ਨਵੀਂ ਸਮਾਜਿਕ ਪਾਠਸ਼ਾਲਾ ਵਜੋਂ ਕਿਸਾਨ ਸੰਘਰਸ਼ - ਹਰਵਿੰਦਰ ਭੰਡਾਲ
ਵਰਤਮਾਨ ਵਿੱਚ ਭਖਿਆ ਕਿਸਾਨ ਅੰਦੋਲਨ ਕਈ ਪੱਖਾਂ ਤੋਂ ਵਿਲੱਖਣ ਹੈ। ਨਾ ਸਿਰਫ਼ ਇਸ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਵਿੱਢੇ ਅਸ਼ਵਮੇਧ ਯੱਗ ਦੇ ਘੋੜੇ ਨੂੰ ਰੋਕਣ ਦਾ ਕੰਮ ਕੀਤਾ ਹੈ, ਸਗੋਂ ਇਹ ਕਈ ਤਰ੍ਹਾਂ ਦੀਆਂ ਸਮਾਜਿਕ ਹਲਚਲਾਂ ਦੀਆਂ ਸੰਭਾਵਨਾਵਾਂ ਨੂੰ ਵੀ ਜਨਮ ਦੇ ਰਿਹਾ ਹੈ। ਪਹਿਲੇ ਦਿਨ ਤੋਂ ਹੀ ਇਸ ਵਿੱਚ ਸਮਾਜ ਦੇ ਹਰ ਤਬਕੇ ਨੇ ਸ਼ਮੂਲੀਅਤ ਕੀਤੀ ਹੈ। ਸਿਰਫ਼ ਨੌਜਵਾਨ ਅਤੇ ਅਧੇੜ ਉਮਰ ਦੇ ਬੰਦੇ ਹੀ ਨਹੀਂ, ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਹੱਥਾਂ ਵਿੱਚ ਕਿਸਾਨੀ ਝੰਡੇ ਫੜੀ ਵੱਡੀ ਗਿਣਤੀ ਵਿੱਚ ਨਜ਼ਰ ਆਏ ਹਨ। ਔਰਤਾਂ ਅਤੇ ਬਜ਼ੁਰਗਾਂ ਨੂੰ ਰਵਾਇਤਨ ਕਮਜ਼ੋਰ (vulnerable) ਤਬਕਿਆਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਇਸੇ ਲਈ ਕਿਸਾਨ ਯੂਨੀਅਨਾਂ ਨਾਲ਼ ਗੱਲਬਾਤ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਉਨ੍ਹਾਂ ਨੂੰ ਧਰਨੇ ਵਾਲ਼ੀ ਥਾਂ ਤੋਂ ਘਰ ਭੇਜਣ ਦੀ ਨਸੀਹਤ ਕੀਤੀ ਸੀ। ਕਈ ਕਾਰਨਾਂ ਕਰਕੇ ਅਕਸਰ ਚਰਚਾ ਵਿੱਚ ਰਹਿਣ ਵਾਲ਼ੇ ਭਾਰਤ ਦੇ ਚੀਫ ਜਸਟਿਸ ਨੇ ਵੀ ਖੁਦ ਨੂੰ ਉਨ੍ਹਾਂ ਦਾ ਸਰਪ੍ਰਸਤ ਥਾਪ ਕੇ ਉਨ੍ਹਾਂ ਦੀ ਧਰਨੇ ਵਾਲ਼ੀ ਥਾਂ ਉੱਤੇ ਹਾਜ਼ਰੀ ਬਾਰੇ ਨਰਾਜ਼ਗੀ ਪ੍ਰਗਟ ਕਰ ਦਿੱਤੀ ਸੀ। ਭਾਰਤ ਦੇ ਦੋ ਆਹਲਾ ਅਹੁਦਿਆਂ ਉੱਤੇ ਕਾਰਜਰਤ ਵਿਅਕਤੀਆਂ ਦੀ ਇਹ ਨਸੀਹਤ ਅਤੇ ਨਾਰਾਜ਼ਗੀ ਸਨਾਤਨੀ ਬ੍ਰਾਹਮਣੀ ਵਿਚਾਰਧਾਰਾ ਦੀ ਹੀ ਉਪਜ ਹੈ ਜਿਸ ਅਨੁਸਾਰ ਔਰਤਾਂ ਅਤੇ ਬਜ਼ੁਰਗਾਂ ਦੀ ਸਰਗਰਮ ਜ਼ਿੰਦਗੀ ਵਿੱਚ ਭਾਗੀਦਾਰੀ ਮਨ੍ਹਾ ਹੈ। ਬਜ਼ੁਰਗਾਂ ਲਈ ਜੰਗਲ ਜਾਂ ਆਸ਼ਰਮ ਅਤੇ ਔਰਤਾਂ ਲਈ ਘਰ ਦੀ ਚਾਰਦੀਵਾਰੀ ਹੀ ਸੁਰੱਖਿਅਤ ਥਾਂ ਹੈ।
ਪਿਛਲੇ ਦਿਨਾਂ ਵਿੱਚ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦਾ ਵੱਡਾ ਸਮਾਜਿਕ ਮਹੱਤਵ ਹੈ। ਪਹਿਲੀ- ਮਸ਼ਹੂਰ ਅਮਰੀਕਨ ਰਸਾਲੇ ‘ਟਾਈਮ’ ਨੇ ਆਪਣੇ ਮਾਰਚ ਐਡੀਸ਼ਨ ਦੇ ਟਾਈਟਲ ਸਫ਼ੇ ਉੱਤੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਔਰਤਾਂ ਨੂੰ ਥਾਂ ਦਿੱਤੀ ਹੈ। ਤਸਵੀਰ ਵਿੱਚ ਕਿਸਾਨੀ ਝੰਡਿਆਂ ਵਾਲ਼ੀ ਪਿੱਠ-ਭੂਮੀ ਨਾਲ਼ ਕਿਸਾਨ ਔਰਤਾਂ ਨਾਅਰੇ ਮਾਰਨ ਦੀ ਮੁਦਰਾ ਵਿੱਚ ਹਨ, ਇੱਕ ਔਰਤ ਨੇ ਆਪਣਾ ਛੋਟਾ ਬੱਚਾ ਵੀ ਮੋਢੇ ਲਾਇਆ ਹੋਇਆ ਹੈ। ਇੱਕ ਹੋਰ ਬੱਚਾ ਵੀ ਫਰੇਮ ਵਿੱਚ ਹੈ, ਜੋ ਇਨ੍ਹਾਂ ਔਰਤਾਂ ਦੀ ਘਰੇਲੂ ਬੱਚੇ ਪਾਲਣ-ਸੰਭਾਲਣ ਦੀ ਸੰਸਾਰਕ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। ਰਸਾਲਾ ਆਪਣੇ ਪਾਠਕਾਂ ਦਾ ਧਿਆਨ ਇਨ੍ਹਾਂ ਔਰਤਾਂ ਵੱਲ ਖਿੱਚਣਾ ਚਾਹੁੰਦਾ ਹੈ, ਜੋ ਆਪਣੀਆਂ ਮੁੱਖ ਰੂਪ ਵਿੱਚ ਘਰੇਲੂ ਜ਼ਿੰਮੇਵਾਰੀਆਂ ਦੇ ਬਾਵਜੂਦ ਅੰਦੋਲਨ ਵਿੱਚ ਸ਼ਾਮਿਲ ਹੋ ਰਹੀਆਂ ਹਨ।
ਦੂਸਰੀ ਘਟਨਾ ਇਸ ਵਾਰ ਦੇ ਕੌਮਾਂਤਰੀ ਔਰਤ ਦਿਵਸ ਨੂੰ ਦਿੱਲੀ ਦੀਆਂ ਸਰਹੱਦਾਂ ਉੱਤੇ ਮਨਾਉਣ ਦੀ ਹੈ। ਔਰਤਾਂ ਨਾ ਸਿਰਫ਼ ਮਰਦਾਂ ਦੀ ਦੁਨੀਆਂ ਨਾਲ਼ ਜੁੜੇ ਸਮਝੇ ਜਾਂਦੇ ਟਰੈਕਟਰ ਚਲਾ ਕੇ ਦਿੱਲੀ ਪਹੁੰਚੀਆਂ ਹਨ, ਉਸ ਦੇ ਨਾਲ਼ ਉਨ੍ਹਾਂ ਕਿਸਾਨ ਵਜੋਂ ਆਪਣੀ ਹੋਂਦ ਨੂੰ ਵੀ ਦਰਸਾਇਆ ਹੈ। ਉਨ੍ਹਾਂ ਨੇ ਵਾਹੀ ਬੀਜੀ ਦੀਆਂ ਆਮ ਅਤੇ ਔਰਤ ਕਿਸਾਨਾਂ ਦੀਆਂ ਖਾਸ ਸਮੱਸਿਆਵਾਂ ਬਾਰੇ ਚਰਚਾ ਕੀਤੀ। ਇਸ ਦਿਨ ਉਨ੍ਹਾਂ ਨੇ ਉਹ ਸਾਰੇ ਕੰਮ ਸੰਭਾਲੇ ਜੋ ਆਮ ਦਿਨਾਂ ਵਿੱਚ ਮਰਦ ਕਿਸਾਨ ਕਰਦੇ ਹਨ। ਅਜਿਹਾ ਕਰਦਿਆਂ ਉਨ੍ਹਾਂ ਨੇ ਕਿਰਤ ਵਿੱਚ ਬਰਾਬਰ ਦੀ ਭਾਈਵਾਲ਼ੀ ਦੇ ਨਾਲ਼ ਨਾਲ਼ ਸਮਾਜਿਕ ਬਰਾਬਰੀ ਦਾ ਆਪਣਾ ਦਾਅਵਾ ਵੀ ਜ਼ੋਰਦਾਰ ਤਰੀਕੇ ਨਾਲ਼ ਉਭਾਰਿਆ। ਇਸ ਤਰ੍ਹਾਂ ਉਹ ਔਰਤ ਦਿਵਸ ਉੱਤੇ ਸੰਯੁਕਤ ਰਾਸ਼ਟਰ ਦੇ ਕੋਵਿਡ-19 ਦੌਰਾਨ ਕੰਮ ਵਿੱਚ ਔਰਤਾਂ ਦੀ ਬਰਾਬਰ ਭਾਈਵਾਲ਼ੀ ਦੇ ਥੀਮ ਤੋਂ ਬਹੁਤ ਅਗਾਂਹ ਨਿੱਕਲ਼ ਗਈਆਂ।
ਦੁਨੀਆਂ ਵਿੱਚ ਹੋਈਆਂ ਵੱਖ ਵੱਖ ਮਾਨਵ-ਵਿਗਿਆਨਕ ਖੋਜਾਂ ਨੇ ਸਿੱਧ ਕੀਤਾ ਹੈ ਕਿ ਵਾਹੀ ਬੀਜੀ ਦੀ ਮੋਢੀ ਔਰਤ ਹੀ ਹੈ। ਏਂਗਲਜ਼ ਅਨੁਸਾਰ ਸੰਸਾਰ ਦੀ ਸਭ ਤੋਂ ਪਹਿਲੀ ਕਿਰਤ ਵੰਡ ਦਾ ਅਧਾਰ ਜੀਵ-ਵਿਗਿਆਨਕ ਸੀ। ਬੱਚੇ ਦੇ ਜਨਮ ਅਤੇ ਪਾਲਣ-ਪੋਸ਼ਣ ਦੀਆਂ ਕੁਦਰਤੀ ਪ੍ਰਕਿਰਿਆਵਾਂ ਨਾਲ਼ ਜੁੜੇ ਹੋਣ ਕਾਰਨ ਸ਼ਿਕਾਰ ਕਰਨ ਅਤੇ ਕੰਦ-ਮੂਲ ਇਕੱਤਰ ਕਰਨ ਦਾ ਕੰਮ ਔਰਤਾਂ ਲਈ ਸੁਭਾਵਕ ਅਤੇ ਸੁਖਾਲ਼ਾ ਨਹੀਂ ਸੀ। ਇਸ ਲਈ ਔਰਤਾਂ ਪਸ਼ੂ ਪਾਲਣ ਅਤੇ ਵਾਹੀ ਬੀਜੀ ਦੀਆਂ ਆਰਥਿਕ ਸਰਗਰਮੀਆਂ ਨਾਲ਼ ਜੁੜੀਆਂ। ਪੁਰਾਤਨ ਮਨੁੱਖ ਲਈ ਬੱਚੇ ਦਾ ਜਨਮ ਅਤੇ ਵਾਹੀ ਬੀਜੀ, ਦੋਵੇਂ ਉਪਜਾਇਕਤਾ (fertility) ਨਾਲ਼ ਜੁੜੀਆਂ ਕਿਰਿਆਵਾਂ ਸਨ। ਜੀਵ-ਵਿਗਿਆਨਕ ਕਾਰਨਾਂ ਕਰਕੇ ਕੁਦਰਤੀ ਇਹ ਦੋਵੇਂ ਕਿਰਿਆਵਾਂ ਔਰਤਾਂ ਨਾਲ਼ ਸਬੰਧਤ ਹੋ ਗਈਆਂ। ਵਾਹੀ ਬੀਜੀ ਵਿੱਚ ਔਰਤ ਦੀ ਪ੍ਰਧਾਨ ਸਥਿਤੀ ਦੇ ਚਿੰਨ੍ਹ ਅਜੇ ਵੀ ਇਸ ਨਾਲ਼ ਜੁੜੇ ਕੁਝ ਜਨਜਾਤੀ ਕਰਮ-ਕਾਂਡਾਂ ਵਿੱਚ ਮਿਲ਼ਦੇ ਹਨ। ਬਹੁਤ ਸਾਰੇ ਇਲਾਕਿਆਂ ਵਿੱਚ ਸੋਕਾ ਪੈਣ ਜਾਂ ਕਿਸੇ ਹੋਰ ਕੁਦਰਤੀ ਆਫ਼ਤ ਤੋਂ ਫਸਲ ਨੂੰ ਬਚਾਉਣ ਲਈ ਕੀਤੇ ਜਾਂਦੇ ਕਰਮ-ਕਾਂਡਾਂ ਵਿੱਚ ਮੁੱਖ ਰੂਪ ਵਿੱਚ ਔਰਤਾਂ ਹੀ ਸ਼ਮੂਲੀਅਤ ਕਰਦੀਆਂ ਹਨ। ਬਾਅਦ ਦੇ ਸਮੇਂ ਸਮਾਜ ਅਤੇ ਅਰਥਚਾਰੇ ਵਿੱਚ ਬ੍ਰਾਹਮਣੀ- ਪਿਤਰੀ ਦਾਬਾ ਸਥਾਪਤ ਹੋਣ ਪਿੱਛੋਂ ਔਰਤ ਨੂੰ ਹਰ ਤਰ੍ਹਾਂ ਦੀ ਆਰਥਿਕ ਸਰਗਰਮੀ ਤੋਂ ਲਾਂਭੇ ਕਰ ਦਿੱਤਾ ਗਿਆ। ਘਰ ਦੀ ਚਾਰਦੀਵਾਰੀ ’ਚ ਕੈਦ ਕਰਕੇ ਉਸ ਨੂੰ ਉਹ ਪਰਿਵਾਰਕ ਦਾਸੀ ਬਣਾ ਦਿੱਤਾ ਗਿਆ, ਜਿਸ ਨੇ ਉਮਰ ਦੇ ਵੱਖ-ਵੱਖ ਪੜਾਵਾਂ ਉੱਤੇ ਪਿਤਾ, ਪਤੀ ਅਤੇ ਪੁੱਤਰ ਦੇ ਅਧੀਨ ਰਹਿਣਾ ਸੀ।
ਕਿਸਾਨ ਅੰਦੋਲਨ ਦੀ ਮੁੱਖ ਕਰਮ-ਭੂਮੀ ਉੱਤਰੀ ਭਾਰਤ ਦੇ ਇਲਾਕੇ ਵਿੱਚ ਸਦੀਆਂ ਤੋਂ ਪਿਤਰੀ ਦਾਬੇ ਦੀਆਂ ਸਮਾਜਿਕ ਬਣਤਰਾਂ ਵਾਲ਼ੇ ਕਬੀਲਿਆਂ ਦਾ ਵਾਸ ਰਿਹਾ ਹੈ। ਇਨ੍ਹਾਂ ਪਿਤਰੀ ਅਧਾਰਾਂ ਉੱਤੇ ਹੀ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਮਾਰਸ਼ਲ ਕੌਮਾਂ ਦਾ ਦਰਜਾ ਦਿੰਦਿਆਂ ਆਪਣੀ ਫੌਜੀ ਭਰਤੀ ਲਈ ਚੁਣਿਆ ਸੀ। ਇਨ੍ਹਾਂ ਸਮਾਜਾਂ ਵਿੱਚ ਪ੍ਰਵਚਨ ਦੇ ਪੱਧਰ ਉੱਤੇ ਗੁਰੂਆਂ, ਫ਼ਕੀਰਾਂ, ਕਿੱਸਾਕਾਰਾਂ ਆਦਿ ਨੇ ਜੈਂਡਰ ਸਮੇਤ ਹਰੇਕ ਤਰ੍ਹਾਂ ਦੀ ਸਮਾਜਿਕ ਬਰਾਬਰੀ ਦੇ ਹੱਕ ਵਿੱਚ ਅਵਾਜ਼ ਉਠਾਈ, ਪਰ ਅਮਲ ਦੇ ਪੱਧਰ ਉੱਤੇ ਸਮਾਜ ਹਮੇਸ਼ਾ ਆਪਣੇ ਅੰਦਰੂਨੀ ਤਰਕਾਂ ਅਨੁਸਾਰ ਹੀ ਘੜੇ ਜਾਂਦੇ ਹਨ। ਇਸ ਲਈ ਪ੍ਰਵਚਨ ਦੇ ਪੱਧਰ ਉੱਤੇ ਸਾਕਾਰ ਦਿਸਦੀ ਸਮਾਜਿਕ ਬਰਾਬਰੀ ਅਮਲ ਦੇ ਪੱਧਰ ਉੱਤੇ ਸਮਾਜਿਕ ਦਾਬੇ/ਦਮਨ ਨੂੰ ਖਤਮ ਨਾ ਕਰ ਸਕੀ। ਇਨ੍ਹਾਂ ਸਮਾਜਾਂ ਵਿੱਚ ਔਰਤ ਅਧੀਨ ਸਥਿਤੀ ਵਿੱਚ ਹੀ ਰਹੀ, ਦੇਹ ਸਮੇਤ ਜਿਸ ਦੀ ਜ਼ਿੰਦਗੀ ਦਾ ਹਰੇਕ ਪੱਖ ਪਰਿਵਾਰ ਦੇ ਪੁਰਸ਼ ਮੁਖੀ ਵੱਲੋਂ ਹੀ ਤੈਅ ਹੁੰਦਾ ਰਿਹਾ। ਆਰਥਿਕ ਅਤੇ ਕਲਾਤਮਕ ਸਰਗਰਮੀਆਂ ਪੁਰਸ਼-ਖੇਤਰ ਦਾ ਹਿੱਸਾ ਰਹੀਆਂ ਜਦਕਿ ਔਰਤਾਂ ਦੀ ਸਾਰੀ ਊਰਜਾ ਪੁਰਸ਼ ਦੀ ਸੇਵਾ ਵਿੱਚ ਖਰਚ ਹੁੰਦੀ ਰਹੀ। ਉਹ ਪੁਰਸ਼ ਦੀ ਨਿੱਜੀ ਸੰਪਤੀ ਹੀ ਬਣੀ ਰਹੀ। ਇਸ ਲਈ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਅੱਜ ਵੀ ‘ਅਣਖ ਖਾਤਰ ਕਤਲ’ ਦੀਆਂ ਸਭ ਤੋਂ ਵੱਧ ਸੂਚਨਾਵਾਂ ਇਸੇ ਖਿੱਤੇ ਵਿੱਚੋਂ ਮਿਲ਼ਦੀਆਂ ਹਨ।
ਇਸੇ ਕਾਰਨ ਮਰਦਾਵੇਂ ਦਾਬੇ ਦਾ ਸੱਭਿਆਚਾਰਕ ਪ੍ਰਵਚਨ ਇਸ ਅੰਦੋਲਨ ਦੇ ਅਰੰਭਲੇ ਦੌਰ ਵਿੱਚ ਖੂਬ ਦੇਖਣ ਨੂੰ ਮਿਲਿਆ। ‘ਦਿੱਲੀ’ ਨੂੰ ਔਰਤ ਕਿਹਾ ਗਿਆ ਜਿਸ ਨੂੰ ਜਬਰੀ ਵਿਆਹੁਣ ਲਈ ‘ਮਰਦ’ ਕਿਸਾਨ ਆ ਰਹੇ ਸਨ, ਜਵਾਈ/ਪ੍ਰਾਹੁਣੇ ਦੇ ਚਿਹਨ ਹਰ ਪਾਸੇ ਖਿੱਲਰੇ। ਇੱਥੋਂ ਤੱਕ ਕਿ ਵਿਆਹ ਤੱਕ ਦੇ ਕਾਰਡ ਡਿਜ਼ਾਈਨ ਕੀਤੇ ਗਏ। ਇਸ ਤਰ੍ਹਾਂ ਦੇ ਬਿਰਤਾਂਤ ਘੜੇ ਗਏ ਜਿਵੇਂ ਇਹ ਅੰਦੋਲਨ ਮਰਦ ਬਨਾਮ ਔਰਤ ਸੰਘਰਸ਼ ਹੋਵੇ। ਪੰਜਾਬ ਵਿੱਚ ਸਰਗਰਮ ਕੁਝ ਨਾਰੀਵਾਦੀ ਚਿੰਤਕਾਂ/ਲੇਖਕਾਵਾਂ ਵੱਲੋਂ ਇਨ੍ਹਾਂ ਬਿਰਤਾਂਤਾਂ ਬਾਰੇ ਜਾਇਜ਼ ਸਵਾਲ ਵੀ ਖੜ੍ਹੇ ਕੀਤੇ ਗਏ। ਪਰ ਸੰਘਰਸ਼ ਦੀ ਤੀਬਰਤਾ ਅਤੇ ਘਟਨਾਵਾਂ ਦੇ ਵੇਗ ਵਿੱਚ ਇਨ੍ਹਾਂ ਨੂੰ ਅੱਖੋਂ ਪਰੋਖੇ ਹੀ ਕੀਤਾ ਗਿਆ। ਉਸੇ ਤਰ੍ਹਾਂ ਜਿਵੇਂ ਅਸੀਂ ਅਕਸਰ ‘ਮੁੱਖ ਵਿਰੋਧਤਾਈ’ ਉੱਤੇ ਕੇਂਦਰਤ ਹੁੰਦਿਆਂ ‘ਵਿਰੋਧਤਾਈ ਅੰਦਰ ਵਿਰੋਧਤਾਈ’ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜਿਵੇਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਹੇਠ ਮੁਲਕ ਦੀ ਸੁਤੰਤਰਤਾ ਸੰਗਰਾਮ ਦੀ ਮੁੱਖ-ਧਾਰਾ ਨੇ ਵੀ ਬਸਤੀਵਾਦ ਵਿਰੁੱਧ ਸੰਘਰਸ਼ ਦੌਰਾਨ ਜਾਤੀ ਅਤੇ ਔਰਤ ਦੇ ਸਵਾਲ ਨੂੰ ਦੁਜੈਲਾ ਸਮਝ ਕੇ ਅਣਗੌਲਿਆ ਕੀਤਾ ਸੀ। ਨਤੀਜਤਨ ਅਜ਼ਾਦੀ ਪਿੱਛੋਂ ਸੰਵਿਧਾਨਕ ਬਰਾਬਰੀ ਮਿਲਣ ਦੇ ਬਾਵਜੂਦ ਸਮਾਜਿਕ ਪੱਧਰ ਉੱਤੇ ਇਹ ਬਰਾਬਰੀ ਅਜੇ ਤੱਕ ਸਾਕਾਰ ਨਹੀਂ ਹੋ ਸਕੀ।
ਚੱਲਦੀਆਂ ਲਹਿਰਾਂ ਦਾ ਸਮਾਂ ਸਮਾਜਿਕ ਤਬਦੀਲੀਆਂ ਦੇ ਪੱਖੋਂ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਸਖਤ ਹੋ ਚੁੱਕੀਆਂ ਸਮਾਜਿਕ ਸਰੰਚਨਾਵਾਂ ਵੀ ਮਨੋਭਾਵਾਂ ਦੇ ਵੇਗ ਵਿੱਚ ਨਰਮ ਪੈਂਦੀਆਂ ਹਨ ਤੇ ਲਚਕੀਲੀਆਂ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਨਵੇਂ ਰੂਪ ਵਿੱਚ ਢਾਲਣਾ ਸੌਖਾ ਹੋ ਜਾਂਦਾ ਹੈ। ਇਸੇ ਲਈ ਇਸ ਅੰਦੋਲਨ ਦੌਰਾਨ ਪੰਜਾਬ ਬਨਾਮ ਹਰਿਆਣਾ ਜਾਂ ਜਾਟ ਬਨਾਮ ਗੈਰ ਜਾਟ, ਹਿੰਦੁਸਤਾਨ-ਖਾਲਿਸਤਾਨ ਆਦਿ ਦੇ ਬਿਰਤਾਂਤ ਘੜਨ ਦੀਆਂ ਕੋਸ਼ਿਸ਼ਾਂ ਨਾਕਾਮ ਸਿੱਧ ਹੋਈਆਂ। ਚੱਲਦੀਆਂ ਲਹਿਰਾਂ ਵਿੱਚ ਸਾਂਝੇ ਦੁਸ਼ਮਣ ਕਾਰਨ ਆਪਸੀ ਸਾਂਝੀਵਾਲਤਾ ਸਹਿਜ ਸੁਭਾਅ ਸਥਾਪਤ ਹੋ ਜਾਂਦੀ ਹੈ। ਇਤਿਹਾਸ ਵਿੱਚੋਂ ਉਦਾਹਰਣ ਦੇਖਣ ਲਈ ਅਸੀਂ ਆਦਿ-ਧਰਮ ਮੰਡਲ ਦੇ ਬਾਨੀ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦਾ ਬਿਆਨ ਦੇਖ ਸਕਦੇ ਹਾਂ। ਉਨ੍ਹਾਂ ਅਨੁਸਾਰ ਗਦਰ ਪਾਰਟੀ ਅੰਦਰ ‘ਜੱਟ-ਕਿਸਾਨਾਂ’ ਦੀ ਵਧੇਰੇ ਗਿਣਤੀ ਦੇ ਬਾਵਜੂਦ ਕਦੇ ਕੋਈ ਜਾਤੀ ਵਿਤਕਰਾ ਨਹੀਂ ਸੀ ਦੇਖਿਆ ਗਿਆ। ਗਦਰ ਲਹਿਰ ਦੇ ਜਜ਼ਬਿਆਂ ਨੇ ਵਿਦੇਸ਼ੀ ਧਰਤੀ ਉੱਤੇ ਸਾਂਝੀਵਾਲਤਾ ਸਾਕਾਰ ਕਰ ਦਿੱਤੀ ਸੀ।
ਇਸੇ ਲਈ ਸਮਾਜਿਕ ਤਬਦੀਲੀ ਦੇ ਪੱਖ ਤੋਂ ਇਹ ਘਟਨਾਵਾਂ ਮਹੱਤਵਪੂਰਨ ਹਨ। ਬੇਸ਼ੱਕ ਅਜੇ ਵੀ ਕਿਸਾਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਅਤੇ ਘੱਟੋ ਘੱਟ ਖਰੀਦ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਦੀ ਹੀ ਮੰਗ ਕਰ ਰਹੇ ਹਨ ਪਰ ਆਪਣੇ ਵਿਆਪਕ ਪ੍ਰਭਾਵਾਂ ਕਾਰਨ ਅਜੋਕਾ ਕਿਸਾਨ ਅੰਦੋਲਨ ਕੋਈ ਸਧਾਰਨ ਆਰਥਿਕ ਮੰਗਾਂ ਤੱਕ ਸੀਮਤ ਅੰਦੋਲਨ ਨਹੀਂ ਰਿਹਾ। ਇਸ ਨੇ ਪੂਰਬਲੇ ਸਮਾਜਿਕ ਆਧਾਰਾਂ ਅਤੇ ਵਿਸ਼ਵਾਸਾਂ ਹੇਠੋਂ ਵੀ ਜ਼ਮੀਨ ਖਿਸਕਾਈ ਹੈ। ‘ਜੱਟ’, ਗੈਂਗਸਟਰ ਤੇ ਹਥਿਆਰਾਂ ਨਾਲ਼ ਜੁੜੀ ਗਾਇਕੀ ਵੱਲੋਂ ਘੜੀ ਗਈ ਔਰਤ ਵਿਰੋਧੀ ਸਾਮੰਤੀ ਮਨੋ-ਚੇਤਨਾ ਵਾਲ਼ੇ ਨੌਜਵਾਨਾਂ ਨੇ, ਕੁੜੀਆਂ ਨੂੰ ਘਰੋਂ ਨਿੱਕਲ ਸਾਰਿਆਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਸੰਘਰਸ਼ ਦੇ ਮੈਦਾਨ ਵਿੱਚ ਡਟਦਿਆਂ ਦੇਖਿਆ ਹੈ। ਉਨ੍ਹਾਂ ਕੁੜੀਆਂ ਅਤੇ ਔਰਤਾਂ ਨੂੰ ਜਿਨ੍ਹਾਂ ਨੇ ਕਦੇ ਜ਼ਮੀਨ ਦੀਆਂ ‘ਮਾਲਕ’ ਹੋਣ ਦਾ ਸੁਪਨਾ ਵੀ ਨਹੀਂ ਦੇਖਿਆ ਹੋਣਾ। ਸਾਡੇ ਸਮਾਜਾਂ ਵਿੱਚ ਅਜੇ ਵੀ ਜ਼ਮੀਨਾਂ-ਜਾਇਦਾਦਾਂ ਦੇ ਸੁਭਾਵਿਕ ਮਾਲਕ ਮੁੰਡੇ ਹੀ ਹੁੰਦੇ ਹਨ। ਅਧੇੜਾਂ-ਬਜ਼ੁਰਗਾਂ ਨੇ ਵੀ ਆਪਣੀਆਂ ਉਨ੍ਹਾਂ ਕੁੜੀਆਂ ਨੂੰ ਅਖਬਾਰਾਂ ਕੱਢਦੀਆਂ, ਸਟੇਜਾਂ ਚਲਾਉਂਦੀਆਂ, ਨਾਟਕ ਕਰਦੀਆਂ ਦੇਖਿਆ ਹੈ, ਜਿਨ੍ਹਾਂ ਨੂੰ ਉਹ ਕਦੇ ਇਕੱਲਿਆਂ ਬਾਹਰ ਜਾਣ ਦੀ ਆਗਿਆ ਨਹੀਂ ਦਿੰਦੇ।
ਇਸ ਤਰ੍ਹਾਂ ਇਹ ਅੰਦੋਲਨ ਕਿਸਾਨੀ ਸਮਾਜ ਲਈ ਸਿਰਫ਼ ਜ਼ਮੀਨ ਬਚਾਉਣ ਦਾ ਸੰਘਰਸ਼ ਹੀ ਨਹੀਂ, ਇੱਕ ਨਵੀਂ ਵਿਚਾਰਕ ਦ੍ਰਿਸ਼ਟੀ ਗ੍ਰਹਿਣ ਕਰਨ ਲਈ ਪਾਠਸ਼ਾਲਾ ਵੀ ਬਣ ਰਿਹਾ ਹੈ। ਆਸ ਕਰਨੀ ਚਾਹੀਦੀ ਹੈ ਕਿ ਇਹ ਨਵੀਂ ਵਿਚਾਰਕ ਦ੍ਰਿਸ਼ਟੀ ਅੰਦੋਲਨ ਤੋਂ ਬਾਅਦ ਵੀ ਕਿਸਾਨ ਦੇ ਸੰਗ-ਸਾਥ ਰਹੇਗੀ। ਇਸ ਨਵੀਂ ਵਿਚਾਰਕ ਦ੍ਰਿਸ਼ਟੀ ਨਾਲ਼ ਔਰਤ ਦੀ ਅਦ੍ਰਿਸ਼ ਕਰ ਦਿੱਤੀ ਗਈ ਕਿਰਤ ਨੂੰ ਮੁੜ ਮਾਨਤਾ ਤਾਂ ਮਿਲੇਗੀ ਹੀ, ਉਸ ਦੀ ਹਸਤੀ ਉੱਤੇ ਉਸ ਦੇ ਹੱਕ ਨੂੰ ਵੀ ਤਸਲੀਮ ਕੀਤਾ ਜਾਵੇਗਾ। ਜਾਂ, ਫਿਲਹਾਲ ਕਿਸੇ ਤਰ੍ਹਾਂ ਦੀਆਂ ਇਨਕਲਾਬੀ ਤਬਦੀਲੀਆਂ ਨਾ ਵਾਪਰਨ ਦੀ ਸੂਰਤ ਵਿੱਚ ਵੀ ਇਸ ਅੰਦੋਲਨ ਦੇ ਅਨੁਭਵ ਸਮਾਜ ਦੇ ਸਮੂਹਕ ਅਵਚੇਤਨ ਦਾ ਹਿੱਸਾ ਬਣ ਕੇ ਭਵਿੱਖ ਦੀਆਂ ਸਮਾਜਿਕ ਹਰਕਤਾਂ ਨੂੰ ਪ੍ਰਭਾਵਿਤ ਕਰਦੇ ਰਹਿਣਗੇ।