ਇਕ ਪ੍ਰਧਾਨ ਮੰਤਰੀ ਤੇ ਉਸ ਦੀਆਂ ਖ਼ਾਹਿਸ਼ਾਂ - ਰਾਮਚੰਦਰ ਗੁਹਾ
ਇਕ ਵਾਰ ਦੀ ਗੱਲ ਹੈ ਕਿ ਨਰਿੰਦਰ ਨਾਂ ਦਾ ਇਕ ਰਾਜਾ ਹੁੰਦਾ ਸੀ। ਉਹ ਇਕ ਵੱਡੇ ਰਾਜ ਖੇਤਰ ’ਤੇ ਰਾਜ ਕਰਦਾ ਸੀ ਜਿੱਥੇ (ਹੋਰਨਾਂ ਸ਼ੈਆਂ ਤੋਂ ਇਲਾਵਾ) ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਧਾਮ ਸਥਿਤ ਸਨ। ਆਪਣੀ ਖ਼ਾਨਦਾਨੀ ਪਰੰਪਰਾ ਅਤੇ ਇਸ ਮਹਾਨ ਮੰਦਰ ਦੇ ਸਰਪ੍ਰਸਤ ਵਜੋਂ ਉੱਥੋਂ ਦੀ ਪਰਜਾ ਉਸ ਨੂੰ ਦੈਵੀ ਅਵਤਾਰ ਮੰਨਦੀ ਸੀ। ਉਂਜ, ਭਾਵੇਂ ਉਸ ਦੀ ਪੁਸ਼ਤੈਨੀ ਹੈਸੀਅਤ ਸਦਕਾ ਉਸ ਨੂੰ ਸਰਬਉੱਚ ਪਦਵੀ ਹਾਸਲ ਸੀ ਪਰ ਤਾਂ ਵੀ ਰਾਜਾ ਬੇਚੈਨ ਰਹਿੰਦਾ ਸੀ। ਉਸ ਦੀ ਇੱਛਾ ਸੀ ਕਿ ਉਹ ਆਪਣੇ ਤੋਂ ਪਹਿਲਾਂ ਅਤੇ ਆਪਣੇ ਤੋਂ ਬਾਅਦ ਇਸ ਰਾਜਗੱਦੀ ’ਤੇ ਬੈਠਣ ਵਾਲੇ ਰਾਜਿਆਂ ਤੋਂ ਬਿਲਕੁਲ ਨਿਵੇਕਲਾ ਨਜ਼ਰ ਆਉਣਾ ਚਾਹੀਦਾ ਹੈ। ਇਸ ਲਈ ਸਾਡੇ ਉਸ ਮਹਾਨ ਰਾਜੇ ਨੇ ਆਪਣੇ ਅਤੇ ਆਪਣੀ ਪਰਜਾ ਲਈ ਇਕ ਨਵੀਂ ਰਾਜਧਾਨੀ ਦਾ ਨਿਰਮਾਣ ਕਰਵਾਇਆ। ਇਸ ਨੂੰ ਉਨ੍ਹਾਂ ਨਰਿੰਦਰਨਗਰ ਦਾ ਨਾਂ ਦਿੱਤਾ।
ਇਹ ਕੋਈ ਮਿਥਿਹਾਸਕ ਜਾਂ ਪ੍ਰਾਚੀਨ ਕਹਾਣੀ ਨਹੀਂ ਹੈ। ਇਹ ਬਿਲਕੁਲ ਸੱਚੀ ਕਹਾਣੀ ਹੈ ਅਤੇ ਜੋ ਘਟਨਾਵਾਂ ਮੈਂ ਬਿਆਨ ਕੀਤੀਆਂ ਹਨ, ਉੁਹ ਇਕ ਸਦੀ ਪਹਿਲਾਂ ਇੰਨ-ਬਿੰਨ ਵਾਪਰੀਆਂ ਸਨ। ਉਹ ਸੀ ਟੀਹਰੀ ਗੜ੍ਹਵਾਲ ਦਾ ਰਾਜਾ ਨਰਿੰਦਰ ਸ਼ਾਹ ਜਿਸ ਦਾ ਸ਼ਾਹੀ ਪਰਿਵਾਰ ਬਦਰੀਨਾਥ ਮੰਦਰ ਦਾ ਕੰਟਰੋਲ ਕਰਦਾ ਸੀ। ਉਸ ਦੇ ਨਾਂ ’ਤੇ ਬਣੀ ਰਾਜਧਾਨੀ ਦਾ ਨਿਰਮਾਣ 1919 ਵਿਚ ਮੁਕੰਮਲ ਹੋਇਆ ਸੀ। ਮੇਰਾ ਬਚਪਨ ਵੀ ਗੜ੍ਹਵਾਲ ਦੀਆਂ ਪਹਾੜੀਆਂ ’ਚ ਪ੍ਰਵਾਨ ਚੜ੍ਹਿਆ ਸੀ ਤੇ ਮੈਂ ਅਕਸਰ ਨਰਿੰਦਰਨਗਰ ਦੇਖਣ ਜਾਇਆ ਕਰਦਾ ਸਾਂ। ਮੈਂ ਜਦੋਂ ਅਹਿਮਦਾਬਾਦ ਵਿਚ ਇਕ ਵੱਡੇ ਕ੍ਰਿਕਟ ਸਟੇਡੀਅਮ ਅਤੇ ਇਸ ਦਾ ਨਾਂ ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਦੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਉਸ ਰਾਜਧਾਨੀ, ਉਸ ਦੇ ਉਥਾਨ ਦੀਆਂ ਕਹਾਣੀਆਂ ਚੇਤੇ ਆ ਗਈਆਂ। ਹਾਲਾਂਕਿ ਕ੍ਰਿਕਟ ਸਟੇਡੀਅਮ ਦਾ ਨਾਂ ਕਿਵੇਂ ਰੱਖਿਆ ਗਿਆ, ਇਸ ਦੇ ਪੂਰੇ ਵੇਰਵੇ ਸ਼ਾਇਦ ਲੋਕਾਂ ਸਾਹਮਣੇ ਕਦੇ ਵੀ ਨਾ ਆ ਸਕਣ। ਇਕ ਬਰਤਾਨਵੀ ਅਖ਼ਬਾਰ ਨੇ ਆਪਣੀ ਖ਼ਬਰ ਦਾ ਸਿਰਲੇਖ ਇੰਜ ਦਿੱਤਾ ‘ਨਰਿੰਦਰ ਮੋਦੀ ਨੇ ਖ਼ੁਦ ਸਟੇਡੀਅਮ ਦਾ ਮੁੜ ਨਾਮਕਰਨ ਕਰਵਾਇਆ’। ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਇਸ ਦਾ ਮੂਲ ਵਿਚਾਰ ਇਕ ਗੁਜਰਾਤੀ ਸਿਆਸਤਦਾਨ ਨੇ ਦਿੱਤਾ ਸੀ ਜਿਸ ਦਾ ਭਾਰਤੀ ਕ੍ਰਿਕਟ ਪ੍ਰਸ਼ਾਸਨ ਵਿਚ ਮਜ਼ਬੂਤ ਪਰਿਵਾਰਕ ਹਿੱਤ ਜੁੜਿਆ ਹੋਇਆ ਹੈ ਤੇ ਜੋ ਸ਼ਾਇਦ ਆਪਣੇ ਬੌਸ ਦੀ ਖੁਸ਼ਾਮਦ ਕਰ ਕੇ ਪੁੱਤਰ ਮੋਹ ਕਰਕੇ ਹੋ ਰਹੀ ਨੁਕਤਾਚੀਨੀ ਦਾ ਮੂੰਹ ਬੰਦ ਕਰਾਉਣਾ ਚਾਹੁੰਦਾ ਹੈ। ਕੁਝ ਵੀ ਹੋਵੇ, ਇਕ ਅਖੌਤੀ ਲੋਕਤੰਤਰ ਦੇ ਮੌਜੂਦਾ ਪ੍ਰਧਾਨ ਮੰਤਰੀ ਵੱਲੋਂ ਇਸ ਕਿਸਮ ਦੇ ਨਾਮਕਰਨ ਦੀ ਖੁੱਲ੍ਹ ਜਾਂ ਹੱਲਾਸ਼ੇਰੀ ਦੇਣਾ ਖ਼ੁਦਪ੍ਰਸਤੀ ਦਾ ਅਜਿਹਾ ਬੱਜਰ ਕਾਰਾ (ਜਿਸ ਦੀਆਂ ਟਵਿੱਟਰ ’ਤੇ ਝਟਪਟ ਧੁੰਮਾਂ ਪੈ ਗਈਆਂ) ਹੈ ਜਿਸ ਦੀ ਮਿਸਾਲ ਅਡੌਲਫ ਹਿਟਲਰ ਤੋਂ ਛੁੱਟ ਹੋਰ ਕਿਤੋਂ ਨਹੀਂ ਮਿਲਦੀ ਜਿਸ ਨੇ ਖ਼ੁਦ 1930ਵਿਆਂ ਵਿਚ ਸਟੁੱਟਗਾਰਟ ਵਿਚ ਆਪਣੇ ਨਾਂ ’ਤੇ ਇਕ ਫੁੱਟਬਾਲ ਸਟੇਡੀਅਮ ਦਾ ਨਾਮਕਰਨ ਕੀਤਾ ਸੀ। ‘ਦਿ ਵਾਇਰ’ ਦੀ ਇਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਹਿਟਲਰ ਦੇ ਸਾਥੀ ਤਾਨਾਸ਼ਾਹ ਮੁਸੋਲਿਨੀ, ਸੱਦਾਮ ਹੁਸੈਨ ਅਤੇ ਕਿਮ ਦੋਇਮ ਸੁੰਗ ਨੇ ਵੀ ਸੱਤਾ ਵਿਚ ਹੁੰਦਿਆਂ ਆਪਣੇ ਨਾਂ ’ਤੇ ਸਟੇਡੀਅਮ ਬਣਵਾਏ ਸਨ।
ਸਾਰੇ ਸਿਆਸਤਦਾਨ ਗਰੂਰ ਦੇ ਮਾਰੇ ਹੁੰਦੇ ਹਨ। ਇਨ੍ਹਾਂ ਦਾ ਪੇਸ਼ਾ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ। ਬਹਰਹਾਲ, ਕਿਸੇ ਗਣਰਾਜ ਵਿਚ ਸਿਆਸਤਦਾਨਾਂ ਨੂੰ ਜਮਹੂਰੀ ਰਸਮਾਂ ਦੀ ਅਹਿਮੀਅਤ ਦਾ ਅਹਿਸਾਸ ਰੱਖਣਾ ਪੈਂਦਾ ਹੈ ਅਤੇ ਉਹ ਆਪਣੇ ਆਪ ਨੂੰ ਆਪਣੇ ਅਹੁਦੇ ਤੋਂ ਕਦੇ ਵੀ ਵੱਡੇ ਬਣਨ ਦੀ ਆਗਿਆ ਨਹੀਂ ਦਿੰਦੇ। ਹਾਲਾਂਕਿ ਕੋਈ ਰਾਜਾ ਆਪਣੇ ਆਪ ਨੂੰ ਆਪਣੇ ਰਾਜ ਨਾਲ ਤਸ਼ਬੀਹ ਦੇ ਸਕਦਾ ਹੈ, ਪਰ ਜਮਹੂਰੀ ਢੰਗ ਨਾਲ ਚੁਣਿਆ ਗਿਆ ਕੋਈ ਪ੍ਰਧਾਨ ਮੰਤਰੀ (ਜਾਂ ਰਾਸ਼ਟਰਪਤੀ) ਕਦੇ ਵੀ ਆਪਣੇ ਆਪੇ ਦਾ ਆਪਣੇ ਦੇਸ ਨਾਲ ਮੁਕਾਬਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਉਂਜ, ਇਹ ਵੀ ਨਹੀਂ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਗਣਰਾਜਾਂ ਦੇ ਸਿਆਸਤਦਾਨਾਂ ਨੇ ਹਮੇਸ਼ਾਂ ਇਹ ਸਬਕ ਯਾਦ ਰੱਖਿਆ ਹੋਵੇ। ਰਾਸ਼ਟਰਪਤੀ ਚਾਰਲਸ ਡੀ ਗਾੱਲ ਆਪਣੇ ਆਪ ਨੂੰ ਹੀ ਫਰਾਂਸ ਦੱਸਿਆ ਕਰਦਾ ਸੀ। ਅਮਰੀਕੀ ਇਤਿਹਾਸਕਾਰ ਆਰਥਰ ਸ਼ਲੈਸਿੰਗਰ ਜੂਨੀਅਰ ਨੇ ਆਪਣੇ ਦੇਸ ਨਾਲ ਤਸ਼ਬੀਹ ਦੇਣ ਵਾਲੇ ਤੇ ਰਾਜਿਆਂ ਦੀ ਤਰ੍ਹਾਂ ਸ਼ਾਸਨ ਕਰਨ ਵਾਲੇ ਆਗੂਆਂ ਲਈ ਇਕ ‘ਸ਼ਾਹੀ ਸਦਰੀਅਤ’ ਦਾ ਫ਼ਿਕਰਾ ਘੜਿਆ ਸੀ।
ਸਾਡੇ ਆਪਣੇ ਗਣਰਾਜ ਦੇ ਇਤਿਹਾਸ ਵਿਚ ਇਸ ਕਿਸਮ ਦੇ ਤਿੰਨ ਸ਼ਾਹੀ ਪ੍ਰਧਾਨ ਮੰਤਰੀ ਹੋਏ ਹਨ। ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਅਤੇ ਨਰਿੰਦਰ ਮੋਦੀ। ਇਨ੍ਹਾਂ ਦੀ ਦਿੱਖ ਆਪਣੀ ਪਾਰਟੀ ਤੇ ਸਰਕਾਰ ਨਾਲੋਂ ਵੱਡੀ ਨਜ਼ਰ ਆਉਂਦੀ ਹੈ। ਨਹਿਰੂ ਤੇ ਇੰਦਰਾ ਦੋਵਾਂ ਨੂੰ ਸੱਤਾ ਵਿਚ ਰਹਿੰਦਿਆਂ ਦੇਸ ਦੇ ਸਰਬਉੱਚ ਐਜ਼ਾਜ ਭਾਰਤ ਰਤਨ ਨਾਲ ਨਿਵਾਜਿਆ ਗਿਆ ਸੀ। ਕੀ ਹੁਣ ਮੋਦੀ ਦਾ ਅਗਲਾ ਕਦਮ ਇਹ ਹੋ ਸਕਦਾ ਹੈ? ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਸਰਦਾਰ ਵੱਲਭਭਾਈ ਪਟੇਲ ਦੇ ਨਾਂ ਵਾਲੇ ਸਟੇਡੀਅਮ ਦਾ ਨਾਂ ਬਦਲ ਕੇ ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਦਾ ਸਮਾਗਮ ਹੋ ਰਿਹਾ ਸੀ ਤਾਂ ਇਸ ਦੀ ਪ੍ਰਧਾਨਗੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕਰ ਰਹੇ ਸਨ। ਕੀ ਇਹ 2022 ਜਾਂ 2023 ਵਿਚ ਰਾਸ਼ਟਰਪਤੀ ਕੋਵਿੰਦ ਵੱਲੋਂ ਮੋਦੀ ਨੂੰ ਭਾਰਤ ਰਤਨ ਨਾਲ ਨਿਵਾਜਣ ਦੀ ਅਗਾਊਂ ਝਲਕ ਹੈ?
ਦੋ ਕਾਰਨ ਹਨ ਜਿਨ੍ਹਾਂ ਕਰਕੇ ਮੈਨੂੰ ਇਸ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਪਹਿਲਾ, ਮੋਦੀ ਆਪਣੇ ਪੂਰਬਲੇ ਪ੍ਰਧਾਨ ਮੰਤਰੀਆਂ ਨਾਲੋਂ ਗਿਣ-ਮਿੱਥ ਕੇ ਵੱਖਰਾ ਨਜ਼ਰ ਆਉਣਾ ਚਾਹੁੰਦੇ ਹਨ ਤੇ ਉਹ ਇਸ ਮਾਮਲੇ ’ਚ ਵੀ ਇੰਜ ਹੀ ਕਰਨਗੇ। ਦੂਜਾ, ਉਨ੍ਹਾਂ ਦੀਆਂ ਆਪਣੇ ਲਈ ਖ਼ਾਹਿਸ਼ਾਂ ਬਹੁਤ ਜ਼ਿਆਦਾ ਵੱਡੀਆਂ ਹਨ। ਬਹਰਹਾਲ, ਮੋਦੀ ਇਸ ਨਾਲੋਂ ਕੁਝ ਜ਼ਿਆਦਾ ਦਰਸ਼ਨੀ ਕੰਮ ਕਰਨਗੇ। ਉਹ ਬੇਪਨਾਹ ਧਨ ਖਰਚ ਕਰ ਕੇ ਵਿਸ਼ਾਲ ਪੱਧਰ ’ਤੇ ਭਾਰਤ ਦੀ ਰਾਜਧਾਨੀ ਦਾ ਹੀ ਨਕਸ਼ਾ ਬਦਲਣਗੇ।
ਪਾਠਕਾਂ ਨੂੰ ਚੇਤੇ ਹੋਵੇਗਾ ਕਿ ਮਈ 2014 ਵਿਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਕਿਹਾ ਸੀ ਕਿ ਉੁਸ ਦਾ ਟੀਚਾ ਬਾਰ੍ਹਾਂ ਸੌ ਸਾਲਾਂ ਦੀ ਗ਼ੁਲਾਮੀ ਨੂੰ ਖ਼ਤਮ ਕਰਨਾ ਹੈ। ਉਸ ਵੇਲੇ ਇਕ ਯੁਵਾ ਲੇਖਕ ਨੇ ਮੈਨੂੰ ਦੱਸਿਆ ਸੀ ਕਿ ਮੋਦੀ ਦਾ ਇਹ ਸਮੁੱਚਾ ਬਿਆਨ ਉਨ੍ਹਾਂ ਦੀਆਂ ਗਹਿਰੀਆਂ ਸਿਆਸੀ ਤੇ ਜ਼ਾਤੀ ਖ਼ਾਹਿਸ਼ਾਂ ਦਾ ਖੁਲਾਸਾ ਕਰਦਾ ਹੈ। ਮੋਦੀ ਦੀ ਸੋਚ ਸੀ ਕਿ ਹਿੰਦੂ ਲੰਮੇ ਸਮੇਂ ਤੋਂ ਵਿਦੇਸ਼ੀਆਂ ਦੇ ਗ਼ੁਲਾਮ ਰਹੇ ਹਨ। ਉੁਹ ਹੁਣ ਉਨ੍ਹਾਂ ਦਾ ਮਾਣ ਸਨਮਾਨ ਵਾਪਸ ਦਿਵਾਉਣ ਲਈ ਆ ਗਿਆ ਹੈ। ਮੇਰੇ ਉਸ ਮਿੱਤਰ ਨੇ ਕਿਹਾ ਸੀ ਕਿ ਇਸ ਮੁੱਦੇ ਨੂੰ ਇਸ ਤਰ੍ਹਾਂ ਘੜ ਕੇ ਮੋਦੀ ਇਹ ਦਰਸਾ ਰਿਹਾ ਹੈ ਕਿ ਉਹ ਪਹਿਲਾ ਹਿੰਦੂ ਸ਼ਾਸਕ ਹੈ ਜਿਸ ਨੇ ਸਫ਼ਲਤਾਪੂਰਬਕ ਦੇਸ ਨੂੰ ਇਕਜੁੱਟ ਕਰ ਦਿੱਤਾ ਹੈ। ਆਪਣੀ ਸਾਰੀ ਲਾਸਾਨੀ ਬਹਾਦਰੀ ਦੇ ਬਾਵਜੂਦ ਸ਼ਿਵਾਜੀ ਅਤੇ ਪ੍ਰਿਥਵੀਰਾਜ ਇਸ ਉਪ ਮਹਾਂਦੀਪ ਦੇ ਛੋਟੇ ਜਿਹੇ ਹਿੱਸਿਆਂ ’ਤੇ ਹੀ ਕਾਬਜ਼ ਹੋ ਸਕੇ ਸਨ। ਭੂਗੋਲਿਕ ਅਤੇ ਰਾਜਸੀ ਲਿਹਾਜ਼ ਤੋਂ ਉਹ ਬੋਧੀ ਅਸ਼ੋਕ ਮਹਾਨ ਅਤੇ ਮੁਸਲਮਾਨ ਮੁਗ਼ਲ ਸਮਰਾਟਾਂ ਜਾਂ ਈਸਾਈ ਬਰਤਾਨਵੀਆਂ ਦੇ ਨੇੜੇ ਤੇੜੇ ਵੀ ਨਹੀਂ ਢੁਕ ਸਕੇ ਸਨ। ਪ੍ਰਧਾਨ ਮੰਤਰੀ ਮੋਦੀ ਹਿੰਦੂਆਂ ਨੂੰ ਉਹ ਹੱਕ ਦਿਵਾਉਣਗੇ ਜੋ ਸ਼ਿਵਾਜੀ ਅਤੇ ਪ੍ਰਿਥਵੀਰਾਜ ਨਹੀਂ ਦਿਵਾ ਸਕੇ ਸਨ।
ਆਪਣੀ ਮਹੱਤਤਾ ਦਾ ਐਲਾਨ ਕਰਨ, ਆਪਣੀ ਸ਼੍ਰੇਸ਼ਠਤਾ ਦਾ ਡੰਕਾ ਵਜਾਉਣ ਅਤੇ ਆਪਣੀ ਪ੍ਰਭੂਸੱਤਾ ਦ੍ਰਿੜ੍ਹਾਉਣ ਵਾਸਤੇ ਰਾਜੇ ਅਕਸਰ ਆਪਣੇ ਲਈ ਨਵੀਆਂ ਰਾਜਧਾਨੀਆਂ ਦਾ ਨਿਰਮਾਣ ਕਰਵਾਉਂਦੇ ਸਨ। ਜਦੋਂ ਨਰਿੰਦਰ ਸ਼ਾਹ ਨੇ ਗੜ੍ਹਵਾਲ ਵਿਚ ਆਪਣੀ ਨਵੀਂ ਰਾਜਧਾਨੀ ਬਣਵਾਈ ਸੀ ਤਾਂ ਉਹ ਦੇਸ ਅਤੇ ਦੁਨੀਆ ਦੇ ਬਹੁਤ ਸਾਰੇ ਰਾਜਿਆਂ ਦੇ ਹੀ ਨਕਸ਼ੇ-ਕਦਮ ’ਤੇ ਹੀ ਚੱਲ ਰਹੇ ਸਨ। ਦਰਅਸਲ, ਨਰਿੰਦਰਨਗਰ ਦੇ ਨਿਰਮਾਣ ਦੇ ਫ਼ੈਸਲੇ ਤੋਂ ਕੁਝ ਸਾਲ ਪਹਿਲਾਂ ਇੰਗਲੈਂਡ ਦੇ ਸਮਰਾਟ ਜੌਰਜ ਪੰਚਮ ਨੇ ਐਲਾਨ ਕੀਤਾ ਸੀ ਕਿ ਬਰਤਾਨਵੀ ਭਾਰਤ ਲਈ ਇਕ ਨਵੀਂ ਰਾਜਧਾਨੀ ਦੀ ਲੋੜ ਹੈ। ਹੁਣ ਕਲਕੱਤੇ ਤੋਂ ਸਰਕਾਰ ਨਹੀਂ ਚੱਲੇਗੀ ਸਗੋਂ ਉਪ ਮਹਾਂਦੀਪ ਵਿਚ ਬਰਤਾਨਵੀ ਸੱਤਾ ਦਾ ਧੁਰਾ ਹੁਣ ਉੱਤਰ ਦਾ ਰੁਖ਼ ਕਰੇਗਾ। ਦਿੱਲੀ ਦੇ ਪੁਰਾਣੇ ਸ਼ਹਿਰ ਤੋਂ ਦੱਖਣ ਵੱਲ ਪੈਂਦੇ ਪਿੰਡਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਗਈਆਂ ਤੇ ਬਰਤਾਨਵੀ ਸਾਮਰਾਜੀਆਂ ਨੇ ਇਕ ਨਵਾਂ ਵਿਸ਼ਾਲ ਸ਼ਹਿਰ ਉਸਾਰ ਦਿੱਤਾ ਜੀਹਦੇ ’ਚੋਂ ਉਨ੍ਹਾਂ ਦੇ ਹਉਂ ਦਾ ਅਕਸ ਝਲਕਦਾ ਸੀ।
ਅੰਗਰੇਜ਼ਾਂ ਤੋਂ ਤਿੰਨ ਸਦੀਆਂ ਪਹਿਲਾਂ ਮੁਗ਼ਲ ਸਲਤਨਤ ਨੇ ਵੀ ਇਸੇ ਤਰ੍ਹਾਂ ਆਪਣੀ ਰਾਜਧਾਨੀ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਸੀ। ਮੁਗ਼ਲ ਖ਼ਾਨਦਾਨ ਦੇ ਪੰਜਵੇਂ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਰਾਜਧਾਨੀ ਆਗਰਾ ਤੋਂ ਦਿੱਲੀ ਲੈ ਆਂਦੀ ਸੀ। ਉਸ ਨੇ ਖ਼ੁਦ ਆਪਣੀ ਨਿਗਰਾਨੀ ਹੇਠ ਕਈ ਸ਼ਾਨਦਾਰ ਇਮਾਰਤਾਂ ਦਾ ਨਿਰਮਾਣ ਕਰਵਾਇਆ ਸੀ ਜਿਨ੍ਹਾਂ ’ਚੋਂ ਕੁਝ ਅੱਜ ਵੀ ਖੜ੍ਹੀਆਂ ਹਨ। ਇਕ ਵਾਰ ਜਦੋਂ ਸਭ ਠੀਕ-ਠਾਕ ਸਿਰੇ ਚੜ੍ਹ ਗਿਆ ਅਤੇ ਆਪਣੇ ਕੰਮ ਤੋਂ ਸੰਤੁਸ਼ਟ ਹੋ ਗਿਆ ਤਾਂ ਉਸ ਨੇ ਸ਼ਹਿਰ ਦਾ ਨਾਂ ਬਦਲ ਕੇ ਆਪਣੇ ਨਾਂ ’ਤੇ ਰੱਖ ਦਿੱਤਾ। ਲੋਕ ਉਸ ਨੂੰ ਸ਼ਾਹਜਹਾਂਬਾਦ ਆਖਣ ਲੱਗ ਪਏ।
ਸਤਾਰਵੀਂ ਅਤੇ ਅਠਾਰਵੀਂ ਸਦੀ ਦੀ ਦਿੱਲੀ ਦੇ ਨਵੇਂ ਇਤਿਹਾਸ ‘ਦਿ ਕਿੰਗ ਐਂਡ ਦਿ ਪੀਪਲ’ ਵਿਚ ਅਭਿਸ਼ੇਕ ਕਾਇਕਰ ਲਿਖਦੇ ਹਨ : ‘ਸਾਰੇ ਮੁਗ਼ਲ ਬਾਦਸ਼ਾਹਾਂ ’ਚੋਂ ਸ਼ਾਹਜਹਾਂ ਦਾ ਕੋਈ ਸਾਨੀ ਨਹੀਂ ਹੈ ਜਿਸ ਨੇ ਆਪਣੀ ਨਿਰਮਾਣਸਾਜ਼ੀ ਵਿਚ ਪ੍ਰਭੂਤਾ ਦਾ ਬਿਆਨੀਆ ਸਾਕਾਰ ਕੀਤਾ ਸੀ।’ ਸ਼ਾਹਜਹਾਂ ਨੇ ਇਹ ਯਕੀਨੀ ਬਣਾਉਣ ਲਈ ਬਹੁਤ ਤਰੱਦਦ ਕੀਤਾ ਕਿ ਜਦੋਂ ਉਹ ਆਪਣੇ ਮਹਿਲ ਦੇ ਬਨੇਰਿਆਂ ਤੋਂ ਦਰਸ਼ਨ ਦੇਣ ਤਾਂ ਉਸ ਦੀ ਪਰਜਾ ਸਾਹਮਣੇ ਉਸ ਦੀ ਇਕ ਦੈਵੀ ਜਾਂ ਅਲੋਕਾਰੀ ਮੂਰਤ ਉਭਰ ਕੇ ਸਾਹਮਣੇ ਆ ਸਕੇ; ਉਸ ਦੀ ਤਸਵੀਰ ’ਚੋਂ ਉਸ ਕਿਸਮ ਦੀ ਸੁਨਹਿਰੀ ਆਭਾ ਉੱਭਰੇ ਜਿਵੇਂ ਸਵੇਰ ਦੇ ਸੂਰਜ ਦੀ ਟਿੱਕੀ ’ਚੋਂ ਨਜ਼ਰ ਪੈਂਦੀ ਹੈ।
ਸ਼ਾਹਜਹਾਂ ਵਾਂਗ ਹੀ ਨਰਿੰਦਰ ਮੋਦੀ ਆਪਣੇ ਲਿਬਾਸ ਅਤੇ ਹੋਰ ਨਿੱਜੀ ਸਾਜ਼ੋ-ਸਾਮਾਨ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਹਨ। ਉਨ੍ਹਾਂ ਦਾ ਲਿਬਾਸ, ਮੁਦਰਾ ਅਤੇ ਤਸਵੀਰ ਖਿਚਵਾਉਣ ਲਈ ਬੈਕਗਰਾਊਂਡ- ਸਭ ਕੁੱਝ ਐਨ ਮੌਕੇ ਮੁਤਾਬਿਕ ਤਿਆਰ-ਬਰ-ਤਿਆਰ ਹੋਣਾ ਚਾਹੀਦਾ ਹੈ। ਤੇ ਜਿਵੇਂ ਮੋਦੀ ਨੂੰ ਤਕਨੀਕ ਦਾ ਸਹਾਰਾ ਮਿਲ ਰਿਹਾ, ਇਸ ਪੱਖੋਂ ਉਹ ਸ਼ਾਹਜਹਾਂ ਨਾਲੋਂ ਵੀ ਜ਼ਿਆਦਾ ਖ਼ੁਸ਼ਨਸੀਬ ਹਨ। ਮੱਧਯੁੱਗ ਦੇ ਇਕ ਸ਼ਹਿਨਸ਼ਾਹ ਨੂੰ ਡਰਾਮਈ ਅਸਰ ਪਾਉਣ ਲਈ ਨਿੱਜੀ ਤੌਰ ’ਤੇ ਹਾਜ਼ਰ ਹੋਣਾ ਪੈਂਦਾ ਸੀ ਜਦੋਂਕਿ ਇਕ ਉੱਤਰ-ਆਧੁਨਿਕ ਤਾਨਾਸ਼ਾਹ ਹਰ ਭਾਰਤੀ ਜਿਊੜੇ ਤੱਕ ਆਪਣੀ ਮਨਭਾਉਂਦੀ ਤਸਵੀਰ ਪੇਸ਼ ਕਰਨ ਲਈ ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ, ਵੈੱਬਸਾਈਟਾਂ, ਵਟਸਐਪ, ਇੰਸਟਾਗ੍ਰਾਮ ਆਦਿ ਦਾ ਇਸਤੇਮਾਲ ਕਰ ਸਕਦਾ ਹੈ।
ਨਰਿੰਦਰ ਮੋਦੀ ਜਿਵੇਂ ਆਪਣੇ ਸਿਆਸੀ ਸਹਿਯੋਗੀਆਂ ਤੇ ਸਿਆਸੀ ਵਿਰੋਧੀਆਂ ਨਾਲ ਸਲੂਕ ਕਰਦੇ ਹਨ, ਜਨਤਕ ਤੌਰ ’ਤੇ ਜਿਵੇਂ ਉਹ ਆਪਣੇ ਆਪ ਨੂੰ ਪੇਸ਼ ਕਰਦੇ ਹਨ, ਸੰਸਦ ਵਿਚ ਜਿਵੇਂ ਉਹ ਬਹਿਸ ਪ੍ਰਤੀ ਤਿਰਸਕਾਰ ਵਿਖਾਉਂਦੇ ਹਨ ਅਤੇ ਜਿਵੇਂ ਇਕ ਵਾਰ ਵੀ ਪ੍ਰੈਸ ਕਾਨਫਰੰਸ ਕਰਨ ਤੋਂ ਇਨਕਾਰੀ (ਪਤਾ ਨਹੀਂ ਕਿ ਇਹ ਉਨ੍ਹਾਂ ਦਾ ਜਮਾਂਦਰੂ ਤਿਰਸਕਾਰ ਹੈ ਜਾਂ ਫਿਰ ਉਹ ਇੰਨੇ ਕਾਇਰ ਹਨ) ਹੁੰਦੇ ਹਨ, ਉਸ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਉਨ੍ਹਾਂ ਦੇ ਚਾਲ-ਚਲਣ ’ਚੋਂ ਦਬੰਗਪੁਣਾ ਝਲਕਦਾ ਹੈ। ਅਤੀਤ ਦੇ ਸ਼ਹਿਨਸ਼ਾਹਾਂ ਦੀ ਤਰ੍ਹਾਂ ਮਨ ਕੀ ਬਾਤ ਜਿਹੇ ਉਨ੍ਹਾਂ ਦੇ ਸਾਰੇ ਦੇ ਸਾਰੇ ਪ੍ਰਯੋਜਨ 21ਵੀਂ ਸਦੀ ਦੇ ਸ਼ਾਹੀ ਫ਼ਰਮਾਨ ਜਾਪਦੇ ਹਨ। ਉਨ੍ਹਾਂ ਦੀ ਤਰ੍ਹਾਂ ਹੀ ਉਹ ਸਿਆਸੀ ਸੱਤਾ ਦੇ ਧੁਰੇ ਦੀ ਨਿਰਮਾਣ-ਕਲਾ ਤਬਦੀਲ ਕਰਨ ਦੇ ਆਹਰ ਵਿਚ ਜੁਟੇ ਹੋਏ ਨਜ਼ਰ ਆਉਂਦੇ ਹਨ। ਅਹਿਮਦਾਬਾਦ ਦੇ ਇਕ ਸਟੇਡੀਅਮ ਦਾ ਨਾਂ ਬਦਲਣ ਜਾਂ ਫਿਰ ਭਾਰਤ ਰਤਨ ਦਾ ਖ਼ਿਤਾਬ ਹਾਸਲ ਹੋ ਜਾਣ ਨਾਲ ਉਨ੍ਹਾਂ ਦੀ ਹਰਗਿਜ਼ ਤਸੱਲੀ ਨਹੀਂ ਹੋਵੇਗੀ।
ਤਰਾਸਦੀ ਇਹ ਹੈ ਕਿ ਬਰਤਾਨਵੀ ਤੇ ਮੁਗ਼ਲ ਸ਼ਾਸਨ ਨੂੰ ਭਾਵੇਂ ਉਹ ਕਿੰਨਾ ਮਰਜ਼ੀ ਕੋਸਦੇ ਰਹੇ ਹੋਣ, ਨਰਿੰਦਰ ਮੋਦੀ ਆਪਣੀ ਸਭ ਤੋਂ ਸਥਾਈ ਵਿਰਾਸਤ ਛੱਡਣ ਲਈ ਅੰਗਰੇਜ਼ਾਂ ਤੇ ਮੁਗ਼ਲਾਂ ਦੀ ਹੀ ਕੋਰੀ ਨਕਲ ਮਾਰ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਆਸ ਹੈ ਕਿ ਤਿੰਨ-ਚਾਰ ਸਦੀਆਂ ਬਾਅਦ ਹਿੰਦੂ ਰਾਸ਼ਟਰ ਦੀ ਭਵਿੱਖੀ ਪਰਜਾ ਉਨ੍ਹਾਂ ਵੱਲੋਂ ਬਣਾਈਆਂ ਇਮਾਰਤਾਂ ’ਤੇ ਮਾਣ ਮਹਿਸੂਸ ਕਰੇਗੀ ਤੇ ਉਨ੍ਹਾਂ ਤੋਂ ਪਹਿਲਾਂ ਦੇ ਸ਼ਹਿਨਸ਼ਾਹਾਂ ਵੱਲੋਂ ਉਸਾਰੇ ਭਵਨਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖੇਗੀ। ਪਰ ਇਹ ਉਮੀਦ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ। ਕਾਰਨ ਇਹ ਹੈ ਕਿ ਬੀਤੇ ’ਚ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਸਾਰੀਆਂ ਇਮਾਰਤਾਂ ’ਚੋਂ ਕੋਈ ਇਕ ਵੀ ਇਮਾਰਤ ਖ਼ੂਬਸੂਰਤੀ ਪੱਖੋਂ ਲਾਲ ਕਿਲੇ ਜਾਂ ਜਾਮਾ ਮਸਜਿਦ, ਨੌਰਥ ਜਾਂ ਸਾਊਥ ਬਲਾਕ ਦੀਆਂ ਇਮਾਰਤਾਂ ਦਾ ਮੁਕਾਬਲਾ ਨਹੀਂ ਕਰਦੀ।
ਮੁੱਕਦੀ ਗੱਲ ਇਹ ਕਿ ਇਸ ਵੇਲੇ ਚੱਲ ਰਹੀ ਨਵੀਂ ਦਿੱਲੀ ਦਾ ਮੁਹਾਂਦਰਾ ਬਦਲਣ ਦੀ ਯੋਜਨਾ ਦਾ ਨਾਂ ‘ਸੈਂਟਰਲ ਵਿਸਟਾ ਪ੍ਰਾਜੈਕਟ’ ਰੱਖਿਆ ਗਿਆ ਹੈ। ਉਂਜ, ਵੱਡ ਅਕਾਰੀ ਇਮਾਰਤਾਂ ਦਾ ਨਵਾਂ ਕੰਪਲੈਕਸ ਇਕੇਰਾਂ ਜਦੋਂ ਸਾਕਾਰ ਹੋ ਗਿਆ ਤਾਂ ਯਕੀਨਨ ਇਸ ਬਰਤਾਨਵੀ ਐਜ਼ਾਜ ਦੀ ਥਾਂ ਆਤਮ ਨਿਰਭਰ ਭਾਰਤ ਦਾ ਨਾਮਕਰਨ ਹੋ ਜਾਵੇਗਾ। ‘ਨਰਿੰਦਰਨਗਰ’ ਦਾ ਨਾਂ ਇਕ ਸਦੀ ਪਹਿਲਾਂ ਕਿਸੇ ਪਹਾੜੀ ਰਾਜੇ ਵੱਲੋਂ ਪਹਿਲਾਂ ਹੀ ਵਰਤਿਆ ਜਾ ਚੁੱਕਿਆ ਹੈ। ਹੁਣ ਫਿਰ ਸ਼ਾਇਦ ‘ਨਰਿੰਦਰ ਮਹਾਂਨਗਰ’ ਹੋ ਸਕਦਾ ਹੈ ਜਾਂ ਫਿਰ ‘ਮੋਦੀਆਬਾਦ’ ਰੱਖ ਲਿਆ ਜਾਵੇ ?