ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦਤਾ : ਇੱਕ ਸੁਆਲ? -ਜਸਵੰਤ ਸਿੰਘ 'ਅਜੀਤ'
ਅਨੇਕਾਂ ਅਣ-ਸੁਲਝੇ ਵਿਵਾਦਾਂ ਦਾ ਸ਼ਿਕਾਰ ਹੋ, ਸਮੁੱਚਾ ਸਿੱਖ ਜਗਤ ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਾ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸਨੂੰ ਰਾਹ ਤਕ ਨਹੀਂ ਮਿਲ ਰਿਹਾ। ਉਸਨੂੰ ਅਜਿਹੀ ਕੋਈ ਸ਼ਖਸੀਅਤ ਵੀ ਨਜ਼ਰ ਨਹੀਂ ਆ ਰਹੀ ਹੈ, ਜੋ ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦ ਹੋ, ਚਾਨਣ-ਮੁਨਾਰਾ ਬਣ, ਇਨ੍ਹਾਂ ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿੱਚ, ਉਸਦਾ ਮਾਰਗ-ਦਰਸ਼ਨ ਕਰ ਸਕੇ! ਜਿਸ ਕਾਰਣ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਕਿਧਰੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਕਿਸੇ ਸੁਹਿਰਦ ਆਗੂ ਦੀ ਅਣਹੋਂਦ ਕਾਰਣ, ਉਹ ਵਿਵਾਦਾਂ ਦੀਆਂ ਇਨ੍ਹਾਂ ਹਨੇਰੀਆਂ ਗਲੀਆਂ ਵਿੱਚ ਭਟਕਦਿਆਂ ਅਤੇ ਦੀਵਾਰਾਂ ਨਾਲ ਖਹਿੰਦਿਆਂ, ਆਪਣੀ ਹੋਂਦ ਹੀ ਗੁਆ ਬੈਠੇਗਾ?
ਜੇ ਸੱਚਾਈ ਸਵੀਕਾਰ ਕੀਤੀ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਵਿਵਾਦਾਂ ਵਿੱਚ ਘਿਰੇ ਸਿੱਖਾਂ ਪਾਸ ਨਾ ਤਾਂ ਕੋਈ ਅਜਿਹੀ ਸੋਝੀ ਰਹਿਣ ਦਿੱਤੀ ਗਈ ਹੈ, ਜਿਸਦੇ ਸਹਾਰੇ ਉਹ ਇਸ ਦੁਬਿੱਧਾ ਵਿਚੋਂ ਬਾਹਰ ਆ, ਫੈਸਲਾ ਕਰ ਸਕਣ ਕਿ ਕਿਹੜਾ ਰਾਹ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਣ ਵਿਚ ਸਹਾਇਕ ਸਾਬਤ ਹੋਵੇਗਾ ਅਤੇ ਨਾ ਹੀ ਉਨ੍ਹਾਂ ਪਾਸ ਅਜਿਹਾ ਕੋਈ ਆਗੂ ਰਹਿ ਗਿਆ ਹੋਇਆ ਹੈ, ਜੋ ਮਾਰਗ-ਦਰਸ਼ਨ ਕਰ, ਉਨ੍ਹਾਂ ਨੂੰ ਇਸ ਦੁਬਿਧਾ ਵਿਚੋਂ ਉਭਾਰ, ਠੀਕ ਰਾਹ ਤੇ ਪਾ ਸਕੇ।
ਇਕ ਪਾਸੇ ਉਹ ਸ਼ਕਤੀਆਂ ਹਨ, ਜੋ ਆਪਣੇ ਨਿਜੀ ਰਾਜਨੈਤਿਕ ਸਵਾਰਥ ਦੀ ਪੂਰਤੀ ਲਈ, ਸਿੱਖ ਧਰਮ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰਂ ਦਾਅ ਤੇ ਲਾ ਰਹੀਆਂ ਹਨ ਅਤੇ ਦੂਜੇ ਪਾਸੇ ਉਹ ਸ਼ਕਤੀਆਂ ਹਨ, ਜੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਰਾਜਨੈਤਿਕ ਸਵਾਰਥ ਦੇ ਸ਼ਿਕਾਰ ਲੋਕਾਂ ਦੇ ਪੰਜੇ ਵਿਚੋਂ ਆਜ਼ਾਦ ਕਰਾਣ ਦਾ ਦਾਅਵਾ ਕਰਦਿਆਂ, ਜਾਣੇ-ਅਣਜਾਣੇ ਮੂਲ ਰਾਹ ਤੋਂ ਭਟਕ, ਅਜਿਹੇ ਲੋਕਾਂ ਦੀ ਸਰਪ੍ਰਸਤੀ ਕਰਨ ਲੱਗ ਪਈਆਂ ਹਨ, ਜੋ ਕੌਮ ਵਿਚ ਵੱਧ ਤੋਂ ਵੱਧ ਵਿਵਾਦ ਪੈਦਾ ਕਰ, ਆਪਣੀ ਦੁਕਾਨਦਾਰੀ ਚਮਕਾਣ ਵਿਚ ਜੁਟੇ ਹੋਏ ਹਨ।
ਅਣਗੋਲਿਆ ਪੱਖ : ਘੋਖਿਆ ਜਾਏ ਤਾਂ ਕਈ ਅਜਿਹੇ ਅਣਗੋਲੇ ਪੱਖ ਹਨ, ਜੋ ਸਿੱਖੀ ਨੂੰ ਢਾਹ ਲਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਹੀ ਅਣਗੋਲੇ ਕੀਤੇ ਜਾ ਰਹੇ ਪੱਖਾਂ ਵਿਚੋਂ ਇਕ ਦਾ ਜ਼ਿਕਰ ਇਥੇ ਕਰਨਾ ਕੁਥਾਊਂ ਨਹੀਂ ਹੋਵੇਗਾ। ਅਖਬਾਰਾਂ ਦੇ ਮੈਟਰੀਮੋਨੀਅਲ ਕਾਲਮਾਂ ਵਿਚ ਛਪੇ ਉਹ ਇਸ਼ਿਤਿਹਾਰ, ਸਿੱਖਾਂ ਦੇ ਰਾਖੇ ਹੋਣ ਦੇ ਦਾਅਵੇ ਨਾਲ ਇਨ੍ਹਾਂ ਆਪੋ ਵਿਚ ਚੁੰਝ ਲੜਾ ਰਿਹਾਂ ਦਾ ਧਿਆਨ ਤੱਕ ਨਹੀਂ ਖਿੱਚਦੇ, ਜਿਨ੍ਹਾਂ ਵਿਚ ਮੋਟੇ-ਮੋਟੇ ਅੱਖਰਾਂ ਵਿਚ 'ਕਲੀਨ-ਸ਼ੇਵਨ ਸਿੱਖ ਮੁੰਡੇ' ਲਈ ਸਿੱਖ ਕੁੜੀ ਦੀ ਅਤੇ ਸਿੱਖ ਕੁੜੀ ਲਈ 'ਕਲੀਨ-ਸ਼ੇਵਨ ਸਿੱਖ ਮੁੰਡੇ' ਦੀ ਮੰਗ, ਇਸਤਰ੍ਹਾਂ ਕੀਤੀ ਗਈ ਹੁੰਦੀ ਹੈ, ਜਿਵੇਂ ਸਿੱਖ ਮੁੰਡੇ ਦਾ 'ਕਲੀਨ ਸ਼ੇਵਨ' ਹੋਣਾ ਉਸਦੀ ਬਹੁਤ ਵੱਡੀ ਤੇ ਪ੍ਰਸ਼ੰਸਾ-ਯੋਗ ਯੋਗਤਾ ਹੋਵੇ।
ਜਾਤਾਂ ਦਾ ਕੋਹੜ : ਗੁਰੂ ਸਾਹਿਬਾਨ ਨੇ ਦਸਾਂ ਜਾਮਿਆਂ ਵਿਚ ਲਗਭਗ ਢਾਈ ਸਦੀਆਂ ਦੀ ਜੱਦੋ-ਜਹਿਦ ਅਤੇ ਕੁਰਬਾਨੀਆਂ ਰਾਹੀਂ ਮਨੁਖਾ ਸਮਾਜ ਵਿਚੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਲਈ 'ਖਾਲਸੇ' ਦੀ ਸਿਰਜਣਾ ਕੀਤੀ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਸਿੱਖੀ ਵਿਚ ਕੇਵਲ ਇਸ ਕਰਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਜਾਤ-ਅਭਿਮਾਨੀ, ਦੂਜੀਆਂ ਜਾਤਾਂ ਵਾਲਿਆਂ ਨੂੰ ਨਾਲ ਬਿਠਾਣ ਜਾਂ ਉਨ੍ਹਾਂ ਨਾਲ ਬੈਠਣ ਲਈ ਤਿਆਰ ਨਹੀਂ ਸਨ। ਅੱਜ ਉਸੇ ਹੀ ਜਾਤ-ਪਾਤ ਦਾ ਕੋਹੜ 'ਮਹਾਮਾਰੀ' ਬਣ, ਸਿੱਖੀ ਵਿਚ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਾਤ-ਪਾਤ ਨੂੰ ਖਤਮ ਕਰ, ਬਰਾਬਰਤਾ ਦਾ ਸਨਮਾਨ ਦੇਣ ਲਈ, ਬਖਸ਼ੇ ਗਏ 'ਅੰਮ੍ਰਿਤ' ਦੇ ਧਾਰਣੀ, ਅੰਮ੍ਰਿਤਧਾਰੀ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ 'ਦਲਿਤ ਸਿੱਖਾਂ' ਨੂੰ ਪ੍ਰਸ਼ਾਦ ਅਤੇ ਲੰਗਰ ਵਰਤਾਣ ਦਾ ਅਧਿਕਾਰ ਦੇਣ ਲਈ ਤਿਆਰ ਨਹੀਂ ਹੁੰਦੇ। ਇਥੋਂ ਤਕ ਕਿ ਉਹ ਗੁਰੂ ਸਾਹਿਬਾਨ ਵਲੋਂ ਸਮਾਜ ਵਿਚ ਬਰਾਬਰਤਾ ਲਿਆਣ ਲਈ ਅਰੰਭੀ 'ਪੰਗਤ' ਦੀ ਪ੍ਰੰਪਰਾ ਦਾ ਪਾਲਣ ਕਰਨ ਤੋਂ ਵੀ ਉਹ ਇਨਕਾਰੀ ਹੋ ਰਹੇ ਹਨ।
ਇਸੇ ਸਥਿਤੀ ਦਾ ਨਤੀਜਾ ਹੈ ਕਿ ਦੇਸ਼-ਵਿਦੇਸ਼ ਵਿਚ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਉਸਾਰੇ ਜਾ ਰਹੇ ਹਨ। ਜਿਨ੍ਹਾਂ ਦੇ ਮੁੱਖ ਦਰਵਾਜ਼ਿਆਂ ਪੁਰ ਬਹੁਤ ਹੀ ਸੁੰਦਰ ਅਤੇ ਸਜਾਵਟੀ ਅੱਖਰਾਂ ਵਿਚ 'ਗੁਰਦੁਆਰਾ ਰਾਮਗੜ੍ਹੀਆਂ', 'ਗੁਰਦੁਆਰਾ ਪਿਸ਼ੌਰੀਆਂ', 'ਗੁਰਦੁਆਰਾ ਜੱਟਾਂ', 'ਗੁਰਦੁਆਰਾ ਭਾਪਿਆਂ', 'ਗੁਰਦੁਆਰਾ ਰਾਮਦਾਸੀਆਂ' ਆਦਿ ਲਿਖਿਆ ਹੁੰਦਾ ਹੈ, ਜਿਸ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਹ 'ਗੁਰਦੁਆਰੇ' ਹੁਣ ਸਤਿਗੁਰਾਂ ਦੇ 'ਦੁਆਰੇ' 'ਸਰਬ-ਸਾਂਝੇ' ਨਾ ਰਹਿ ਕੇ ਵੱਖ-ਵੱਖ ਜਾਤੀਆਂ ਦੇ ਬਣਦੇ ਜਾ ਰਹੇ ਹਨ। ਪਰ ਕੋਈ ਇਸ ਗੱਲ ਤੋਂ ਨਾ ਤਾਂ ਚਿੰਤਤ ਜਾਪਦਾ ਹੈ ਅਤੇ ਨਾ ਹੀ ਪ੍ਰੇਸ਼ਾਨ। ਨਾ ਹੀ ਉਹ ਇਸ ਗੱਲ ਤੇ ਵਿਚਾਰ ਕਰਨ ਲਈ ਤਿਆਰ ਹੈ ਕਿ ਜੇ ਸਿੱਖੀ ਇਸੇ ਤਰ੍ਹਾਂ ਜਾਤਾਂ ਵਿਚ ਵੰਡੀ ਜਾਂਦੀ ਰਹੀ ਤਾਂ ਅੰਤ ਕਿੱਥੇ ਜਾ ਕੇ ਹੋਵੇਗਾ?
ਗਲ ਰਹਿਤ ਮਰਿਆਦਾ ਦੀ : ਆਏ ਦਿਨ ਹੀ ਕੁਝ ਅਖੌਤੀ ਵਿਦਵਾਨਾਂ ਵਲੋਂ ਸਿੱਖ ਰਹਿਤ ਮਰਿਆਦਾ ਨੂੰ ਲੈ, ਆਏ ਦਿਨ ਨਵੇਂ ਤੋਂ ਨਵੇਂ ਵਿਵਾਦ ਖੜੇ ਕੀਤੇ ਜਾ ਰਹੇ ਹਨ। ਪ੍ਰੰਤੂ ਲਗਭਗ ਉਨ੍ਹਾਂ ਸਾਰੇ ਇਤਿਹਾਸਕ ਗੁਰਧਾਮਾਂ ਵਿੱਚ ਵੀ ਰਹਿਤ ਮਰਿਆਦਾ ਦੀਆਂ ਕਈ ਉਲੰਘਣਾਵਾਂ ਹੋ ਰਹੀਆਂ ਹਨ, ਜੋ ਉਨ੍ਹਾਂ ਸਿੱਖ ਜਥੇਬੰਦੀਆਂ ਦੇ ਪ੍ਰਬੰਧ ਅਧੀਨ ਹਨ, ਜੋ ਪ੍ਰਵਾਨਤ ਰਹਿਤ ਮਰਿਆਦਾ ਪ੍ਰਤੀ ਸਮਰਪਤ ਹੋਣ ਦਾ ਦਾਅਵਾ ਹੀ ਨਹੀਂ ਕਰਦੀਆਂ ਸਗੋਂ ਦੂਜਿਆਂ ਨੂੰ ਉਸਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾ, ਕਟਹਿਰੇ ਵਿੱਚ ਖੜਿਆਂ ਕਰਨ ਵਿੱਚ ਵੀ ਕੋਈ ਕਸਰ ਨਹੀਂ ਛਡਦੀਆਂ। ਇਥੇ ਕੇਵਲ ਇੱਕ ਹੀ ਅਜਿਹੀ ਉਦਾਹਰਣ ਦਿੱਤੀ ਜਾ ਰਹੀ ਹੈ, ਜੋ ਲਗਭਗ ਸਾਰੇ ਹੀ ਇਤਿਹਾਸਕ ਅਤੇ ਗੈਰ-ਇਤਿਹਾਸਕ ਗੁਰਦੁਆਰਿਆਂ ਵਿੱਚ ਹੋ ਰਹੀ ਹੈ।
ਸ੍ਰੀ ਅਖੰਡ ਪਾਠ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਅਤੇ ਪ੍ਰਵਾਨਤ 'ਸਿੱਖ ਰਹਿਤ ਮਰਿਆਦਾ' ਵਿੱਚ ਸ੍ਰੀ ਅਖੰਡ ਪਾਠ ਦੀ ਮਰਿਆਦਾ ਦਾ ਵਰਨਣ ਇਉਂ ਕੀਤਾ ਗਿਆ ਹੋਇਆ ਹੈ : (ੳ) ਅਖੰਡ ਪਾਠ ਕਿਸੇ ਭੀੜਾ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਬਿਨਾ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁਝ ਨਾ ਸਮਝ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਏ, ਭਾਵੇਂ ਕੁਝ ਸਮਾਂ ਵਧੀਕ ਲੱਗ ਜਾਵੇ। (ਅ) ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ, ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕਲਾ ਬਹਿ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। (ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰਖਣਾ ਮਨਮੱਤ ਹੈ।
ਇਸ ਵਰਨਣ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਗੁਰਦੁਆਰਿਆਂ, ਜਿਨ੍ਹਾਂ ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਸਥਿਤ ਇਤਿਹਾਸਕ ਤੇ ਗੈਰ-ਇਤਿਹਾਸਕ ਗੁਰਦੁਆਰੇ ਵੀ ਸ਼ਾਮਲ ਹਨ, ਵਿਖੇ ਰਖੇ ਜਾਂਦੇ ਅਖੰਡ ਪਾਠਾਂ ਵਲ ਨਜ਼ਰ ਮਾਰ ਵੇਖੋ। ਤੁਸੀਂ ਵੇਖੋਗੇ ਕਿ ਸਪਸ਼ਟ ਰੂਪ ਵਿੱਚ ਇਨ੍ਹਾਂ ਅਖੰਡ ਪਾਠਾਂ ਦੌਰਾਨ ਉਪ੍ਰੋਕਤ ਮਰਿਆਦਾ ਦੀ ਸਪਸ਼ਟ ਉਲੰਘਣਾ ਹੋ ਰਹੀ ਹੁੰਦੀ ਹੈ। ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਸਿੱਖਾਂ ਵਲੋਂ ਭੇਜੀ ਮਾਇਆ ਅਨੁਸਾਰ ਅਖੰਡ ਪਾਠ ਰਖੇ ਅਤੇ ਉਨ੍ਹਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਪਾਠ ਰਖਵਾਣ ਵਾਲੇ ਨੂੰ ਅਖੰਡ ਪਾਠ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਦੇ ਹੁਕਮਨਾਮੇ ਡਾਕ ਰਾਹੀਂ ਭੇਜ ਦਿਤੇ ਜਾਂਦੇ ਹਨ।
ਨਾ ਤਾਂ ਪਾਠ ਰਖਣ ਸਮੇਂ ਪਾਠ ਰਖਵਾਣ ਵਾਲਾ ਜਾਂ ਉਸਦੇ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਹੁੰਦਾ ਹੈ ਅਤੇ ਨਾ ਹੀ ਸਮਾਪਤੀ ਦੇ ਸਮੇਂ। ਉਹ ਦੋਹਾਂ ਸਮਿਆਂ ਦੇ ਭੇਜੇ ਗਏ ਹੁਕਮਨਾਮਿਆਂ, ਭਾਵੇਂ ਉਹ ਅਸਲੀ ਹਨ ਜਾਂ.., ਨੂੰ ਵੇਖ ਤੇ ਪੜ੍ਹ ਸੰਤੁਸ਼ਟ ਹੋ ਜਾਂਦਾ ਹੈ ਕਿ ਉਸਦੀ ਮਾਇਆ ਸਫਲ ਹੋ ਗਈ ਹੈ ਅਤੇ ਪਾਠ ਕਰਵਾਉਣ ਦਾ ਪੁੰਨ ਉਸਦੇ ਖਾਤੇ ਵਿੱਚ ਜਮ੍ਹਾਂ ਹੋ ਗਿਆ ਹੈ। ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਸ ਵਲੋਂ ਰਖਵਾਇਆ ਪਾਠ ਮਰਿਆਦਾ ਅਨੁਸਾਰ ਹੋਇਆ ਹੈ ਜਾਂ ਹੋਇਆ ਵੀ ਹੈ ਜਾਂ ਨਹੀਂ।
...ਅਤੇ ਅੰਤ ਵਿਚ : ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖਾਂ ਵਿਚ ਕਈ ਅਜਿਹੀਆਂ ਸੂਝਵਾਨ ਸਿੱਖੀ ਜੀਵਨ ਵਿਚ ਪਰਪੱਕ ਅਤੇ ਵਿਵਾਦਾਂ ਤੋਂ ਨਿਰਲੇਪ ਸ਼ਖਸੀਅਤਾਂ ਵੀ ਹਨ, ਜੋ ਸਮਰਪਤ ਭਾਵਨਾ ਨਾਲ ਸਿੱਖ ਬਚਿਆਂ ਨੂੰ ਸਿੱਖੀ ਜੀਵਨ ਨਾਲ ਜੋੜਨ ਵਿਚ ਪ੍ਰਸ਼ੰਸਾ-ਯੋਗ ਭੂਮਿਕਾ ਨਿਭਾ ਰਹੀਆਂ ਹਨ। ਇਹ ਉਹ ਸ਼ਖਸੀਅਤਾਂ ਹਨ, ਜੋ ਪ੍ਰਚਾਰ ਨਾਲੋਂ ਵੱਧ ਕੰਮ ਕਰਨ ਵਿਚ, ਆਪਣੇ ਮਨੋਰਥ ਦੀ ਸਿੱਧੀ ਸਵੀਕਾਰਦੀਆਂ ਹਨ। ਜਦੋਂ ਇਨ੍ਹਾਂ ਨੂੰ ਕੋਈ ਇਹ ਆਖਦਾ ਹੈ ਕਿ ਉਨ੍ਹਾਂ ਨੂੰ ਕੀਤੀ ਜਾ ਰਹੀ ਆਪਣੀ ਸੇਵਾ ਨੂੰ ਪ੍ਰਚਾਰ ਰਾਹੀਂ ਲੋਕਾਂ ਤਕ ਪਹੁੰਚਾਣਾ ਚਾਹੀਦਾ ਹੈੇ, ਤਾਂ ਜੋ ਉਨ੍ਹਾਂ ਦੀ ਸੇਵਾ-ਭਾਵਨਾ ਤੋਂ ਪ੍ਰੇਰਨਾ ਲੈ ਕੇ ਹੋਰ ਸਜਣ ਵੀ ਇਸ ਪਾਸੇ ਅਗੇ ਆ ਸਕਣ, ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਦੇ ਕੰਮ ਦੇ ਪ੍ਰਚਾਰ ਤੋਂ ਕਿੰਨੇ-ਕੁ ਪ੍ਰੇਰਨਾ ਲੈਣਗੇ, ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਜਦੋਂ ਉਨ੍ਹਾਂ ਦੀ ਇਸ ਨਿਮਾਣੀ ਜਿਹੀ ਸੇਵਾ ਦਾ ਪ੍ਰਚਾਰ ਹੋਇਆ ਤੇ ਕੁਝ ਇਕ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿਤੀ ਤਾਂ ਉਨ੍ਹਾਂ ਦੇ ਦਿੱਲ ਵਿਚ ਹੰਕਾਰ ਦੀ ਭਾਵਨਾ ਜ਼ਰੂਰ ਉਜਾਗਰ ਹੋ ਜਾਇਗੀ ਤੇ ਉਹ ਵੀ ਆਪਣੇ ਆਸ਼ੇ ਅਤੇ ਮਨੋਰਥ ਤੋਂ ਥਿੜਕ ਜਾਣਗੇ।000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
30 Aug. 2018