ਕੇਲ-ਬੇਸ਼ਕੀਮਤੀ ਪੱਤਾ - ਡਾ. ਹਰਸ਼ਿੰਦਰ ਕੌਰ
ਕੇਲ ਦਾ ਕੋਈ ਪੰਜਾਬੀ ਨਾਂ ਹਾਲੇ ਤੱਕ ਰੱਖਿਆ ਹੀ ਨਹੀਂ ਗਿਆ ਕਿਉਂਕਿ ਪਹਿਲਾਂ ਪੰਜਾਬ ਵਿਚ ਇਹ ਬੀਜਿਆ ਨਹੀਂ ਸੀ ਜਾਂਦਾ। ਮੂਲੀ, ਸਰ੍ਹੋਂ ਤੇ ਪੱਤਾ ਗੋਭੀ ਦੇ ਮਿਸ਼ਰਨ ਵਰਗਾ ਕੇਲ ਪੱਤਾ ਏਨੇ ਕਮਾਲ ਦੇ ਗੁਣਕਾਰੀ ਤੱਤ ਲੁਕਾਈ ਬੈਠਾ ਹੈ ਕਿ ਹੁਣ ਪੂਰੀ ਦੁਨੀਆ ਵਿਚ ਚੋਟੀ ਦੇ ਲਾਜਵਾਬ 11 ਖਾਣਿਆਂ ਵਿਚ ਇਸ ਦਾ ਨਾਂ ਸ਼ੁਮਾਰ ਹੋ ਗਿਆ ਹੈ। ਇੱਕ ਨਹੀਂ, ਅਨੇਕ ਖੋਜਾਂ ਵਿਚ ਦਿਲ ਅਤੇ ਕੈਂਸਰ ਦੇ ਮਰੀਜ਼ਾਂ ਲਈ ਬਿਹਤਰੀਨ ਦਵਾਈ ਸਾਬਤ ਹੋ ਚੁੱਕੇ ਹਲਕੇ ਅਤੇ ਗੂੜ੍ਹੇ ਹਰੇ ਰੰਗ ਦੇ ਗੁਣਕਾਰੀ ਪੱਤੇ ਹੁਣ ਸਰੀਰ ਦੇ ਕਈ ਅੰਗਾਂ ਦੇ ਕੰਮਕਾਰ ਨੂੰ ਸਹੀ ਰੱਖਣ ਵਿਚ ਵੀ ਸਹਾਈ ਸਾਬਤ ਹੋ ਰਹੇ ਹਨ।
ਹਾਲੇ ਤੱਕ ਦੇ ਮਿਲੇ ਇਤਿਹਾਸਕ ਤੱਥਾਂ ਅਨੁਸਾਰ ਰੋਮ ਵਿਚ ਪਹਿਲੀ ਵਾਰ ਕਿਸੇ ਮਨੁੱਖ ਨੇ ਇਨ੍ਹਾਂ ਪੱਤਿਆਂ ਨੂੰ ਚੱਖਿਆ ਤੇ ਉਸ ਨੂੰ ਏਨੇ ਫ਼ਾਇਦੇ ਦਿਸੇ ਕਿ ਉਸ ਨੇ ਆਪ ਬੀਜਣ ਦਾ ਫ਼ੈਸਲਾ ਕਰ ਲਿਆ। ਬਸ ਫਿਰ ਕੀ ਸੀ! ਹਰ ਘਰ ਵਿਚ ਕੇਲ ਪੱਤਿਆਂ ਦੀਆਂ ਕਿਆਰੀਆਂ ਤਿਆਰ ਹੋ ਗਈਆਂ।
ਪੁਰਾਣੇ ਸਮਿਆਂ ਵਿਚ ਸੋਮ ਰਸ ਪੀਣ ਬਾਅਦ ਚੜ੍ਹੇ ਨਸ਼ੇ ਨੂੰ ਲਾਹੁਣ ਲਈ ਕੇਲ ਪੱਤਿਆਂ ਨੂੰ ਉਬਾਲ ਕੇ ਉਸਦਾ ਪਾਣੀ ਪੀ ਲਿਆ ਜਾਂਦਾ ਸੀ। ਜੇ ਰੋਮਨ ਵਿਚ ਲਿਖੇ ਪੁਰਾਣੇ ਪਤਰੇ ਪੜ੍ਹੇ ਜਾਣ ਤਾਂ ਲਿਖਿਆ ਮਿਲਦਾ ਹੈ ਕਿ 'ਬਰਾਸਿਕਾ' ਸਿਹਤਮੰਦ ਖ਼ੁਰਾਕ ਹੈ। ਬਰਾਸਿਕਾ ਵਿਚ ਸ਼ਲਗਮ, ਪੱਤਗੋਭੀ ਤੇ ਕੇਲ ਸ਼ਾਮਲ ਕੀਤੇ ਗਏ ਸਨ। ਹਲਕੇ ਜਾਮਨੀ ਤੋਂ ਲੈ ਕੇ ਹਲਕੇ ਹਰੇ ਰੰਗ ਦੇ ਖਿਲਰੀ ਪੱਤ ਗੋਭੀ ਵਾਂਗ, ਪਰ ਸਿਰਿਆਂ ਤੋਂ ਘੁੰਘਰਾਲੇ ਕੇਲ ਪੱਤੇ ਕੁਦਰਤ ਦੀ ਕੀਤੀ ਕਾਰੀਗਰੀ ਦੀ ਖ਼ੁਬੂਸੂਰਤ ਮਿਸਾਲ ਹਨ।
ਇਸੇ ਲਈ ਅਨੇਕ ਲੋਕ ਇਨ੍ਹਾਂ ਨੂੰ ਬਾਗ਼ ਵਿਚ ਜਾਂ ਗਮਲਿਆਂ ਵਿਚ ਘਰ ਦੀ ਖ਼ੂਬਸੂਰਤੀ ਵਧਾਉਣ ਲਈ ਵੀ ਲਾ ਲੈਂਦੇ ਹਨ।
ਈਸਾ ਮਸੀਹ ਤੋਂ 2000 ਸਾਲ ਪਹਿਲਾਂ ਤੋਂ ਹੀ ਕੇਲ ਪੱਤੇ ਉਗਾਏ ਜਾਣ ਲੱਗ ਪਏ ਸਨ। ਯੂਰਪ ਵਿਚ ਤੇਹਰਵੀਂ ਸਦੀ ਵਿਚ ਕੇਲ ਨੂੰ 'ਸਿਰਲੱਥ ਗੋਭੀ' ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਪੱਤੇ ਤਾਂ ਪੱਤਗੋਭੀ ਨਾਲ ਰਲਦੇ ਸਨ ਪਰ ਗੋਭੀ ਵਾਂਗ ਗੰਢ ਕੋਈ ਹੈ ਹੀ ਨਹੀਂ ਸੀ।
ਰੂਸੀ ਕੇਲ ਤਾਂ ਏਨੀ ਖ਼ੂਬਸੂਰਤ ਹੁੰਦੀ ਹੈ ਜਿਵੇਂ ਕਿਸੇ ਮੁਟਿਆਰ ਦੇ ਹਵਾ ਦੇ ਬੁੱਲੇ ਨਾਲ ਘੁੰਘਰਾਲੇ ਵਾਲ ਖਿਲਰ ਗਏ ਹੋਣ। ਉੰਨੀਵੀਂ ਸਦੀ ਵਿਚ ਰੂਸ ਤੋਂ ਕੇਲ ਪੱਤੇ ਅਮਰੀਕਾ ਤੇ ਕਨੇਡਾ ਵਿਖੇ ਲਿਜਾਏ ਗਏ ਸਨ।
'ਡੇਵਿਡ ਫੇਅਰਚਾਈਲਡ', ਜੋ ਵਨਸਪਤੀ ਦਾ ਡਾਕਟਰ ਸੀ, ਨੂੰ ਪੱਤਗੋਭੀ ਜਾਂ ਕੇਲ ਉੱਕਾ ਹੀ ਖਾਣੇ ਪਸੰਦ ਨਹੀਂ ਸਨ। ਖੋਜਾਂ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਕੇਲ ਪੱਤੇ ਧਰਤੀ ਹੇਠਲਾ ਵਾਧੂ ਲੂਣ ਖਿੱਚ ਲੈਂਦੇ ਹਨ ਤੇ ਧਰਤੀ ਉਪਜਾਊ ਬਣਾ ਦਿੰਦੇ ਹਨ। ਸੌਖੇ ਉੱਗ ਜਾਣ ਵਾਲੇ ਇਨ੍ਹਾਂ ਪੱਤਿਆਂ ਨੂੰ ਕਰੋਸ਼ੀਆ ਤੋਂ ਅਮਰੀਕਾ ਲਿਆ ਕੇ ਬਹੁਤ ਵੱਡੀ ਪੱਧਰ ਉੱਤੇ ਉਗਾਉਣ ਵਿਚ ਡੇਵਿਡ ਦਾ ਹੀ ਹੱਥ ਹੈ।
ਅਮਰੀਕਨ ਉਦੋਂ ਤੱਕ ਇਨ੍ਹਾਂ ਪੱਤਿਆਂ ਨੂੰ ਖ਼ੂਬਸੂਰਤੀ ਵਜੋਂ ਹੀ ਉਗਾਉਂਦੇ ਤੇ ਵਰਤਦੇ ਰਹੇ ਜਦ ਤਕ ਸੰਨ 1990 ਵਿਚ ਇਸ ਵਿਚਲੇ ਕੁਦਰਤੀ ਗੁਣਾਂ ਦੇ ਖਜ਼ਾਨੇ ਬਾਰੇ ਪਤਾ ਨਾ ਲੱਗਿਆ। ਬਸ ਫਿਰ ਕੀ ਸੀ! ਧੜਾਧੜ ਇਸ ਦੀ ਵਰਤੋਂ ਹਰ ਰੋਜ਼ ਦੇ ਖਾਣਿਆਂ ਵਿਚ ਹੋਣ ਲੱਗ ਪਈ।
ਵਿਸ਼ਵ ਜੰਗ ਦੂਜੀ ਵਿਚ ਇੰਗਲੈਂਡ ਵਿਚ ਫੌਜੀਆਂ ਦੀ ਸਿਹਤ ਠੀਕ ਰੱਖਣ ਅਤੇ ਖ਼ੁਰਾਕ ਦੀ ਕਮੀ ਨਾਲ ਜੂਝਣ ਲਈ ਕੇਲ ਪੱਤੇ ਹੀ ਖਾਣ ਲਈ ਦਿੱਤੇ ਜਾਂਦੇ ਰਹੇ ਸਨ।
ਗਰਮੀ ਸਰਦੀ ਦੇ ਮੌਸਮ ਨੂੰ ਜਰਨ ਲਈ ਕੇਲ ਪੱਤੇ ਤਗੜੇ ਹਨ। ਕੁਦਰਤ ਨੇ ਮਨਫ਼ੀ 15 ਡਿਗਰੀ ਸੈਲਸੀਅਸ ਤੱਕ ਦੀ ਬਰਫੀਲੀ ਠੰਡ ਵਿਚ ਵੀ ਕੇਲ ਪੱਤਿਆਂ ਨੂੰ ਸੁਰੱਖਿਅਤ ਰਹਿਣ ਦੀ ਜਾਚ ਸਿਖਾਈ ਹੋਈ ਹੈ। ਸਗੋਂ ਬਰਫ਼ ਪੈਣ ਬਾਅਦ ਕੇਲ ਪੱਤਿਆਂ ਦਾ ਨਿਖ਼ਾਰ ਦੁਗਣਾ ਹੋ ਜਾਂਦਾ ਹੈ ਤੇ ਇਹ ਖਾਣ ਵਿਚ ਵੀ ਹੋਰ ਮਿੱਠੇ ਹੋ ਜਾਂਦੇ ਹਨ। ਇਨ੍ਹਾਂ ਦਾ ਰੰਗ ਵੀ ਹੋਰ ਗੂੜਾ ਜਾਮਨੀ ਤੇ ਭੂਰਾ ਹੋ ਜਾਂਦਾ ਹੈ।
ਹਲਕਾ ਜਿਹਾ ਰੰਗ ਦਾ ਹੇਰ ਫੇਰ ਹੀ ਕੇਲ ਪੱਤਿਆਂ ਨੂੰ ਢੇਰ ਸਾਰੇ ਵੱਖੋ-ਵੱਖ ਨਾਂ ਦੇ ਦਿੰਦਾ ਹੈ। ਕੋਈ ਘੁੰਘਰਾਲੇ ਪੱਤੇ, ਕਾਲੀ ਗੋਭੀ, ਲੈਸੀਨਾਟੋ, ਡਾਇਨਾਸੋਰ ਕੇਲ, ਟਸਕਨ ਕੇਲ, ਕਵੋਲੋ ਨੀਰੋ (ਇਟਲੀ ਵਿਚ), ਸਕਾਟ ਕੇਲ, ਨੀਲੀ ਘੁੰਘਰਾਲੀ ਕੇਲ, ਚਿੱਟੀ ਰੂਸੀ ਕੇਲ, ਲਾਲ ਰੂਸੀ ਕੇਲ ਤੇ ਕੋਈ ਸਖ਼ਤ ਜਾਨ ਕੇਲ ਦੇ ਨਾਂ ਨਾਲ ਕੇਲ ਨੂੰ ਜਾਣਦੇ ਹਨ।
ਕਈ ਥਾਈਂ ਤਾਂ ਕੇਲ ਪੱਤੇ ਵਧੀਆ ਤੋਂ ਵਧੀਆ ਫੁੱਲ ਦੀ ਖ਼ੂਬਸੂਰਤੀ ਨੂੰ ਵੀ ਮਾਤ ਪਾਉਂਦੇ ਹਨ। ਬਾਹਰੋਂ ਹਰੇ ਤੇ ਅੰਦਰੋਂ ਹਲਕੇ ਗੁਲਾਬੀ, ਲਾਲ, ਜਾਮਨੀ ਜਾਂ ਚਿੱਟੇ ਗੋਲੇ ਮਨ ਮੋਹ ਲੈਂਦੇ ਹਨ। ਇਸ ਕਿਸਮ ਦੀ ਕੇਲ ਨੂੰ 'ਮੋਰ ਕੇਲ', ਕਾਮੋਨ ਕੋਰਲ ਰਾਣੀ, ਕੋਰਲ ਰਾਜਾ ਆਦਿ ਵੀ ਕਿਹਾ ਜਾਂਦਾ ਹੈ। ਇਹ ਜਿੰਨੀ ਖਾਣ ਲਈ ਫ਼ਾਇਦੇਮੰਦ ਹੋਣ ਕਾਰਨ ਵਰਤੀ ਜਾ ਰਹੀ ਹੈ, ਓਨੀ ਹੀ ਵਿਆਹਾਂ ਵਿਚ ਸਜਾਵਟ ਲਈ ਵਰਤੀ ਜਾਂਦੀ ਹੈ।
ਰਤਾ ਝਾਤ ਮਾਰੀਏ ਕਿ ਰਬ ਨੇ ਵਿਹਲੇ ਵੇਲੇ ਬਹਿ ਕੇ ਕੇਲ ਪੱਤਿਆਂ ਵਿਚ ਭਰਿਆ ਕੀ ਹੈ?
ਸੌ ਗ੍ਰਾਮ ਤਾਜ਼ੇ ਪੱਤਿਆਂ ਵਿਚ :-
- 49 ਕੈਲਰੀਆਂ
- 2.3 ਗ੍ਰਾਮ ਮਿੱਠਾ
- 3.6 ਗ੍ਰਾਮ ਫਾਈਬਰ
- 0.9 ਗ੍ਰਾਮ ਥਿੰਦਾ
- 4.3 ਗ੍ਰਾਮ ਪ੍ਰੋਟੀਨ
- ਵਿਟਾਮਿਨ ਏ
- ਵਿਟਾਮਿਨ ਬੀ ਇੱਕ, ਦੋ, ਤਿੰਨ, ਪੰਜ, ਛੇ
- ਫੋਲੇਟ
- ਕੋਲੀਨ
- ਵਿਟਾਮਿਨ ਸੀ (120 ਮਿਲੀਗ੍ਰਾਮ)
- ਵਿਟਾਮਿਨ ਕੇ (390 ਮਾਈਕਰੋਗ੍ਰਾਮ)
- ਵਿਟਾਮਿਨ ਈ
- 150 ਮਿਲੀਗ੍ਰਾਮ ਕੈਲਸ਼ੀਅਮ
- ਲੋਹ ਕਣ
- ਮੈਗਨੀਸ਼ੀਅਮ
- ਮੈਂਗਨੀਜ਼
- ਫੌਸਫੋਰਸ, ਪੋਟਾਸ਼ੀਅਮ, ਸੀਲੀਨੀਅਮ
- ਸੋਡੀਅਮ, ਜ਼ਿੰਕ
- 84 ਗ੍ਰਾਮ ਪਾਣੀ
ਜੇ ਕੇਲ ਪੱਤਿਆਂ ਨੂੰ ਜ਼ਿਆਦਾ ਉਬਾਲ ਲਿਆ ਜਾਵੇ ਜਾਂ ਰਿੰਨ੍ਹ ਲਿਆ ਜਾਵੇ ਤਾਂ ਏਨੇ ਸਾਰੇ ਤੱਤਾਂ ਵਿੱਚੋਂ ਕਾਫ਼ੀ ਬਾਹਰ ਨਿਕਲ ਜਾਂਦੇ ਹਨ। ਭਾਫ਼ ਜਾਂ ਮਾਈਕਰੋਵੇਵ ਵਿਚ ਬਣਾਉਣ ਨਾਲ ਕਾਫ਼ੀ ਤੱਤ ਬਚ ਜਾਂਦੇ ਹਨ।
ਇਨ੍ਹਾਂ ਤੋਂ ਇਲਾਵਾ ਕੈਰੋਟੀਨਾਇਡ, ਲਿਊਟੀਨ ਤੇ ਜ਼ੀਜ਼ੈਂਥੀਨ ਵੀ ਭਰੇ ਪਏ ਹਨ। ਕੇਲ ਪੱਤਿਆਂ ਵਿਚਲਾ ਗਲੂਕੋਰਾਫੈਨਿਨ ਹੀ ਮਨੁੱਖੀ ਖੋਜ ਦਾ ਆਧਾਰ ਬਣ ਕੇ ਇਸ ਨੂੰ ਗੁਣਾਂ ਦੀ ਖਾਣ ਬਣਾ ਰਿਹਾ ਹੈ। ਪੌਲੀਫੀਨੋਲ ਵੀ ਕੇਲ ਵਿਚ ਕਾਫੀ ਮਾਤਰਾ ਵਿਚ ਹਨ।
ਕੇਲ ਵਿਚਲਾ ਓਗਜ਼ੈਲਿਕ ਏਸਿਡ ਨੁਕਸਾਨ ਕਰ ਸਕਦਾ ਹੈ ਪਰ ਮਾਈਕਰੋਵੇਵ ਵਿਚ ਬਣਾਉਣ ਨਾਲ ਉਸ ਦੀ ਮਾਤਰਾ ਘੱਟ ਹੋ ਜਾਂਦੀ ਹੈ।
ਸਕਾਟਲੈਂਡ ਦੀ ਇਕ ਮਜ਼ੇਦਾਰ ਕਹਾਣੀ ਕੇਲ ਪੱਤਿਆਂ ਬਾਰੇ ਮਸ਼ਹੂਰ ਹੈ। ਕਿਲਮੌਰ ਵਿਚ ਖ਼ੂਬਸੂਰਤ ਕੇਲ ਪੱਤਿਆਂ ਦੀ ਭਰਮਾਰ ਸੀ। ਨਾਲ ਦੇ ਪਿੰਡ ਵਾਲਿਆਂ ਨੇ ਇਸ ਦੀ ਖ਼ੂਬਸੂਰਤੀ ਉੱਤੇ ਮੋਹਿਤ ਹੋ ਬਹੁਤ ਸਾਰੇ ਪੈਸੇ ਦੇ ਕੇ ਪੱਤੇ ਖ਼ਰੀਦਣੇ ਚਾਹੇ।
ਕਿਲਮੌਰ ਵਾਲਿਆਂ ਨੇ ਚੁਸਤੀ ਵਰਤਦਿਆਂ ਪੈਸੇ ਲੈ ਲਏ ਪਰ ਕੋਲਿਆਂ ਦੀ ਹਲਕੀ ਅੱਗ ਉੱਤੇ ਰਤਾ ਰਤਾ ਭੁੰਨ ਕੇ ਪੱਤੇ ਵੇਚ ਦਿੱਤੇ ਤਾਂ ਜੋ ਇੱਕ ਵਾਰ ਭਾਵੇਂ ਉਹ ਵਰਤ ਲੈਣ ਪਰ ਇਹ ਪੱਤੇ ਕਦੇ ਦੂਜੀ ਥਾਂ ਪੁੰਗਰਨ ਨਾ ਅਤੇ ਪਿੰਡ ਵਾਲੇ ਹਮੇਸ਼ਾ ਵਾਸਤੇ ਪੱਤੇ ਖ਼ਰੀਦਣ ਉਨ੍ਹਾਂ ਕੋਲ ਹੀ ਆਉਂਦੇ ਰਹਿਣ!
ਫ਼ਾਇਦੇ :-
1. ਸ਼ੱਕਰ ਰੋਗੀ :-
ਅਮਰੀਕਨ ਡਾਇਆਬੀਟੀਜ਼ ਐਸੋਸੀਏਸ਼ਨ ਨੇ ਤਾਂ ਐਲਾਨ ਹੀ ਕਰ ਦਿੱਤਾ ਹੈ ਕਿ ਜੇ ਸ਼ੱਕਰ ਰੋਗ ਹੋਣ ਤੋਂ ਬਚਣਾ ਹੈ ਤਾਂ ਕੇਲ ਪੱਤਾ ਰੋਜ਼ਾਨਾ ਖਾ ਲੈਣਾ ਚਾਹੀਦਾ ਹੈ। ਇਸ ਵਿਚਲੇ ਵਿਟਾਮਿਨ, ਮਿਨਰਲ ਕਣ, ਫਾਈਬਰ ਅਤੇ ਐਂਟੀਆਕਸੀਡੈਂਟ ਸ਼ੱਕਰ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ।
ਸੰਨ 2018 ਵਿਚ ਹੋਈ ਖੋਜ ਅਨੁਸਾਰ ਜਿਹੜੇ ਬੰਦੇ ਜ਼ਿਆਦਾ ਫਾਈਬਰ ਵਾਲੀ ਖ਼ੁਰਾਕ ਖਾਂਦੇ ਹੋਣ, ਉਨ੍ਹਾਂ ਦੇ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਕਾਬੂ ਵਿਚ ਰਹਿੰਦੀ ਹੈ।
ਸਰੀਰ ਅੰਦਰ ਵਧੀ ਸ਼ੱਕਰ ਦੀ ਮਾਤਰਾ ਨਾਲ ਫਰੀ ਰੈਡੀਕਲ ਅੰਸ਼ ਨਿਕਲ ਪੈਂਦੇ ਹਨ ਜੋ ਸਾਰੇ ਅੰਗਾਂ ਦਾ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਤੋਂ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੁਦਰਤੀ ਵਿਟਾਮਿਨ ਸੀ ਅਤੇ ਐਲਫਾ ਲਿਨੋਲਿਨਿਕ ਏਸਿਡ ਵਧੀਆ ਸਾਬਤ ਹੋ ਚੁੱਕੇ ਹਨ ਜੋ ਕੇਲ ਵਿਚ ਭਰੇ ਪਏ ਹਨ।
2. ਦਿਲ ਦੇ ਰੋਗ :- ਦਿਲ ਨੂੰ ਸਿਹਤਮੰਦ ਰੱਖਣ ਲਈ ਜੋ ਅੰਸ਼ ਚਾਹੀਦੇ ਹਨ, ਉਹ ਸਾਰੇ ਕੇਲ ਪੱਤੇ ਵਿਚ ਹਨ।
ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਦਿਲ ਵਾਸਤੇ ਪੋਟਾਸ਼ੀਅਮ ਵੱਧ ਤੇ ਲੂਣ ਘੱਟ ਠੀਕ ਰਹਿੰਦਾ ਹੈ ਕਿਉਂਕਿ ਬਲੱਡ ਪ੍ਰੈੱਸ਼ਰ ਕਾਬੂ ਵਿਚ ਰਹਿੰਦਾ ਹੈ। ਇਕ ਕੱਪ ਭੁੰਨੇ ਕੇਲ ਵਿਚ ਰੋਜ਼ ਦੇ ਲੋੜੀਂਦੇ ਪੋਟਾਸ਼ੀਅਮ ਦਾ 3.6 ਫੀਸਦੀ ਹਿੱਸਾ ਪਹੁੰਚ ਜਾਂਦਾ ਹੈ।
ਸੰਨ 2016 ਦੀ ਕੋਕਰੇਨ ਖੋਜ ਵਿਚ ਵੀ ਵੱਧ ਫਾਈਬਰ ਨਾਲ ਕੋਲੈਸਟਰੋਲ ਦਾ ਘਟਣਾ ਜੋੜਿਆ ਗਿਆ ਹੈ। ਇੰਜ ਬਲੱਡ ਪ੍ਰੈੱਸ਼ਰ ਵੀ ਕਾਬੂ ਵਿਚ ਰਹਿੰਦਾ ਹੈ। ਇਸੇ ਲਈ ਕੇਲ ਸਹਾਈ ਸਾਬਤ ਹੋ ਰਿਹਾ ਹੈ।
3. ਕੈਂਸਰ :-
ਜਦੋਂ ਮੀਟ-ਚਿਕਨ ਤੇਜ਼ ਅੱਗ ਉੱਤੇ ਗਰਿੱਲ ਕਰ ਕੇ ਪਕਾਇਆ ਜਾਵੇ ਤਾਂ ਉਸ ਵਿੱਚੋਂ 'ਹੈਟਰੋਸਾਈਕਲਿਕ ਅਮੀਨ' ਅੰਸ਼ ਨਿਕਲ ਪੈਂਦੇ ਹਨ ਜੋ ਲਗਾਤਾਰ ਖਾਂਦੇ ਰਹਿਣ ਨਾਲ ਕੈਂਸਰ ਦਾ ਕਾਰਨ ਬਣਦੇ ਹਨ। ਕੇਲ ਵਿਚਲਾ ਕਲੋਰੋਫਿਲ ਸਰੀਰ ਹਜ਼ਮ ਨਹੀਂ ਕਰ ਸਕਦਾ ਪਰ ਉਹ ਇਨ੍ਹਾਂ ਮਾੜੇ ਅੰਸ਼ਾਂ ਨੂੰ ਆਪਣੇ ਨਾਲ ਮਿਲਾ ਕੇ ਸਰੀਰ ਅੰਦਰ ਨੁਕਸਾਨ ਕਰਨ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦਾ ਹੈ।
ਵਿਟਾਮਿਨ ਸੀ, ਬੀਟਾ ਕੈਰੋਟੀਨ, ਸੀਲੀਨੀਅਮ ਤੇ ਹੋਰ ਕੇਲ ਵਿਚਲੇ ਐਂਟੀਆਕਸੀਡੈਂਟ ਕੈਂਸਰ ਵਾਲੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਕੇਲ ਵਿਚਲਾ ਫਾਈਬਰ ਵੀ ਅੰਤੜੀਆਂ ਦੇ ਕੈਂਸਰ (ਕੋਲੋਰੈਕਟਲ) ਤੋਂ ਬਚਾਓ ਕਰਦਾ ਹੈ (ਸੰਨ 2015 ਵਿਚ ਛਪੀ ਖੋਜ)।
4. ਹੱਡੀਆਂ ਲਈ :-
ਕੇਲ ਵਿਚਲੇ ਕੈਲਸ਼ੀਅਮ ਤੇ ਫਾਸਫੋਰਸ ਹੱਡੀਆਂ ਤਗੜੀਆਂ ਕਰਨ ਵਿਚ ਮਦਦ ਕਰਦੇ ਹਨ। ਵਿਟਾਮਿਨ ਕੇ ਹੱਡੀਆਂ ਟੁੱਟਣ ਤੋਂ ਬਚਾਓ ਕਰਦਾ ਹੈ ਤੇ ਲਹੂ ਵਗਣ ਤੋਂ ਵੀ ਰੋਕਦਾ ਹੈ।
ਹੁਣ ਧਿਆਨ ਕਰੋ ਕਿ ਭੁੰਨੇ ਕੇਲ ਦੇ ਪੱਤਿਆਂ ਦਾ ਇੱਕ ਕੱਪ ਰੋਜ਼ ਦੇ ਲੋੜੀਂਦੇ ਵਿਟਾਮਿਨ ਕੇ ਤੋਂ ਪੰਜ ਗੁਣਾ ਵੱਧ ਹਿੱਸਾ ਸਰੀਰ ਅੰਦਰ ਪਹੁੰਚਾ ਦਿੰਦਾ ਹੈ, ਕੈਲਸ਼ੀਅਮ ਦਾ 18 ਫੀਸਦੀ ਤੇ ਫਾਸਫੋਰਸ ਦਾ ਸੱਤ ਫੀਸਦੀ ਹਿੱਸਾ!
5. ਹਾਜ਼ਮਾ :-
ਕੇਲ ਵਿਚਲਾ ਫਾਈਬਰ ਤੇ ਪਾਣੀ ਦਾ ਮਿਸ਼ਰਣ ਜਿੱਥੇ ਕਬਜ਼ ਹੋਣ ਤੋਂ ਰੋਕਦਾ ਹੈ, ਉੱਥੇ ਹਾਜ਼ਮਾ ਵੀ ਸਹੀ ਕਰ ਦਿੰਦਾ ਹੈ।
6. ਚਮੜੀ ਤੇ ਵਾਲ :-
ਬੀਟਾ ਕੈਰੋਟੀਨ ਸਰੀਰ ਅੰਦਰ ਵਿਟਾਮਿਨ ਏ ਵਿਚ ਤਬਦੀਲ ਹੋ ਕੇ ਵਾਲ ਤੇ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਕੇਲ ਵਿਚਲਾ ਵਿਟਾਮਿਨ ਸੀ ਚਮੜੀ ਵਿਚਲੇ ਕੋਲਾਜਨ ਨੂੰ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦਾ ਹੈ।
ਇੱਕ ਕੌਲੀ ਭੁੰਨਿਆ ਕੇਲ ਰੋਜ਼ਾਨਾ ਦੀ ਲੋੜੀਂਦੀ ਵਿਟਾਮਿਨ ਏ ਦਾ 20 ਫੀਸਦੀ ਹਿੱਸਾ ਤੇ ਵਿਟਾਮਿਨ ਸੀ ਦਾ 23 ਫੀਸਦੀ ਹਿੱਸਾ ਪੂਰਾ ਕਰ ਦਿੰਦਾ ਹੈ।
7. ਅੱਖਾਂ ਲਈ :-
ਕੇਲ ਵਿਚਲੇ ਲਿਊਟੀਨ ਅਤੇ ਜ਼ੀਜ਼ੈਂਥੀਨ ਤਗੜੇ ਐਂਟੀਆਕਸੀਡੈਂਟ ਹਨ ਜੋ ਵਧਦੀ ਉਮਰ ਨਾਲ ਅੱਖ ਅੰਦਰਲੀ ਪਰਤ ਦਾ ਸੁੰਗੜਨਾ ਰੋਕ ਦਿੰਦੇ ਹਨ ਤੇ ਅੰਨ੍ਹੇ ਹੋਣ ਤੋਂ ਬਚਾ ਦਿੰਦੇ ਹਨ। ਵਿਟਾਮਿਨ ਸੀ, ਈ, ਬੀਟਾ ਕੈਰੋਟੀਨ ਤੇ ਜ਼ਿੰਕ ਵੀ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਧੀਆ ਰੋਲ ਅਦਾ ਕਰਦੇ ਹਨ। ਇਹ ਸਾਰੇ ਹੀ ਸਹੀ ਮਾਤਰਾ ਵਿਚ ਕੇਲ ਵਿਚ ਹਨ।
ਕਿਵੇਂ ਖਾਈਏ :-
- ਕੱਚੇ ਸਲਾਦ ਵਿਚ ਪੱਤੇ
- ਹਲਕਾ ਉਬਾਲ ਕੇ
- ਭੁੰਨ ਕੇ
- ਸੂਪ ਵਿਚ
- ਬਰੈੱਡ ਵਿਚ ਲਾ ਕੇ/ਬਰਗਰ ਆਦਿ।
- ਥੋਮ, ਪਿਆਜ਼ ਤੇ ਕੇਲ ਦੇ ਪੱਤੇ ਤੇਜ਼ ਅੱਗ ਉੱਤੇ ਹਲਕਾ ਭੁੰਨ ਕੇ ਓਲਿਵ ਤੇਲ ਪਾ ਕੇ ਖਾਧੇ ਜਾ ਸਕਦੇ ਹਨ ਜਾਂ ਹਲਕਾ ਉਬਾਲ ਕੇ, ਪਾਣੀ ਰੋੜ੍ਹ ਕੇ, ਬਾਕੀ ਪੱਤਿਆਂ ਵਿਚ ਸੋਇਆ ਚਟਨੀ ਪਾ ਕੇ ਖਾਧੇ ਜਾ ਸਕਦੇ ਹਨ।
- ਕੇਲ ਪੱਤਿਆਂ ਦੇ ਚਿੱਪਸ ਵੀ ਬਣਾਏ ਜਾ ਸਕਦੇ ਹਨ। ਮਸਾਲੇ ਪਾ ਕੇ ਓਵਨ ਵਿਚ 20 ਮਿੰਟ ਪਕਾਏ ਜਾ ਸਕਦੇ ਹਨ। ਜ਼ਿਆਦਾਤਰ ਡਾਇਨਾਸੌਰ ਕੇਲ ਦੇ ਹੀ ਚਿੱਪਸ ਬਣਾਏ ਜਾਂਦੇ ਹਨ ਕਿਉਂਕਿ ਇਸਦੇ ਪੱਤੇ ਵੱਡੇ ਹੁੰਦੇ ਹਨ।
- ਕਿਸੇ ਵੀ ਤਰ੍ਹਾਂ ਦੇ ਫਲਾਂ ਦੇ ਰਸ ਵਿਚ ਪਾਏ ਜਾ ਸਕਦੇ ਹਨ ਜਾਂ ਸਮੂਦੀ ਬਣਾਈ ਜਾ ਸਕਦੀ ਹੈ।
- ਤਾਜ਼ੇ ਛੋਟੇ ਪੱਤੇ ਕੌੜੇ ਨਹੀਂ ਹੁੰਦੇ ਤੇ ਉਨ੍ਹਾਂ ਵਿਚ ਫਾਈਬਰ ਵੀ ਵੱਧ ਹੁੰਦਾ ਹੈ।
- ਲਾਲ ਰੂਸੀ ਕੇਲ ਕਾਫ਼ੀ ਮਿੱਠੀ ਹੁੰਦੀ ਹੈ ਤੇ ਕੱਚੀ ਹੀ ਜ਼ਿਆਦਾਤਰ ਸਲਾਦ ਵਿਚ ਖਾਧੀ ਜਾਂਦੀ ਹੈ।
ਖ਼ਤਰੇ :-
1. ਕੇਲ ਵਿਚ ਅੱਜਕਲ ਏਨਾ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ ਕਿ ਬਿਨਾਂ ਚੰਗੀ ਤਰ੍ਹਾਂ ਧੋਤਿਆਂ ਖਾਣ ਨਾਲ ਇਨ੍ਹਾਂ ਵਿਚਲਾ ਜ਼ਹਿਰ ਸਰੀਰ ਅੰਦਰ ਪਹੁੰਚ ਕੇ ਕਹਿਰ ਢਾਅ ਸਕਦਾ ਹੈ।
2. ਜਿਹੜੇ ਮਰੀਜ਼ ਬੀਟਾ ਬਲੌਕਰ ਦਵਾਈ ਖਾ ਰਹੇ ਹੋਣ, ਉਨ੍ਹਾਂ ਨੂੰ ਕੇਲ ਪੱਤੇ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿਚ ਪੋਟਾਸ਼ੀਅਮ ਕਾਫੀ ਵੱਧ ਹੁੰਦਾ ਹੈ।
3. ਗੁਰਦੇ ਦੀ ਬੀਮਾਰੀ ਵਾਲੇ ਮਰੀਜ਼ਾਂ ਲਈ ਵੀ ਵੱਧ ਪੋਟਾਸ਼ੀਅਮ ਹਾਣੀਕਾਰਕ ਹੋ ਸਕਦੀ ਹੈ।
4. ਵਾਰਫੈਰਿਨ ਦਵਾਈ ਲੈ ਰਹੇ ਮਰੀਜ਼ਾਂ ਨੂੰ ਵੀ ਕੇਲ ਪੱਤੇ ਜ਼ਿਆਦਾ ਨਹੀਂ ਖਾਣੇ ਚਾਹੀਦੇ ਕਿਉਂਕਿ ਕੇਲ ਲਹੂ ਜਮਾਉਣ ਵਿਚ ਮਦਦ ਕਰਦੀ ਹੈ ਜਦਕਿ ਵਾਰਫੈਰਿਨ ਲਹੂ ਜੰਮਣ ਤੋਂ ਰੋਕਦੀ ਹੈ।
ਸਾਰ :- ਕੁਦਰਤ ਵਿਚ ਏਨੀਆਂ ਬੇਸ਼ਕਮੀਤੀ ਚੀਜ਼ਾਂ ਲੁਕੀਆਂ ਪਈਆਂ ਹਨ ਜਿਨ੍ਹਾਂ ਬਾਰੇ ਹਾਲੇ ਖੋਜਾਂ ਹੋਈਆਂ ਹੀ ਨਹੀਂ ਜਾਂ ਹਾਲੇ ਖੋਜਾਂ ਜਾਰੀ ਹਨ। ਇਹ ਪੱਕਾ ਹੈ ਕਿ ਸਿਹਤਮੰਦ ਰਹਿਣ ਲਈ ਅਤੇ ਬੀਮਾਰੀਆਂ ਤੋਂ ਬਚਣ ਲਈ ਕੁਦਰਤ ਦੇ ਨੇੜੇ ਹੋਣਾ ਜ਼ਰੂਰੀ ਹੈ ਤੇ ਕੁਦਰਤ ਨੂੰ ਸੰਭਾਲਣ ਦੀ ਲੋੜ ਹੈ। ਹਵਾ, ਪਾਣੀ, ਧਰਤੀ, ਹਰ ਚੀਜ਼ ਨੂੰ ਸੰਭਾਲ ਕੇ ਪਲੀਤ ਹੋਣ ਤੋਂ ਬਚਾ ਲਈਏ ਤਾਂ ਕੇਲ ਵਰਗੀਆਂ ਅਨੇਕ ਹੋਰ ਕੁਦਰਤੀ ਸੁਗ਼ਾਤਾਂ ਸਾਨੂੰ ਲੰਮੀ ਉਮਰ ਦੇਣ ਲਈ ਤਿਆਰ ਬੈਠੀਆਂ ਹਨ।
ਡਾ. ਹਰਸ਼ਿੰਦਰ ਕੌਰ, ਐਮ. ਡੀ.,ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783