ਨਾਰੀ ਦਿਵਸ ਤੇ ਵਿਸ਼ੇਸ਼ : ਸੁਖਾਵਾਂ ਨਹੀਂ ਮਾਹੌਲ ਅੱਜ ਵੀ ਨਾਰੀ ਲਈ - ਹਰਮੇਸ਼ ਕੌਰ ਯੋਧੇ

8 ਮਾਰਚ 1975 ਤੋਂ ਮਨਾਇਆ ਜਾਣ ਵਾਲਾ ਨਾਰੀ ਦਿਵਸ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ।ਕੋਈ ਤਿੰਨ ਦਹਾਕੇ ਪਹਿਲਾ ਯੂ.ਐਨ.ਓ. ਦੀ ਅਗਵਾਈ ਹੇਠ 189 ਦੇਸ਼ਾਂ ਨੇ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਸਨਮਾਨ ਲਈ ਇਕਰਾਰਨਾਮੇ ਤੇ ਦਸਖਤ ਕੀਤੇ ਸਨ।ਵਿਗਿਆਨ ਤੇ ਤਕਨਾਲੋਜੀ ਨੇ ਹਰ ਖ਼ੇਤਰ ’ਚ ਤਰੱਕੀ ਕਰ ਲਈ ਹੈ,ਜਿਸ ਵਿੱਚ ਅਸੀਂ ਕਹਾਂਗੇ ਕਿ ਔਰਤ ਮਰਦ ਦੇ ਬਰਾਬਰ ਖੜ੍ਹੀ ਹੋਈ ਹੈ।ਕੋਈ ਵੀ ਖ਼ੇਤਰ ਅਜਿਹਾ ਨਹੀਂ ਜਿੱਥੇ ਔਰਤ ਦੀ ਸ਼ਮੂਲੀਅਤ ਨਹੀਂ ਸਗੋਂ ਹੁਣ ਤਾਂ ਬੈਕਾਂ,ਸਕੂਲ,ਹਸਪਤਾਲ, ਡਾਕ ਘਰ,ਕੰਪਨੀਆਂ ਆਦਿ ਹਰ ਪਾਸੇ ਔਰਤਾਂ ਦੀ ਗਿਣਤੀ ਵਧੇਰੇ ਹੈ।ਕਦੇ ਕੇਵਲ ਮਰਦ ਹੀ ਵਿਦੇਸ਼ ਵਿੱਚ ਕਮਾਈਆਂ  ਕਰਨ ਜਾਂਦੇ ਸਨ ਪਰ ਅੱਜ,ਲੜਕਿਆਂ ਤੋਂ ਵੱਧ ਲੜਕੀਆਂ ਆਈਲੈਟਸ ਕਰਕੇ ਵਿਦੇਸ਼ਾਂ ’ਚ ਜਾ ਰਹੀਆਂ ਹਨ।ਥੋੜੇ ਦਿਨ ਪਹਿਲਾਂ ਜਦ ਇਕ ਫੌਜ ਦੀ ਯੂਨਿਟ ਨੂੰ ਜ਼ਹਾਜ ਰਾਹੀਂ ਦੂਜੀ ਥਾਂ ਤੇ ਲਿਜਾਣ ਲਈ ਲੜਕੀ ਨੇ ਉਡਾਣ ਭਰੀ ਤਾਂ ਮੇਰੇ ਲਈ ਉਹ ਮਨਮੋਹਕ ਦ੍ਰਿਸ਼ ਸੀ।ਸੁਲਤਾਨਪੁਰ ਲੋਧੀ ਅਜ਼ਾਦੀ ਦਿਵਸ ਤੇ ਮੈਨੂੰ ਸਨਮਾਨ ਲਈ ਬੁਲਾਇਆ ਗਿਆ।ਮੇਰੇ ਕੰਨਾਂ ’ਚ ਅਵਾਜ਼ ਗੂੰਜ ਰਹੀ ਸੀ ਕਿ ਜੱਜ ਸਾਹਿਬ ਪਹੁੰਚ ਚੁੱਕੇ ਹਨ।ਇੱਕ ਆਦਮੀ ਨਾਲ ਨੌਜਵਾਨ ਲੜਕੀ ਸੀ।ਮੈਂ ਸੋਚਿਆ ਜੱਜ ਸਾਹਿਬ ਆਪਣੀ ਬੇਟੀ ਵੀ ਨਾਲ ਲਿਆਏ ਹਨ ਪਰ ਮੇਰੀ ਖੁਸ਼ੀ ਤੇ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਵੇਖਿਆ ਕਿ ਬੇਟੀ ਜੱਜ ਦੀ ਕੁਰਸੀ ਤੇ ਬਿਰਾਜਮਾਨ ਹੋਈ ਤੇ ਉਸਦਾ ਪਿਤ ਜੀ ਵੱਖਰੀ ਲਾਈਨ ’ਚ ਬੈਠ ਗਏ।ਕਪੂਰਥਲੇ ਜ਼ਿਲ੍ਹੇ ਵਿੱਚ ਗਤਕਾ ਟਰੇਨਰ ਗੁਰਵਿੰਦਰ ਕੌਰ ਇੱਕ ਲੜਕੀ ਹੈ ਤੇ ਜੋ ਮਰਦਾ ਨੂੰ ਵੀ ਟਰੇਨਿੰਗ ਦੇ ਰਹੀ ਹੈ।ਲੜਕੀਆਂ ਘੋੜ ਸਵਾਰੀ ’ਚ ਵੀ ਨਾਮਣਾ ਖੱਟ ਰਹੀਆਂ ਹਨ।
    ਦ੍ਰਿੜ ਇਰਾਦੇ ਅਤੇ ਜੱਦੋ-ਜਹਿਦ ਕਰਕੇ ਇਥੋਂ ਤੱਕ ਪਹੁੰਚਣ ਵਾਲੀ ਔਰਤ ਲਈ ਅੱਜ ਫਿਰ ਮਾਹੌਲ ਡਵਾਂਡੋਲ ਹੋ ਗਿਆ ਹੈ।ਔਰਤਾਂ ਨੇ ਤਾਂ ਸੰਘਰਸ਼ ਕਰਕੇ ਸਾਰੀਆਂ ਮੰਜ਼ਿਲਾਂ ਸਰ ਕਰਕੇ ਵਿਖਾ ਦਿੱਤੀਆਂ ਹਨ ਪਰ ਅੱਜ ਸਮਾਜ ’ਚ ਔਰਤਾਂ ਨਾਲ ਜੋ ਦੁਸ਼ਕਰਮ ਹੋ ਰਹੇ ਹਨ,ਉਨਾਂ ਨੇ ਸਭ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ।ਦੂਜੇ ਦੇਸ਼ਾਂ ਵਿਚ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨੂੰ ਤਰੁੰਤ ਮੌਤ ਦੀ ਸਜਾ ਦਿੱਤੀ ਹੈ ਪਰ ਸਾਡੇ ਦੇਸ਼ ਵਿਚ ਜਿਸਦੀ ਧੀ ਨਾਲ ਦੁਸ਼ਕਰਮ ਹੋ ਜਾਂਦਾ ਹੈ,ਉਹ ਸਾਰੀ ਉਮਰ ਕਚਿਹਰੀਆਂ ਦੇ ਧੱਕੇ ਖਾਂਦਾ ਹੈ,ਧਮਕੀਆਂ ਸਹਿਣ ਕਰਦਾ ਹੈ,ਨਿਆਂ ਲਈ ਆਪਣਾ ਆਰਥਿਕ ਪੱਖ ਵੀ ਵਰਤਦਾ ਹੈ।
ਅੱਜ ਨਾਰੀ ਦਿਵਸ ਤੇ ਦਿੱਲੀ ਦੀ ਦਾਮਿਨੀ,ਕਸ਼ਮੀਰ ਦੀ ਅੱਠ ਸਾਲਾਂ ਆਸਿਫਾ,ਕੇਰਲਾ ਦੀ ਜੀਸ਼ਾ ਅਤੇ ਹੈਦਰਾਬਾਦ ਦੀ ਵੈਟਨਰੀ ਡਾਕਟਰ ਪ੍ਰੀਤੀ ਰੈਡੀ ਜਿੰਨ੍ਹਾਂ ਨੂੰ ਦੁਸ਼ਕਰਮ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਕਈ ਹਜ਼ਾਰਾਂ ਦੀ ਗਿਣਤੀ ਵਿਚ ਜੋ ਕਿਤੇ ਨਾ ਕਿਤੇ ਮਰਦ ਦੀ ਹਵਸ ਦਾ ਸ਼ਿਕਾਰ ਬਣਦੀਆਂ ਨੇ,ਇਹ ਸਭ ਘਟਨਾਵਾਂ ਸਾਨੂੰ ਝੰਜੋੜ ਰਹੀਆਂ ਨੇ।
ਹੇ ਕੰਜਕਾਂ ਪੂਜਣ ਵਾਲਿਓ,ਭਰੂਣ ਹੱਤਿਆਂ ਰੋਕਣ ਵਾਲਿਓ,ਮੰਦਰਾਂ ’ਚ ਮਾਤਾ ਦੇ ਪੁਜਾਰੀਓ ਅੱਜ ਕਿੱਥੇ ਹੈ ਸਾਡਾ ਭਾਰਤੀਆਂ ਦਾ ਧਰਮ ? ਵੋਟਾਂ ਲੈਣ ਵਾਲਿਓ , ਕੁਰਸੀਆਂ ਤੇ ਅਫ਼ਸਰ ਬਣ ਬੈਠਣ ਵਾਲਿਓ,ਕਾਨੂੰਨ ਦੇ ਰਖਵਾਲਿਓ ਕੀ ਔਰਤ ਤੁਹਾਨੂੰ ਵੋਟ ਨਹੀਂ ਪਾਉਂਦੀ ? ਕੀ ਉਹ ਤੁਹਾਡੀ ਮਾਂ,ਭੈਣ ਨਹੀਂ ? ਅਜਿਹੀਆਂ ਘਟਨਾਵਾਂ ਤੇ ਪ੍ਰਸ਼ਾਸ਼ਨ,ਨੇਤਾ ਅਤੇ ਸਮਾਜਿਕ ਜਥੇਬੰਦੀਆਂ ਚੁੱਪ ਕਿਉ ?
ਇਹ ਨਾ ਸੋਚੋ ਕਿ ਕਿਸੇ ਨਾਲ ਵਾਪਰੀ ਸਾਨੂੰ ਕੀ ।ਜਦ ਅੱਗ ਲੱਗਦੀ ਹੈ ਤਾਂ ਸੇਕ ਸਭ ਨੂੰ ਪਾਸਿਆਂ ਨੂੰ ਜਾਂਦਾ ਹੈ।ਆਪਣੇ ਘਰ ਵਾਪਰਨ ਤੋਂ ਪਹਿਲਾਂ ਸਾਰੇ ਜਾਗੋ ਤੇ ਧੀਆਂ ਨੂੰ ਸੁਰੱਖਿਆ ਦਿਉ।ਕੁਝ ਵਾਪਰਨ ਤੇ ਸਜ਼ਾ ਦਿਵਾਉਣੀ ਕਾਫ਼ੀ ਨਹੀਂ ਹੈ।ਮਸਲਾ ਤਾਂ ਇਹ ਹੈ ਕਿ ਵਾਪਰਨ ਤੇ ਕਾਬੂ ਪਾਇਆ ਜਾਵੇ।ਹੁਣ ਚਾਰ ਸਾਲ ਦੀਆਂ ਬੱਚੀਆਂ ਸਕੂਲ ਬੱਸਾਂ ਦੇ ਕੰਡਕਟਰਾਂ ਦੀ ਹਵਸ਼ ਦੀਆਂ ਸ਼ਿਕਾਰ ਹੋ ਰਹੀਆਂ ਹਨ।ਅੱਠ ਸਾਲ ਦੀ ਦੂਜੀ ਕਲਾਸ ਦੀ ਵਿਦਿਆਰਥਣ ਸਕੂਲ ਸਮੇਂ ਹੀ ਦਸਵੀਂ ਜਮਾਤ ਦੇ ਵਿਦਿਆਰਥੀ  ਦੁਆਰਾ ਰੇਪ ਦਾ ਸ਼ਿਕਾਰ ਹੋ ਗਈ।ਹੁਣ ਕਿਹੜਾ ਥਾਂ ਹੈ ਜਿਥੇ ਅਸੀਂ ਔਰਤਾਂ ਤੇ ਧੀਆਂ ਨੂੰ ਸੁਰੱਖਿਅਤ ਸਮਝਾਂਗੇ।ਬਹੁਤ ਸਾਰੇ ਲੋਕ ਭਾਰਤ ਦੇ ਮੂਰਥਲ ਕਾਂਡ ਤੋਂ ਡਰੇ ਹੋਏ ਨੇ ਕੀ ਪਤਾ ਕਿਥੇ,ਕਦੋਂ ਕੀ ਵਾਪਰ ਜਾਵੇ।
ਕੀ ਇਹ ਹੈ ਸਾਡੀ ਸਮਾਜ ਨੂੰ ਦੇਣ ?
ਅੱਜ ਸਿਰ ਝੁਕਦਾ ਹੈ ਹੈਦਰਾਬਾਦ ਦੀ ਪੁਲੀਸ ਨੂੰ ਜਿਸ ਨੇ ਜਦੋ ਡਾ: ਲੜਕੀ ਦੇ ਹਤਿਆਰਿਆਂ ਨੂੰ ਵੇਖਿਆਂ ਤਾਂ ਉਦੋਂ ਹੀ ਮੌਤ ਦੇ ਦੇ ਘਾਟ ਉਤਾਰ ਦਿੱਤਾ।
ਅੱਜ ਕਿਸਾਨ ਅੰਦੋਲਨ ਦੇ 100 ਦਿਨ ਤੋਂ ਵੱਧ ਦਿਨ ਹੋ ਗਏ ਹਨ।ਨੌਦੀਪ ਕੌਰ ਦਾ ਕੇਸ ਆਪਣੇ ਸਾਹਮਣੇ ਹੈ।ਹੱਕਾਂ ਦੀ ਖ਼ਾਤਰ ਲੜਣ ਵਾਲਿਆਂ ਨੂੰ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ।ਕਿਸਾਨ ਅੰਦੋਲਨ ਨੂੰ ਦੁਨੀਆਂ ਦੇ ਸਾਹਮਣੇ ਹਾਈਟਾਈਟ ਕਰਨ ਲਈ ਰਵੀ ਦਿਸ਼ਾ ਤੇ ਸਾਥੀਆਂ ਕੇਸ ਦਰਜ ਕਰਨੇ ਸਰਕਾਰਾਂ ਦੇ ਖਤਰਨਾਕ ਇਰਾਦੇ ਸਭ ਦੇ ਸਾਹਮਣੇ ਹਨ।ਅੰਤਰਰਾਸ਼ਟੀ ਪੱਧਰ ਤੇ ਗ੍ਰੇਟਾ ਥਨਬਰਗ ਨੇ ਕਿਸਾਨ ਬਾਰੇ ਇੱਕ ਕਲਿਪ ਬਣਾਇਆ ਸੀ ਜਿਸ ਨੂੰ ਟੂਲ ਕਿਟ ਅੰਤਰਰਾਸ਼ਟਰੀ ਭਾਸ਼ਾ ਵਿੱਚ ਕਿਹਾ ਜਾਂਦਾ ਹੈ।ਮੈਂ ਪਹਿਲਾਂ ਇਹ ਸਮਝਦੀ ਸੀ ਕਿ ਸ਼ਾਇਦ ਟੂਲ ਕਿਟ ਕੋਈ ਖ਼ਤਰਨਾਕ ਹਥਿਆਰ ਹੈ ਪਰ ਖੋਜ ਕਰਨ ਤੇ ਪਤਾ ਲੱਗਿਆ ਕਿ ਇਹ ਅੰਦੋਲਨ  ਨੂੰ ਇੱਕ ਲੜੀ ਵਿੱਚ ਪਰੋਨ ਦੀ ਇੱਕ ਡਿਜ਼ੀਟਲ ਰੂਪ ਹੈ।ਪਰ ਸਰਕਾਰ ਨੇ ਔਰਤਾਂ ਨੂੰ ਵੀ ਨਹੀਂ ਬਖਸਿਆ।ਕਿਸ ਅਜ਼ਾਦੀ ਦੀਆਂ ਗੱਲਾਂ ਹੋ ਰਹੀਆਂ ਹਨ।ਕਿਹੜੇ ਡਿਜੀਟਲ ਭਾਰਤ ਦਾ ਨਾਹਰਾ ਦਿੱਤਾ ਜਾ ਰਿਹਾ ਹੈ ?
ਕਿਸਾਨ ਅੰਦੋਲਨ ਵਿੱਚ ਵੀ ਔਰਤਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।ਮੈਨੂੰ ਖੁਦ ਵੀ ਕਿਸਾਨ ਅੰਦੋਲਨ ਵਿੱਚ ਕਈ ਵਾਰ ਹਾਜ਼ਰੀ ਲਵਾ ਚੁੱਕੀ ਹਾਂ।ਇਸ ਵਾਰ ਮਹਿਲਾ ਦਿਵਸ ਦਿੱਲੀ ਦੀਆਂ ਬਰੂਹਾਂ ਤੇ ਮਨਾਉਂਣਾ ਆਪਣੇ ਆਪ ਵਿੱਚ ਕਿਸਾਨ ਅੰਦੋਲਨ ਦੀ ਭੁਮਿਕਾ ਨੂੰ ਦਰਸਾ ਰਿਹਾ ਹੈ।
ਜੋ ਕਾਲੇ ਬਿੱਲ ਸਰਕਾਰ ਸਾਡੇ ਤੇ ਥੋਪ ਰਹੀ ਹੈ ਇਸ ਦਾ ਸਭ ਪ੍ਰਭਾਵ ਵੀ ਭਾਰਤ ਦੀ ਹਰੇਕ ਔਰਤ ਤੇ ਪੈਣਾ ਹੈ।ਸੋ ਸਾਰੀਆਂ ਹੀ ਔਰਤਾਂ ਨੂੰ ਇਸ ਅੰਦੋਲਨ ਵਿੱਚ ਵੱਧ ਹਿੱਸਾ ਲੈਣ ਦੀ ਲੋੜ ਹੈ।
ਸੋ ਨਾਰੀ ਲਈ ਅੱਜ ਕਿਸੇ ਪਾਸੇ ਵੀ ਮਾਹੌਲ ਸੁਖਾਵਾਂ ਨਹੀਂ ਰਿਹਾ।ਆਓ ਸਾਰੇ ਆਪਣੀ ਸੋਚ ਬਦਲੀਏ ਤੇ ਬੇਟੀ ਨੂੰ ਬਚਾਉਣ ਤੇ ਪੜ੍ਹਾਉਣ ਦੇ ਨਾਲ ਨਾਲ ਸੁਰੱਖਿਆ ਦੇਣ ਦਾ ਬੀੜਾ ਚੁੱਕੀਏ।

ਹਰਮੇਸ਼ ਕੌਰ ਯੋਧੇ
84272-22155