ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

22 ਮਾਰਚ 2021

ਬਿਜਲੀ ਚੋਰੀ 1000 ਕਰੋੜ ਸਾਲਾਨਾ ਤੋਂ ਟੱਪੀ। ਪਾਵਰਕਾਮ ਕੁਝ ਨਹੀਂ ਕਰ ਰਿਹਾ- ਇਕ ਖ਼ਬਰ
ਕੀ ਲੋੜ ਐ ਕੁਝ ਕਰਨ ਦੀ ਜਦ ਭੇਡਾਂ ਹੈਗੀਆਂ ਮੁੰਨਣ ਨੂੰ।

ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੀ ਕੈਪਟਨ ਸਰਕਾਰ ਜੀਓ ਸਿਮ ਲੈਣ ਲਈ ਕਹਿ ਰਹੀ ਹੈ-ਇਕ ਖ਼ਬਰ
ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ, ਤੇਰੀ ਆਈ ਮੈ ਮਰ ਜਾਂ।

ਵਿਸ਼ਵ ਖ਼ੁਸ਼ਹਾਲੀ ਰਿਪੋਰਟ- ਭਾਰਤ ਨੂੰ 149 ਦੇਸ਼ਾਂ ‘ਚੋਂ 139ਵਾਂ ਦਰਜਾ- ਇਕ ਖ਼ਬਰ
ਇਹਨੂੰ ਕਹਿੰਦੇ ਨੇ ਵਿਕਾਸ ਦੀ ਹਨ੍ਹੇਰੀ।

ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਨੂੰ ਯਾਦ ਆਏ ਸਰਕਾਰੀ ਥਰਮਲ ਪਲਾਂਟ- ਇਕ ਖ਼ਬਰ
ਭੱਜੀਆਂ ਬਾਹਾਂ ਗਲ਼ ਨੂੰ ਆਉਂਦੀਆਂ।

ਪੰਜਾਬ ਵਿਚ ਸਾਰੀਆਂ 117 ਸੀਟਾਂ ‘ਤੇ ਇਕੱਲੇ ਚੋਣ ਲੜਾਂਗੇ- ਮਿੱਤਲ
ਘੜਾ ਚੁੱਕ ਲਉਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਖੇਮਕਰਨ ਦੀ ਸੀਟ ਬਦਲੇ ਕੈਰੋਂ ਪਰਵਾਰ ਦੀ ਬਾਦਲ ਦਲ ਵਿਰੁੱਧ ਬਗ਼ਾਵਤ- ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

ਕੇਂਦਰ ਨੇ ‘ਆਪ’ ਦੀ ‘ਘਰ ਘਰ ਰਾਸ਼ਨ ਯੋਜਨਾ’ ‘ਤੇ ਰੋਕ ਲਗਾਈ- ਇਕ ਖ਼ਬਰ
ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਹੈਲਮਟ ਨਾ ਪਾਉਣ ‘ਤੇ ਟਰੱਕ ਡਰਾਈਵਰ ਦਾ ਕੱਟਿਆ ਇਕ ਹਜ਼ਾਰ ਰੁਪਏ ਦਾ ਚਾਲਾਨ- ਇਕ ਖ਼ਬਰ
ਮੋਦੀ ਹੈ ਤੋ ਮੁਮਕਿਨ ਹੈ।

ਰਾਜਪਾਲ ਨਾ ਵੀ ਰਿਹਾ ਤਾਂ ਵੀ ਕਿਸਾਨਾਂ ਦੇ ਹੱਕ ‘ਚ ਬੋਲਾਂਗਾ- ਮਲਿਕ
ਖਾਤਰ ਧਰਮ ਦੀ ਸੀਸ ਕੁਰਬਾਨ ਕੀਤੇ, ਲੱਥੀ ਆਸ਼ਕਾਂ ਦੀ ਪੁੱਠੀ ਖੱਲ ਵੀਰਾ।

ਟਰੰਪ ਨੇ ਆਪਣੇ ਸਮਰਥਕਾਂ ਨੂੰ ਕੋਰੋਨਾ ਤੋਂ ਬਚਾਉ ਲਈ ਟੀਕਾ ਲਗਵਾਉਣ ਦੀ ਦਿੱਤੀ ਸਲਾਹ- ਇਕ ਖ਼ਬਰ
ਦੇਰ ਆਇਦ, ਦਰੁਸਤ ਆਇਦ।

ਪੇਸ਼ੀ ਭੁਗਤਣ ਆਇਆ ਲੰਗੜਾ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ- ਇਕ ਖ਼ਬਰ
ਬੰਨ੍ਹੇ ਹੋਏ ਦੇ ਗੋਲੀ ਮਾਰ ਸਕਦੇ ਆਂ, ਦੌੜ ਕੇ ਫੜਨਾ ਔਖੈ ਬਈ।

ਕਿਸਾਨ ਆਗੂ ਬੰਗਾਲ ਜਾ ਕੇ ਪੱਥਰਾਂ ਨਾਲ਼ ਸਿਰ ਨਾ ਮਾਰਨ, ਕੋਈ ਫ਼ਾਇਦਾ ਨਹੀਂ ਹੋਣਾ- ਤੋਮਰ
ਕਾਦਰਯਾਰ ਅਨਹੋਣੀਆਂ ਕਰਨ ਜਿਹੜੇ, ਆਖਰਵਾਰ ਉਹਨਾਂ ਪੱਛੋਤਾਵਣਾ ਜੀ।

ਕੈਪਟਨ ਨੇ ਦਿਤਾ ਨਵਜੋਤ ਸਿੱਧੂ ਨੂੰ ਲੰਚ ਦਾ ਸੱਦਾ- ਇਕ ਖ਼ਬਰ
ਚੰਨ ਟਹਿਕਦਾ ਲਿਸ਼ਕਦੇ ਤਾਰੇ, ਇਕ ਮੰਜੇ ਹੋ ਚਲੀਏ।

ਰੇਲਵੇ ਦਾ ਕਦੀ ਵੀ ਨਿਜੀਕਰਨ ਨਹੀਂ ਕੀਤਾ ਜਾਵੇਗਾ- ਰੇਲਵੇ ਮੰਤਰੀ
ਕਰ ਬੈਠਿਓ ਨਾ ਇਤਬਾਰ, ਸਾਡਾ ਜੁਮਲਿਆਂ ਨਾਲ਼ ਪਿਆਰ।

ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਗੰਭੀਰ- ਵਿਜੇ ਸਾਂਪਲਾ
ਤੇ ਤੁਸੀਂ ਛੁਣਛੁਣੇ ਵਜਾਉਂਦੇ ਹੋ?.

ਅਮਰੀਕਾ ਦੇ ਸੂਬੇ ਕਨੈਕਟੀਕੱਟ ‘ਚ ‘ਨਿਸ਼ਾਨ ਸਾਹਿਬ’ ਨੂੰ ਮਾਨਤਾ- ਇਕ ਖ਼ਬਰ
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ।

ਕੋਈ ਵੀ ਸਾਜ਼ਿਸ਼ ਮੈਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਦੀ- ਮਮਤਾ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।