ਅਕਾਲੀ ਲਹਿਰ ਦਾ ਲਹੂ ਭਿੱਜਿਆ ਪੱਤਰਾ - ਗੁਰਦੇਵ ਸਿੰਘ ਸਿੱਧੂ
ਗੁਰਦੁਆਰਾ ਸੁਧਾਰ ਲਹਿਰ, ਜਿਸ ਵਿਚ 1920ਵਿਆਂ ਦੌਰਾਨ ਸਿੱਖਾਂ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ, ਵਿਚ ਨਨਕਾਣਾ ਸਾਹਿਬ ਦਾ ਸਾਕਾ ਸਭ ਤੋਂ ਅਹਿਮ ਘਟਨਾ ਹੈ। ਇਹ ਸਿੱਖਾਂ ਦੇ ਕੁਰਬਾਨੀਆਂ ਦੇਣ ਦੇ ਜਜ਼ਬੇ ਦੀ ਉਹ ਗਾਥਾ ਹੈ ਜਿਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਸੌ ਸਾਲ ਪਹਿਲਾਂ ਸ਼ਾਂਤਮਈ ਰਹਿ ਕੇ ਅਕਹਿ ਜ਼ੁਲਮ ਝੱਲਣ ਵਾਲੇ ਸੂਰਬੀਰਾਂ ਨੇ ਪੰਜਾਬ ਅਤੇ ਦੁਨੀਆਂ ਦੇ ਇਤਿਹਾਸ ਵਿਚ ਸਿਦਕ, ਸਬਰ, ਹਿੰਮਤ ਅਤੇ ਜੇਰੇ ਦੀ ਅਨੂਠੀ ਇਬਾਰਤ ਲਿਖੀ। ਇਸ ਜਥੇ ਦੀ ਅਗਵਾਈ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਨੇ ਕੀਤੀ। ਜਥੇਦਾਰ ਟਹਿਲ ਸਿੰਘ ਨੇ ਜਥੇ ਨੂੰ ਨਨਕਾਣਾ ਸਾਹਿਬ ਤਕ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਈ।
1469 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਇ ਦੀ ਤਲਵੰਡੀ, ਜਿੱਥੇ ਉਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਪਟਵਾਰੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ, ਵਿਚ ਹੋਇਆ। ਗੁਰੂ ਨਾਨਕ ਦੇਵ ਜੀ ਗਭਰੇਟ ਉਮਰ ਵਿਚ ਹੀ ਇਸ ਨਗਰ ਤੋਂ ਵਿਦਾ ਹੋ ਕੇ ਆਪਣੀ ਵੱਡੀ ਭੈਣ ਬੇਬੇ ਨਾਨਕੀ ਕੋਲ ਉਸ ਦੇ ਸਹੁਰੇ ਪਿੰਡ ਸੁਲਤਾਨਪੁਰ ਲੋਧੀ ਚਲੇ ਗਏ। ਇੱਥੇ ਰਹਿੰਦਿਆਂ ਹੀ ਉਨ੍ਹਾਂ ਦੀ ਸ਼ਾਦੀ ਬਟਾਲੇ ਵਿਚ ਹੋਈ। ਉਹ ਸੁਲਤਾਨਪੁਰ ਤੋਂ ਹੀ ਉਦਾਸੀਆਂ ਲਈ ਨਿਕਲੇ ਅਤੇ ਉਦਾਸੀਆਂ ਉਪਰੰਤ ਜੀਵਨ ਦੇ ਅੰਤਲੇ ਲਗਭਗ ਅਠਾਰਾਂ ਵਰ੍ਹੇ ਕਰਤਾਰਪੁਰ ਨਗਰ ਵਿਚ ਕਿਸਾਨੀ ਕਰਦਿਆਂ ਬਤੀਤ ਕੀਤੇ। ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ : ਸ੍ਰੀ ਚੰਦ ਅਤੇ ਲੱਖਮੀ ਦਾਸ। ਸਾਧੂ ਬਿਰਤੀ ਵਾਲੇ ਸ੍ਰੀ ਚੰਦ ਘਰ ਤਿਆਗ ਗਏ, ਪਰ ਲੱਖਮੀ ਦਾਸ ਨੇ ਆਪਣੇ ਪਿਤਾ ਨਾਲ ਕਰਤਾਰਪੁਰ ਵਿਚ ਨਿਵਾਸ ਕੀਤਾ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਜਦ ਰਾਵੀ ਦਰਿਆ ਨੇ ਕਰਤਾਰਪੁਰ ਨੂੰ ਢਾਹ ਲਾਈ ਤਾਂ ਲੱਖਮੀ ਦਾਸ ਦੇ ਪੁੱਤਰ ਧਰਮ ਚੰਦ ਰਾਵੀ ਤੋਂ ਪਾਰ ਪੂਰਬ ਵੱਲ ਡੇਰਾ ਬਾਬਾ ਨਾਨਕ ਦੀ ਸਥਾਪਨਾ ਕਰਕੇ ਇੱਥੇ ਰਹਿਣ ਲੱਗੇ। ਗੱਲ ਕੀ, ਮਹਿਤਾ ਕਲਿਆਣ ਚੰਦ ਤੋਂ ਪਿੱਛੋਂ ਰਾਇ ਭੋਇ ਦੀ ਤਲਵੰਡੀ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਬੇਧਿਆਨਾ ਅਤੇ ਬਿਨਾਂ ਸੰਭਾਲ ਪਿਆ ਰਿਹਾ। ਭਾਵੇਂ ਲਗਭਗ ਦੋ ਸਦੀਆਂ ਪਿੱਛੋਂ ਦੀਵਾਨ ਕੌੜਾ ਮੱਲ ਨੇ ਇਨ੍ਹਾਂ ਧਰਮ ਅਸਥਾਨਾਂ ਦੀ ਸਾਂਭ ਸੰਭਾਲ ਬਾਰੇ ਉਪਰਾਲਾ ਕੀਤਾ, ਪਰ ਇਨ੍ਹਾਂ ਅਸਥਾਨਾਂ ਦੀ ਸਹੀ ਅਰਥਾਂ ਵਿਚ ਦੇਖਭਾਲ ਉਦੋਂ ਸ਼ੁਰੂ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਹਜ਼ਾਰਾਂ ਏਕੜ ਜ਼ਮੀਨ ਗੁਰ ਅਸਥਾਨਾਂ ਦੇ ਨਾਉਂ ਲਾ ਕੇ ਪੂਜਾ ਪਾਠ ਕਰਨ ਵਾਸਤੇ ਉਦਾਸੀ ਸੰਤਾਂ ਨੂੰ ਜ਼ਿੰਮੇਵਾਰੀ ਸੌਂਪੀ। ਜਿੰਨੀ ਦੇਰ ਉਦਾਸੀ ਮਹੰਤਾਂ ਦੀ ਨਿਰਭਰਤਾ ਸਿੱਖ ਸੰਗਤ ਦੇ ਚੜ੍ਹਾਵੇ ਉੱਤੇ ਰਹੀ, ਉਹ ਸੰਗਤ ਦੇ ਸਲਾਹ ਮਸ਼ਵਰੇ ਨਾਲ ਚੱਲਦੇ ਰਹੇ, ਪਰ ਜਦ ਖੇਤੀ ਯੋਗ ਜ਼ਮੀਨ ਨੂੰ ਨਹਿਰੀ ਪਾਣੀ ਮਿਲਣ ਨਾਲ ਆਮਦਨ ਕਈ ਗੁਣਾ ਵਧ ਗਈ ਤਾਂ ਉਨ੍ਹਾਂ ਸਿੱਖ ਸੰਗਤ ਦੀ ਥਾਂ ਮਾਲ ਮਹਿਕਮੇ ਦੇ ਕਰਮਚਾਰੀਆਂ ਨਾਲ ਮਿੱਤਰਤਾ ਗੰਢਣੀ ਸ਼ੁਰੂ ਕਰ ਦਿੱਤੀ। ਇਸ ਨੇੜਤਾ ਦਾ ਫ਼ਾਇਦਾ ਉਠਾਉਂਦਿਆਂ ਉਨ੍ਹਾਂ ਨੇ ਅੰਗਰੇਜ਼ੀ ਕਾਨੂੰਨਾਂ ਨੂੰ ਆਧਾਰ ਬਣਾ ਕੇ ਗੁਰਦੁਆਰਿਆਂ ਦੇ ਨਾਉਂ ਲੱਗੀ ਜ਼ਮੀਨ ਆਪਣੇ ਨਾਂ ਲਗਵਾ ਲਈ। ਖੁੱਲ੍ਹੀ-ਡੁੱਲ੍ਹੀ ਆਮਦਨ ਨੇ ਉਨ੍ਹਾਂ ਦੇ ਦਿਮਾਗ਼ ਫੇਰ ਦਿੱਤੇ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ ਥਾਂ ਪੂਜਾ ਪਾਠ ਸੰਬੰਧੀ ਆਪਣੀ ਜ਼ਿੰਮੇਵਾਰੀ ਵੱਲ ਬੇਧਿਆਨੀ ਵਰਤਣ ਲੱਗੇ। ਗੁਰਦੁਆਰਾ ਜਨਮ ਅਸਥਾਨ ਸਾਹਿਬ ਦਾ ਮਹੰਤ ਸਾਧੂ ਦਾਸ ਵੀ ਸਿੱਖੀ ਰਹਿਤ ਨੂੰ ਤਿਲਾਂਜਲੀ ਦੇ ਕੇ ਹਰ ਪ੍ਰਕਾਰ ਦੇ ਕੁਕਰਮ ਕਰਨ ਲੱਗਾ। ਉਸ ਦੀ ਮੌਤ ਹੋਈ ਤਾਂ ਕਿਸ਼ਨ ਦਾਸ ਮਹੰਤ ਬਣਿਆ ਜੋ ਚਰਿੱਤਰਹੀਣਤਾ ਵਿਚ ਉਸ ਨਾਲੋਂ ਵੀ ਚਾਰ ਰੱਤੀਆਂ ਉੱਤੇ ਸੀ। ਉਸ ਨੇ ਇਕ ਸਿੱਖ ਸਰਦਾਰ ਦੀ ਵਿਧਵਾ ਨੂੰ ਘਰ ਵਸਾ ਲਿਆ। ਆਪਣੇ ਭਤੀਜੇ ਦੇ ਵਿਆਹ ਮੌਕੇ ਉਸ ਨੇ ਗੁਰਦੁਆਰਾ ਚੌਗਿਰਦੇ ਦੇ ਅੰਦਰ ਕੰਜਰੀਆਂ ਦੇ ਨਾਚ ਕਰਵਾਏ। ਅਸਾਧ ਰੋਗ ਵਿਚ ਗ੍ਰਸਿਆ ਕਿਸ਼ਨ ਦਾਸ ਜਦ ਇਲਾਜ ਵਾਸਤੇ ਲਾਹੌਰ ਹਸਪਤਾਲ ਵਿਚ ਦਾਖ਼ਲ ਸੀ ਤਾਂ ਉਸ ਦੀ ਮੌਤ ਤੋਂ ਪਹਿਲਾਂ ਉਸ ਦੇ ਚੇਲੇ ਨਰੈਣ ਦਾਸ ਨੇ ਉਸ ਦੀ ਜੇਬ੍ਹ ਵਿਚੋਂ ਗੁਰਦੁਆਰਾ ਜਨਮ ਅਸਥਾਨ ਦੇ ਖ਼ਜ਼ਾਨੇ ਦੀਆਂ ਦੀਆਂ ਚਾਬੀਆਂ ਖਿਸਕਾ ਲਈਆਂ ਅਤੇ ਨਨਕਾਣਾ ਸਾਹਿਬ ਆ ਕੇ ਗੁਰਦੁਆਰੇ ਦੇ ਖ਼ਜ਼ਾਨੇ ਉੱਤੇ ਕਬਜ਼ਾ ਕਰ ਲਿਆ।
ਨਰੈਣ ਦਾਸ ਨੇ ਮਹੰਤ ਵਜੋਂ ਸਿੱਖ ਸੰਗਤ ਦੀ ਸਹਿਮਤੀ ਪ੍ਰਾਪਤ ਕਰਨ ਲਈ ਲਿਖਤੀ ਵਾਅਦਾ ਕੀਤਾ ਕਿ ਉਹ ਪਿਛਲੇ ਮਹੰਤ ਦੀਆਂ ਕਰਤੂਤਾਂ ਨਹੀਂ ਦੁਹਰਾਏਗਾ ਅਤੇ ਉਸ ਵੱਲੋਂ ਕੋਈ ਗ਼ਲਤੀ ਕੀਤੇ ਜਾਣ ਦੀ ਸੂਰਤ ਵਿਚ ਸਿੱਖ ਸੰਗਤ ਉਸ ਨੂੰ ਮਹੰਤੀ ਤੋਂ ਹਟਾਉਣ ਦੀ ਅਧਿਕਾਰੀ ਹੋਵੇਗੀ। ਪਰ ਜਿਉਂ ਹੀ ਉਸ ਦੇ ਪੈਰ ਜੰਮੇ ਉਸ ਨੇ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਇਕ ਬਦਚਲਨ ਔਰਤ ਨੂੰ ਘਰ ਵਸਾ ਲਿਆ ਜਿਸ ਦੇ ਪੇਟੋਂ ਦੋ ਲੜਕਿਆਂ ਅਤੇ ਦੋ ਲੜਕੀਆਂ ਦਾ ਜਨਮ ਹੋਇਆ। ਉਸ ਨੇ ਗੁਰਦੁਆਰੇ ਦੀ ਆਮਦਨ ਵਿਚੋਂ ਦੋ ਘਰ - ਇਕ ਨਨਕਾਣਾ ਸਾਹਿਬ ਵਿਚ ਅਤੇ ਦੂਜਾ ਰਾਮ ਗਲੀ, ਲਾਹੌਰ ਵਿਚ - ਖ਼ਰੀਦ ਲਏ। 1917 ਵਿਚ ਉਸ ਨੇ ਪਿਛਲੇ ਮਹੰਤ ਵਾਂਗ ਹੀ ਗੁਰਦੁਆਰੇ ਵਿਚ ਮੁਜਰਾ ਕਰਵਾਇਆ। ਮਹੰਤ ਦੀਆਂ ਕਰਤੂਤਾਂ ਨੇ ਉਸ ਦੇ ਕਰਿੰਦਿਆਂ ਨੂੰ ਮੰਦਕਰਮਾਂ ਦੇ ਰਾਹ ਪਾਇਆ ਅਤੇ ਉਹ ਗੁਰਦੁਆਰੇ ਵਿਚ ਮੱਥਾ ਟੇਕਣ ਲਈ ਆਉਣ ਵਾਲੀਆਂ ਇਸਤਰੀਆਂ ਨਾਲ ਦੁਰਾਚਾਰ ਕਰਨ ਲੱਗੇ। ਇਸ ਦੇ ਬਰਖਿਲਾਫ਼ ਅਖ਼ਬਾਰਾਂ ਵਿਚ ਰੌਲਾ ਪਿਆ, ਸਿੰਘ ਸਭਾਵਾਂ ਨੇ ਮਤੇ ਪਾਸ ਕਰਕੇ ਸਰਕਾਰ ਨੂੰ ਅਜਿਹਾ ਹੋਣ ਤੋਂ ਰੋਕਣ ਲਈ ਆਖਿਆ, ਪਰ ਸਭ ਯਤਨ ਨਿਹਫਲ ਰਹੇ। ਰੌਲਾ ਰੱਪਾ ਪਾਉਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਸਥਿਤੀ ਨੂੰ ਸੁਧਾਰਨ ਵੱਲ ਕੁਝ ਨਾ ਕੀਤੇ ਜਾਣ ਦੇ ਫਲਸਰੂਪ ਸਿੱਖ ਸੰਗਤ ਆਪ ਕੋਈ ਉਪਰਾਲਾ ਕਰਨ ਬਾਰੇ ਸੋਚਣ ਲੱਗੀ। ਨਰੈਣ ਦਾਸ ਨੂੰ ਡਰ ਸੀ ਕਿ ਨਵੰਬਰ 1920 ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਮੌਕੇ ਸਿੱਖ ਸੰਗਤ ਦੇ ਇਕੱਠ ਦਾ ਲਾਭ ਉਠਾਉਂਦਿਆਂ ਅਕਾਲੀ ਇਸ ਅਵਸਰ ਨੂੰ ਗੁਰਦੁਆਰੇ ਉੱਤੇ ਕਬਜ਼ਾ ਕਰਨ ਲਈ ਵਰਤਣਗੇ, ਇਸ ਲਈ ਉਸ ਨੇ ਆਪਣੇ ਚਾਟੜਿਆਂ ਨੂੰ ਹੁਕਮ ਦਿੱਤਾ ਕਿ ਪੁਰਬ ਮੌਕੇ ਕਿਸੇ ਵੀ ਕ੍ਰਿਪਾਨਧਾਰੀ ਸਿੱਖ ਨੂੰ ਗੁਰਦੁਆਰਾ ਪਰਿਸਰ ਵਿਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਨਤੀਜਨ ਜਦ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਤਾਂ ਝਗੜਾ ਹੋ ਗਿਆ। ਮੌਕੇ ਉੱਤੇ ਹਾਜ਼ਰ ਪੁਲੀਸ ਕਰਮੀਆਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਘਟਨਾ ਨੇ ਸਿੱਖ ਮਨਾਂ ਵਿਚ ਮਹੰਤ ਪ੍ਰਤੀ ਰੋਹ ਅਤੇ ਘ੍ਰਿਣਾ ਭਰ ਦਿੱਤੀ। ਜਿੱਥੇ ਕਿਤੇ ਵੀ ਸਿੱਖ ਸੰਗਤ ਜੁੜਦੀ, ਗੁਰਦੁਆਰਾ ਜਨਮ ਅਸਥਾਨ ਦੇ ਮਹੰਤ ਨਰੈਣ ਦਾਸ ਦੇ ਦੁਰਾਚਾਰਾਂ ਦੀ ਚਰਚਾ ਹੁੰਦੀ। ਦਸੰਬਰ 1920 ਵਿਚ ਧਾਰੋਵਾਲੀ ਪਿੰਡ ਵਿਚ ਹੋਏ ਦੀਵਾਨ ਵਿਚ ਇਕ ਮਤਾ ਪ੍ਰਵਾਨ ਕਰਕੇ ਮਹੰਤ ਨੂੰ ਆਪਣਾ ਆਚਰਣ ਅਤੇ ਗੁਰਦੁਆਰੇ ਦਾ ਪ੍ਰਬੰਧ ਸੁਧਾਰਨ ਲਈ ਆਖਿਆ ਗਿਆ। ਮਹੰਤ ਨੂੰ ਸਰਕਾਰੀ ਅਫ਼ਸਰਾਂ ਦੀ ਸ਼ਹਿ ਸੀ, ਨਾਲ ਹੀ ਬਾਬਾ ਕਰਤਾਰ ਸਿੰਘ ਬੇਦੀ ਉਸ ਦਾ ਪੱਖ ਪੂਰ ਰਿਹਾ ਸੀ। ਸੋ ਉਸ ਨੇ ਆਪਣਾ ਧੜਾ ਮਜ਼ਬੂਤ ਕਰਨ ਵਾਸਤੇ ਨਨਕਾਣਾ ਸਾਹਿਬ ਵਿਚ ਉਦਾਸੀ ਮਹੰਤਾਂ ਦੀ ਇਕੱਤਰਤਾ ਬੁਲਾਈ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਕਾਬਲੇ ਆਪਣੀ ਕਮੇਟੀ ਗਠਿਤ ਕੀਤੀ ਗਈ। ਮਹੰਤ ਨਰੈਣ ਦਾਸ ਨੂੰ ਇਸ ਕਮੇਟੀ ਦਾ ਪ੍ਰਧਾਨ ਅਤੇ ਮਾਣਕ ਦੇ ਮਹੰਤ ਬਸੰਤ ਦਾਸ ਨੂੰ ਸਕੱਤਰ ਬਣਾਇਆ ਗਿਆ। ਕਮੇਟੀ ਦਾ ਖਰਚਾ ਚਲਾਉਣ ਲਈ ਮੌਕੇ ਉੱਤੇ ਸੱਠ ਹਜ਼ਾਰ ਰੁਪਏ ਇਕੱਠੇ ਹੋਏ ਅਤੇ ਮਹੰਤਾਂ ਦੇ ਪੱਖ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਵਾਸਤੇ ਲਾਹੌਰ ਤੋਂ ‘ਸੰਤ ਸੇਵਕ’ ਨਾਉਂ ਦਾ ਅਖ਼ਬਾਰ ਸ਼ੁਰੂ ਕਰਨ ਦਾ ਫ਼ੈਸਲਾ ਹੋਇਆ। ਮਹੰਤ ਨੇ ਅਕਾਲੀਆਂ ਵੱਲੋਂ ਗੁਰਦੁਆਰਾ ਪ੍ਰਬੰਧ ਸੰਭਾਲਣ ਬਾਰੇ ਕੀਤੇ ਜਾਣ ਵਾਲੇ ਕਿਸੇ ਵੀ ਯਤਨ ਨੂੰ ਹਿੰਸਕ ਵਿਰੋਧ ਨਾਲ ਮਾਤ ਦੇਣ ਦੀ ਯੋਜਨਾ ਵੀ ਘੜ ਲਈ।
ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਪਸ਼ਟ ਦਿਖਾਈ ਦਿੱਤਾ ਕਿ ਮਹੰਤ ਸਰਕਾਰੀ ਸ਼ਹਿ ਕਾਰਨ ਕਮੇਟੀ ਤੋਂ ਨਾਬਰ ਹੋ ਗਿਆ ਹੈ ਤਾਂ 24 ਜਨਵਰੀ ਦੀ ਮੀਟਿੰਗ ਵਿਚ 4, 5 ਅਤੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਵਿਚ ਵੱਡੀ ਸਿੱਖ ਇਕੱਤਰਤਾ ਕਰਨ ਦਾ ਨਿਰਣਾ ਲਿਆ ਗਿਆ। ਇਕ ਇਸ਼ਤਿਹਾਰ ਛਾਪ ਕੇ ਪੰਜਾਬ ਸਰਕਾਰ, ਸਿੱਖ ਰਾਜਿਆਂ ਅਤੇ ਮੋਹਤਬਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਗੁਰਦੁਆਰੇ ਦਾ ਪ੍ਰਬੰਧ ਸਿੱਖ ਸੰਗਤ ਨੂੰ ਸੌਂਪ ਦੇਣ ਬਾਰੇ ਮਹੰਤ ਉੱਤੇ ਦਬਾਅ ਪਾਉਣ। ਮਹੰਤ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਹ ਇਕ ਪਾਸੇ ਤਾਂ ਆਪਣੀ ਹਿੰਸਕ ਯੋਜਨਾ ਨੂੰ ਨੇਪਰੇ ਚਾੜ੍ਹਨ ਦੀ ਤਿਆਰੀ ਵਿਚ ਜੁਟ ਗਿਆ ਅਤੇ ਦੂਜੇ ਪਾਸੇ ਉਸ ਨੇ ਗੱਲਬਾਤ ਨਾਲ ਮਾਮਲਾ ਨਿਬੇੜਨ ਲਈ ਜਥੇਦਾਰ ਕਰਤਾਰ ਸਿੰਘ ਝੱਬਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਬਣਾਇਆ। ਇਹ ਉਸ ਦੀ ਸਿਰਫ਼ ਚਾਲ ਸੀ। ਇਸ ਲਈ ਕਮੇਟੀ ਮੈਂਬਰਾਂ ਨੇ ਜਦ ਵੀ ਉਸ ਨੂੰ ਵਿਚਾਰ ਵਟਾਂਦਰੇ ਲਈ ਸੱਦਿਆ, ਉਹ ਕਿਸੇ ਨਾ ਕਿਸੇ ਬਹਾਨੇ ਮੁਲਾਕਾਤ ਨੂੰ ਟਾਲਦਾ ਰਿਹਾ। ਅਕਾਲੀ ਆਗੂਆਂ ਵੱਲੋਂ ਸਿੱਖ ਸੰਗਤ ਦੀ ਮਦਦ ਨਾਲ ਗੁਰਦੁਆਰਾ ਪ੍ਰਬੰਧ ਸੰਭਾਲਣ ਦੀ ਕਿਸੇ ਵੀ ਕਾਰਵਾਈ ਨੂੰ ਅਸਫ਼ਲ ਕਰਨ ਲਈ ਦੀ ਪੇਸ਼ਬੰਦੀ ਵਜੋਂ ਉਸ ਨੇ ਇਲਾਕੇ ਦੇ ਸੈਂਕੜੇ ਬਦਮਾਸ਼ ਗੁਰਦੁਆਰੇ ਵਿਚ ਇਕੱਠੇ ਕਰ ਲਏ ਅਤੇ ਉਨ੍ਹਾਂ ਨੂੰ ਛਵੀਆਂ, ਗੰਡਾਸਿਆਂ, ਕਿਰਪਾਨਾਂ ਆਦਿ ਨਾਲ ਸਨਦਬੱਧ ਕਰ ਲਿਆ।
ਸ਼੍ਰੋਮਣੀ ਕਮੇਟੀ ਨੂੰ ਸੂਚਨਾ ਮਿਲ ਗਈ ਸੀ ਕਿ ਮਹੰਤ ਨਰੈਣ ਦਾਸ ਤਰਨਤਾਰਨ ਦੇ ਪੁਜਾਰੀਆਂ ਵਾਂਗ ਸਮਝੌਤਾ ਕਰਨ ਬਹਾਨੇ ਸਿੱਖ ਮੁਖੀਆਂ ਨੂੰ ਗੁਰਦੁਆਰੇ ਦੇ ਅੰਦਰ ਬੁਲਾ ਕੇ ਸਮੂਹਿਕ ਕਤਲੇਆਮ ਕਰਨ ਬਾਰੇ ਵਿਉਂਤ ਬਣਾ ਰਿਹਾ ਹੈ। ਇਹ ਜਾਣਕਾਰੀ ਮਿਲਣ ਉੱਤੇ ਭਾਈ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਬੂਟਾ ਸਿੰਘ ਨੇ 17 ਫਰਵਰੀ ਨੂੰ ਸਲਾਹ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਮਿਥੀ ਤਰੀਕ ਤੋਂ ਪਹਿਲਾਂ ਹੀ ਕਿਸੇ ਦਿਨ ਜਥਿਆਂ ਸਮੇਤ ਅਚਾਨਕ ਨਨਕਾਣਾ ਸਾਹਿਬ ਜਾ ਕੇ ਗੁਰਦੁਆਰੇ ਉੱਤੇ ਕਬਜ਼ਾ ਕਰ ਲੈਣ। ਇਸ ਮੰਤਵ ਲਈ ਜਥੇਦਾਰ ਝੱਬਰ ਅਤੇ ਭਾਈ ਲਛਮਣ ਸਿੰਘ ਦੇ ਜਥਿਆਂ ਨੇ 19 ਫਰਵਰੀ ਦੀ ਰਾਤ ਨਨਕਾਣਾ ਸਾਹਿਬ ਤੋਂ ਕੁਝ ਮੀਲ ਦੀ ਦੂਰੀ ਉੱਤੇ ਚੰਦਰਕੋਟ ਵਿਖੇ ਇਕੱਠੇ ਹੋਣ ਦਾ ਫ਼ੈਸਲਾ ਕੀਤਾ। ਲਾਹੌਰ ਅਕਾਲੀ ਦਫ਼ਤਰ ਵਿਚ ਸ. ਤੇਜਾ ਸਿੰਘ ਸਮੁੰਦਰੀ, ਸ. ਹਰਚੰਦ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੂੰ ਇਸ ਵਿਉਂਤ ਦਾ ਪਤਾ ਲੱਗਾ ਤਾਂ ਉਨ੍ਹਾਂ ਮਹੰਤ ਨਰੈਣ ਦਾਸ ਵੱਲੋਂ ਕੀਤੀ ਜਾ ਰਹੀ ਤਿਆਰੀ ਨੂੰ ਵੇਖਦਿਆਂ ਇਸ ਯੋਜਨਾ ਨੂੰ ਖ਼ਤਰਨਾਕ ਸਮਝਿਆ ਅਤੇ ਸ. ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ. ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਸਾਂਗਲਾ ਦੀ ਸਹਿਮਤੀ ਨਾਲ ਇਸ ਉੱਤੇ ਅਮਲ ਨਾ ਕੀਤੇ ਜਾਣ ਦਾ ਨਿਰਣਾ ਲੈ ਕੇ ਪਿਛਲੇ ਦੋਵਾਂ ਸਿੱਖ ਮੁਖੀਆਂ ਦੀ ਡਿਊਟੀ ਲਾਈ ਗਈ ਕਿ ਉਹ ਜਥੇਦਾਰ ਝੱਬਰ ਅਤੇ ਦੂਜਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣ। ਉਕਤ ਦੋਵੇਂ ਆਗੂ ਤੁਰੰਤ ਜਥੇਦਾਰ ਝੱਬਰ ਨੂੰ ਮਿਲਣ ਲਈ ਚੱਲ ਪਏ ਅਤੇ ਰਾਤ ਦੇ ਅੱਠ ਵਜੇ ਤੱਕ ਜਥੇਦਾਰ ਝੱਬਰ ਨੂੰ ਸਮਝਾਉਣ ਵਿਚ ਸਫ਼ਲ ਹੋਏ। ਉਪਰੰਤ ਭਾਈ ਦਲੀਪ ਸਿੰਘ ਸਾਂਗਲਾ ਸ. ਲਛਮਣ ਸਿੰਘ ਨੂੰ ਨਨਕਾਣਾ ਸਹਿਬ ਜਾਣ ਤੋਂ ਰੋਕਣ ਲਈ ਚੰਦਰਕੋਟ ਪਹੁੰਚਿਆ, ਪਰ ਉਸ ਦੇ ਉੱਥੇ ਪੁੱਜਣ ਤੋਂ ਪਹਿਲਾਂ ਹੀ ਭਾਈ ਲਛਮਣ ਸਿੰਘ ਆਪਣੇ ਜਥੇ ਨਾਲ ਅੱਗੇ ਨਿਕਲ ਚੁੱਕੇ ਸਨ। ਭਾਈ ਲਛਮਣ ਸਿੰਘ ਦਾ ਲਗਭਗ ਦੋ ਸੌ ਸਿੰਘਾਂ ਦਾ ਜਥਾ ਪੌਣੇ ਕੁ ਛੇ ਵਜੇ ਨਨਕਾਣਾ ਸਾਹਿਬ ਦੇ ਨੇੜ ਭੱਠਿਆਂ ਉੱਤੇ ਪੁੱਜਾ ਸੀ ਕਿ ਭਾਈ ਦਲੀਪ ਸਿੰਘ ਦਾ ਪੱਤਰ ਲੈ ਕੇ ਇਕ ਘੋੜ ਸਵਾਰ ਉਨ੍ਹਾਂ ਨੂੰ ਮਿਲਿਆ। ਭਾਈ ਦਲੀਪ ਸਿੰਘ ਪ੍ਰਤੀ ਮਨ ਵਿਚ ਸਤਿਕਾਰ ਹੋਣ ਕਾਰਨ ਭਾਈ ਲਛਮਣ ਸਿੰਘ ਨੇ ਪੱਤਰ ਦੀ ਲਿਖਤ ਅਨੁਸਾਰ ਅੱਗੇ ਜਾਣ ਦਾ ਵਿਚਾਰ ਤਿਆਗ ਦਿੱਤਾ, ਪਰ ਜਥੇ ਦੇ ਇਕ ਮੈਂਬਰ ਭਾਈ ਟਹਿਲ ਸਿੰਘ ਦੇ ਜ਼ੋਰ ਪਾ ਕੇ ਕਹਿਣ ਉੱਤੇ ਕਿ ਉਹ ਆਏ ਹਨ ਤਾਂ ਸ਼ਾਂਤਮਈ ਰਹਿੰਦਿਆਂ ਜਨਮ ਅਸਥਾਨ ਗੁਰਦੁਆਰੇ ਵਿਚ ਨਤ ਮਸਤਕ ਹੋ ਕੇ ਮੁੜਣ, ਜਥੇ ਨੇ ਅੱਗੇ ਚਾਲੇ ਪਾ ਦਿੱਤੇ। ਸਰੋਵਰ ਵਿਚ ਇਸ਼ਨਾਨ ਕਰਨ ਪਿੱਛੋਂ ਜਥਾ ਛੇ ਕੁ ਵਜੇ ਗੁਰਦੁਆਰੇ ਵਿਚ ਦਾਖ਼ਲ ਹੋਇਆ। ਮਹੰਤ ਨੂੰ ਇਸ ਜਥੇ ਦੇ ਆਉਣ ਬਾਰੇ ਸੂਚਨਾ ਮਿਲ ਚੁੱਕੀ ਸੀ ਅਤੇ ਉਸ ਨੇ ਗੁਰਦੁਆਰੇ ਅੰਦਰ ਦਾਖ਼ਲ ਹੋਣ ਦੇ ਹਰ ਰਾਹ ਉੱਤੇ ਹਥਿਆਰਬੰਦ ਗੁੰਡੇ ਬਿਠਾ ਰੱਖੇ ਸਨ। ਜਿਉਂ ਹੀ ਜਥਾ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗੁੰਜਾਉਂਦਾ ਹੋਇਆ ਦਰਵਾਜ਼ੇ ਤੋਂ ਅੰਦਰ ਦਾਖ਼ਲ ਹੋਇਆ, ਸੋਚੀ ਸਮਝੀ ਯੋਜਨਾ ਅਨੁਸਾਰ ਬੂਹਾ ਬੰਦ ਕਰ ਦਿੱਤਾ ਗਿਆ। ਜਥਾ ਦਰਬਾਰ ਸਾਹਿਬ ਵਿਚ ਜਾ ਕੇ ਮੱਥਾ ਟੇਕਣ ਉਪਰੰਤ ਬੈਠ ਕੇ ਸ਼ਬਦ ਗਾਇਨ ਕਰ ਲੱਗਾ। ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ। ਦਰਬਾਰ ਸਾਹਿਬ ਅੰਦਰ ਬੈਠੇ ਇੱਕਾ ਦੁੱਕਾ ਮਹੰਤ ਬਾਹਰ ਚਲੇ ਗਏ ਤਾਂ ਸਿੱਖ ਸੰਗਤ ਉੱਤੇ ਇਕਦਮ ਉੱਪਰੋਂ ਗੋਲੀਆਂ ਅਤੇ ਬੂਹਿਆਂ ਵਿਚੋਂ ਇੱਟਾਂ ਰੋੜਿਆਂ ਦੀ ਬਰਖਾ ਸ਼ੁਰੂ ਹੋ ਗਈ। ਗੋਲੀਬਾਰੀ ਵਿਚ 25 ਸਿੰਘ ਸ਼ਹੀਦ ਹੋ ਗਏ ਅਤੇ ਕੁਝ ਗੋਲੀਆਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਵੀ ਲੱਗੀਆਂ। ਬਹੁਤੇ ਸਿੱਖਾਂ ਨੇ ਦਰਬਾਰ ਸਾਹਿਬ ਦੇ ਨਾਲ ਲੱਗਦੀ ‘ਚੌਖੰਡੀ’ ਵਿਚ ਜਾ ਕੇ ਅੰਦਰੋਂ ਕੁੰਡੀ ਲਾ ਲਈ ਤਾਂ ਉਨ੍ਹਾਂ ਨੂੰ ਉੱਪਰੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਗੱਲ ਕੀ ਗੁਰਦੁਆਰਾ ਪਰਿਸਰ ਵਿਚ ਜਿੱਥੇ ਵੀ ਕੋਈ ਸਿੱਖ ਦਿਸਿਆ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਨਨਕਾਣਾ ਸਾਹਿਬ ਕਸਬੇ ਵਿਚੋਂ ਸਿੱਖਾਂ ਦੀ ਵੱਡੀ ਗਿਣਤੀ ਗੁਰਦੁਆਰੇ ਅੱਗੇ ਇਕੱਠੀ ਹੋ ਗਈ ਅਤੇ ਜੈਕਾਰੇ ਗੁੰਜਾਉਣ ਲੱਗੀ। ਮਹੰਤ ਨੇ ਆਪਣੇ ਗੁੰਡਿਆਂ ਨੂੰ ਉਨ੍ਹਾਂ ਉੱਤੇ ਵੀ ਗੋਲੀ ਚਲਾਉਣ ਦਾ ਹੁਕਮ ਦਿੱਤਾ ਅਤੇ ਕਈਆਂ ਨੂੰ ਮਾਰ ਮੁਕਾਇਆ। ਮਹੰਤ ਨੂੰ ਅਜਿਹਾ ਅਣਮਨੁੱਖੀ ਕਾਰਾ ਕਰਨ ਤੋਂ ਵਰਜਣ ਲਈ ਆਏ ਭਾਈ ਦਲੀਪ ਸਿੰਘ ਨੂੰ ਮਹੰਤ ਨੇ ਖ਼ੁਦ ਗੋਲੀ ਮਾਰ ਕੇ ਸ਼ਹੀਦ ਕੀਤਾ। ਇਸ ਪਿੱਛੋਂ ਮਹੰਤ ਨੇ ਚੌਖੰਡੀ ਦੇ ਨੇੜ ਲੱਕੜਾਂ ਦਾ ਢੇਰ ਲਗਵਾਇਆ ਅਤੇ ਮਾਰੇ ਗਏ ਸਿੱਖਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਇਸ ਵਿਚ ਸੁੱਟ ਕੇ ਅੱਗ ਲਾ ਦਿੱਤੀ। ਜ਼ਖ਼ਮੀਆਂ ਵਿਚੋਂ ਕਈਆਂ ਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਮੁੜ ਅੱਗ ਵਿਚ ਧੱਕ ਦਿੱਤਾ ਗਿਆ। ਜਿਉਂ ਹੀ ਮਹੰਤ ਵੱਲੋਂ ਕੀਤੇ ਜਾ ਰਹੇ ਕਤਲੇਆਮ ਬਾਰੇ ਨਨਕਾਣਾ ਵਾਸੀ ਸ. ਉੱਤਮ ਸਿੰਘ ਕਾਰਖਾਨੇਦਾਰ ਨੂੰ ਪਤਾ ਲੱਗਾ, ਉਸ ਨੇ ਤੁਰੰਤ ਗਵਰਨਰ ਪੰਜਾਬ, ਕਮਿਸ਼ਨਰ ਲਾਹੌਰ ਅਤੇ ਹੋਰ ਅਧਿਕਾਰੀਆਂ ਨੂੰ ਤਾਰ ਭੇਜ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ, ਲਾਹੌਰ 12 ਵਜੇ ਆਇਆ ਪਰ ਕਲਮ-ਕੱਲਾ। ਡਵੀਯਨਲ ਕਮਿਸ਼ਨਰ, ਲਾਹੌਰ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲੀਸ ਰਾਤ ਨੂੰ 9 ਵਜੇ ਗੱਡੀ ਉੱਤੇ ਆਏ, ਉਨ੍ਹਾਂ ਨਾਲ 100 ਬਰਤਾਨਵੀ ਅਤੇ ਏਨੇ ਹੀ ਹਿੰਦੋਸਤਾਨੀ ਸਿਪਾਹੀ ਸਨ। ਸਰਦਾਰ ਬਹਾਦਰ ਮਹਿਤਾਬ ਸਿੰਘ ਅਤੇ ਪੰਜ ਹੋਰ ਸਿੱਖ ਆਗੂ ਏਸੇ ਗੱਡੀ ਵਿਚ ਨਨਕਾਣਾ ਸਾਹਿਬ ਪਹੁੰਚੇ। ਪੁਲੀਸ ਅਫ਼ਸਰ ਵੱਲੋਂ ਹੁਕਮ ਦਿੱਤੇ ਜਾਣ ਉੱਤੇ ਸਿਪਾਹੀਆਂ ਨੇ ਗੁਰਦੁਆਰਾ ਪਰਿਸਰ ਨੂੰ ਚਾਰਾਂ ਪਾਸਿਆਂ ਤੋਂ ਘੇਰ ਲਿਆ ਅਤੇ ਕਿਸੇ ਦੇ ਵੀ ਅੰਦਰ ਆਉਣ ਉੱਤੇ ਪਾਬੰਦੀ ਲਾ ਦਿੱਤੀ। ਮਹੰਤ ਨਰੈਣ ਦਾਸ ਅਤੇ ਉਸ ਦੇ 28 ਗੁੰਡਿਆਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਤੋਰ ਦਿੱਤਾ ਗਿਆ। ਇਸ ਹਿਰਦੇਵੇਧਕ ਘਟਨਾ ਦੀ ਸੂਚਨਾ ਅੰਮ੍ਰਿਤਸਰ ਪਹੁੰਚੀ ਤਾਂ ਉੱਥੋਂ ਸ. ਹਰਬੰਸ ਸਿੰਘ, ਸ. ਸੁੰਦਰ ਸਿੰਘ ਰਾਮਗੜ੍ਹੀਆ ਅਤੇ ਕੁਝ ਹੋਰ ਆਗੂ 21 ਫਰਵਰੀ ਦੀ ਸਵੇਰ ਪਹੁੰਚੇ। ਉਨ੍ਹਾਂ ਗੁਰਦੁਆਰਾ ਪਰਿਸਰ ਵਿਚ ਜਾ ਕੇ ਭੈਅਭੀਤ ਕਰਨ ਵਾਲਾ ਦ੍ਰਿਸ਼ ਵੇਖਿਆ। ਸਾਰਾ ਚੌਗਿਰਦਾ ਵੱਡੀ ਕਤਲਗਾਹ ਬਣਿਆ ਦਿਖਾਈ ਦਿੰਦਾ ਸੀ, ਫਰਸ਼, ਜਿਸ ਦੇ ਉੱਤੋਂ ਜ਼ਖ਼ਮੀਆਂ ਨੂੰ ਖਿੱਚ ਧੂਹ ਕੇ ਅੱਗ ਵਿਚ ਸੁੱਟਿਆ ਗਿਆ ਸੀ, ਉੱਤੇ ਲਹੂ ਦੀਆਂ ਪੇਪੜੀਆਂ ਜੰਮੀਆਂ ਹੋਈਆਂ ਸਨ; ਵਾਲਾਂ ਦੇ ਗੁੱਛੇ ਅਤੇ ਕੰਘੇ ਇਧਰ ਉਧਰ ਖਿੰਡੇ ਪਏ ਸਨ ਅਤੇ ਛੱਤ ਉੱਤੇ ਇੱਟਾਂ ਵੱਟਿਆਂ ਦੇ ਢੇਰ, ਰਫਲਾਂ ਵਿਚ ਚਲਾਈਆਂ ਗੋਲੀਆਂ ਦੇ ਖਾਲੀ ਡੱਬੇ, ਚੱਲੇ ਹੋਏ ਕਾਰਤੂਸ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਪਈਆਂ ਸਨ। ਮਹੰਤ ਦੇ ਨਿੱਜੀ ਕਮਰੇ ਵਿਚੋਂ ਵੀ ਇਸ ਤਰ੍ਹਾਂ ਦਾ ਢੇਰ ਮਸਾਲਾ ਮਿਲਿਆ।
ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਵਿਚ ਹੋਏ ਇਸ ਸਾਕੇ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਦੂਰੋਂ ਨੇੜਿਓਂ ਸਿੱਖ ਸੰਗਤ ਵਹੀਰਾਂ ਘੱਤ ਕੇ ਨਨਕਾਣੇ ਨੂੰ ਚੱਲ ਪਈ। ਛੋਟੇ ਛੋਟੇ ਜਥੇ ਤਾਂ ਅਨੇਕ ਆਏ, ਪਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਜੋ 2200 ਸਿੰਘਾਂ ਦਾ ਜਥਾ ਪਹੁੰਚਿਆ, ਉਸ ਜਥੇ ਦੇ ਹਰ ਮੈਂਬਰ ਦੇ ਹੱਥ ਵਿਚ ਟਕੂਆ, ਗੰਡਾਸਾ, ਸਫਾਜੰਗ ਆਦਿ ਸੀ, ਨਹੀਂ ਤਾਂ ਡਾਂਗ ਹਰ ਕਿਸੇ ਕੋਲ ਸੀ। ਮਰਨ ਮਾਰਨ ਉੱਤੇ ਉਤਾਰੂ ਇਹ ਜਥਾ ਪੁਲੀਸ ਦਾ ਘੇਰਾ ਤੋੜ ਕੇ ਗੁਰਦੁਆਰੇ ਅੰਦਰ ਦਾਖ਼ਲ ਹੋਣ ਉੱਤੇ ਬਜ਼ਿਦ ਸੀ। ਸਰਕਾਰੀ ਅਧਿਕਾਰੀ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਇਹ ਅੜੀ ਛੱਡਣ ਲਈ ਸ਼ਾਮ ਤੱਕ ਪ੍ਰੇਰਦੇ ਰਹੇ, ਪਰ ਨਿਹਫਲ ਰਹੇ। ਅੰਤ ਨੂੰ ਅਧਿਕਾਰੀ ਜਥੇ ਦੀ ਮੰਗ ਅੱਗੇ ਝੁਕਦਿਆਂ ਗੁਰਦੁਆਰੇ ਦੀਆਂ ਚਾਬੀਆਂ ਸਿੱਖ ਆਗੂਆਂ ਦੇ ਹਵਾਲੇ ਕਰਨ ਲਈ ਮਜਬੂਰ ਹੋ ਗਏ। ਗੁਰਦੁਆਰੇ ਦੇ ਪ੍ਰਬੰਧ ਵਾਸਤੇ ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਸ. ਹਰਬੰਸ ਸਿੰਘ ਅਟਾਰੀ ਨੂੰ ਪ੍ਰਧਾਨ ਥਾਪਿਆ ਗਿਆ।
ਗਿਆਨੀ ਪ੍ਰਤਾਪ ਸਿੰਘ, ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ, ਅਨੁਸਾਰ ‘ਨਨਕਾਣਾ ਸਾਹਿਬ ਵਿਚ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ ਬਾਰੇ ਮਤਭੇਦ ਹੈ। ਕਈ ਲੇਖਕਾਂ ਨੇ ਗਿਣਤੀ 120, 150 ਅਤੇ 200 ਤੱਕ ਲਿਖੀ ਹੈ। ਸ. ਚਰਨ ਸਿੰਘ ਇੰਸਪੈਕਟਰ ਪੁਲੀਸ ਨੇ ਪੜਤਾਲ ਕਰ ਕੇ 156 ਲਿਖੇ ਹਨ। ਸਰਕਾਰੀ ਰਿਪੋਰਟਾਂ ਵਿਚ ਗਿਣਤੀ 126 ਅਤੇ 130 ਦਿੱਤੀ ਹੈ। ਸ੍ਰੀ ਨਨਕਾਣਾ ਸਾਹਿਬ ਕਮੇਟੀ ਨੇ ਜੋ ਸ਼ਹੀਦੀ ਜੀਵਨ (ਲੇਖਕ ਸ. ਗੁਰਬਖਸ਼ ਸਿੰਘ ਸ਼ਮਸ਼ੇਰ ਝਬਾਲੀਆ) ਪ੍ਰਕਾਸ਼ਿਤ ਕੀਤਾ ਹੈ ਉਸ ਵਿਚ ਦੋ ਸੌ ਸਿੰਘਾਂ ਦਾ ਜਥਾ ਮੰਨਿਆ ਗਿਆ ਹੈ, ਜਿਸ ਵਿਚੋਂ 86 ਸਿੰਘ ਸ਼ਹੀਦ ਹੋਏ ਦੱਸੇ ਹਨ।’’ ਸ਼ਹੀਦ ਸਿੱਖਾਂ ਵਿਚ ਵੱਡੀ ਗਿਣਤੀ ਧਾਰੋਵਾਲੀ, ਬੁੰਡਾਲਾ ਚੱਕ ਨੰਬਰ 17 ਅਤੇ 64, ਨਜਾਮਪੁਰ ਦੇਵਾ ਸਿੰਘ, ਨਜਾਮਪੁਰ ਮੂਲਾ ਸਿੰਘ, ਧਨੂਆਣਾ ਚੱਕ ਨੰਬਰ 91 ਦੇ ਵਸਨੀਕਾਂ ਦੀ ਸੀ।
ਸੰਪਰਕ : 9417049417