ਜ਼ਿੰਦਗੀ ਦਾ ਕਾਰਵਾਂ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ
ਮੰਜ਼ਲ ਦਰ ਮੰਜ਼ਲ ਸਰਕਦਾ, ਸੀ ਜ਼ਿੰਦਗੀ ਦਾ ਕਾਰਵਾਂ,
ਝੱਖੜ ਕੁੱਝ ਐਸਾ ਝੁੱਲਿਆ, ਘਨਘੋਰ ਹੋਇਆ ਆਸਮਾਂ।
ਰਸਤਿਆਂ ਨੂੰ ਰਸਤੇ ਭੁੱਲ ਗਏ, ਕੱਖਾਂ ਵਾਂਗੂੰ ਰੁਲ ਗਏ,
ਪੱਥ ਪਰਦਸ਼ਕ ਮਨੁੱਖ ਦੇ, ਚਲਦੇ ਸੀ ਕਦੀ ਸਭ ਤੋਂ ਅਗਾਂਹ।
ਕਿਸਮਤ ਸਿਤਾਰੇ ਡੁੱਬ ਗਏ, ਸੁੰਨ ਹੋ ਗਏ ਅਰਸ਼ ਫ਼ਰਸ਼,
ਸਿਵਿਆਂ ਦੀ ਲੋਅ ਵਿੱਚ ਸੇਕ ਸੀ, ਅਲੋਪ ਹੋਈਆਂ ਕਹਿਕਸ਼ਾਂ।
ਵਗੀ ਸੀ ਐਸੀ ਵਾ ਕੋਈ, ਖੁਸ਼ਕ ਹਲਕ ਸਭ ਹੋ ਗਏ,
ਸਾਹਾਂ ਨੂੰ ਨਰੜਿਆ ਖੌਫ਼ ਨੇ, ਰੂਹਾਂ ਹੋ ਗਈਆਂ ਦਾਗ਼ਦਾਂ।
ਸੂਲ਼ਾਂ ਦੇ ਸੱਲ ਨਾਸੂਰ ਹੋਏ, ਨਜ਼ਰਾਂ ਦੇ ਨੇਜ਼ੇ ਬਣ ਗਏ,
ਤਿਣਕੇ ਵੀ ਵੱਖੀਆਂ ਪੱਛ ਗਏ, ਹੰਝੂਆਂ ਦੇ ਵਹਿ ਤੁਰੇ ਸੁਆਂ।
ਮਨੁੱਖ ਨੇ ਉਡਣਾ ਲੋਚਿਆ, ਪਰ ਨਾ ਪਰ ਕੋਈ ਨਿੱਕਲੇ,
ਚਾਰਾ ਨਾ ਕੋਈ ਚੱਲਿਆ, ਦਿਸਿਆ ਨਾ ਕੋਈ ਨਵਾਂ ਜਹਾਂ।
ਪਰਿੰਦੇ ਪਰਵਾਜ਼ਾਂ ਭੁੱਲ ਗਏ, ਚੁੰਝਾਂ ਤੋਂ ਚੋੱਗੇ ਥਿੜ੍ਹਕ ਗਏ,
ਬੋਟ ਤੁਰ ਗਏ ਤੜਪਦੇ, ਉਜੜ ਗਏ ਸਭ ਆਸ਼ਿਆਂ।
ਕੋਈ ਕਹਿਰ ਬਣ ਕੇ ਉਭਰਿਆ, ਦਇਆ ਵੀ ਖੋਹ ਕੇ ਲੈ ਗਿਆ,
ਕਰੋੜਾਂ ਹੀ ਜਾਨਾਂ ਲੈ ਕੇ ਵੀ, ਮਾਰੇ ਠਹਾਕੇ 'ਤੇ ਕਹਿਕਹਾਂ।
ਮਜੂਮੀਂ ਮੂੰਹ ਛੁਪਾ ਗਏ, ਔਲੀਏ ਹੋ ਗਏ ਅਲੋਪ,
ਵਰ ਸਰਾਪੀਂ ਬਦਲ ਗਏ, ਨਾ ਕੰਮ ਆਈਆਂ ਆਜਜ਼ਾਂ।
ਸਵਾਲ 'ਤੇ ਸਵਾਲ ਦਾ, ਹਰ ਇੱਕ ਜਵਾਬ ਖ਼ਾਮੋਸ਼ ਹੈ,
ਕਦ ਬਣੇਗਾ ਕੌਣ, ਕਿਵੇਂ, ਕਾਰਵਾਂ ਦਾ ਰਹਿਨੁਮਾ।
ਮੰਜ਼ਲ ਦਰ ਮੰਜ਼ਲ ਸਰਕਦਾ, ਸੀ ਜ਼ਿੰਦਗੀ ਦਾ ਕਾਰਵਾਂ,
ਝੱਖੜ ਕੁੱਝ ਐਸਾ ਝੁੱਲਿਆ, ਘਨਘੋਰ ਹੋਇਆ ਆਸਮਾਂ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ