ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
07 ਮਾਰਚ 2021
ਰਣਨੀਤੀ ਬਣਾਉਣ ਦਾ ਸਮਾਂ ਗਿਆ, ਹੁਣ ਮੈਦਾਨ ‘ਚ ਨਿਤਰਨ ਦਾ ਵੇਲਾ- ਜਾਖੜ
ਖੇ ਖੂਬ ਹੁਸ਼ਿਆਰੀ ਦੇ ਨਾਲ਼ ਯਾਰੋ, ਲੱਗੇ ਕਰਨ ਅਫ਼ਗਾਨ ਤਿਆਰੀ ਯਾਰੋ।
ਅਕਾਲੀ ਵਿਧਾਇਕ ਬਜਟ ਸੈਸ਼ਨ ਲਈ ਮੁਅੱਤਲ-ਇਕ ਖ਼ਬਰ
ਇਹ ਤਾਂ ਭਾਈ ਰਲੀ ਮਿਲੀ ਗੇਮ ਖੇਡੀ ਜਾ ਰਹੀ ਹੈ, ਅਕਾਲੀ ਤਾਂ ਆਪ ਮੁਅੱਤਲ ਹੋਣ ਨੂੰ ਕਾਹਲੇ ਸੀ।
ਪੰਜ ਸੂਬਿਆਂ ਦੀ ਚੋਣ ਬਾਅਦ ਪੰਜਾਬ ਦਾ ਚੋਣ ਦੰਗਲ ਭਖੇਗਾ- ਇਕ ਖ਼ਬਰ
ਵਿਹੜੇ ਲਾ ਤ੍ਰਿਵੈਣੀ, ਛਾਂਵੇਂ ਬਹਿ ਕੇ ਕੱਤਿਆ ਕਰੂੰ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਫੁੱਟ ਖੁੱਲ੍ਹ ਕੇ ਆਈ ਸਾਹਮਣੇ- ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।
ਭਾਰਤ-ਪਾਕਿ ਸਰਹੱਦੀ ਤਲਖੀ ਘਟਾਉਣ-ਅਮਰੀਕਾ
ਰੰਡੀਆਂ ਤਾਂ ਰੰਡ ਕੱਟਦੀਆਂ, ਤੇਰੇ ਵਰਗੇ ਮੁਸ਼ਟੰਡੇ ਨਹੀਂ ਕੱਟਣ ਦਿੰਦੇ।
ਸੁਪਰੀਮ ਕੋਰਟ ਨੇ ਫਿਰ ਕਿਹਾ- ਸਰਕਾਰ ਤੋਂ ਵੱਖਰੀ ਰਾਇ ਰੱਖਣਾ ਦੇਸ਼ ਧ੍ਰੋਹ ਨਹੀਂ- ਇਕ ਖ਼ਬਰ
ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲ਼ਾ ਉੱਥੇ ਦਾ ਉੱਥੇ।
ਦਿੱਲੀ ਨਗਰ ਨਿਗਮ ਦੀਆਂ ਉੱਪ ਚੋਣਾਂ ‘ਚ ਲੋਕਾਂ ਨੇ ਭਾਜਪਾ ਨੂੰ ਨਕਾਰਿਆ-ਇਕ ਖ਼ਬਰ
ਮੋਤੀ ਖਿਲਰ ਗਏ, ਚੁਗ ਲੈ ਕਬੂਤਰ ਬਣ ਕੇ।
ਤੇਜਸਵੀ ਨੇ ਮਮਤਾ ਨਾਲ਼ ਕੀਤੀ ਮੁਲਾਕਾਤ, ਇਕੱਠੇ ਲੜ ਸਕਦੇ ਹਨ ਚੋਣਾਂ- ਇਕ ਖ਼ਬਰ
ਆ ਜਾ ਆਪਾਂ ਦੋਵੇਂ ਨੱਚੀਏ, ਆਪਾਂ ਭੈਣ ਭਰਾ।
ਕਿਸਾਨਾਂ ਨੂੰ ਬਚਾਉਣ ਲਈ ਹੁਣ ਪੰਜਾਬ ਸਰਕਾਰ ਮੈਦਾਨ ਵਿਚ ਆਵੇ- ਪ੍ਰਤਾਪ ਸਿੰਘ ਬਾਜਵਾ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
ਪੰਜਾਬ ‘ਚ ਹੁਣ ਅਧਿਆਪਕ ਫ਼ੋਨ ਕਰ ਕੇ ਵਿਦਿਆਰਥੀਆਂ ਨੂੰ ਸਵੇਰੇ ਜਗਾਇਆ ਕਰਨਗੇ-ਇਕ ਖ਼ਬਰ
ਜਾਗੋ ਮੋਹਨ ਪਿਆਰੇ, ਤੁਮ੍ਹਾਰਾ ਟੀਚਰ ਪੁਕਾਰੇ।
ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਬੰਦਰਗਾਹਾਂ ‘ਚ ਨਿਵੇਸ਼ ਕਰਨ ਲਈ ਕਿਹਾ-ਇਕ ਖ਼ਬਰ
ਲਾਉ ਲਾਉ ਭਾਈ ਅਡਾਨੀ ਦੇ ਕਾਰੋਬਾਰ ‘ਚ ਪੈਸਾ ਲਗਾਉ ਤੇ ਮੁਨਾਫ਼ੇ ‘ਚ ਵਾਧਾ ਕਰੋ।
ਸੁਖਰਾਜ ਸਿੰਘ ਨੇ ਸੁਮੇਧ ਸੈਣੀ ਤੇ ਉਮਰਾਨੰਗਲ ਦੀਆਂ ਹੋਈਆਂ ਜ਼ਮਾਨਤਾਂ ਨੂੰ ਲਾਪ੍ਰਵਾਹੀ ਦੱਸਿਆ- ਇਕ ਖ਼ਬਰ
ਇਹ ਲਪਰਵਾਹੀ ਨਹੀਂ ਸਗੋਂ ਪਹਿਲਾਂ ਤੋਂ ਚਲੇ ਆ ਰਹੇ ਛੜਯੰਤਰ ਦਾ ਹੀ ਹਿੱਸਾ ਹੈ।
ਕਿਸਾਨ ਅੰਦੋਲਨ ਬਾਰੇ ਵਿਧਾਨ ਸਭਾ ‘ਚ ਗਵਰਨਰ ਵਲੋਂ ਭਾਸ਼ਨ ਨਾ ਪੜ੍ਹਨਾ ਸ਼ਰਮਨਾਕ-ਹਰਪਾਲ ਚੀਮਾ
ਖੁਸ਼ ਮਾਹੀ ਨੂੰ ਕਰਨ ਦੀ ਮਾਰੀ, ਸੁਰਮਾ ਪਾਈ ਰੱਖਦੀ।
ਹਰਿਆਣਾ ‘ਚ ਭਾਜਪਾ ਤੇ ਜਜਪਾ ਆਗੂਆਂ ਦਾ ਸਿਆਸੀ ਭਵਿੱਖ ਦਾਅ ‘ਤੇ- ਇਕ ਖ਼ਬਰ
ਛੜੇ ਬੈਠ ਕੇ ਸਲਾਹਾਂ ਕਰਦੇ, ਰੱਬਾ ਹੁਣ ਕੀ ਕਰੀਏ।
ਜੰਮੂ ਕਸ਼ਮੀਰ ਕਾਂਗਰਸ ਵਲੋਂ ਗੁਲਾਮ ਨਬੀ ਆਜ਼ਾਦ ਖ਼ਿਲਾਫ਼ ਰੋਸ ਮੁਜ਼ਾਹਰਾ- ਇਕ ਖ਼ਬਰ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਜਾਂਚ ਏਜੰਸੀਆਂ ਦੇ ਦਫ਼ਤਰਾਂ ‘ਚ ਸੀ.ਸੀ.ਟੀ.ਵੀ. ਕੈਮਰੇ ਨਾ ਲਾਉਣ ‘ਤੇ ਸੁਪਰੀਮ ਕੋਰਟ ਨਾਰਾਜ਼-ਇਕ ਖ਼ਬਰ
ਕਿਉਂ ਬਈ ਕੈਮਰੇ ਲਾ ਕੇ ਆਪਣੇ ਢਿੱਡ ਨੰਗੇ ਕਰ ਲਈਏ ਅਸੀਂ।