ਸਾਵਿੱਤਰੀ ਬਾਈ ਫੂਲੇ ਨੂੰ ਯਾਦ ਕਰਦਿਆਂ - ਡਾ. ਕਰਮਜੀਤ ਸਿੰਘ
ਅੰਗਰੇਜ਼ੀ ਸਾਮਰਾਜ ਆਪਣੇ ਨਾਲ ਇੱਕ ਵੱਖਰਾ ਸਭਿਆਚਾਰ ਲੈ ਕੇ ਆਇਆ, ਜਿਸ ਦਾ ਭਾਰਤੀ ਸਭਿਆਚਾਰ ਨਾਲ ਵਿਰੋਧ ਵਿਕਾਸੀ ਰਿਸ਼ਤਾ ਬਣਿਆ। ਰਾਜਨੀਤਕ ਤੌਰ ’ਤੇ ਟਕਰਾਅ ਸਪੱਸ਼ਟ ਸੀ, ਜੋ ਸਾਮਰਾਜ ਤੇ ਬਸਤੀ ਦੇ ਟਕਰਾਅ ਵਜੋਂ ਸਾਹਮਣੇ ਆਇਆ। ਸਭਿਆਚਾਰਕ ਟਕਰਾਅ ’ਚੋਂ ਦੋ ਧਾਰਾਵਾਂ ਪੈਦਾ ਹੁੰਦੀਆਂ ਹਨ। ਪਹਿਲੀ ਹੈ ਧਾਰਮਿਕ, ਸਮਾਜ ਸਭਿਆਚਾਰਕ ਪੁਨਰ ਸੁਰਜੀਤੀ ਦੀ ਤੇ ਦੂਸਰੀ ਹੈ ਪੱਛਮੀ ਸਭਿਆਚਾਰ ਨਾਲ ਆਦਾਨ-ਪ੍ਰਦਾਨ ਦੀ। ਇਹ ਆਦਾਨ-ਪ੍ਰਦਾਨ ਸੁਚੇਤ ਵੀ ਸੀ ਤੇ ਅਚੇਤ ਵੀ। ਇਸ ਨੇ ਅਨੇਕਾਂ ਧਾਰਮਿਕ ਅਤੇ ਸਮਾਜ ਸੁਧਾਰਕਾਂ ਨੂੰ ਜਨਮ ਦਿੱਤਾ, ਜਿਨ੍ਹਾਂ ’ਚੋਂ ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਦਇਆ ਨੰਦ ਸਰਸਵਤੀ ਸਯੱਦ ਅਹਿਮਦ ਖ਼ਾਨ ਅਤੇ ਪੰਡਿਤਾ ਰਮਾਬਾਈ ਆਦਿ ਵਿਸ਼ੇਸ਼ ਹਨ। ਪੱਛਮੀ ਸਭਿਆਚਾਰ ਦੀਆਂ ਚੁਣੌਤੀਆਂ ਨਾਲ ਇਨ੍ਹਾਂ ਸੁਧਾਰਕਾਂ ਨੇ ਆਪਣੇ-ਆਪਣੇ ਵਿਚਾਰਾਂ ਅਨੁਸਾਰ ਨਜਿੱਠਣ ਦੀ ਕੋਸ਼ਿਸ਼ ਕੀਤੀ। ਧਾਰਮਿਕ ਪੁਨਰ ਸੁਰਜੀਤੀ ਨਾਲ ਜੁੜੇ ਆਗੂ ਪੁਰਾਨਤਾ ਵੱਲ ਪਰਤਦੇ ਹਨ ਤੇ ਇਸੇ ਦ੍ਰਿਸ਼ਟੀ ਤੋਂ ਹੀ ਸਮਾਜਿਕ ਕੁਰੀਤੀਆਂ ਨੂੰ ਸੰਬੋਧਿਤ ਹੁੰਦੇ ਹਨ। ਸਤੀ ਪ੍ਰਥਾ ਦਾ ਵਿਰੋਧ, ਬਾਲ ਵਿਆਹ ਦਾ ਵਿਰੋਧ, ਵਿਧਵਾ ਵਿਆਹ ਦਾ ਸਮਰਥਨ, ਔਰਤ ਦੀ ਬਰਾਬਰੀ ਦਾ ਹੱਕ ਅਤੇ ਜਾਤ-ਪਾਤ ਦਾ ਵਿਰੋਧ ਇਨ੍ਹਾਂ ਦੇ ਮੂਲ ਮੁੱਦੇ ਸਨ। ਔਰਤਾਂ ਦੀ ਸਿੱਖਿਆ ਉਪਰ ਇਨ੍ਹਾਂ ਨੇ ਵਿਸ਼ੇਸ਼ ਜ਼ੋਰ ਦਿੱਤਾ। ਇਹ ਜਾਗਰਣ ਸਵੈ-ਮਾਣ ਅਤੇ ਰਾਸ਼ਟਰਵਾਦ ਉਪਰ ਆਧਾਰਿਤ ਸੀ।
ਇਹ ਸੁਧਾਰਕ ਜਾਤ ਪ੍ਰਬੰਧ ਅਨੁਸਾਰ ਉਚੇਰੀਆਂ ਜਾਤਾਂ ’ਚੋਂ ਸਨ ਪਰ ਦੂਜੇ ਪਾਸੇ ਪੇਰੀਆਰ, ਜਯੋਤੀਬਾ ਫੂਲੇ - ਸਾਵਿੱਤਰੀ ਬਾਈ ਫੂਲੇ, ਆਇਨ ਕਲੀ ਅਤੇ ਡਾ. ਅੰਬੇਡਕਰ ਤਥਾ ਕਥਿਤ ਹੇਠਲੀਆਂ ਜਾਤਾਂ-ਜਮਾਤਾਂ ’ਚੋਂ ਸਨ, ਜਿਨ੍ਹਾਂ ਦਾ ਸਿੱਧਾ ਟਕਰਾਅ ਬ੍ਰਾਹਮਣਵਾਦੀ/ ਮਨੂਵਾਦੀ ਸੋਚ ਨਾਲ ਸੀ। ਜਾਤ ਆਧਾਰਤ ਸਮਾਜ ਨੂੰ ਇਨ੍ਹਾਂ ਨੇ ਮੂਲੋਂ ਰੱਦ ਕੀਤਾ, ਅਛੂਤਾਂ ਲਈ ਮਾਨਵੀ ਸਨਮਾਨ ਦੀ ਲੜਾਈ ਲੜੀ, ਔਰਤਾਂ ਵਿਸ਼ੇਸ਼ ਤੌਰ ’ਤੇ ਦਲਿਤ ਔਰਤਾਂ ਨੂੰ ਪੜ੍ਹਾਉਣ ਦੀ ਵਕਾਲਤ ਕੀਤੀ, ਵਿਧਵਾ ਵਿਆਹ ਦੇ ਹੱਕ ’ਚ ਸਿਧਾਂਤਕ ਤੇ ਵਿਹਾਰਕ ਤੌਰ ’ਤੇ ਅਗਾਂਹ ਆਏ, ਬਾਲ ਵਿਆਹ ਤੇ ਸਤੀ ਪ੍ਰਥਾ ਦਾ ਵਿਰੋਧ ਕੀਤਾ। ਇਨ੍ਹਾਂ ਨੇ ਧਾਰਮਿਕ ਸਥਾਨਾਂ, ਸਾਂਝੀਆਂ ਥਾਵਾਂ, ਪਾਣੀ ਦੇ ਸੋਮਿਆਂ ਤੋਂ ਪਾਣੀ ਪੀਣ ਦੀਆਂ ਲੜਾਈਆਂ ਲੜੀਆਂ। ਸਰਕਾਰੀ ਸਕੂਲਾਂ ਵਿੱਚ ਦਲਿਤਾਂ ਲਈ ਬਰਾਬਰ ਦੇ ਹੱਕ ਲੈਣ ਲਈ ਸੰਗਠਿਤ ਤੇ ਕਾਨੂੰਨੀ ਲੜਾਈ ਲੜੀ ਜੋ ਅੱਜ ਵੀ ਜਾਰੀ ਹੈ।
ਤੀਸਰੀ ਧਿਰ ਰਾਜਨੀਤਕ ਅਤੇ ਅਗਾਂਹਵਧੂ ਸੀ, ਜਿਸ ਵਿੱਚ ਗ਼ਦਰ ਲਹਿਰ ਤੇ ਕਮਿਊਨਿਸਟ ਲਹਿਰ ਸ਼ਾਮਿਲ ਸੀ। ਡਾ. ਅੰਬੇਡਕਰ ਅਤੇ ਕ੍ਰਾਂਤੀਕਾਰੀਆਂ ਦੇ ਢੰਗ ਤਰੀਕਿਆਂ ਵਿੱਚ ਅੰਤਰ ਹੋ ਸਕਦਾ ਹੈ ਪਰ ਦੋਨੋਂ ਹੇਠਲੀ ਜਾਤ-ਜਮਾਤ ਨੂੰ ਉਪਰ ਚੁੱਕਣ, ਔਰਤ ਦਾ ਸਨਮਾਨ ਬਹਾਲ ਕਰਨ, ਹਰ ਤਰ੍ਹਾਂ ਦੇ ਦਕਿਆਨੂਸੀ ਵਿਚਾਰਾਂ ਨੂੰ ਤਿਆਗਣ ਅਤੇ ਵਿਗਿਆਨਕ ਦ੍ਰਿਸ਼ਟੀ ਅਪਨਾਉਣ ਉਪਰ ਜ਼ੋਰ ਦਿੰਦੇ ਸਨ।
ਪੁਨਰ ਜਾਗਰਣ ਦੀ ਗੱਲ ਕਰਦਿਆਂ ਉੱਤਰ ਭਾਰਤੀ ਲਹਿਰਾਂ ਨੂੰ ਵਿਦਵਾਨ ਵਧੇਰੇ ਉਭਾਰਦੇ ਹਨ। ਦੱਖਣ ਦੀਆਂ ਲਹਿਰਾਂ ਵਿਸ਼ੇਸ਼ ਤੌਰ ’ਤੇ ਦਲਿਤ ਪੁਨਰ-ਜਾਗਰਣ ਨੂੰ ਅੱਖੋਂ ਉਹਲੇ ਕਰ ਜਾਂਦੇ ਹਨ। ਇਥੇ ਅਸੀਂ ਇਸੇ ਪੱਖ ਦੇ ਸੰਦਰਭ ਵਿੱਚ ਸਾਵਿੱਤਰੀ ਬਾਈ ਫੂਲੇ ਦੇ ਯੋਗਦਾਨ ਬਾਰੇ ਚਰਚਾ ਕਰਾਂਗੇ। ਸਾਵਿੱਤਰੀ ਬਾਈ ਫੂਲੇ ਜਯੋਤੀ ਰਾਉ ਫੂਲੇ ਦੀ ਹਮਸਫ਼ਰ ਸੀ। ਮਾਲੀ (ਸ਼ੂਦਰ) ਪਰਿਵਾਰ ’ਚੋਂ ਹੋਣ ਕਰਕੇ ਜਯੋਤੀ ਰਾਉ ਫੂਲੇ ਨੂੰ ਕਈ ਕੌੜੇ ਤਜਰਬੇ ਸਨ। ਵਿਸ਼ੇਸ਼ ਤੌਰ ’ਤੇ ਇੱਕ ਵਾਰ ਫੂਲੇ ਬ੍ਰਾਹਮਣ ਦੋਸਤ ਦੇ ਵਿਆਹ ਵਿੱਚ ਚਲੇ ਗਏ। ਵਿਆਹ ਤੋਂ ਬਾਅਦ ਮਿੱਤਰ ਦੇ ਪਰਿਵਾਰ ਨੇ ਉਨ੍ਹਾਂ ਨਾਲ ਮਾੜਾ ਵਰਤਾਅ ਕੀਤਾ। ਉਨ੍ਹਾਂ ਨੂੰ ਜਾਤ ਆਧਾਰਤ ਤਾਅਨੇ-ਮਿਹਣੇ ਵੀ ਝੱਲਣੇ ਪਏ। ਅਜਿਹੇ ਵਤੀਰੇ ਡਾ. ਅੰਬੇਡਕਰ, ਆਇਨਕਲੀ, ਬਾਬੂ ਮੰਗੂ ਰਾਮ ਆਦਿ ਨੂੰ ਵੀ ਝੱਲਣੇ ਪਏ। ਜੋਤੀ ਰਾਉ ਫੂਲੇ ਨੇ 1848 ’ਚ ਅਛੂਤ ਕੁੜੀਆਂ ਲਈ ਪਹਿਲਾ ਸਕੂਲ ਖੁਲ੍ਹਵਾਇਆ।
ਬਚਪਨ ਵਿੱਚ ਸਾਵਿੱਤਰੀ ਬਾਈ ਫੂਲੇ ਨਾਲ ਵਿਆਹ ਹੋ ਗਿਆ। ਇਹ ਆਪਣੇ ਆਪ ਵਿੱਚ ਇਕ ਉਦਾਹਰਣ ਹੈ ਕਿ 19ਵੀਂ ਸਦੀ ਦੇ ਅੱਧ ਵਿਚ ਜਯੋਤੀ ਰਾਉ ਫੂਲੇ ਨੇ ਸਾਵਿੱਤਰੀ ਬਾਈ ਫੂਲੇ ਨੂੰ ਪੜ੍ਹਾਇਆ ਲਿਖਾਇਆ ਅਤੇ ਅਧਿਆਪਕ ਦੇ ਅਹੁਦੇ ਤਕ ਪਹੁੰਚਾਇਆ। ਜਯੋਤੀ ਰਾਉ ਫੂਲੇ ਤੇ ਸਾਵਿੱਤਰੀ ਬਾਈ ਫੂਲੇ ਨੂੰ ਅਛੂਤਾਂ ਨੂੰ ਪੜ੍ਹਾਉਣ ਕਰਕੇ ਜਾਤ-ਨਿਕਾਲਾ ਦਿੱਤਾ ਗਿਆ ਪਰ ਉਨ੍ਹਾਂ ਹੋਰ ਸਕੂਲਾਂ ਦੀ ਸ਼ੁਰੂਆਤ ਕੀਤੀ ਅਤੇ ਕਾਮਿਆਂ ਲਈ ਰਾਤ ਦਾ ਸਕੂਲ ਖੋਲ੍ਹਿਆ। ਇਸ ਸੇਵਾ ਲਈ ਜਯੋਤੀ ਰਾਉ ਨੂੰ ਸਿੱਖਿਆ ਵਿਭਾਗ ਵੱਲੋਂ ਸਨਮਾਨਿਆ ਵੀ ਗਿਆ। ਉਨ੍ਹਾਂ ਨੇ ਵਿਧਵਾਵਾਂ ਅਤੇ ਉਨ੍ਹਾਂ ਦੇ ਪਿਉ ਬਾਹਰੇ ਬੱਚਿਆਂ ਲਈ ਆਸ਼ਰਮ ਬਣਾਇਆ। ਪਾਣੀ ਦੇ ਸ੍ਰੋਤ ਲਈ ਘਰ ਖੋਲ੍ਹ ਦਿੱਤਾ। ਸਤਿਆਸ਼ੋਧਕ ਸਮਾਜ ਦੀ ਨੀਂਹ ਰੱਖੀ। ਜਯੋਤੀ ਰਾਉ ਫੂਲੇ ਨੇ ਅਨੇਕਾਂ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿਚ ਗ਼ੁਲਾਮਗਿਰੀ (1873) ਸਭ ਤੋਂ ਵੱਧ ਪ੍ਰਸਿੱਧ ਹੈ।
ਸਪੱਸ਼ਟ ਹੈ ਕਿ ਸਾਵਿੱਤਰੀ ਬਾਈ ਫੂਲੇ ਨੇ ਜਯੋਤੀ ਰਾਉ ਫੂਲੇ ਦੇ ਸਮੁੱਚੇ ਜੀਵਨ ਦਰਸ਼ਨ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਸੀ। ਸਾਵਿੱਤਰੀ ਬਾਈ ਫੂਲੇ ਦੀ ਅਧਿਆਪਨ ਸਿਖਲਾਈ ਤਕ ਦੀ ਸਹੇਲੀ ਫਾਤਿਮਾ ਸ਼ੇਖ ਸੀ, ਜੋ ਹਮੇਸ਼ਾ ਉਸ ਦੇ ਪਰਿਵਾਰ ਦਾ ਅੰਗ ਬਣੀ ਰਹੀ। ਇਹ ਮੁਸਲਿਮ-ਦਲਿਤ ਸਬੰਧਾਂ ਦੀ ਇਕ ਮਿਸਾਲ ਸੀ, ਜਿਸ ਦੀ ਅੱਜ ਵੀ ਬਹੁਤ ਲੋੜ ਹੈ। ਸਾਵਿੱਤਰੀ ਬਾਈ ਫੂਲੇ ਨੇ ਆਪਣੀ ਵੱਖਰੀ ਪਛਾਣ ਬਣਾਈ। ਉਹ ਕੁੜੀਆਂ ਲਈ ਖੋਲ੍ਹੇ ਗਏ ਸਕੂਲ ਦੀ ਅਧਿਆਪਕ ਵੀ ਸੀ ਤੇ ਮੁੱਖ ਅਧਿਆਪਕ ਵੀ। ਫਾਤਿਮਾ ਸ਼ੇਖ ਵੀ ਇਸੇ ਸਕੂਲ ਵਿੱਚ ਪੜ੍ਹਾਉਂਦੀ ਸੀ। ਅਛੂਤ ਕੁੜੀਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੂੰ ਘਰੋਂ ਹੀ ਨਹੀਂ ਕੱਢਿਆ ਗਿਆ ਸਗੋਂ ਜਦੋਂ ਉਹ ਸਕੂਲ ਪੜ੍ਹਾਉਣ ਜਾਂਦੀਆਂ ਤਾਂ ਉਨ੍ਹਾਂ ਉਪਰ ਗੋਹਾ ਤੇ ਗੰਦ ਸੁੱਟਿਆ ਜਾਂਦਾ ਅਤੇ ਪਥਰਾਅ ਕੀਤਾ ਜਾਂਦਾ। ਸਾਵਿੱਤਰੀ ਬਾਈ ਫੂਲੇ ਇੱਕ ਸਾੜੀ ਲਾ ਕੇ ਜਾਂਦੀ ਤੇ ਇੱਕ ਨਾਲ਼ ਰੱਖਦੀ। ਸਕੂਲ ਜਾ ਕੇ ਉਹ ਗੰਦੀ ਹੋਈ ਸਾੜੀ ਬਦਲਦੀ ਅਤੇ ਆਉਂਦਿਆਂ ਮੁੜ ਪਹਿਲੀ ਸਾੜੀ ਪਹਿਨ ਲੈਂਦੀ। ਉਸ ਦੇ ਪੜ੍ਹਾਉਣ ਨੂੰ ਧਰਮ ਵਿਰੁੱਧ ਕਹਿ ਕੇ ਪਰਚਾਰਿਆ ਜਾਂਦਾ ਪਰ ਉਹ ਇਸ ਨੂੰ ਬ੍ਰਾਹਮਣਵਾਦੀ ਸੋਚ ਦਾ ਕੂੜ ਪ੍ਰਚਾਰ ਮੰਨਦੀ। ਉਹ ਵਿਧਵਾਵਾਂ ਲਈ ਆਸ਼ਰਮ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਸੰਭਾਲਦੀ। ਯਸ਼ਵੰਤ ਫੂਲੇ, ਜੋ ਉਨ੍ਹਾਂ ਦਾ ਵਾਰਿਸ ਬਣਿਆ ਇਸੇ ਵਿਧਵਾ ਆਸ਼ਰਮ ਵਿੱਚ ਪੈਦਾ ਹੋਇਆ ਸੀ। ਜਯੋਤੀ ਰਾਉ ਫੂਲੇ ਦੇ ਚਲਾਣੇ ਤੋਂ ਬਾਅਦ ਸਤਿਆਸ਼ੋਧਕ ਸਮਾਜ ਦਾ ਕੰਮ ਸਾਵਿੱਤਰੀ ਬਾਈ ਫੂਲੇ ਨੇ ਹੀ ਦੇਖਿਆ। ਪੂਣੇ ਵਿੱਚ 1897 ਈ. ਵਿੱਚ ਪਲੇਗ ਫੈਲੀ, ਪਲੇਗ ਦੇ ਮਰੀਜ਼ਾਂ ਦੀ ਦੇਖ ਰੇਖ ਕਰਦੀ ਉਹ ਆਪ ਵੀ ਪਲੇਗ ਦੀ ਗ੍ਰਿਫ਼ਤ ਵਿਚ ਆ ਗਈ ਅਤੇ ਇਸ ਨਾਲ ਹੀ ਉਸ ਦੀ ਮੌਤ ਹੋਈ।
ਸਾਵਿੱਤਰੀ ਬਾਈ ਫੂਲੇ ਇੱਕ ਲੇਖਕ/ਕਵਿੱਤਰੀ ਵੀ ਸੀ, ਜਿਸ ਦੀਆਂ ਚਾਰ ਪੁਸਤਕਾਂ ਛਪੀਆਂ। ਇਥੇ ਅਸੀਂ ਜਯੋਤੀ ਰਾਉ ਫੂਲੇ ਨੂੰ ਲਿਖੇ ਤਿੰਨ ਖ਼ਤਾਂ ਅਤੇ ਦੋ ਕਾਵਿ ਪੁਸਤਕਾਂ ਦੀ ਸੰਖੇਪ ਚਰਚਾ ਕਰਨਾ ਚਾਹਾਂਗੇ। ਸਾਵਿੱਤਰੀ ਬਾਈ ਫੂਲੇ ਦੀ ਸਾਰੀ ਰਚਨਾ ਮਰਾਠੀ ਵਿਚ ਹੈ। ਤਿੰਨ ਖ਼ਤ ਪੰਜਾਬੀ ਵਿੱਚ ਅਨੁਵਾਦ ਕਰਕੇ ਛਾਪੇ ਜਾ ਚੁੱਕੇ ਹਨ ਅਤੇ ਕਵਿਤਾਵਾਂ ਬਾਰੇ ਕੁਝ ਲੇਖ ਹਿੰਦੀ ਵਿਚ ਆਏ ਹਨ। ਇਸ ਪੱਖ ਬਾਰੇ ਹਾਲੇ ਚਰਚਾ ਸ਼ੁਰੂ ਹੀ ਹੋਈ ਹੈ। 1850 ਈ. ਵਿਚ ਬਿਮਾਰੀ ਦੀ ਹਾਲਤ ਵਿੱਚ ਸਾਵਿੱਤਰੀ ਬਾਈ ਫੂਲੇ ਨੂੰ ਮਾਪਿਆਂ ਦੇ ਘਰ ਆਉਣਾ ਪਿਆ। ਇਥੋਂ ਲਿਖੇ ਖ਼ਤ ਵਿੱਚ ਪਹਿਲੀ ਚਿੰਤਾ ਫਾਤਿਮਾ ਬਾਰੇ ਹੈ, ਜਿਸ ਨੂੰ ਇਕੱਲੇ ਸਾਰਾ ਘਰ ਸੰਭਾਲਣਾ ਪੈਂਦਾ ਹੈ। ਇਥੇ ਹੀ ਭਰਾ ਨਾਲ ਤਿੱਖੀ ਵਿਚਾਰਧਾਰਕ ਝੜਪ ਹੁੰਦੀ ਹੈ। ਸਾਵਿੱਤਰੀ ਦਾ ਤਰਕ ਜਿੱਤਦਾ ਹੈ। ਭਰਾ ਦਾ ਕਹਿਣਾ ਹੈ, ‘‘ਤੈਨੂੰ ਤੇ ਤੇਰੇ ਪਤੀ ਨੂੰ ਜਾਤ ਨਿਕਾਲਾ ਠੀਕ ਹੀ ਦਿੱਤਾ ਗਿਆ ਹੈ ਕਿਉਂਕਿ ਤੁਸੀਂ ਦੋਨੋਂ ਅਛੂਤਾਂ (ਮਹਾਰ ਤੇ ਮਾਂਗਾਂ) ਦੀ ਸੇਵਾ ਕਰਦੇ ਹੋ...।” ਇਥੇ ਸ਼ੂਦਰ ਤੇ ਅਛੂਤ ਦਾ ਅਰਥ ਸਮਝ ਲੈਣਾ ਜ਼ਰੂਰੀ ਹੈ। ਹੱਥੀਂ ਕੰਮ ਕਰਨ ਵਾਲੇ ਸਾਰੇ ਭਾਰਤੀ ਸ਼ੂਦਰ ਹਨ ਪਰ ਚਮੜੇ ਦਾ ਕੰਮ ਕਰਨ ਵਾਲੇ ਅਤੇ ਗੰਦ ਦੀ ਸਫ਼ਾਈ ਕਰਨ ਵਾਲੇ ਅਛੂਤ ਹਨ। ਸ਼ੂਦਰਾਂ ’ਚੋਂ ਅਤਿ ਸ਼ੂਦਰ। ਇਨ੍ਹਾਂ ਨਾਲ ਸ਼ੂਦਰ ਜਾਤਾਂ ਵੀ ਬ੍ਰਾਹਮਣਾਂ ਵਰਗਾ ਹੀ ਵਿਹਾਰ ਕਰਦੀਆਂ ਹਨ। ਭਰਾ ਨਾਲ ਤਰਕ ਸਮੇਂ ਸਾਵਿੱਤਰੀ ਬਾਈ ਫੂਲੇ ਕਹਿੰਦੀ ਹੈ, “ਵੀਰ ਤੇਰੀ ਸੋਚ ਸੌੜੀ ਹੈ ਅਤੇ ਬ੍ਰਾਹਮਣਵਾਦ ਦੀ ਸੋਚ ਨੇ ਇਸ ਨੂੰ ਹੋਰ ਵੀ ਭੈੜੀ ਬਣਾ ਦਿੱਤਾ ਹੈ। ਬਕਰੀ ਅਤੇ ਗਾਂ ਵਰਗੇ ਜਾਨਵਰ ਤੇਰੇ ਲਈ ਅਛੂਤ ਨਹੀਂ ਹਨ, ਉਸ ਨੂੰ ਬੜੇ ਪਿਆਰ ਨਾਲ ਤੂੰ ਪਲੋਸਦਾ ਹੈਂ। ਨਾਗਪੰਚਮੀ ਵਾਲੇ ਦਿਨ ਜ਼ਹਿਰੀਲੇ ਸੱਪਾਂ ਨੂੰ ਫੜ ਫੜ ਕੇ ਦੁੱਧ ਪਿਲਾਉਂਦਾ ਹੈਂ ਪਰ ਮਹਾਰ ਅਤੇ ਮਾਂਗ ਨੂੰ ਜੋ ਤੇਰੇ ਵਰਗੇ ਇਨਸਾਨ ਹਨ, ਉਨ੍ਹਾਂ ਨੂੰ ਅਛੂਤ ਸਮਝਦਾ ਹੈਂ? ਜਦੋਂ ਬ੍ਰਾਹਮਣ ਪਵਿੱਤਰ ਕਪੜੇ ਪਾ ਕੇ ਪੂਜਾ ਪਾਠ ਕਰਦੇ ਹਨ ਤਾਂ ਉਹ ਤੁਹਾਨੂੰ ਵੀ ਅਸ਼ੁੱਧ ਤੇ ਅਛੂਤ ਮੰਨਦੇ ਹਨ ਕਿ ਤੁਹਾਡਾ ਛੂਹਣਾ ਉਨ੍ਹਾਂ ਨੂੰ ਦੂਸ਼ਿਤ ਕਰ ਦੇਵੇਗਾ। ਉਹ ਤੁਹਾਡੇ ਨਾਲ ਮਹਾਰਾਂ ਤੋਂ ਵੱਖਰਾ ਵਿਹਾਰ ਨਹੀਂ ਕਰਦੇ।” ਸਾਵਿੱਤਰੀ ਬਾਈ ਫੂਲੇ ਦੇ ਇਸ ਕਥਨ ਨੂੰ ਭਗਤ ਸਿੰਘ ਦੇ ਵਿਚਾਰਾਂ (ਅਛੂਤ ਦਾ ਸਵਾਲ) ਨਾਲ ਮੇਲ ਕੇ ਪੜ੍ਹਨ ਦੀ ਜ਼ਰੂਰਤ ਹੈ। ਉਸ ਅਨੁਸਾਰ ਇਕ ਕੁੱਤਾ ਤਾਂ ਤੁਹਾਡੀ ਗੋਦੀ ਵਿੱਚ ਬੈਠ ਕੇ ਰੋਟੀ ਖਾ ਸਕਦਾ ਹੈ ਪਰ ਇੱਕ ਅਛੂਤ ਤੁਹਾਡੇ ਨਾਲ ਬੈਠ ਕੇ ਖਾਣਾ ਨਹੀਂ ਖਾ ਸਕਦਾ। ਸਾਵਿੱਤਰੀ ਬਾਈ ਫੂਲੇ ਬ੍ਰਾਹਮਣਵਾਦ ਦੇ ਭੰਡੀ ਪ੍ਰਚਾਰ ਦੀ ਅਸਲੀਅਤ ਨੂੰ ਸਮਝਦੀ ਹੈ। ਉਹ ਭਰਾ ਨੂੰ ਦੱਸਦੀ ਹੈ, “ਅਸੀਂ ਦੋਨੋਂ (ਉਹ ਤੇ ਉਸਦਾ ਪਤੀ) ਕੁੜੀਆਂ ਨੂੰ ਤੇ ਔਰਤਾਂ ਨੂੰ ਮਾਂਗਾਂ ਅਤੇ ਮਹਾਰਾਂ ਨੂੰ ਸਿੱਖਿਆ ਦਿੰਦੇ ਹਾਂ। ਬ੍ਰਾਹਮਣ ਨਾਰਾਜ਼ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਪਰੇਸ਼ਾਨੀ ਵਧੇਗੀ। ਇਸ ਲਈ ਉਹ ਸਾਡਾ ਵਿਰੋਧ ਕਰਦੇ ਹਨ ਤੇ ਇਹ ਮੰਤਰ ਜੱਪਦੇ ਹਨ ਕਿ ਅਜਿਹਾ ਕਰਨਾ ਸਾਡੇ ਧਰਮ ਦੇ ਖ਼ਿਲਾਫ਼ ਹੈ। ਉਹ ਸਾਡੀ ਨਿੰਦਾ ਕਰਦੇ ਹਨ ਤੇ ਸਾਨੂੰ ਜਾਤ ਬਰਾਦਰੀ ’ਚੋਂ ਛੇਕਦੇ ਹਨ ਤੇ ਤੁਹਾਡੇ ਵਰਗੇ ਚੰਗੇ ਲੋਕਾਂ ਦੇ ਮਨਾਂ ’ਚ ਵੀ ਜ਼ਹਿਰ ਘੋਲ਼ਦੇ ਹਨ।”
ਦੂਸਰੇ ਖ਼ਤ ਵਿੱਚ ਸਾਵਿੱਤਰੀ ਬਾਈ ਫੂਲੇ ਇਕ ਕਰਮ ਕਾਂਡੀ ਬ੍ਰਾਹਮਣ ਗਣੇਸ਼ ਅਤੇ ਅਛੂਤ ਮਹਾਰ ਕੁੜੀ ਸ਼ਰਜਾ ਦੇ ਪਿਆਰ ਦੀ ਕਥਾ ਦਾ ਬ੍ਰਿਤਾਂਤ ਦੱਸਦੀ ਹੈ, ਜਿਨ੍ਹਾਂ ਨੂੰ ਲੋਕਾਂ ਨੇ ਜਲੂਸ ਦੀ ਸ਼ਕਲ ਵਿੱਚ ਪਿੰਡ ’ਚ ਘੁਮਾਇਆ ਅਤੇ ਮਾਰਨ ਦੀ ਧਮਕੀ ਵੀ ਦਿੱਤੀ। ਸਾਵਿੱਤਰੀ ਓਥੇ ਪਹੁੰਚ ਕੇ ਪਿੰਡ ਵਾਲਿਆਂ ਨੂੰ ਬਰਤਾਨਵੀ ਸਜ਼ਾਵਾਂ ਦਾ ਡਰ ਦੇ ਕੇ ਦੋਨਾਂ ਨੂੰ ਬਚਾਉਂਦੀ ਹੈ ਅਤੇ ਬਚਾ ਕੇ ਜਯੋਤੀ ਰਾਉ ਫੂਲੇ ਕੋਲ ਭੇਜ ਦਿੰਦੀ ਹੈ। ਤੀਸਰੇ ਖ਼ਤ ਵਿੱਚ 1876 ਈ. ਦੇ ਅਕਾਲ ਦਾ ਵਰਨਣ ਹੈ, ਜਿਸ ਵਿੱਚ ਸਾਵਿੱਤਰੀ ਰਾਤ ਦਿਨ ਲੋਕਾਂ ਦੀ ਮਦਦ ਕਰਦੀ ਹੈ। ਉਹ ਉਨ੍ਹਾਂ ਸ਼ਾਹੂਕਾਰਾਂ ਦਾ ਤ੍ਰਿਸਕਾਰ ਕਰਦੀ ਹੈ ਜਿਹੜੇ, ‘ਬੜੀ ਧ੍ਰਿਸ਼ਟਾ ਨਾਲ਼ ਇਨ੍ਹਾਂ ਹਾਲਾਤ ਦਾ ਫਾਇਦਾ ਉਠਾ ਰਹੇ ਹਨ।’ ਅਕਾਲ ਦੀ ਭਿਆਨਕਤਾ ਦਾ ਵਰਨਣ ਕਰਦੀ ਸਾਵਿੱਤਰੀ ਬਾਈ ਫੂਲੇ ਲਿਖਦੀ ਹੈ, “1876 ਬੀਤ ਗਿਆ ਹੈ ਪਰ ਅਕਾਲ ਖ਼ਤਮ ਨਹੀਂ ਹੋਇਆ, ਵਿਕਰਾਲ ਰੂਪ ਵਿੱਚ ਅਜੇ ਵੀ ਇਹ ਮੌਜੂਦ ਹੈ, ਲੋਕ ਮਰ ਰਹੇ ਹਨ, ਜਾਨਵਰ ਮਰ ਰਹੇ ਹਨ, ਧਰਤੀ ’ਤੇ ਡਿੱਗੇ ਪਏ ਹਨ। ਭੋਜਨ ਦੀ ਬੇਹੱਦ ਘਾਟ ਹੈ। ਜਾਨਵਰਾਂ ਲਈ ਚਾਰਾ ਨਹੀਂ ਹੈ। ਲੋਕ ਆਪਣੇ ਪਿੰਡ ਛੱਡਣ ਲਈ ਮਜਬੂਰ ਹੋ ਰਹੇ ਹਨ। ਕੁਝ ਲੋਕ ਆਪਣੇ ਬੱਚਿਆਂ, ਛੋਟੀਆਂ ਬੱਚੀਆਂ ਨੂੰ ਵੇਚ ਰਹੇ ਹਨ ਅਤੇ ਪਿੰਡ ਛੱਡ ਰਹੇ ਹਨ। ਨਦੀਆਂ, ਨਾਲੇ ਤਲਾਅ ਸਾਰੇ ਪੂਰੀ ਤਰ੍ਹਾਂ ਸੁੱਕ ਗਏ ਹਨ। ਪੀਣ ਨੂੰ ਪਾਣੀ ਤਕ ਨਹੀਂ ਹੈ। ਦਰਖ਼ਤ ਤਬਾਹ ਹੋ ਰਹੇ ਹਨ, ਇਨ੍ਹਾਂ ਤੇ ਪੱਤੇ ਵੀ ਨਹੀਂ ਰਹੇ। ਜ਼ਮੀਨ ਵਿਚ ਤਰੇੜਾਂ ਪਈਆਂ ਹੋਈਆਂ ਹਨ। ਸੂਰਜ ਤਪ ਰਿਹਾ ਹੈ, ਲੋਕ ਭੋਜਨ ਤੇ ਪਾਣੀ ਲਈ ਕਰਾਹ ਰਹੇ ਹਨ। ਮਰਨ ਲਈ ਜ਼ਮੀਨ ’ਤੇ ਡਿੱਗ ਰਹੇ ਹਨ। ਕੁਝ ਲੋਕ ਜ਼ਹਿਰੀਲੇ ਫਲ ਖਾ ਰਹੇ ਹਨ ਅਤੇ ਤੇਹ ਮਿਟਾਉਣ ਲਈ ਆਪਣਾ ਪਿਸ਼ਾਬ ਪੀ ਰਹੇ ਹਨ।” ਅਜਿਹਾ ਬਿਆਨ ਮਾਨਵੀ ਹਮਦਰਦੀ ਰੱਖਣ ਵਾਲਾ ਕੋਈ ਭਾਵੁਕ ਲੇਖਕ ਹੀ ਕਰ ਸਕਦਾ ਹੈ।
ਸਾਵਿੱਤਰੀ ਬਾਈ ਫੂਲੇ ਦੇ ਦੋ ਕਾਵਿ-ਸੰਗ੍ਰਹਿ ਛਪੇ ਪਹਿਲਾ ‘ਕਾਵਯਾ ਫੂਲੇ’ (1854 ਈ.) ਅਤੇ ਦੂਸਰਾ “ਬਾਵਨ ਕਾਸ਼ੀ ਸੁਬੋਧ ਰਤਨਾਕਰ’ (1892 ਈ.)। ਪਹਿਲਾ ਕਾਵਿ-ਸੰਗ੍ਰਹਿ ਛਪਣ ਸਮੇਂ ਸਾਵਿੱਤਰੀ ਬਾਈ ਫੂਲੇ ਦੀ ਉਮਰ 23 ਸਾਲ ਸੀ। ਇਸ ਸੰਗ੍ਰਹਿ ਵਿੱਚ ਧਰਮ, ਧਰਮ ਸ਼ਾਸਤਰ, ਧਾਰਮਿਕ ਪਾਖੰਡਾਂ ਤੇ ਕੁਰੀਤੀਆਂ ਖ਼ਿਲਾਫ਼ ਲਿਖਿਆ ਗਿਆ ਹੈ। ਅਨੀਤਾ ਭਾਰਤੀ ਅਨੁਸਾਰ ਉਸ ਨੇ, “ਔਰਤਾਂ ਦੀ ਸਮਾਜਿਕ ਸਥਿਤੀ ’ਤੇ ਕਵਿਤਾਵਾਂ ਲਿਖੀਆਂ ਅਤੇ ਉਨ੍ਹਾਂ ਦੀ ਭੈੜੀ ਸਥਿਤੀ ਲਈ ਜ਼ਿੰਮੇਦਾਰ ਧਰਮ, ਜਾਤੀ, ਬ੍ਰਾਹਮਣਵਾਦ ਤੇ ਪਿਤਰੀ ਸੱਤਾ ’ਤੇ ਤਿੱਖਾ ਪ੍ਰਹਾਰ ਕੀਤਾ।” ਉਹ ਅਗਿਆਨਤਾ ਨੂੰ ਫੜ ਕੇ ਮਾਰਨ ਦਾ ਹੋਕਾ ਦਿੰਦੀ ਹੈ, ਜੋਤਿਸ਼ ਪਾਂਚਾਂਗ ਦਾ ਵਿਰੋਧ ਕਰਦੀ ਹੈ, ਬ੍ਰਾਹਮਣਵਾਦੀ ਸੱਤਾ ਨੂੰ ਵੰਗਾਰਦੀ ਹੈ। ਮਨੂ ਦੀਆਂ ਸਥਾਪਨਾਵਾਂ ਨੂੰ ਤਹਿਸ ਨਹਿਸ ਕਰਦੀ ਹੈ। ਉਹ ਸ਼ੂਦਰ ਦੇ ਅਸਲੀ ਅਰਥ ਨੇਟਿਵ (ਆਦਿਵਾਸੀ) ਕਰਦੀ ਹੈ। ਛਤਰਪਤੀ ਸ਼ਿਵਾਜੀ, ਮਹਾਰਾਣੀ ਤਾਰਾ ਬਾਈ, ਅੰਬਾ ਬਾਈ ਆਦਿ ਦਾ ਗੁਣਗਾਨ ਕਰਦੀ ਹੈ। ਕੁਝ ਕੁ ਉਦਾਹਰਣਾਂ ਦੇਖੋ:
- ਉਸਦਾ ਨਾਮ ਹੈ ਅਗਿਆਨ
ਉਸਨੂੰ ਦਬੋਚ ਲਉ, ਚੰਗੀ ਤਰ੍ਹਾਂ ਫੜ੍ਹ ਕੇ ਫੈਂਟਾ ਚਾੜ੍ਹੋ
ਤੇ ਆਪਣੀ ਜ਼ਿੰਦਗੀ ਵਿਚੋਂ ਬਾਹਰ ਕੱਢੋ
- ਜੋਤਿਸ਼, ਪੰਚਾਂਗ ਹਸਤਰੇਖਾਵਾਂ ਵਿਚ ਉਲਝੇ ਮੂਰਖ
ਸਵਰਗ ਨਰਕ ਦੀ ਕਲਪਨਾ ਵਿਚ ਰੁਚੀ
ਪਸ਼ੂ ਜੀਵਨ ਵਿਚ ਵੀ
ਅਜਿਹੇ ਭਰਮ ਨੂੰ ਕੋਈ ਥਾਂ ਨਹੀਂ
ਪਤਨੀ ਵਿਚਾਰੀ ਕੰਮ ਕਰਦੀ ਰਹੇ
ਮੁਫ਼ਤਖੋਰ ਬੇਸ਼ਰਮ ਖਾਂਦਾ ਰਹੇ
ਪਸ਼ੂਆਂ ਵਿਚ ਵੀ ਅਜਿਹਾ ਅਜੂਬਾ ਨਹੀਂ
ਉਸਨੂੰ ਕਿਵੇਂ ਇਨਸਾਨ ਕਹੀਏ?
-ਹਲ ਜੋ ਚਲਾਵੇ, ਖੇਤੀ ਜੋ ਕਰੇ
ਉਹ ਮੂਰਖ ਹਨ, ਕਹਿੰਦਾ ਹੈ ਮਨੂ
ਮਤ ਕਰੋ ਖੇਤੀ ਕਹੇ ਮਨੂੰ ਸਮ੍ਰਿਤੀ
ਧਰਮ ਦਾ ਕਰੇ ਐਲਾਨ, ਬ੍ਰਾਹਮਣ ਦਾ।
ਸਾਵਿੱਤਰੀ ਬਾਈ ਫੂਲੇ ਲਿਖਦੀ ਮਰਾਠੀ ਵਿੱਚ ਹੈ ਅਤੇ ਸ਼ੂਦਰਾਂ ਨੂੰ ਅੰਗਰੇਜ਼ੀ ਪੜ੍ਹਨ ਲਈ ਉਤਸਾਹਿਤ ਕਰਦੀ ਹੈ। ਇਥੇ ਜਯੋਤੀ ਰਾਉ ਫੂਲੇ ਵਰਗਿਆਂ ਨੂੰ ਅਗਰੇਜ਼ੀ ਭਗਤ ਕਿਹਾ ਜਾ ਸਕਦਾ ਹੈ। ਇਸੇ ਲਈ ਕੁਝ ਵਿਚਾਰ ਹੋ ਜਾਣੀ ਜ਼ਰੂਰੀ ਹੈ। ਸੰਸਕ੍ਰਿਤ ਭਾਸ਼ਾ ’ਤੇ ਬ੍ਰਾਹਮਣਾਂ ਦਾ ਕਬਜ਼ਾ ਹੈ। ਉਹ ਇਸ ਭਾਸ਼ਾ ਨੂੰ ਪੜ੍ਹਨ ਸੁਣਨ ਦੀ ਸ਼ੂਦਰ ਨੂੰ ਇਜਾਜ਼ਤ ਨਹੀਂ ਦਿੰਦੇ। ਲੋਕ ਆਪਣੀਆਂ ਸਥਾਨਕ ਭਾਸ਼ਾਵਾਂ ਪੜ੍ਹਦੇ ਹਨ ਅਤੇ ਅਗਾਂਹ ਅਪਣਾਉਂਦੇ ਹਨ। ਲੱਗਦਾ ਹੈ ਕਿ ਹਿੰਦੀ ਨੂੰ ਵੀ ਉਨ੍ਹਾਂ ਨੇ ਸੰਸਕ੍ਰਿਤ ਦੇ ਖਾਤੇ ਪਾ ਦਿੱਤਾ ਹੈ, ਇਸ ਲਈ ਇਸ ਦਾ ਤ੍ਰਿਸਕਾਰ ਅੱਜ ਤਕ ਹੋ ਰਿਹਾ ਹੈ। ਅੰਗਰੇਜ਼ਾਂ ਵੱਲੋਂ ਦਲਿਤਾਂ ਨੂੰ ਸਕੂਲਾਂ ਵਿੱਚ ਦਾਖਲ ਕਰਨਾ, ਫ਼ੌਜ ਵਿੱਚ ਭਰਤੀ ਕਰਨਾ ਅਜਿਹੇ ਕੰਮ ਹਨ ਕਿ ਦਲਿਤ ਮੱਧਕਾਲ ਵਿੱਚ ਜਿਵੇਂ ਬਰਾਬਰੀ ਲਈ ਮੁਸਲਮਾਨ ਬਣੇ ਉਵੇਂ ਹੀ ਅੰਗਰੇਜ਼ੀ ਸ਼ਾਸਨ ਸਮੇਂ ਇਸਾਈ ਬਣੇ। ਇਸ ਸਾਰੇ ਵਿਹਾਰ ਤੇ ਸਥਿਤੀਆਂ ’ਚੋਂ ਸਾਵਿੱਤਰੀ ਬਾਈ ਫੂਲੇ ਦੀਆਂ ਇਹ ਪੰਗਤੀਆਂ ਆਈਆਂ ਹਨ :
-ਅੰਗਰੇਜ਼ੀ ਮਈਆਂ, ਹੁਣ ਨਹੀਂ ਮੁਗਲਾਈ
ਅਤੇ ਨਹੀਂ ਬਚੀ ਹੈ ਹੁਣ
ਪੇਸ਼ਵਾਈ, ਮੂਰਖ ਸ਼ਾਹੀ
ਸ਼ੂਦਰਾਂ ਨੂੰ ਦਿੰਦੀ ਹੈ ਨਵੀਂ ਜ਼ਿੰਦਗੀ
ਉਹ ਵੀ ਪਿਆਰ ਨਾਲ਼।
-ਅੰਗਰੇਜ਼ੀ ਪੜ੍ਹ ਕੇ ਜਾਤੀ ਭੇਦ ਦੀਆਂ
ਕੰਧਾਂ ਢਾਹ ਦਿਉ
ਸੁੱਟ ਦਿਉ ਭੱਟ ਬ੍ਰਾਹਮਣਾਂ ਦੇ
ਛੜਯੰਤਰੀ ਸ਼ਾਸਤਰ ਪੁਰਾਣਾਂ ਨੂੰ।
ਪਹਿਲੇ ਕਾਵਿ ਸੰਗ੍ਰਹਿ ਵਿਚ ਬਹੁਤ ਸਾਰੀਆਂ ਬਾਲ ਕਵਿਤਾਵਾਂ ਹਨ, ਜਿਨ੍ਹਾਂ ਦਾ ਵੱਖਰਾ ਅਧਿਐਨ ਕਰਨ ਦੀ ਲੋੜ ਹੈ। ਇਥੇ ਉਦਾਹਰਣ ਦੇਖੀ ਜਾ ਸਕਦੀ ਹੈ:
ਤਿਤਲੀਆਂ ਰੰਗ ਬਰੰਗੀਆਂ
ਅਤਿ ਮਨਮੋਹਕ
ਉਨ੍ਹਾਂ ਦੀਆਂ ਅੱਖੀਆਂ, ਚਮਕਦਾਰ, ਸਤਰੰਗੀ
ਉਨ੍ਹਾਂ ਦਾ ਹਾਸਾ ਬਾਤੂਨੀ
ਖੰਭ ਰੇਸ਼ਮ ਉਨ੍ਹਾਂ ਦੀ ਦੇਹ ਤੇ।
ਛੋਟੇ ਵੱਡੇ ਪੀਲ਼ੇ ਰੰਗ ਦੇ
ਮੁੜੇ ਖੰਭ ਪਰ ਭਰਨ ਉਡਾਣ ਆਕਾਸ਼ ਵਿਚ
ਰੂਪ ਰੰਗ ਮਨੋਹਰ ਉਨ੍ਹਾਂ ਦਾ।
ਸਾਵਿੱਤਰੀ ਬਾਈ ਫੂਲੇ ਦਾ ਦੂਜਾ ਕਾਵਿ ਸੰਗ੍ਰਹਿ ਬਾਵਨਕਸ਼ੀ ਸੁਬੋਧ ਰਤਨਾਕਰ ਸਮੁੱਚੇ ਤੌਰ ’ਤੇ ਜਯੋਤੀ ਰਾਉ ਫੂਲੇ ਨੂੰ ਸਮਰਪਿਤ ਹੈ, ਜਿਸ ਵਿੱਚ ਫੂਲੇ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਤੇ ਵਿਚਾਰਾਂ ਨੂੰ 52 ਛੰਦਾਂ ਵਿੱਚ ਕਾਵਿ ਦਾ ਰੂਪ ਦਿੱਤਾ ਗਿਆ ਹੈ। ਇਸੇ ਲਈ ਐਮ.ਜੀ. ਮਾਲੀ ਨੇ ਇਸ ਰਚਨਾ ਨੂੰ ‘ਸਭ ਤੋਂ ਪਹਿਲੀ ਪ੍ਰਮਾਣਿਕ ਉਪਲੱਬਧ ਜੀਵਨੀ’ ਕਿਹਾ ਹੈ। ਜਯੋਤੀ ਰਾਉ ਫੂਲੇ ਵੱਲੋਂ ਪੜ੍ਹਾਏ ਦਲਿਤ ਜਦੋਂ ਗਿਆਨੀ ਬਣਦੇ ਹਨ ਤਾਂ ਬ੍ਰਾਹਮਣਾਂ ਦੀ ਪ੍ਰਤਿਕਿਰਿਆ ਕੁਝ ਅਜਿਹੀ ਹੈ :
ਗਿਆਨੀ ਬਣਦਾ ਦੇਖ, ਭੱਟ ਲੋਕ ਵਰਗਲਾਉਂਦੇ
ਦੇਖੋ ਕਿਵੇਂ ਈਸਾ ਹੱਕੇ ਭੇਡ ਬਕਰੀਆਂ ਨੂੰ।
ਝੂਠੇ ਵਧਾ ਚੜ੍ਹਾ ਕੇ
ਸਾਵਿੱਤਰੀ ਬਾਈ ਫੂਲੇ ਦਾ ਨਾਅਰਾ ਸੀ, ‘ਜਾਗੋ, ਉਠੋ, ਪੜ੍ਹੋ’, ‘ਤੋੜ ਦਿਉ ਪਰੰਪਰਾਵਾਂ - ਹੋਵੋ ਆਜ਼ਾਦ-ਨੀਂਦ ਤਿਆਗੋ, ਰਣਭੇਰੀ ਬਜਾਉ... ਛੇਤੀ ਉਠੋ।’
ਅੰਤ ’ਚ ਕੁਝ ਤੱਥ ਹੋਰ। ਫੂਲੇ ਜੋੜੇ ਵੱਲੋਂ ਚਲਾਇਆ ਗਿਆ ਸਕੂਲ ਹਿਸਾਬ, ਸਾਇੰਸ ਤੇ ਸਮਾਜਿਕ ਵਿਗਿਆਨ ਦੀ ਸਿੱਖਿਆ ਵੀ ਦਿੰਦਾ ਸੀ, ਜਿਸ ਦੀ ਸਿੱਖਿਆ ਘਰ ਵਿੱਚ ਚਲਾਏ ਗਏ ਬ੍ਰਾਹਮਣ ਸਕੂਲ ਨਹੀਂ ਸੀ ਦਿੰਦੇ। ਘਰੋਂ ਛੇਕੇ ਜਾਣ ਤੋਂ ਬਾਅਦ ਜਯੋਤੀ ਰਾਉ ਫੂਲੇ ਦੇ ਮਿੱਤਰ ਉਸਮਾਨ ਸ਼ੇਖ ਨੇ ਸ਼ਰਨ ਦਿੱਤੀ। ਇਥੇ ਹੀ ਸਾਵਿੱਤਰੀ ਬਾਈ ਫੂਲੇ ਦਾ ਮੇਲ ਫਾਤਿਮਾ ਬੇਗ਼ਮ ਸ਼ੇਖ ਨਾਲ਼ ਹੋਇਆ। ਜੇ ਸਾਵਿੱਤਰੀ ਬਾਈ ਫੂਲੇ ਭਾਰਤ ਵਿੱਚ ਪਹਿਲੀ ਦਲਿਤ ਅਧਿਆਪਕਾ ਸੀ ਤਾਂ ਫਾਤਿਮਾ ਸ਼ੇਖ ਪਹਿਲੀ ਮੁਸਲਮਾਨ ਅਧਿਆਪਕਾ ਸੀ। ਨਸਰੀਨ ਸਯੱਦ ਨੇ ਫਾਤਿਮਾ ਸ਼ੇਖ ਦੀ ਜੀਵਨੀ ਲਿਖੀ ਤੇ ਸਾਵਿੱਤਰੀ ਬਾਈ ਫੂਲੇ ਦੀਆਂ ਕਵਿਤਾਵਾਂ ਦਾ ਉਰਦੂ ਵਿਚ ਅਨੁਵਾਦ ਕੀਤਾ। ਜਯੋਤੀ ਰਾਉ ਫੂਲੇ ਦੇ ਵਿਚਾਰਾਂ ਅਤੇ ਅਮਲਾਂ ਕਾਰਨ ਹੀ ਡਾ. ਅੰਬੇਡਕਰ ਨੇ ਮਹਾਤਮਾ ਬੁੱਧ ਤੇ ਕਬੀਰ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਗੁਰੂ ਮੰਨਿਆ ਸੀ। ਮਰਦਵਾਦੀ ਸੋਚ ਤੇ ਜਾਤੀ ਅਭਿਮਾਨ ਕਾਰਨ ਹੁਣ ਤਕ ਸਾਵਿੱਤਰੀ ਬਾਈ ਫੂਲੇ ਅਗਿਆਤ ਹੀ ਰਹੀ ਹੈ। 3 ਜਨਵਰੀ ਦਾ ਉਸ ਦਾ ਜਨਮ ਦਿਨ ਹੈ ਤੇ 10 ਮਾਰਚ ਨੂੰ ਨਿਰਵਾਣ ਦਿਵਸ। ਸਾਨੂੰ ਆਲਮੀ ਨਾਰੀ ਦਿਵਸ ਨਾਲ ਜੋੜ ਕੇ ਸਾਵਿੱਤਰੀ ਬਾਈ ਫੂਲੇ ਨੂੰ ਵੀ ਯਾਦ ਕਰਨਾ ਚਾਹੀਦਾ ਹੈ।
ਸੰਪਰਕ : 98763-23862