ਦਿਲ ਦੀ ਗੱਲ - ਰਵਿੰਦਰ ਸਿੰਘ ਕੁੰਦਰਾ
ਹੱਸਦੇ ਰਹਿਣਾ ਹਾਸੇ ਵੰਡਣਾ, ਹੈ ਇਹ ਮੇਰੀ ਖ਼ਸਲਤ,
ਸਿਰ ਸੁੱਟ ਕੇ ਚੱਲਦੇ ਜਾਣਾ, ਮੇਰੀ ਹੈ ਇਹ ਫ਼ਿਤਰਤ।
ਹਾਸਾ ਦੇਖ ਕਿਸੇ ਦਾ ਦੁਨੀਆ, ਲਾਵੇ ਗ਼ਲਤ ਅੰਦਾਜ਼ੇ,
ਚਿਹਰੇ ਪਿੱਛੇ ਕੋਈ ਨਾ ਦੇਖੇ, ਦਿਲ ਦੇ ਘੋਰ ਅਜ਼ਾਬੇ।
ਔਖੇ ਪਲ ਤੇ ਬਿਖੜੇ ਪੈਂਡੇ, ਬਣਦੇ ਰਹੇ ਮੇਰੇ ਸਾਥੀ,
ਯਾਦਾਂ ਨੇ ਸਭ ਮੇਰਾ ਵਿਰਸਾ, ਕੀ ਖੁਸ਼ੀ ਤੇ ਕੀ ਉਦਾਸੀ।
ਉੱਠ ਕੇ ਡਿੱਗਣਾ ਡਿੱਗ ਕੇ ਉੱਠਣਾ, ਰਿਹਾ ਚਲਣ ਹੈ ਮੇਰਾ,
ਸਾਥੀ ਮੇਰਾ ਘੱਟ ਚਾਨਣ ਬਣਿਆ, ਬਹੁਤਾ ਘੁੱਪ ਹਨੇਰਾ।
ਇਸ ਦੁਨੀਆਂ ਵਿੱਚ ਆਉਣਾ ਸੌਖਾ, ਪਰ ਨਾ ਜੀਣਾ ਸੌਖਾ,
ਨਿੱਤ ਦਿਨ ਹੱਲ ਕਰਨਾ ਪੈਂਦਾ, ਹਰ ਇੱਕ ਮਸਲਾ ਔਖਾ।
ਰਿਸ਼ਤੇ ਨਾਤੇ ਸਹੁਰੇ ਮਾਪੇ, ਦੇ ਨਾ ਸਕੇ ਹੱਕ ਮੈਨੂੰ,
ਦਰਦ ਵੰਡਾਇਆ ਸਭ ਦਾ ਪਰ, ਦਰਦ ਮਿਲੇ ਬੱਸ ਮੈਨੂੰ ।
ਪਿੱਛੇ ਮੁੜ ਕੇ ਤੱਕਣਾ ਮੈਨੂੰ, ਪਰ ਜ਼ਰਾ ਨਹੀਂ ਭਾਉਂਦਾ,
ਔਕੜਾਂ ਦਰੜ ਕੇ ਪੈਰਾਂ ਥੱਲੇ, ਸਵਾਦ ਅਨੋਖਾ ਆਉਂਦਾ।
ਬਹੁਤੀ ਤਾਂ ਹੁਣ ਲੰਘ ਗਈ, ਭਾਵੇਂ ਥੋੜ੍ਹੀ ਰਹਿ ਗਈ,
ਪਰ ਮੁੜ ਜੀਵਣ ਦੀ ਸੱਧਰ, ਚੁੱਪੀ ਵਿੱਚ ਕੁੱਛ ਕਹਿ ਗਈ।
ਆ ਜਿੰਦੇ ਲੱਗ ਮੇਰੇ ਸੀਨੇ, ਦੇ ਜਾਹ ਕੋਈ ਦਿਲਾਸਾ,
ਹੋਰ ਨਹੀਂ ਜੇ ਸਰਦਾ ਤੈਥੋਂ, ਹੱਸ ਜਾਹ ਝੂਠਾ ਹਾਸਾ।
ਸੁਣਾ ਮੈਨੂੰ ਜਾਂ ਸੁਣ ਜਾਹ ਮੈਥੋਂ, ਗੱਲ ਕੋਈ ਧੁਰ ਦਿਲ ਦੀ,
ਜੋ ਅੱਜ ਤੱਕ ਨਾ ਲਬ ਤੇ ਆਈ, ਰਹੀ ਅੰਦਰ ਮੇਰਾ ਛਿੱਲਦੀ।