ਹੇਜਲਾ ਪੁੱਤਰ ਮਾਂ ਬੋਲੀ ਦਾ ਕੋਈ ਵੀ ਨਹੀਂ,
ਉਹਦੀ ਵਿਚ ਦਵਾਤੋਂ ਗੂੜ੍ਹੀ ਸ਼ਾਹੀ ਦੇ ਦੇ ਥੋਹੜੀ ਜਿਹੀ।
ਜਦ ਤੱਕ ਸਾਹ ਨੇ ਬਾਕੀ ਕਹਿੰਦਾ ‘ਐਨਲਹਕ’ ਫਿਰਾਂ,
ਸ਼ਾਹ ਹੁਸੈਨ ਦੀ ਮਸਤੀ ਵਿਚੋਂ ਮਸਤੀ ਦੇ ਦੇ ਥੋਹੜੀ ਜਿਹੀ।
ਮਿੱਠੇ ਦੇ ਪੱਜ ਦੁਨੀਆਂ ਆਖੇ, ਕੌੜ ਵੀ ਖਾਧੀ ਜਾਂਦੀ ਏ,
ਡਿੱਗੀ ਢੱਠੀ ‘ਬਾਹੂ’ ਵਾਲੀ ਮਿਸ਼ਰੀ ਦੇ ਦੇ ਥੋਹੜੀ ਜਿਹੀ।
ਮੇਰੇ ਵਰਗਾ, ਘੋਗੜ ਕਾਂ ਵੀ ਖੌਰੇ ਸੁਰ ਵਿਚ ਬੋਲ ਪਵੇ,
‘ਪੀਰ ਫਰੀਦਾ’ ਆਪਣੀ ਸੁੱਚੀ ਗੜਵੀ ਦੇ ਦੇ ਥੋਹੜੀ ਜਿਹੀ।
ਖ਼ੈਰ ਖਿਆਲਾਂ ਵਾਲਾ ਮੈਨੂੰ ‘ਖਵਾਜਾ ਫਰੀਦ’ ਤੋਂ ਮੰਗਣ ਦੇ,
‘ਸ਼ਿਵ-ਕੁਮਾਰਾ’ ਆ ਕੇ ਮੇਰੀ ਗਵਾਹੀ ਦੇ ਦੇ ਥੋਹੜੀ ਜਿਹੀ।