ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

22 ਫਰਵਰੀ 2021

ਕੇਂਦਰ ਦੱਸੇ ਕਿ ਘੱਟ ਗਿਣਤੀ ਕਮਿਸ਼ਨ ‘ਚ ਸੱਤਾਂ ‘ਚੋਂ ਛੇ ਆਸਾਮੀਆਂ ਖਾਲੀ ਕਿਉਂ ਹਨ?- ਹਾਈ ਕੋਰਟ
ਹਾਈ ਕੋਰਟ ਜੀ!  ਕੇਂਦਰ ਮੁਤਾਬਕ ਇਸ ਦੇਸ਼ ‘ਚ ਕੋਈ ਘੱਟ ਗਿਣਤੀ ਹੈ ਹੀ ਨਹੀਂ।

ਨੁਕਤਾ-ਦਰ-ਨੁਕਤਾ ਖੇਤੀ ਕਾਨੂੰਨਾਂ ‘ਤੇ ਗੱਲਬਾਤ ਕਰਨ ਲਈ ਸਰਕਾਰ ਤਿਆਰ-ਤੋਮਰ
ਤੋਮਰ ਜੀ! ਕਿਉਂ ਭੁੱਲ ਗਏ ਕਿ ਕਿਸਾਨ ਲੀਡਰਾਂ ਨੇ ਨੁਕਤਾ-ਦਰ-ਨੁਕਤਾ ਹੀ ਤੁਹਾਡੀਆਂ ਗੋਡਣੀਆਂ ਲੁਆਈਆਂ ਸਨ।

ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ- ਸੁਖਬੀਰ ਬਾਦਲ
ਬਾਦਲ ਸਾਹਿਬ ਇਹ ਨਾ ਭੁੱਲੋ ਕਿ ਸਰਕਾਰਾਂ ਵਿਚ ਤੁਸੀਂ ਵੀ ਰਹੇ ਹੋ।

ਨਨਕਾਣਾ ਸਾਹਿਬ ਜਥਾ ਭੇਜਣ ਬਾਰੇ ਕੇਂਦਰ ਨੇ ਨਾ ਭਰਿਆ ਹੁੰਗਾਰਾ- ਇਕ ਖ਼ਬਰ
ਉਹ ਫਿਰੇ ਨੱਕ ਵਢਾਉਣ ਨੂੰ, ਤੇ ਉਹ ਫਿਰੇ ਨੱਥ ਘੜਾਉਣ ਨੂੰ।

ਕੇਂਦਰ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਨਜ਼ਰ ਆਇਆ- ਬਡੂੰਗਰ
ਬੜੀ ਦੇਰ ਲਗਾ ਦਿੱਤੀ ਚਿਹਰਾ ਪਛਾਨਣ ਵਿਚ, ਬਡੂੰਗਰ ਸਾਹਿਬ।

ਦੇਸ਼ ‘ਚ ਭਾਜਪਾ ਦੀ ਟੱਕਰ ਦੀ ਕੋਈ ਪਾਰਟੀ ਨਹੀਂ- ਨੱਢਾ
ਗਲ਼ੀਆਂ ਹੋ ਜਾਣ ਸੁੰਨੀਆਂ ਤੇ ਵਿਚ ਮਿਰਜ਼ਾ ਯਾਰ ਫਿਰੇ।

ਟਰੰਪ ਦਾ ਹੁਣ ਰਿਪਬਲੀਕਨ ਪਾਰਟੀ ’ਚ ਕੋਈ ਭਵਿੱਖ ਨਹੀਂ ਰਿਹਾ-ਨਿੱਕੀ ਹੈਲੇ
ਕਦੇ ਟੱਕਰੇਂ ਤਾਂ ਹਾਲ ਸੁਣਾਵਾਂ, ਮੇਰੇ ਨਾਲ਼ ਜੋ ਬੀਤਦੀ।

ਕੰਮ ਕਰ ਕੇ ਆਪਣੇ ਸੰਵਿਧਾਨਕ ਅਤੇ ਨੈਤਿਕ ਫਰਜ਼ ਨਿਭਾਏ- ਕਿਰਨ ਬੇਦੀ
ਮੁੱਖ ਮੰਤਰੀ ਤਾਂ ਹੋਰ ਹੀ ਰੋਣੇ ਰੋ ਕੇ ਗਿਐ, ਬੀਬੀ ਜੀ।

ਬੀਬੀ ਜਗੀਰ ਕੌਰ ਨੇ ਨੌਜਵਾਨਾਂ ਨੂੰ ਸੱਚ ਦੇ ਰਾਹ ‘ਤੇ ਤੁਰਨ ਲਈ ਪ੍ਰੇਰਿਆ- ਇਕ ਖ਼ਬਰ
ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।

ਬੰਗਾਲ ਵਿਚ ਸੱਤਾ ‘ਚ ਆਏ ਤਾਂ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ-ਸ਼ਾਹ
ਲਉ ਜੀ ਹੋਰ ਸੁਣ ਲਉ।

ਪੰਜਾਬ ਭਾਜਪਾ ‘ਚ ਅੰਦਰੂਨੀ ਕਲੇਸ਼ ਸ਼ੁਰੂ-ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਕਿਸਾਨ ਅੰਦੋਲਨ ਦੇ ਹੱਕ ਵਿਚ ਖਲੋਣਾ ਜੇ ਦੇਸ਼-ਧ੍ਰੋਹ ਹੈ ਤਾਂ ਮੈਂ ਜੇਲ੍ਹ ‘ਚ ਹੀ ਠੀਕ ਹਾਂ- ਦਿਸ਼ਾ ਰਵੀ
ਮੈਨੂੰ ਨਰਕ ਕੁੜੀ ਨਾ ਜਾਣੀ, ਲੜ ਜੂੰ ਭ੍ਰਿੰਡ ਬਣ ਕੇ।

ਅਮਰੀਕਨ ਕਿਸਾਨ ਸੰਗਠਨ ਭਾਰਤੀ ਕਿਸਾਨਾਂ ਦੀ ਪਿੱਠ ‘ਤੇ ਆਏ- ਇਕ ਖ਼ਬਰ
ਚਰਖ਼ੇ ਦੀ ਘੂਕ ਸੁਣ ਕੇ, ਜੋਗੀ ਉੱਤਰ ਪਹਾੜੋਂ ਆਏ।  

85 ਸਾਲ ਦੇ ਬਜ਼ੁਰਗ ਨੇ ਕੇਂਦਰ ਨੂੰ ਵੰਗਾਰਦਿਆਂ ਕਿਹਾ, ਸੰਘਰਸ਼ ਹੀ ਜਿੱਤ ਦਾ ਰਾਹ- ਇਕ ਖ਼ਬਰ
ਜੇ ਕੋਈ ਹੋਰ ਲੈ ਆਇਆ ਤੇਰੀ ਜੰਝ ਨੀਂ, ਬਣੂ ਜੰਗ ਦਾ ਮੈਦਾਨ ਬੇਲਾ ਝੰਗ ਨੀਂ।

ਚਪੜਾਸੀ ਦੀ 13 ਆਸਾਮੀਆਂ ਲਈ 27 ਹਜ਼ਾਰ ਤੋਂ ਵੱਧ ਅਰਜ਼ੀਆਂ ਆਈਆਂ-ਇਕ ਖ਼ਬਰ
ਦੋ ਕਰੋੜ ਨੌਕਰੀਆਂ ਦੀ ਪਹਿਲੀ ਕਿਸ਼ਤ।

ਕਾਰ ‘ਚ ਕੋਕੀਨ ਲੈ ਕੇ ਜਾ ਰਹੀ ਯੂਥ ਭਾਜਪਾ ਦੀ ਆਗੂ ਗ੍ਰਿਫ਼ਤਾਰ- ਇਕ ਖ਼ਬਰ
ਫੜ ਰੂਪ ਦਾ ਤੀਰ ਕਮਾਨ, ਵੇਚਦੇ ਫਿਰਦੇ ਓ ਈਮਾਨ।

ਪੰਜਾਬ ਦੇ ਨਰੋਏ ਭਵਿੱਖ ਲਈ ਨਵੇਂ ਸਿਆਸੀ ਗੱਠਜੋੜ ਦੀ ਅਹਿਮ ਲੋੜ- ਪ੍ਰਮਿੰਦਰ ਢੀਂਡਸਾ
ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ ਢੋਲਾ।

ਭਾਜਪਾ ਆਪਣੇ ਦਮ ਉੱਤੇ ਅਸੈਂਬਲੀ ਚੋਣਾਂ ਲੜੇਗੀ- ਅਸ਼ਵਨੀ ਸ਼ਰਮਾ
ਰੱਸੀ ਜਲ਼ ਗਈ ਪਰ ਵੱਟ ਨਹੀਂ ਗਿਆ।

ਪੰਜਾਬ ਵਿਚ ਭਾਜਪਾ ਦੀ ਹਾਰ ਦਾ ਤੇ ਕਿਸਾਨ ਅੰਦੋਲਨ ਦਾ ਕੋਈ ਸਬੰਧ ਨਹੀਂ- ਤੋਮਰ
ਕੰਤ ਨਿਆਣੇ ਦਾ, ਖਾ ਗਿਆ ਹੱਡਾਂ ਨੂੰ ਝੋਰਾ।