ਧੀਆਂ - ਡਾ. ਗੁਰਵਿੰਦਰ ਸਿੰਘ
ਧੀਆਂ ਖੁਸ਼ੀਆਂ ਖੇੜੇ,
ਰੱਬ ਕਿਉਂ ਨਾ ਦੇਵੇ?
ਧੀਆਂ ਮਿੱਠੜੇ ਮੇਵੇ ,
ਰੱਬ ਸਭ ਨੂੰ ਦੇਵੇ ।
ਜਿਸ ਘਰ ਦੇ ਵਿੱਚ ਧੀ ਜੰਮਦੀ ਹੈ।
ਆਮਦ ਦਇਆ, ਖਿਮਾ, ਸੰਗ ਦੀ ਹੈ।
ਬਿਨਾਂ ਲੋਰੀਆਂ ਅਤੇ ਪਿਆਰੋਂ,
ਦੌਲਤ ਹੋਰ ਨਾ ਧੀ ਮੰਗ ਦੀ ਹੈ।
ਕਾਹਤੋਂ ਬੂਹੇ ਭੇੜੇ?
ਮਾਂ ਦਾ ਦਰਦ ਵਡਾਂਉਂਦੀ ਧੀ ਹੈ।
ਪੱਗ ਦੀ ਸ਼ਾਨ ਵਧਾਉਂਦੀ ਧੀ ਹੈ।
ਸਬਰ-ਸਿਦਕ ਦੀਆਂ ਰਿਸ਼ਮਾਂ ਵੰਡਦੀ,
ਵਿਹੜੇ ਨੂੰ ਰੁਸ਼ਨਾਉਂਦੀ ਧੀ ਹੈ।
ਫਿਰ ਕਿਉਂ ਰਹਿਣ ਹਨ੍ਹੇਰੇ?
ਵਿੱਦਿਆ ਦੇ ਖੇਤਰ ਵਿੱਚ ਅੱਗੇ।
ਮਾਪਿਆਂ ਤਾਈਂ ਬੋਝ ਨਾ ਲੱਗੇ।
ਹਿੰਮਤ ਅਤੇ ਮੁਸ਼ੱਕਤ ਸਦਕਾ,
ਫ਼ਰਜ਼ ਨਿਭਾਉਂਦੀ ਕਸਰ ਨਾ ਛੱਡੇ।
ਐਸੇ ਹੁਨਰ ਬਥੇਰੇ।
ਧੀ ਕਿਉਂ ਧਨ ਪਰਾਇਆ ਲੋਕੋ।
ਉਸਦੇ ਪਰ-ਉਪਕਾਰ ਨਾ ਟੋਕੋ।
ਦੂਜੇ ਦੇ ਘਰ ਸੂਰਜ ਬਣ ਕੇ,
ਨ੍ਹੇਰ ਮੁਕਾਵੇ ਇਹ ਤਾਂ ਸੋਚੋ।
ਬਦਲੋ ਰਸਮਾਂ ਝੇੜੇ।
ਹੱਕਾਂ ਦੇ ਲਈ ਧੀ ਹੈ ਲੜਦੀ।
ਨਾ ਭੈਅ ਦਿੰਦੀ ਨਾ ਭੈਅ ਜਰਦੀ।
ਜ਼ਾਲਮ ਸਾਹਵੇਂ ਸ਼ੀਹਣੀ ਬਣ ਕੇ,
ਮਜ਼ਲੂਮਾਂ ਦੀ ਰੱਖਿਆ ਕਰਦੀ।
ਵੈਰੀ ਆਉਣ ਨਾ ਨੇੜੇ।
ਮਿੱਠੜੇ ਮੇਵੇ ਧੀਆਂ ਹੀ ਨੇ।
ਪੱਕੀਆਂ ਨੀਂਹਾਂ ਧੀਆਂ ਹੀ ਨੇ।
ਧੀਆਂ ਨੂੰ ਨਿੰਦਣ ਜੋ ਕਲਮਾਂ,
ਗ਼ਲਤ ਪਾਉਂਦੀਆਂ ਲੀਹਾਂ ਹੀ ਨੇ।
ਲਾਅਣਤ, ਲਿਖਦੇ ਜਿਹੜੇ।
ਸਾਡੇ ਘਰ ਜਦ ਧੀ ਸੀ ਆਈ।
ਰੌਣਕ-ਮੇਲੇ ਨਾਲ ਲਿਆਈ।
ਪਹਿਲੀ ਹੀ ਮੁਸਕਾਨ ਬਖ਼ਸ਼ ਕੇ,
ਸਭਨਾਂ ਦੇ ਦਿਲ ਅੰਦਰ ਛਾਈ।
ਖ਼ੁਸ਼ੀਆਂ ਲਾਏ ਡੇਰੇ।
ਜੀਵਨ ਦੀ ਜੋ ਘੜੀ ਹੈ ਲੰਘਦੀ।
ਧੀਏ ਰਹੇਂ ਦੁਆਵਾਂ ਮੰਗਦੀ।
ਗੁਰਵਿੰਦਰ ਕਿੰਝ ਬਣਦਾ ਸ਼ਾਇਰ,
ਜੇਕਰ ਧੀਏ ਤੂੰ ਨਾ ਜੰਮਦੀ।
ਸਦਕੇ ਜਾਈਏ ਤੇਰੇ।
ਰੱਬ ਸਭ ਨੂੰ ਦੇਵੇ।
ਧੀਆਂ ਮਿੱਠੜੇ ਮੇਵੇ,
ਰੱਬ ਕਿਉਂ ਨਾ ਦੇਵੇ?
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
ਫੋਨ : 001 -604-825-1550