ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28 ਫਰਵਰੀ 2021
ਮਿਲਾਵਟਖੋਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਜਿਲ੍ਹਾ ਸਿਹਤ ਅਫ਼ਸਰ
ਐਵੇਂ ਨਾ ਡਰਿਓ, ਸਭ ਕੁਝ ਬਰਦਾਸ਼ਤ ਹੈ, ਬਸ ਲਿਫ਼ਾਫਾ ਭਾਰਾ ਰੱਖਿਓ।
ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ, ਸੱਚ ਜ਼ਰੂਰ ਜਿੱਤੇਗਾ- ਨੌਦੀਪ ਕੌਰ
ਵੇਲਾਂ ਧਰਮ ਦੀਆਂ, ਵਿਚ ਦਰਗਾਹ ਦੇ ਹਰੀਆਂ।
ਸਾਨੂੰ ਖੇਤੀ ਕਾਨੂੰਨਾਂ ‘ਚ ਸੋਧਾਂ ਨਹੀਂ ਚਾਹੀਦੀਆਂ, ਕਾਨੂੰਨ ਰੱਦ ਹੋਣੇ ਚਾਹੀਦੇ ਹਨ- ਟਿਕੈਤ
ਮੈਨੂੰ ਸੋਨੇ ਦਾ ਤਵੀਤ ਕਰਾ ਦੇ, ਚਾਂਦੀ ਦਾ ਕੀ ਭਾਰ ਚੁੱਕਣਾ।
ਕਿਸਾਨ ਮੋਰਚਿਆਂ ਵਿਚ ਬੀਬੀਆਂ ਨੇ ਜੋਸ਼ ਭਰਿਆ- ਇਕ ਖ਼ਬਰ
ਚਰਖ਼ੇ ਦੀ ਘੂਕ ਸੁਣ ਕੇ, ਕੰਬਿਆ ਦਿੱਲੀ ਦਰਵਾਜ਼ਾ।
ਸਰਕਾਰ ਵਲੋਂ ਕਿਸਾਨੀ ਅੰਦੋਲਨ ਦੇ ਹੱਕ ’ਚ ਹੋਣ ਕਰ ਕੇ ਗਵਰਨਰ ਲਈ ਔਖਾ ਹੋਵੇਗਾ ਭਾਸ਼ਨ ਪੜ੍ਹਨਾ-ਇਕ ਖ਼ਬਰ
ਪਾ ਲੈ ਤੱਤਿਆਂ ਥੰਮ੍ਹਾਂ ਨੂੰ ਜੱਫੀਆਂ, ਆਪੇ ਤੇਰਾ ਰਾਮ ਰੱਖ ਲਊ।
ਕਿਸਾਨੀ ਮੋਰਚਾ ਇਤਿਹਾਸਕ ਤੇ ਬੇਮਿਸਾਲ- ਪ੍ਰਕਾਸ਼ ਸਿੰਘ ਬਾਦਲ
ਪਛਾਣੋਂ ਬਈ ਇਹ ਉਹੀ ਬੰਦਾ ਜਿਹੜਾ ਕਾਨੂੰਨਾਂ ਦੇ ਹੱਕ ‘ਚ ਵੀਡੀਓ ਪਾਉਂਦਾ ਸੀ।
ਕੈਪਟਨ ਦੀ ਲੀਡਰਸ਼ਿੱਪ ’ਤੇ ਪਰਗਟ ਸਿੰਘ ਨੇ ਚੁੱਕੀ ਉਂਗਲ- ਇਕ ਖ਼ਬਰ
ਅਸਾਂ ਤੇਰੀ ਤੋਰ ਵੇਖਣੀ, ਲੋਕਾਂ ਦੇਖਣਾ ਵਿਸਾਖੀ ਵਾਲਾ ਮੇਲਾ।
ਕਾਂਗਰਸ ਦਾ ਨਾਰਾਜ਼ ਧੜਾ ਮੁੜ ਸਰਗਰਮ ਹੋਇਆ-ਇਕ ਖ਼ਬਰ
ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ਼ ਸੇ।
ਐਨ.ਡੀ.ਏ. ਕਿਸਾਨਾਂ ਦੀ ਖ਼ੁਸ਼ਹਾਲੀ ਅਤੇ ਮਾਣ ਸਨਮਾਨ ਲਈ ਵਚਨਬੱਧ- ਮੋਦੀ
ਕੈਦੋ ਆਣ ਕੇ ਆਖਦਾ ਸਹੁਰਿਓ ਓਏ, ਮੈਥੋਂ ਕੌਣ ਚੰਗੀ ਮੱਤ ਦੇਸੀਆ ਓਏ।
ਪੰਜਾਬ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ- ਸੁਖਬੀਰ ਬਾਦਲ
ਇਥੇ ਮੱਸਿਆ ਰਾਤ ਹਨੇਰੀ ਨੂੰ, ਕਈ ਕਮਲ਼ੇ ਕਹਿਣ ਦੀਵਾਲੀ।
ਸੈਣੀ ਤੇ ਉਮਰਾਨੰਗਲ ਦੀਆਂ ਜ਼ਮਾਨਤਾਂ ‘ਤੇ ਅਦਾਲਤ ਦਾ ਫ਼ੈਸਲਾ ਰਾਖਵਾਂ- ਇਕ ਖ਼ਬਰ
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ............................
ਪੁਡੂਚੇਰੀ ਦੀ ਕਾਂਗਰਸ ਸਰਕਾਰ ਜਨਤਾ ਦੀ ਨਹੀਂ ‘ਹਾਈ ਕਮਾਨ’ ਦੀ ਸੇਵਾ ਕਰ ਰਹੀ ਸੀ- ਮੋਦੀ
ਹੁਣ ਗਵਰਨਰ ਸਾਬ ਤੁਹਾਡੀ ਸੇਵਾ ਕਰਨਗੇ, ਜਨਤਾ ਲਈ ਤਾਂ ‘ਬੁੜ੍ਹੀ ਮਰੀ ਕੁੜੀ ਜੰਮ ਪਈ’।
ਹਰਿਆਣਾ ਵਿਚ ਭਾਜਪਾ ਦੀਆਂ ਮੁਸ਼ਕਿਲਾਂ ਵਧੀਆਂ- ਇਕ ਖ਼ਬਰ
ਹਕੀਮ ਜੀ, ਮੈਂ ਤਾਂ ਹੋ ਗਈ ਅੱਗੇ ਨਾਲੋਂ ਤੰਗ।
ਯੂਥ ਕਾਂਗਰਸੀ 23 ਬੋਰੀਆਂ ਭੁੱਕੀ ਸਣੇ ਗ੍ਰਿਫ਼ਤਾਰ-ਇਕ ਖ਼ਬਰ
ਬਈ ਚੋਣਾਂ ਹੁਣ ਕਿਹੜਾ ਬਹੁਤੀ ਦੂਰ ਨੇ, ਹੁਣ ਤੋਂ ਹੀ ਪਬੰਧ ਕਰਨੇ ਪੈਣੇ ਆਂ।
“ ਹੰਕਾਰੀ” ਸਰਕਾਰ ਕਿਸਾਨਾਂ ਦਾ ਗੁੱਸਾ ਨਹੀਂ ਝੱਲ ਸਕੇਗੀ- ਪ੍ਰਿਯੰਕਾ
ਪੁੰਨ ਪਾਪ ਤੇਰੇ ਬੰਦਿਆ, ਤੱਕੜੀ ‘ਤੇ ਤੁਲ ਜਾਣਗੇ।
ਹਾੜ੍ਹੀ ਸਾਉਣੀ ਦੇ ਆਉਣ ਜਾਣ ਨਾਲ਼ ਲੜਾਈਆਂ ਨਹੀਂ ਰੁਕਦੀਆਂ-ਡਾ.ਦਰਸ਼ਨ ਪਾਲ
ਤੇਗਾਂ ਮਾਰਦਾ ਦਲਾਂ ਨੂੰ ਜਾਵੇ ਚੀਰਦਾ, ਗੋਰਿਆਂ ਦੇ ਘਾਣ ਲੱਥ ਗਏ।
ਪੁਲਿਸ ਜਬਰ ਨਾਲ਼ ਸਾਡਾ ਮਨੋਬਲ ਡਿਗਣ ਵਾਲਾ ਨਹੀਂ- ਕਿਸਾਨ ਨੇਤਾ
ਤੋਰ ਸ਼ੁਕੀਨਣ ਦੀ, ਤੂੰ ਕੀ ਜਾਣਦੀ ਭੇਡੇ।
ਕਾਰਪੋਰੇਟਾਂ ਨਾਲ ਵਫ਼ਾਦਾਰੀ ਸਦਕਾ ਖੇਤੀ ਕਾਨੂੰਨ ਨਾ ਰੱਦ ਕਰਨ ‘ਤੇ ਅੜੀ ਸਰਕਾਰ- ਉਗਰਾਹਾਂ
ਐਰੇ ਗੈਰੇ ਨੂੰ ਸ਼ੱਕਰ ਦਾ ਦਾਣਾ, ਭਗਤੇ ਨੂੰ ਖੰਡ ਪਾ ਦਿਓ।